ਐੱਨਆਈਏ ਵੱਲੋਂ ਪੰਜਾਬ ਵਿਚ 14 ਤੇ ਰਾਜਸਥਾਨ ਵਿਚ 2 ਥਾਵਾਂ ’ਤੇ ਮਾਰੇ ਛਾਪੇ

ਐੱਨਆਈਏ ਵੱਲੋਂ ਪੰਜਾਬ ਵਿਚ 14 ਤੇ ਰਾਜਸਥਾਨ ਵਿਚ 2 ਥਾਵਾਂ ’ਤੇ ਮਾਰੇ ਛਾਪੇ

ਪੁਲਿਸ ਦਾ ਦਾਅਵਾ ਕਿ ਖਾੜਕੂ ਜਥੇਬੰਦੀਆਂ ਨਾਲ ਸਬੰਧਤ ਟਿਕਾਣਿਆਂ ’ਤੇ ਛਾਪੇ ਮਾਰੇ ਗਏ

*ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਦਬਾਉਣ ਲਈ ਪੰਜਾਬ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀ ਏ-ਅਕਾਲੀ ਦਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਕੌਮੀ ਜਾਂਚ ਏਜੰਸੀ (ਐਨਆਈਏ) ਦੀਆਂ ਟੀਮਾਂ ਨੇ ਪੰਜਾਬ ਤੇ ਰਾਜਸਥਾਨ ਵਿਚ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀਆਂ ਵਿੱਚ ਪੰਜਾਬ ’ਚ 14 ਅਤੇ ਰਾਜਸਥਾਨ ਵਿਚ ਦੋ ਥਾਵਾਂ ’ਤੇ ਕਾਰਵਾਈ ਕੀਤੀ ਹੈ।

ਪੰਜਾਬ ਪੁਲੀਸ ਦੇ ਸੂਤਰਾਂ ਦਾ ਦੱਸਣਾ ਹੈ ਕਿ ਇਹ ਕਾਰਵਾਈ ਸਿੱਖਸ ਫਾਰ ਜਸਟਿਸ ਅਤੇ ਹੋਰਨਾਂ ਸ਼ੱਕੀ ਜਥੇਬੰਦੀਆਂ ਨਾਲ ਸਬੰਧਤ ਟਿਕਾਣਿਆਂ ’ਤੇ ਕੀਤੀ ਗਈ ਹੈ। ਐਨਆਈਏ ਵੱਲੋਂ ਇਸ ਵਿਵਾਦਤ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਦਰਜ ਕੇਸਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਛਾਪਿਆਂ ਨੂੰ ਇਸੇ ਤਫ਼ਤੀਸ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਐੱਨਆਈਏ ਨੇ ਕੁਝ ਮਹੀਨੇ ਪਹਿਲਾਂ ਹੀ ਪੰਨੂ ਦੇ ਪੰਜਾਬ ਅਤੇ ਚੰਡੀਗੜ੍ਹ ਸਥਿਤ ਟਿਕਾਣਿਆਂ ’ਤੇ ਛਾਪੇ ਮਾਰ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਸੀ। ਕੌਮੀ ਏਜੰਸੀ ਦੀਆਂ ਟੀਮਾਂ ਨੇ ਮੁੱਖ ਤੌਰ ’ਤੇ ਬਠਿੰਡਾ, ਬਰਨਾਲਾ, ਨਵਾਂ ਸ਼ਹਿਰ, ਗੁਰਦਾਸਪੁਰ, ਤਰਨ ਤਾਰਨ, ਜਲੰਧਰ ਆਦਿ ਜ਼ਿਲ੍ਹਿਆਂ ਵਿੱਚ ਛਾਪੇ ਮਾਰੇ। ਇਸ ਮੁਹਿੰਮ ਦੌਰਾਨ ਏਜੰਸੀ ਨੇ ਸ਼ੱਕੀ ਵਿਅਕਤੀਆਂ ਦੀਆਂ ਜਾਇਦਾਦਾਂ, ਪਿਛਲੇ ਸਮੇਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਵਰਤ ਵਿਹਾਰ ਸਬੰਧੀ ਜਾਣਕਾਰੀ ਇਕੱਤਰ ਕੀਤੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ ਜੁਲਾਈ 2023 ਵਿੱਚ ਹਰਵਿੰਦਰ ਸਿੰਘ ਰਿੰਦਾ ਅਤੇ ਲਖਬੀਰ ਸਿੰਘ ਸੰਧੂ ਲੰਡਾ ਅਤੇ ਹੋਰਨਾਂ ਖਿਲਾਫ਼ ਕੇਸ ਦਰਜ ਕੀਤੇ ਸਨ। ਐੱਨਆਈਏ ਨੇ ਜਿਨ੍ਹਾਂ ਤਿੰਨ ਮਾਮਲਿਆਂ ’ਤੇ ਕਾਰਵਾਈ ਕੀਤੀ ਹੈ, ਉਹ ਪਾਬੰਦੀਸ਼ੁਦਾ ਸੰਗਠਨ ਅਤੇ ਦੇਸ਼ ’ਚ ਚੱਲ ਰਹੇ ਖਾੜਕੂ-ਗੈਂਗਸਟਰ ਨੈੱਟਵਰਕ ਵੱਲੋਂ ਕੀਤੀਆਂ ਜਾ ਰਹੀਆਂ ਹਿੰਸਕ ਗਤੀਵਿਧੀਆਂ ਨਾਲ ਸਬੰਧਤ ਹਨ। ਅਜਿਹੀਆਂ ਗਤੀਵਿਧੀਆਂ ਵਿੱਚ ਸਰਹੱਦ ਪਾਰੋਂ ਹਥਿਆਰ ਅਤੇ ਗੋਲਾ ਬਾਰੂਦ, ਵਿਸਫੋਟਕ, ਆਈਈਡੀ ਆਦਿ ਦੀ ਤਸਕਰੀ ਕਰਨਾ ਸ਼ਾਮਲ ਹੈ। ਟੀਮਾਂ ਨੇ ਕਈ ਥਾਵਾਂ ’ਤੇ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਦਰਜਨ ਦੇ ਕਰੀਬ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ। 

ਐੱਨ. ਆਈ. ਏ. ਦੀ ''ਆਪ'' ਦੇ ਬਲਾਕ ਪ੍ਰਧਾਨ ਦੇ ਘਰ ’ਤੇ ਛਾਪੇਮਾਰੀ

ਐੱਨ. ਆਈ. ਏ. ਦੀ ਟੀਮ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੇ ਘਰ ਸਮੇਤ ਜ਼ਿਲ੍ਹੇ ਵਿਚ ਪੰਜ ਥਾਵਾਂ ’ਤੇ ਛਾਪੇਮਾਰੀ ਕੀਤੀ। ਕਰੀਬ ਦੋ ਤੋਂ ਤਿੰਨ ਘੰਟੇ ਤੱਕ ਚੱਲੀ ਇਸ ਛਾਪੇਮਾਰੀ ਦੌਰਾਨ ਐੱਨ. ਆਈ. ਏ. ਦੀ ਟੀਮ ਨੇ ਉਕਤ ਵਿਅਕਤੀਆਂ ਦੇ ਘਰੋਂ ਕੁਝ ਦਸਤਾਵੇਜ਼ ਜ਼ਬਤ ਕੀਤੇ ਅਤੇ ਉਨ੍ਹਾਂ ਨੂੰ 5 ਮਾਰਚ ਨੂੰ ਐੱਨ. ਆਈ. ਏ. ਦਫ਼ਤਰ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ। ਐੱਨ. ਆਈ. ਏ. ਦੀ ਟੀਮ ਨੇ ਜ਼ਿਲ੍ਹੇ ਦੇ ਬਾਲਿਆਂਵਾਲੀ, ਰਾਮਪੁਰਾ ਪਿੰਡਾਂ ਅਤੇ ਸੰਗਤ ਮੰਡੀ ਦੇ ਡੂਮਵਾਲੀ ਅਤੇ ਪਥਰਾਲਾ ਪਿੰਡਾਂ ਦਾ ਦੌਰਾ ਕੀਤਾ। ਜਾਣਕਾਰੀ ਅਨੁਸਾਰ ਐੱਨ. ਆਈ. ਏ. ਦੀ ਟੀਮ ਨੇ 'ਆਪ' ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਨੀਟਾ ਵਾਸੀ ਡੂਮਵਾਲੀ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਸੰਗਤ ਮੰਡੀ ਦੇ ਘਰ ਛਾਪਾ ਮਾਰਿਆ। ਇਹ ਕਾਰਵਾਈ ਕਰੀਬ ਤਿੰਨ ਘੰਟੇ ਚੱਲੀ। ਹਾਲਾਂਕਿ ਐੱਨ. ਆਈ. ਏ. ਦੀ ਟੀਮ ਨੂੰ ਨੀਟਾ ਦੇ ਘਰ ਤੋਂ ਕੁਝ ਨਹੀਂ ਮਿਲਿਆ ਹੈ ਪਰ ਟੀਮ ਕੁਝ ਦਸਤਾਵੇਜ਼ ਆਪਣੇ ਨਾਲ ਲੈ ਗਈ ਹੈ। ਇਸ ਤੋਂ ਬਾਅਦ ਐੱਨ. ਆਈ. ਏ. ਦੀ ਟੀਮ ਨੇ ਪਿੰਡ ਸੰਗਤ ਮੰਡੀ ਦੇ ਪਿੰਡ ਪਥਰਾਲਾ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਦੇ ਵਾਸੀ ਸੋਨੂੰ ਕੁਮਾਰ ਦੇ ਘਰ ਦਾ ਦੌਰਾ ਕੀਤਾ। ਐੱਨ. ਆਈ. ਏ. ਦੀ ਟੀਮ ਨੇ ਪਥਰਾਲਾ ਪਿੰਡ ਵਿਚ ਸੋਨੂੰ ਸ਼ਰਮਾ ਦੇ ਘਰ ਵੀ ਛਾਪਾ ਮਾਰਿਆ। ਉਨ੍ਹਾਂ ਨੂੰ 5 ਮਾਰਚ ਨੂੰ ਦਿੱਲੀ ਬੁਲਾਇਆ ਗਿਆ ਹੈ। ਸੋਨੂੰ ਸ਼ਰਮਾ ਦਾ ਕਹਿਣਾ ਹੈ ਕਿ ਉਹ ਛੋਟਾ ਕਿਸਾਨ ਹੈ। ਉਸ ਨੂੰ ਨਹੀਂ ਪਤਾ ਕਿ ਐੱਨ. ਆਈ. ਏ. ਨੇ ਉਸ ਦੇ ਘਰ ਛਾਪਾ ਕਿਉਂ ਮਾਰਿਆ। ਐੱਨ. ਆਈ. ਏ. ਦੀ ਟੀਮ ਨੇ ਘਰ ਵਿਚ ਮੌਜੂਦ ਲੋਕਾਂ ਅਤੇ ਔਰਤਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਦਾ ਪੁੱਤਰ ਕਿਸਾਨ ਅੰਦੋਲਨ ਵਿਚ ਜਾ ਰਿਹਾ ਹੈ। ਇਸ ਲਈ ਅਸੀਂ ਕਿਹਾ ਕਿ ਅਸੀਂ ਜਾ ਰਹੇ ਹਾਂ ਕਿਉਂਕਿ ਅਸੀਂ ਮੱਧ ਵਰਗ ਦੇ ਕਿਸਾਨ ਹਾਂ ਅਤੇ ਅਸੀਂ ਵੀ ਕਿਸਾਨਾਂ ਦੀਆਂ ਮੰਗਾਂ ਲਈ ਜਾ ਰਹੇ ਹਾਂ ਅਤੇ ਅਸੀਂ ਕਿਸਾਨ ਅੰਦੋਲਨ ਵਿਚ ਜਾਂਦੇ ਰਹਾਂਗੇ ਪਰ ਉਨ੍ਹਾਂ ਨੇ ਹੋਰ ਕੁਝ ਨਹੀਂ ਕਿਹਾ ਅਤੇ ਆਉਣ ਦੇ ਆਦੇਸ਼ ਦਿੱਤੇ ਗਏ। 5 ਮਾਰਚ ਨੂੰ ਐਨ.ਆਈ.ਏ. ਇਸੇ ਤਰ੍ਹਾਂ ਤੀਸਰੀ ਛਾਪੇਮਾਰੀ ਇਕਬਾਲ ਸਿੰਘ ਵਾਸੀ ਫਰੀਦ ਨਗਰ ਮੰਡੀ, ਰਾਮਪੁਰ ਥਾਣਾ ਸਿਟੀ, ਜ਼ਿਲ੍ਹਾ ਰਾਮਪੁਰ ਦੇ ਘਰ ਹੋਈ। ਕਰੀਬ ਦੋ ਘੰਟੇ ਤੱਕ ਚੱਲੀ ਇਸ ਛਾਪੇਮਾਰੀ ਦੌਰਾਨ ਟੀਮ ਵੱਲੋਂ ਘਰ ਘਰ ਦੀ ਤਲਾਸ਼ੀ ਲਈ ਗਈ। ਹਾਲਾਂਕਿ ਟੀਮ ਨੇ ਛਾਪੇਮਾਰੀ ਨਾਲ ਜੁੜੀ ਕੋਈ ਵੀ ਜਾਣਕਾਰੀ ਮੀਡੀਆ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ।  

