ਸਰਬੱਤ ਖਾਲਸਾ ਬਾਰੇ ਜਥੇਦਾਰ ਅਕਾਲ ਤਖਤ ਸਾਹਿਬ ਚੁਪ ਕਿਉਂ?

ਸਰਬੱਤ ਖਾਲਸਾ ਬਾਰੇ ਜਥੇਦਾਰ ਅਕਾਲ ਤਖਤ ਸਾਹਿਬ ਚੁਪ ਕਿਉਂ?

ਸਮਾਗਮ 12 ਤੋਂ 15 ਅਪ੍ਰੈਲ ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਵੇਗਾ

ਸਰਬੱਤ ਖਾਲਸਾ ਦਾ ਕੋਈ ਜ਼ਿਕਰ ਨਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਮੀਟਿੰਗ ਦੌਰਾਨ ਐਲਾਨ ਕੀਤਾ ਸੀ ਕਿ ਵਿਸਾਖੀ ਮੌਕੇ ਹਰ ਸਾਲ ਹੋਣ ਵਾਲਾ ਤਿੰਨ ਰੋਜ਼ਾ ਧਾਰਮਿਕ ਸਮਾਗਮ 12 ਤੋਂ 15 ਅਪ੍ਰੈਲ ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਵੇਗਾ।   ਇਸ ਸਾਲ ਵਿਸਾਖੀ 14 ਅਪ੍ਰੈਲ ਨੂੰ ਹੈ।ਜਥੇਦਾਰ ਵੱਲੋਂ ਵਿਸਾਖੀ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਸ ਮੌਕੇ ਸਰਬੱਤ ਖਾਲਸਾ ਸੱਦਣ ਦੀ ਸੰਭਾਵਨਾ ਲਗਪਗ ਖਤਮ ਹੋ ਗਈ ਹੈ। ਸਰਬੱਤ ਖਾਲਸਾ ਕਦੋਂ ਬੁਲਾਇਆ ਜਾਵੇਗਾ ਇਸ ਬਾਰੇ ਕੋਈ ਚਰਚਾ ਨਹੀਂ।ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਸਰਬਤ ਖਾਲਸਾ ਬੁਲਾਉਣ ਦਾ ਐਲਾਨ ਕੀਤਾ ਹੈ। ਜਥੇਦਾਰ ਅਕਾਲ ਤਖਤ ਸ਼ਾਇਦ ਇਸ ਕਰਕੇ  ਸਰਬਤ ਖਾਲਸਾ ਬਾਰੇ ਸਟੈਂਡ ਨਾ ਲੈ ਸਕੇ ਹੋਣ, ਕਿਉਂਕਿ ਬਾਦਲਕੇ ਨਹੀਂ ਚਾਹੁੰਦੇ ਕਿ ਸਰਬਤ ਖਾਲਸਾ ਰਾਹੀਂ ਬਾਦਲਕਿਆਂ ਲਈ ਦਿਕਤਾਂ ਪੈਦਾ ਹੋਣ।ਸੰਗਤ ਦੇ ਇਕਠ ਵਿਚ ਉਹਨਾਂ ਦਾ ਵਿਰੋਧ ਹੋ ਜਾਵੇ। ਹੋ ਸਕਦੈ ਕਿ ਸ੍ਰੋਮਣੀ ਕਮੇਟੀ ਨੇ ਬਾਦਲ ਪਰਿਵਾਰ ਦੇ ਹੁਕਮ ਉਪਰ ਜਥੇਦਾਰ ਨੂੰ ਸਰਬੱਤ ਖਾਲਸਾ ਬਾਰੇ ਸਹਿਯੋਗ ਨਾ ਦੇਣ ਦੀ ਹਾਮੀ ਭਰੀ ਹੋਵੇ। ਹੁਣੇ ਜਿਹੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹ ਹੈ ਕਿ ਸ੍ਰੋਮਣੀ ਕਮੇਟੀ ਉਹਨਾਂ ਨੂੰ ਸਹਿਯੋਗ ਨਹੀਂ ਦੇ ਰਹੀ।

ਹੋਰ ਸਿੱਖ ਜਥੇਬੰਦੀਆਂ ਨੇ ਵੀ ਸਰਬੱਤ ਖਾਲਸਾ ਸੱਦੇ ਜਾਣ ਦਾ ਵਿਰੋਧ ਕੀਤਾ ਹੈ।ਸਿੱਖ ਜਥੇਬੰਦੀ ਦਲ ਖਾਲਸਾ ਨੇ ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਇਸ ਮਾਮਲੇ 'ਤੇ ਸਿੱਖ ਜਥੇਬੰਦੀਆਂ 'ਵਿਚ ਏਕਤਾ ਨਾ ਹੋਣ ਕਾਰਨ ਸਰਬੱਤ ਖਾਲਸਾ ਕਰਵਾਉਣ ਦਾ ਇਹ ਸਹੀ ਸਮਾਂ ਨਹੀਂ ਹੈ।ਦਲ ਖਾਲਸਾ ਦੇ ਜਨਰਲ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਨਾ ਤਾਂ ਮਾਹੌਲ ਅਨੁਕੂਲ ਹੈ ਅਤੇ ਨਾ ਹੀ ਸਰਬੱਤ ਖਾਲਸਾ ਕਰਵਾਉਣ ਦਾ ਕੋਈ ਆਧਾਰ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ   ਕਿਹਾ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਜੋ ਵੀ ਫੈਸਲਾ ਲੈਣਾ ਹੈ, ਉਹ  ਸਿੱਖ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਲਿਆ ਜਾਵੇ।ਦੂਸਰੇ ਪਾਸੇ ਹਵਾਰਾ ਗਰੁਪ ਦਾਅਵਾ ਕਰਦਾ ਹੈ ਕਿ ਸਰਬਤ ਖਾਲਸਾ ਬੁਲਾਉਣ ਦਾ ਅਧਿਕਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਨਹੀਂ ਹੈ।ਇਹ ਅਧਿਕਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਕੋਲ ਹੈ ਕਿਉਂਕਿ ਉਹ ਸਰਬਤ ਖਾਲਸਾ ਵਲੋਂ ਥਾਪੇ ਗਏ ਹਨ।

ਪੰਥ ਸੇਵਕ ਕੁਲੈਕਟਿਵ ਦੇ ਮੈਂਬਰਾਂ ਨੇ ਵੀ ਇਸ ਕਦਮ ਦਾ ਵਿਰੋਧ ਕੀਤਾ। ਜਲੰਧਰ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਈ ਦਲਜੀਤ ਸਿੰਘ ਨੇ ਕਿਹਾ, “ਸਰਬੱਤ ਖਾਲਸਾ ਦਾ ਮਤਲਬ ਸਿੱਖਾਂ ਦਾ ਇਕੱਠ ਨਹੀਂ ਹੈ। ਇਸ ਨੂੰ ਬੁਲਾਏ ਜਾਣ ਦੀ ਇੱਕ ਵਿਧੀ ਹੈ. ਸਿੱਖ ਪੰਥ ਦੇ ਚੋਣਵੇਂ ਨੁਮਾਇੰਦੇ ਇੱਕ ਖਾਸ ਏਜੰਡੇ ਲਈ ਇਸ ਵਿੱਚ ਹਿੱਸਾ ਲੈਂਦੇ ਹਨ। ,

ਸੁਖਦੇਵ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਸਰਬਤ ਖਾਲਸਾ ਲਾਜ਼ਮੀ ਹੋਵੇ ਪਰ ਮਹਿਜ਼ ਬੰਦੀ ਸਿੰਘਾਂ ਦੀਆਂ ਰਿਹਾਈਆਂ ਦਾ ਮਤਾ ਪਾਸ ਕਰਨ ਲਈ ਨਹੀੰ ।ਸਰਬਤ ਖਾਲਸਾ ਨੌਜਵਾਨ ਸਿਖਾਂ ਵਲੋੰ ਸੱਚੀ ਸੁੱਚੀ ਰਾਜਸੀ ਤਾਕਤ ਹਾਸਲ ਕਰਨ ਲਈ ਸੰਗਠਨ ਤਿਆਰ ਕਰਨ ਦਾ ਸਾਧਨ ਬਣੇ ।ਰਾਜਸੀ ਤਾਕਤ ਬਗ਼ੈਰ ਸਨਮਾਨਜਨਕ "ਬੰਦੀ ਛੋੜ" ਵੀ ਸੰਭਵ ਨਹੀੰ ।

