ਗੁੰਮਰਾਹਕੁਨ ਪ੍ਰਾਪੋਗੰਡੇ ਦਾ ਮਾਹਿਰ ਕੈਨੇਡਾ ਦਾ ਐਮ.ਪੀ. ਚੰਦਰਾ ਆਰੀਆ ਇੱਕ ਵਾਰ ਫਿਰ ਵਿਵਾਦਾਂ 'ਚ

ਗੁੰਮਰਾਹਕੁਨ ਪ੍ਰਾਪੋਗੰਡੇ ਦਾ ਮਾਹਿਰ ਕੈਨੇਡਾ ਦਾ ਐਮ.ਪੀ. ਚੰਦਰਾ ਆਰੀਆ ਇੱਕ ਵਾਰ ਫਿਰ ਵਿਵਾਦਾਂ 'ਚ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਰੀ: (ਡਾ. ਗੁਰਵਿੰਦਰ ਸਿੰਘ)ਕੈਨੇਡਾ ਵਿੱਚ ਸਮੇਂ- ਸਮੇਂ ਸਿੱਖਾਂ ਖਿਲਾਫ਼ ਝੂਠਾ ਪ੍ਰਾਪੋਗੰਡਾ ਕਰਨ ਵਾਲੇ ਰਾਜਧਾਨੀ ਓਟਵਾ ਤੋਂ ਲਿਬਰਲ ਪਾਰਟੀ ਦੇ ਐਮ ਪੀ ਚੰਦਰਾ ਆਰੀਆ ਇੱਕ ਵਾਰ ਫਿਰ ਵਿਵਾਦਾਂ 'ਚ ਘਿਰੇ ਹੋਏ ਹਨ। ਇਸ ਵਾਰ ਚੰਦਰਾ ਆਰਿਆ ਨੇ ਹਿੰਦੂ ਕੈਨੇਡੀਅਨ ਲੋਕਾਂ ਨੂੰ ਖਾਲਿਸਤਾਨੀਆਂ ਤੋਂ ਧਮਕੀਆਂ ਮਿਲਣ ਦਾ ਦੋਸ਼ ਲਾਏ ਹਨ। ਆਰਿਆ ਨੇ ਦੋਸ਼ ਲਾਇਆ ਹੈ ਕਿ ਹਿੰਦੂ ਕੈਨੇਡੀਅਨਾਂ ਨੂੰ ਖਾਲਿਸਤਾਨੀ ਸਮਰਥਕ ਧਮਕੀਆਂ ਦੇ ਰਹੇ ਹਨ, ਉਹਨਾਂ ’ਤੇ ਹਮਲੇ ਕਰ ਰਹੇ ਹਨ ਤੇ ਭਾਰਤ ਵਾਪਸ ਜਾਣ ਲਈ ਆਖ ਰਹੇ ਹਨ। ਸੱਚ ਤਾਂ ਇਹ ਹੈ ਕਿ ਕੈਨੇਡਾ ਵੱਲੋਂ ਭਾਰਤ ਨੂੰ ਇੱਥੋਂ ਦੇ ਨਾਗਰਿਕ ਦੀ ਹੱਤਿਆਂ ਦੇ ਮਾਮਲੇ ਵਿੱਚ ਜੁੰਮੇਵਾਰ ਠਹਿਰਾਉਣ ਮਗਰੋਂ ਚੰਦਰਾ ਆਰੀਆ ਬੌਖਲਾ ਗਏ ਹਨ। ਦਰਅਸਲ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਹਿੰਦੂਤਵੀ ਤਾਕਤਾਂ ਦਾ ਲਗਾਤਾਰ ਓਭਾਰ ਹੋ ਰਿਹਾ ਹੈ। ਇਸ ਦੀਆਂ ਰਿਪੋਰਟਾਂ ਵੱਖ-ਵੱਖ ਅੰਗਰੇਜ਼ੀ ਅਖਬਾਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਪਰ ਇਸ ਦੇ ਉਲਟ ਕੈਨੇਡਾ ਦੇ ਸਿਆਸਤਦਾਨ ਐਮ ਪੀ ਚੰਦਰਾ ਆਰੀਆ ਸਥਿਤੀ ਦੇ ਬਾਰੇ ਗਲਤ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਕਦੇ ਉਹਨਾਂ ਨੇ ਟੋਰਾਂਟੋ ਦੇ ਮੰਦਰ ਉੱਪਰ ਗ਼ਲਤ ਸ਼ਬਦਾਵਲੀ ਲਿਖਣ ਦੇ ਦੋਸ਼ ਸਿੱਖਾਂ ਉਪਰ ਲਾਏ, ਜੋ ਝੂਠੇ ਸਾਬਤ ਹੋਏ।

ਇਸੇ ਤਰ੍ਹਾਂ ਗੀਤਾ ਪਾਰਕ ਦੇ ਮਾਮਲੇ ਵਿੱਚ ਗੀਤਾ ਨਾਂ ਤੇ ਕਾਲਖ ਫੇਰਨ ਨੂੰ ਲੈ ਕੇ ਵੀ ਉਨ੍ਹਾਂ ਵਿਵਾਦ ਛੇੜਿਆ, ਪਰ ਮਗਰੋਂ ਸਿਟੀ ਵੱਲੋਂ ਉਨ੍ਹਾਂ ਦੇ ਦੋਸ਼ ਰੱਦ ਕਰ ਦਿੱਤੇ ਗਏ। ਪਰ ਦੂਜੇ ਪਾਸੇ ਟਰਾਂਟੋ ਨੇੜਲੇ ਸ਼ਹਿਰ ਮਾਰਖਮ ਦੀ ਮਸੀਤ ਵਿਖੇ ਇੱਕ ਨਮਾਜ਼ੀ ‘ਤੇ ਗੱਡੀ ਚਾੜ੍ਹਨ, ਹਥਿਆਰ ਨਾਲ ਹਮਲਾ ਕਰਨ ਅਤੇ ਮੁਸਲਿਮ ਧਰਮ ਨੂੰ ਗਾਲ੍ਹਾਂ ਕੱਢਣ ਦੇ ਮਾਮਲੇ ‘ਚ ਹਿੰਦੂ ਕੱਟੜਪੰਥੀ 28 ਸਾਲਾ ਸ਼ਰਨ ਕਰੁਨਾਕਰਨ ਨੂੰ ਗ੍ਰਿਫਤਾਰ ਕੀਤਾ ਗਿਆ, ਤਾਂ ਇਸ ਬਾਰੇ ਚੰਦਰਾ ਆਰੀਆ ਸਾਜਿਸ਼ੀ ਢੰਗ ਨਾਲ ਚੁੱਪ ਵੱਟੀ ਬੈਠੇ ਰਹੇ। ਹੁਣ ਜਦੋਂ ਇਨਸਾਫ ਦੀ ਲੜਾਈ ਵਿਚ ਕੈਨੇਡਾ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ, ਦੇਸ਼ ਵਿੱਚ ਭਾਰਤੀ ਦਖਲ ਦਾ ਵਿਰੋਧ ਕਰ ਰਹੀਆਂ ਹਨ ਅਤੇ ਕੈਨੇਡਾ ਦੀ ਧਰਤੀ 'ਤੇ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਵਿੱਚ ਭਾਰਤ ਦੀ ਭੂਮਿਕਾ ਦੀ ਗੱਲ ਕਰ ਰਹੀਆਂ ਹਨ, ਤਾਂ ਇਸ ਜਾਂਚ ਪੜਤਾਲ ਵਿੱਚ ਅੜਿੱਕਾ ਡਹੁਣ ਲਈ ਚੰਦਰਾ ਆਰੀਆ ਇੰਡੀਅਨ ਏਜੰਸੀਆਂ ਦੇ ਇਸ਼ਾਰੇ 'ਤੇ ''ਸਿੱਖ ਵਿਰੋਧੀ ਬਿਰਤਾਂਤ'' ਸਿਰਜਣ ਦੀ ਕਾਹਲ ਵਿੱਚ ਲੱਗੇ ਹੋਏ ਹਨ।