ਰਵਾਨਾ ਹੋਣ ਸਮੇਂ ਟੀਮ ਅਧਿਕਾਰੀਆਂ ਨੇ ਇਕਬਾਲ ਸਿੰਘ ਦੇ ਨਾਂ 'ਤੇ ਪਰਿਵਾਰ ਨੂੰ ਇਕ ਨੋਟਿਸ ਦਿੱਤਾ, ਜਿਸ 'ਚ ਉਨ੍ਹਾਂ ਨੂੰ ਅਪਰਾਧਿਕ ਮਾਮਲੇ ਦੀ ਜਾਂਚ ਲਈ 5 ਮਾਰਚ ਨੂੰ ਦਿੱਲੀ ਸਥਿਤ ਐੱਨ. ਆਈ. ਏ. ਹੈੱਡਕੁਆਰਟਰ 'ਚ ਪਹੁੰਚਣ ਦਾ ਹੁਕਮ ਦਿੱਤਾ ਗਿਆ ਸੀ। ਜਦਕਿ ਚੌਥਾ ਛਾਪਾ ਸ਼ੇਰ ਬਲਵੰਤ ਸਿੰਘ ਵਾਸੀ ਪਿੰਡ ਬਾਲਿਆਂਵਾਲੀ ਥਾਣਾ ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ, ਪੰਜਵਾਂ ਛਾਪਾ ਜੱਗੀ ਖਾਨ ਵਾਸੀ ਪਿੰਡ ਕੋਟੜਾ ਕੌੜਾ ਥਾਣਾ ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਦੇ ਮਾਰਿਆ ਗਿਆ। ਕਰੀਬ ਤਿੰਨ ਘੰਟੇ ਤੱਕ ਚੱਲੀ ਇਸ ਛਾਪੇਮਾਰੀ ਤੋਂ ਬਾਅਦ ਐੱਨ. ਆਈ. ਏ. ਦੀ ਟੀਮ ਜੱਗੀ ਖਾਨ ਦੇ ਭਰਾ ਸੋਨੀ ਖਾਨ ਨੂੰ ਆਪਣੇ ਨਾਲ ਲੈ ਗਈ।

ਉਧਰ, ਐੱਨਆਈਏ ਵੱਲੋਂ ਬਰਨਾਲਾ ਦੇ ਪਿੰਡ ਹਮੀਦੀ ਵਿੱਚ ਰੇਸ਼ਮ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਸੰਗਰੂਰ ਪੁਲੀਸ ਵੱਲੋਂ ਰੇਸ਼ਮ ਸਿੰਘ ਨੂੰ ਖਾਲਿਸਤਾਨੀ ਨਾਅਰੇ ਲਿਖਣ ਦੇ ਕਥਿਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਕਾਰਵਾਈ ਨੂੰ ਇਸੇ ਸੰਦਰਭ ਵਿੱਚ ਵੇਖਿਆ ਜਾ ਰਿਹਾ ਹੈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਮਹਿਲ ਕਲਾਂ ਨਾਥ ਸਿੰਘ ਹਮੀਦੀ ਨੇ ਮੌਕੇ 'ਤੇ ਪੁੱਜ ਕੇ ਕੇਂਦਰੀ ਜਾਂਚ ਏਜੰਸੀ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਰੇਸ਼ਮ ਸਿੰਘ ਪਿਛਲੇ ਦੋ ਸਾਲ ਤੋਂ ਜੇਲ ਵਿੱਚ ਬੰਦ ਹੈ ਪਰ ਕੇਂਦਰ ਦੀ ਸਰਕਾਰ ਕਿਸਾਨੀ ਸੰਘਰਸ਼ ਨੂੰ ਦਬਾਉਣ ਲਈ ਆਪਣੀਆਂ ਏਜੰਸੀਆਂ ਰਾਹੀਂ ਪੰਜਾਬ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਜਿੱਥੇ ਕਿਸਾਨੀ ਸੰਘਰਸ਼ ਨੂੰ ਢਾਹ ਲੱਗੇਗੀ ਉਥੇ ਹੀ ਕੌਮੀ ਘਰ ਦੀ ਪ੍ਰਾਪਤੀ ਲਈ ਯਤਨਸ਼ੀਲ ਨੌਜਵਾਨਾਂ ਦੇ ਯਤਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਉਨਾਂ ਕਿਹਾ ਕਿ ਇਹ ਪਰਿਵਾਰ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਹੈ ਜਿਸ ਨੂੰ ਏਜੰਸੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਗੱਲ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ । ਇਸ ਮੌਕੇ ਕੇਂਦਰੀ ਜਾਂਚ ਏਜੰਸੀ ਦੇ ਡੀਐੱਸਪੀ ਇਸਾਨ ਮਹਿਰਾ ਸਮੇਤ ਦੋ ਟੀਮ ਮੈਂਬਰ, ਥਾਣਾ ਠੁੱਲ੍ਹੀਵਾਲ ਮੁਖੀ ਬਲਦੇਵ ਸਿੰਘ ਮਾਨ, ਜਗਜੀਤ ਸਿੰਘ ਜੇਈ ਪੰਚਾਇਤੀ ਰਾਜ, ਕੀਰਤੀ ਜਿੰਦਲ ਜੇਈ ਪਾਵਰਕਾਮ ਪੁਲਿਸ ਪਾਰਟੀ ਤੋਂ ਇਲਾਵਾ ਪੰਚ ਅਮਰ ਸਿੰਘ, ਭੁਪਿੰਦਰ ਸਿੰਘ ਢੀਂਡਸਾ, ਬੰਤ ਸਿੰਘ, ਮਗਰ ਸਿੰਘ ਅਮਰ ਸਿੰਘ ਪੱਪੂ ਸਿੰਘ ਪਿੰਡ ਵਾਸੀਆਂ ਤੋਂ ਇਲਾਵਾ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

