ਅਮਰੀਕਨ ਗੁਰਦੁਆਰਿਆਂ 'ਚ ਸਿੱਖ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਦਾ ਬਾਈਕਾਟ

ਅਮਰੀਕਨ ਗੁਰਦੁਆਰਿਆਂ 'ਚ ਸਿੱਖ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਦਾ ਬਾਈਕਾਟ

ਸਿਖ ਯੂਥ ਨੂੰ ਭੰਗ ਪਿਆਉਣ ,ਸੰਘ ਪਰਿਵਾਰ ਨਾਲ ਨੇੜਤਾ ਰਖਣ ਦੇ ਲਗੇ ਦੋਸ਼

ਨਿਹੰਗ ਬਲਬੀਰ ਸਿੰਘ ਬੁੱਢਾ ਦਲ (ਸੰਤਾ ਸਿੰਘ) ਉਪਰ ਵੀ ਲਗੀ ਪਾਬੰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਿਆਟਲ-ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏ. ਜੀ. ਪੀ. ਸੀ.), ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸ. ਸੀ. ਸੀ. ਈ. ਸੀ.), ਅਮਰੀਕੀ ਸਿੱਖ ਜਥੇਬੰਦੀਆਂ ਅਤੇ ਅਮਰੀਕੀ ਗੁਰਦੁਆਰਿਆਂ ਦੇ 147 ਤੋਂ ਵੱਧ ਨੁਮਾਇੰਦਿਆਂ ਦੀ ਇਕ ਸਾਂਝੀ ਟੈਲੀ-ਕਾਨਫ਼ਰੰਸ ਬੀਤੇ ਦਿਨ ਹੋਈ, ਜਿਸ ਵਿਚ ਮੌਜੂਦਾ ਚਿੰਤਾਜਨਕ ਸਥਿਤੀ ਬਾਰੇ ਲੰਮੀ ਵਿਚਾਰ-ਚਰਚਾ ਕੀਤੀ ਗਈ । ਇਸ ਟੈਲੀ-ਮੀਟਿੰਗ 'ਚ ਭਾਰਤੀ ਏਜੰਸੀਆਂ ਦੁਆਰਾ ਸਿੱਖ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਰਾਹੀਂ ਸਿੱਖ ਗੁਰਦੁਆਰਿਆਂ 'ਚ ਘੁਸਪੈਠ ਕੀਤੀ ਜਾ ਰਹੀ ਹੈ ਤਾਂ ਕਿ ਸਿੱਖਾਂ 'ਚ ਭੰਬਲਭੂਸਾ ਪੈਦਾ ਕੀਤਾ ਜਾ ਸਕੇ ।ਇਸ ਟੈਲੀ-ਮੀਟਿੰਗ ਵਿਚ ਭਾਈ ਨਿੱਝਰ ਦੇ ਕਤਲ ਅਤੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜ਼ਿਸ਼ ਘੜਨ ਲਈ ਭਾਰਤ ਸਰਕਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਅਮਰੀਕਾ ਅਤੇ ਕੈਨੇਡਾ ਸਰਕਾਰਾਂ ਦਾ ਧੰਨਵਾਦ ਵੀ ਕੀਤਾ ਗਿਆ |

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਮੀਟਿੰਗ ਵਿਚ ਕਈ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ, ਜਿਸ ਵਿਚ ਨਕਲੀ ਸਿੱਖ ਮਖੌਟਾ ਪਾ ਕੇ ਬਣੇ ਸਿੱਖ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਦੇ ਅਮਰੀਕਾ ਦੇ ਸਾਰੇ ਗੁਰਦੁਆਰਿਆਂ ਦੀਆਂ ਸਟੇਜਾਂ 'ਤੇ ਬੋਲਣ ਦੀ ਪਾਬੰਦੀ ਲਗਾਈ ਗਈ ਹੈ ।ਇਸ ਦੇ ਨਾਲ ਹੀ ਗਿਆਨੀ ਸ਼ੇਰ ਸਿੰਘ ਦੁਆਰਾ ਗੁੰਮਰਾਹ ਕੀਤੇ ਹੋਏ ਨੌਜਵਾਨ ਸਾਥੀਆਂ, ਨਿਹੰਗ ਬਲਬੀਰ ਸਿੰਘ ਬੁੱਢਾ ਦਲ (ਸੰਤਾ ਸਿੰਘ) ਨੂੰ ਵੀ ਅਮਰੀਕਾ ਦੇ ਗੁਰੂ ਘਰਾਂ ਵਿਚ ਬੋਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਹਿੰਮਤ ਸਿੰਘ ਨੇ ਕਿਹਾ ਕਿ ਗਿਆਨੀ ਸ਼ੇਰ ਸਿੰਘ ਨੇ ਪੰਥ ਵਿਰੋਧੀ ਕਾਰਵਾਈਆਂ ਤਹਿਤ ਆਰ.ਐਸ.ਐਸ. ਦੀ ਸ਼ਾਖਾ ਹਿੰਦੂ ਫੋਰਮ ਕੈਨੇਡਾ ਦੇ ਮੁਖੀ ਰਾਓ ਯੇਨਦਮੁਰੀ ਦੇ ਘਰ ਖਾਣੇ 'ਤੇ ਵਿਸ਼ੇਸ਼ ਮਹਿਮਾਨ ਬਣਨਾ, ਇਕ ਭਾਰਤੀ ਹਿੰਦੂ ਬਾਬੇ ਨੂੰ ਮੱਥਾ ਟੇਕਣਾ, ਗੁਰੂ ਸਾਹਿਬ ਦੀ ਬਖ਼ਸ਼ਿਸ਼ ਦਸਤਾਰ ਦਾ ਨਿਰਾਦਰ ਕਰਨਾ, ਸਿੱਖ ਨੌਜਵਾਨਾਂ ਨੂੰ ਕੁਰਾਹੇ ਪਾਉਣਾ, ਨਾਬਾਲਗ ਸਿੱਖ ਬੱਚਿਆਂ ਨੂੰ ਗ਼ੈਰ-ਕਾਨੂੰਨੀ ਨਸ਼ੇ (ਭੰਗ) ਸੁੱਖਾ ਆਦਿ 'ਤੇ ਲਗਾਉਣਾ ਅਤੇ ਸਿੱਖ ਸਿਧਾਂਤਾਂ ਨਾਲ ਕੋਝੀ ਖਿਲਵਾੜ ਕਰਨਾ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਭਾਰਤੀ ਡਿਪਲੋਮੈਂਟਾਂ ਅਤੇ ਭਾਰਤੀ ਸਿਆਸਤਦਾਨਾਂ ਦੇ ਗੁਰਦੁਆਰਿਆਂ ਵਿਚ ਬੋਲਣ 'ਤੇ ਲਾਈ ਪਾਬੰਦੀ ਨਿਰੰਤਰ ਜਾਰੀ ਰਹੇਗੀ | ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਡਾ. ਪਿ੍ਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਜਿੰਦਰ ਸਿੰਘ ਸਪੋਕਸਮੈਨ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਸਿੱਖ ਵਿਦਵਾਨ ਸਤਪਾਲ ਸਿੰਘ ਪੁਰੇਵਾਲ ਸਮੇਤ ਕਈ ਹੋਰ ਸਿੱਖ ਵਿਦਵਾਨ ਵੀ ਸ਼ਾਮਿਲ ਹੋਏ |