ਵਿਸਾਖੀ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਪਰਤਣ ਦੀ ਅਫਵਾਹ ਫੈਲਾਕੇ ਪੰਜਾਬ ਸਰਕਾਰ ਨੇ ਦਮਦਮਾ ਸਾਹਿਬ ਤੇ ਦਰਬਾਰ ਸਾਹਿਬ ਦੁਆਲੇ ਘੇਰਾਬੰਦੀ ਕੀਤੀ ਹੋਈ ਹੈ।ਸਿਖ ਜਗਤ ਵਿਚ ਇਸ ਦਾ ਵਿਰੋਧ ਪਾਇਆ ਜਾ ਰਿਹਾ ਹੈ।ਪੱਤਰਕਾਰ  ਹਮੀਰ ਸਿੰਘ ਨੇ ਇਸ ਦੀ ਤੁਲਨਾ ਸਰਕਾਰੀ ਦਿਤੇ ਨਾਮ ਬਲਿਊ ਸਟਾਰ 84 ਨਾਲ ਕੀਤੀ ਹੈ।ਬਾਬਾ ਸਰਬਜੋਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿਖ ਧਾਰਮਿਕ ਅਸਥਾਨਾਂ ਦੇ ਘੇਰਾਬੰਦੀ ਤੋਂ ਬਚਣਾ ਚਾਹੀਦਾ ਹੈ।

ਦੇਖਿਆ ਜਾਵੇ ਤਾਂ ਕੁਲ ਮਿਲਾਕੇ ਸਰਬਤ ਖਾਲਸਾ ਦੀ ਮਹਾਨਤਾ,ਦਾਰਸ਼ਨਿਕਤਾ, ਇਤਿਹਾਸ ਨੂੰ ਬੁਰੀ ਤਰਾਂ ਖੌਰਾ ਲਗ ਚੁਕਾ ਹੈ।ਸਾਧਾਰਨ ਸਿਖ ,ਮਿਸ਼ਨਰੀ ਸਿਖ ,ਸੰਤ ਸਮਾਜ ,ਵਡੇ ਸਿਖ ਬੁਧੀਜੀਵੀ ਸਰਬਤ ਖਾਲਸਾ ਵਿਚ ਕੋਈ ਦਿਲਚਸਪੀ ਨਹੀਂ ਲੈ ਰਹੇ।ਸਰਬਤ ਖਾਲਸਾ ਜਾਂ ਤਾਂ ਅਕਾਲ ਤਖਤ ਦਾ ਜਥੇਦਾਰ ਬੁਲਾ ਸਕਦਾ ਹੈ ਜਾਂ ਸਾਂਝੀ ਸਿਖ ਲੀਡਰਸ਼ਿਪ ਬੁਲਾ ਸਕਦੀ ਹੈ।ਇਹ ਦੋਨੋਂ ਪਖ ਹੁਣ ਖਾਲਸਾ ਪੰਥ ਵਿਚ ਗੈਰ ਹਾਜਰ ਹਨ।ਸਰਬੱਤ ਖਾਲਸਾ ਹਮੇਸ਼ਾ ਅਕਾਲ ਤਖਤ ਸਾਹਿਬ ਉਪਰ ਬੁਲਾਇਆ ਜਾਂਦਾ ਹੈ।ਪਰ ਭੀੜਾ ਪੈਣ ਉਪਰ ਪੰਥ ਕਿਤੇ ਵੀ ਬੁਲਾਉਣ ਦਾ ਫੈਸਲਾ ਕਰ ਸਕਦਾ ਹੈ।ਸਿਖ ਸੰਗਤ ਵਿਚ ਆਪਣੀ ਲੀਡਰਸ਼ਿਪ ਬਾਰੇ ਨਿਰਾਸ਼ਾ ਬਹੁਤ ਹੈ।ਸਭ  ਸਿਖ ਲੀਡਰ ਆਪਣੇ ਗਰੁਪ ਬਣਾਕੇ ਆਪ ਹੁਦਰੇ ਢੰਗ ਨਾਲ ਚਲ ਰਹੇ ਹਨ।ਇਕ ਦੂਜੇ ਉਪਰ ਸ਼ਬਦੀ ਮਿਜਾਈਲਾਂ ਛਡ ਰਹੇ ਹਨ ।ਇਕ ਸਿਖ ਬੁਧੀਜੀਵੀ ਨੇ ਸਿਖ ਲੀਡਰਸ਼ਿਪ ਉਪਰ ਖੂਬਸੂਰਤ ਟਿਪਣੀ ਕੀਤੀ ਹੈ ਕਿ ਇਹ ਮਿਸਲਾਂ ਵਰਗਾ ਪੀਰੀਅਡ ਨਹੀਂ ,ਇਹ  ਬਾਈ ਮੰਜੀਆਂ ਵਾਲਾ ਵਰਤਾਰਾ ਚਲ ਰਿਹਾ ਹੈ। ਗੁਰੂ ਲਾਧੋ ਰਹੇ ਵਾਲਾ ਭਾਈ ਮੱਖਣ ਸ਼ਾਹ ਲੁਬਾਣਾ ਗਾਇਬ ਹੈ।

