ਗੁਰਮਤਿ, ਸਾਹਿਤ ਅਤੇ ਪੱਤਰਕਾਰੀ ਦੇ ਸੁਮੇਲ ਗਿਆਨੀ ਗੁਰਦਿੱਤ ਸਿੰਘ ਜੀ ਦੇ 101ਵੇਂ ਜਨਮ ਦਿਨ 'ਤੇ ਸਮਾਗਮ

ਗੁਰਮਤਿ, ਸਾਹਿਤ ਅਤੇ ਪੱਤਰਕਾਰੀ ਦੇ ਸੁਮੇਲ ਗਿਆਨੀ ਗੁਰਦਿੱਤ ਸਿੰਘ ਜੀ ਦੇ 101ਵੇਂ ਜਨਮ ਦਿਨ 'ਤੇ ਸਮਾਗਮ

ਸੂਰਜ ਦੀ ਅੱਖ' ਰਾਹੀਂ ਇਤਿਹਾਸ ਵਿਗਾੜਨ ਵਾਲੇ ਬਲਦੇਵ ਸੜਕਨਾਮੇ ਦੀ ਗਿਆਨੀ ਜੀ ਬਾਰੇ ਲਿਖੀ ਕਿਤਾਬ ਨੂੰ ਪ੍ਰਚਾਰਨਾ ਗਲਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਰੀ ਡੈਲਟਾ : ਲੋਕ ਵਿਰਸੇ ਅਤੇ ਧਰਮ-ਚਿੰਤਨ ਦਾ ਸੁਮੇਲ ਗਿਆਨੀ ਗੁਰਦਿੱਤ ਸਿੰਘ ਜੀ ਪੰਜਾਬੀ ਸਾਹਿਤ ਦਰਵੇਸ਼ ਵਿਦਵਾਨ ਸਨ। ਉਹ ਬਹੁਪੱਖੀ, ਬਹੁਪਸਾਰੀ, ਬਹੁਰੰਗੀ ਅਤੇ ਬਹੁਮੰਤਵੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਗੁਰਮਤਿ ਦੇ ਧਾਰਨੀ, ਸਿੱਖ ਸੋਚ ਦੇ ਮੁੱਦਈ, ਸਿੱਖ ਧਰਮ ਦੇ ਪ੍ਰਤੀਬੱਧ ਅਤੇ ਗੁਰਬਾਣੀ ਦੇ ਖੋਜੀ ਵਿਆਖਿਆਕਾਰ ਸਨ। ਗਿਆਨੀ ਗੁਰਦਿੱਤ ਸਿੰਘ ਜੀ ਦਾ ਕੋਤਰ ਸੌਵਾਂ ਜਨਮ ਦਿਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ 24 ਫਰਵਰੀ ਨੂੰ ਮਨਾਇਆ ਗਿਆ।

ਇਹ ਸਮਾਗਮ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਦੇ ਸਹਿਯੋਗ ਨਾਲ ਉਤਸ਼ਾਹ ਪੂਰਵਕ ਰੂਪ ਵਿੱਚ ਕਰਵਾਇਆ ਗਿਆ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਨੇ ਗਿਆਨੀ ਜੀ ਦੀ ਇਤਿਹਾਸਿਕ ਦੇਣ ਨੂੰ ਚੇਤੇ ਕੀਤਾ। ਗੁਰਦੁਆਰਾ ਸਾਹਿਬ ਵਿਖੇ ਬੋਲਦਿਆਂ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਦੇ ਪ੍ਰਤਿਨਿਧ ਡਾ. ਗੁਰਵਿੰਦਰ ਸਿੰਘ ਨੇ ਗਿਆਨੀ ਗੁਰਦਿੱਤ ਸਿੰਘ ਜੀ ਦੇ ਜੀਵਨ ਇਤਿਹਾਸ, ਗੁਰਬਾਣੀ ਦੇ ਨਾਲ ਡੂੰਘੇ ਸਬੰਧਾਂ, ਪੰਜਾਬੀ ਪੱਤਰਕਾਰੀ ਲਈ ਯੋਗਦਾਨ, ਸਿੱਖ ਸੰਸਥਾਵਾਂ ਅਤੇ ਪੰਜਾਬੀ ਸੰਸਥਾਵਾਂ ਦੇ ਸਥਾਪਨਾ ਵਿੱਚ ਭੂਮਿਕਾ ਅਤੇ ਉਹਨਾਂ ਦੀ ਪੰਜਾਬੀ ਵਿਰਸੇ ਤੇ ਸੱਭਿਆਚਾਰ ਲਈ ਦੇਣ ਵਾਲੇ ਵਿਚਾਰ ਸਾਂਝੇ ਕੀਤੇ।