ਅਜੀਤਵਾਲ ਵਿੱਚ ਪਤਨੀ ਸਣੇ ਹਿਰਾਸਤ ਵਿੱਚ ਲਿਆ ਗ੍ਰੰਥੀ

ਐੱਨਆਈਏ ਨੇ ਇਥੇ ਕਸਬਾ ਅਜੀਤਵਾਲ ਵਿੱਚ ਗ੍ਰੰਥੀ ਮਨਜੀਤ ਸਿੰਘ ਦੇ ਘਰ ਛਾਪਾ ਮਾਰਿਆ। ਇਸ ਮੌਕੇ ਟੀਮ ਨੇ ਡਿਜੀਟਲ ਡੇਟਾ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕਰਦਿਆਂ ਮੋਬਾਈਲ ਆਦਿ ਜ਼ਬਤ ਕਰ ਲਿਆ ਅਤੇ ਪਤਨੀ ਸਣੇ ਗ੍ਰੰਥੀ ਨੂੰ ਹਿਰਾਸਤ ਵਿੱਚ ਲੈ ਕੇ ਚਲੀ ਗਈ। ਐੱਨਆਈਏ ਅਧਿਕਾਰੀ ਮੁਤਾਬਕ ਇਹ ਛਾਪਾ ਖਾਲਿਸਤਾਨੀਆਂ ਤੇ ਸੰਗਠਨ ਅਪਰਾਧੀਆਂ ਦੇ ਗੱਠਜੋੜ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਮਾਰਿਆ ਗਿਆ ਹੈ।

ਐੱਨਆਈਏ ਦੀਆਂ ਟੀਮਾਂ ਵੱਲੋਂ ਇਸ ਸਾਲ ਦੌਰਾਨ ਪਹਿਲੀ ਵਾਰੀ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। ਮੋਰਚੇ ਵਲ ਜਾਣ ਵਾਲੇ ਕਿਸਾਨ ਵੀ ਨਿਸ਼ਾਨਾ ਬਣੇ ਹਨ।ਲੰਘੇ ਸਾਲ ਦੌਰਾਨ ਐੱਨਆਈਏ ਦੀਆਂ ਟੀਮਾਂ ਪੰਜਾਬ ਵਿੱਚ ਬਹੁਤ ਜ਼ਿਆਦਾ ਸਰਗਰਮ ਰਹੀਆਂ ਸਨ। ਸਾਲ 2022 ਦੌਰਾਨ 8 ਵਾਰੀ ਦੇ ਕਰੀਬ ਪੰਜਾਬ ਵਿੱਚ ਖਾੜਕੂ ਅਤੇ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ। ਪੰਜਾਬ ਸਰਕਾਰ ਇਨ੍ਹਾਂ ਛਾਪਿਆਂ ਬਾਰੇ ਚੁਪ ਹੈ।