ਕਾਫੀ ਸਮੇਂ ਤੋਂ ਸਿਖ  ਲੀਡਰਸ਼ਿਪ ਸਮਾਗਮਾਂ ,ਵਿਸ਼ਵ ਕਾਨਫਰੰਸਾਂ ਵਿਚ ਅਨੇਕਾ ਗੁਰਮਤੇ ਪਾਸ ਕਰਦੀ ਰਹੀ ਸ੍ਰੋਮਣੀ ਕਮੇਟੀ ਵੀ।ਪਰ ਅਮਲ ਕਿਸੇ ਉਪਰ ਨਹੀਂ ਹੋਇਆ।ਘਟੋ ਘਟ ਪੰਜਾਬ ਤੇ ਪੰਥ ਦੀਆਂ ਸਮਸਿਆਵਾਂ ਨੂੰ ਹਲ ਕਰਨ ਬਾਰੇ ਏਜੰਡਾ ਤਾਂ ਮਿਥੋ।ਟਕਰਾਅ ਦੀ ਰਾਜਨੀਤੀ ਛਡਕੇ ਪੰਥ ਤੇ ਪੰਜਾਬ ਦੀ ਭਲਾਈ ਬਾਰੇ ਸੋਚੋ। ਪੰਜਾਬ ਨਸ਼ਿਆਂ ਕਾਰਣ ,ਪ੍ਰਦੂਸ਼ਣ ਕਾਰਣ ਤਬਾਹ ਹੋ ਰਿਹਾ।ਆਰਥਿਕਤਾ ਨਾ ਹੋਣ ਕਾਰਣ ਪੰਜਾਬੀ ਆਪਣੀ ਧਰਤੀ ਛਡ ਰਹੇ ਹਨ।ਪੰਥ ਦਾ ਸਰਮਾਇਆ ਸ੍ਰੋਮਣੀ ਕਮੇਟੀ ਕੋਲ ਹੈ ਉਹ ਸਟੇਟ ਵਿਚ ਸਟੇਟ ਹੈ ਉਹ ਸਿਖਾਂ ਦੀ ਭਲਾਈ ਲਈ ਕਿਉ ਕੁਝ ਨਹੀਂ ਕਰ ਸਕਦੀ।ਕੀ ਬਾਦਲ ਪਰਿਵਾਰ ਇਸ ਵਿਚ ਰੁਕਾਵਟ ਹੈ?  ਕੀ ਹੁਣ ਸ੍ਰੋਮਣੀ ਕਮੇਟੀ ਵੀ ਅਸੀਂ ਸਿਖ ਵਿਰੋਧੀਆਂ ਨੂੰ ਪਰੋਸਕੇ ਦੇਣੀ ਹੈ। ਕੋਣ ਸੋਚੇਗਾ ਪੰਥ ਤੇ ਪੰਜਾਬ ਬਾਰੇ ? ਪੰਥਕ ਏਕਤਾ ਦੀ ਘਾਟ ਨੇ ਖਾਲਸਾ ਪੰਥ ਨੂੰ ਕਮਜੋਰ ਕਰ ਦਿਤਾ ਹੈ।ਹੁਣ ਸਿਖਾਂ ਵਿਚ ਮਿਲਵਰਤਣ ਭਾਵਨਾ ਗੁੰਮ ਹੈ।ਜੋ ਗੁਰੂ ਗਰੰਥ ਸਾਹਿਬ ਵਿਚ ਸਿਖ ਦਾ ਸਰੂਪ ਘੜਿਆ ਹੈ ਜੋ ਸਾਨੂੰ ਗੁਰੂ ਨੇ ਮਨੁੱਖਤਾ ਲਈ ਰੋਲ ਮਾਡਲ ਸਾਨੂੰ ਬਣਾਇਆ ਹੈ ,ਉਸਨੂੰ ਅਸੀਂ ਬੇਦਾਵਾ ਦੇ ਚੁਕੇ ਹਾਂ।