ਉਹਨਾਂ ਕਿਹਾ ਕਿ ਜਿੱਥੇ ਗਿਆਨੀ ਗੁਰਦਿੱਤ ਸਿੰਘ ਜੀ ਸਿੱਖ ਇਤਿਹਾਸ ਅਤੇ ਗੁਰਬਾਣੀ ਨੂੰ ਸਹੀ ਰੂਪ ਵਿੱਚ ਪੇਸ਼ ਕਰਨ ਵਾਲੀ ਸ਼ਖਸੀਅਤ ਸਨ, ਉੱਥੇ ਉਹਨਾਂ ਬਾਰੇ ਕਿਤਾਬ ਲਿਖਵਾਉਣ ਲਈ 'ਬਲਦੇਵ ਸੜਕਨਾਮਾ' ਦੀ ਚੋਣ ਕਰਨਾ ਗਲਤ ਹੈ, ਜਿਸਨੇ 'ਸੂਰਜ ਦੀ ਅੱਖ' ਨਾਵਲ (25 ਹਜਾਰ ਡਾਲਰ ਦਾ ਢਾਹਾਂ ਅਵਾਰਡ ਲੈਣ ਵਾਲਾ) ਰਾਹੀਂ ਸਿੱਖ ਇਤਿਹਾਸ ਨੂੰ ਨਾ ਸਿਰਫ ਵਿਗਾੜਿਆ ਹੈ, ਬਲਕਿ ਇਸ ਪ੍ਰਤੀ ਨਫਰਤ ਦਾ ਵੀ ਪ੍ਰਗਟਾਵਾ ਕੀਤਾ ਹੈ। ਦੁਖਦਾਈ ਗੱਲ ਇਹ ਹੈ ਕਿ ਅਖੌਤੀ ਵਿਦਵਾਨ ਸਰੀ, ਕੈਨੇਡਾ ਸਮੇਤ ਵੱਖ-ਵੱਖ ਸਟੇਜਾਂ ਤੋਂ ਬਲਦੇਵ ਸੜਕਨਾਮੇ ਦੀ ਗਿਆਨੀ ਗੁਰਦਿੱਤ ਸਿੰਘ ਬਾਰੇ ਕਿਤਾਬ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਛਪਾ ਕੇ ਵੰਡੀ ਜਾ ਰਹੇ ਹਨ, ਜੋ ਕਿ ਮੰਦਭਾਗਾ ਵਰਤਾਰਾ ਹੈ। ਗਿਆਨੀ ਗੁਰਦਿੱਤ ਸਿੰਘ ਜੀ ਨੇ ਆਪਣੀ 83 ਸਾਲ ਦੀ ਉਮਰ ਤੋਂ ਵੀ ਵੱਧ ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਅਤੇ ਟਰੈਕਟ ਖੁਦ ਲਿਖੇ/ਸੰਪਾਦਤ ਕੀਤੇ। ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ, ਬਹੁਰੰਗੀ, ਗਿਆਨਵਾਨ ਅਤੇ ਵਿਦਵਾਨ ਗਿਆਨੀ ਜੀ ਦੁਆਰਾ ਲਿਖੀਆਂ ਹੋਈਆਂ ਤਿੰਨ ਕਿਤਾਬਾਂ ਸਾਹਿਤ ਜਗਤ ਵਿਚ ਸ਼ਾਹਕਾਰ ਵਜੋਂ ਜਾਣੀਆਂ ਜਾਂਦੀਆਂ ਹਨ: ਮੇਰਾ ਪਿੰਡ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਮੁੰਦਾਵਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨੀ ਜੀ ਦੇ ਜੀਵਨ ਦਾ ਕੇਂਦਰੀ ਧੁਰਾ ਰਿਹਾ ਹੈ। ਉਹ ਗਿਆਨ ਦੇ ਭੰਡਾਰ ਅਤੇ ਸਿੱਖ ਧਰਮ ਦੇ ਪਹਿਰੇਦਾਰ ਬਣਕੇ ਨਿਤਰੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਖਾਲਸੇ ਦੇ ਤਿੰਨ ਸੌ ਸਾਲਾਂ ਨੂੰ ਸਮਰਪਿਤ 50 ਕਿਤਾਬਾਂ ਦਾ ਸੰਪਾਦਨ ਕੀਤਾ। ਗਿਆਨੀ ਜੀ ਪੰਜਾਬ ਵਿਧਾਨ ਪਰਿਸ਼ਦ ਦੇ 1958 ਤੋਂ 1961 ਤੱਕ ਮੈਂਬਰ ਰਹੇ। ਉਹਨਾਂ ਦੇ ਨਿੱਗਰ ਉਪਰਾਲੇ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖਾਂ ਦੇ ਪੰਜਵੇ ਤਖ਼ਤ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੋਹਾਲੀ, ਚੰਡੀਗੜ੍ਹ ਅਤੇ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਸਥਾਪਤ ਕੀਤੇ। ਉਨ੍ਹਾਂ ਨੇ ਆਪਣੇ ਗਿਆਨ ਨੂੰ ਸਿੱਖ ਸਮਾਜ ਦੀ ਬਿਹਤਰੀ ਲਈ ਵਰਤਿਆ, ਜਿਸ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਅਤੇ ਗਿਆਨੀ ਦਿੱਤ ਸਿੰਘ ਸਹਿਤ ਸਭਾ ਕੈਨੇਡਾ ਗਿਆਨੀ ਗੁਰਦਿੱਤ ਸਿੰਘ ਜੀ ਦੇ ਕੋਤਰਵੇਂ ਜਨਮ ਦਿਨ 'ਤੇ ਸਮਾਗਮ ਉਲੀਕਣ ਲਈ ਵਧਾਈ ਦੇ ਪਾਤਰ ਹਨ।