ਭਾਈ ਲਖਬੀਰ ਸਿੰਘ ਰੋਡੇ ਨੂੰ ਦਿੱਤਾ ਗਿਆ ਹੋਣਾ ਪੋਲੋਨੀਅਮ ਨਾਮ ਦੀ ਜਹਿਰ, ਪਾਕਿਸਤਾਨ ਸਰਕਾਰ ਉਨ੍ਹਾਂ ਦੀ ਮੌਤ ਦੀ ਕਰਵਾਏ ਨਿਰਪੱਖਤਾ ਨਾਲ ਜਾਂਚ: ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 6 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-“ਭਾਈ ਲਖਬੀਰ ਸਿੰਘ ਰੋਡੇ ਜਿਨ੍ਹਾਂ ਦਾ ਬੀਤੇ ਸਮੇ ਦੇ ਸਿੱਖ ਕੌਮ ਦੇ ਆਜਾਦੀ ਦੇ ਸੰਘਰਸ਼ ਵਿਚ ਡੂੰਘਾਂ ਯੋਗਦਾਨ ਰਿਹਾ ਹੈ ਅਤੇ ਜੋ ਲੰਮੇ ਸਮੇ ਤੋਂ ਪਾਕਿਸਤਾਨ ਵਿਚ ਸਨ, ਉਨ੍ਹਾਂ ਦੀ ਬੀਤੇ ਦਿਨੀਂ ਅਤਿ ਅਤੇ ਕੁਝ ਸਮਾਂ ਪਹਿਲੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕਰਨ ਦੀ ਘਟਨਾ ਦੀ ਨਿਰਪੱਖਤਾ ਨਾਲ ਪਾਕਿਸਤਾਨ ਹਕੂਮਤ ਵੱਲੋ ਜਾਂਚ ਕਰਵਾਉਣ ਦੀ ਜਿੰਮੇਵਾਰੀ ਬਣਦੀ ਹੈ । ਸਾਨੂੰ ਤਾਂ ਇਹ ਵੀ ਖਦਸਾ ਹੈ ਕਿ ਜਿਵੇ ਭਾਈ ਅਵਤਾਰ ਸਿੰਘ ਖੰਡਾ ਨੂੰ ਬਰਤਾਨੀਆ ਵਿਚ ਪੋਲੋਨੀਅਮ ਨਾਮ ਦੀ ਜਹਿਰ ਦੇ ਕੇ ਇੰਡੀਅਨ ਹੁਕਮਰਾਨਾਂ ਅਤੇ ਏਜੰਸੀਆ ਨੇ ਮੌਤ ਦੇ ਮੂੰਹ ਵਿਚ ਧਕੇਲਿਆ ਹੈ, ਉਸੇ ਤਰ੍ਹਾਂ ਇਨ੍ਹਾਂ ਏਜੰਸੀਆ ਨੇ ਭਾਈ ਲਖਬੀਰ ਸਿੰਘ ਰੋਡੇ ਨਾਲ ਵੀ ਅਜਿਹਾ ਨਾ ਕੀਤਾ ਹੋਵੇ ? ਇਸ ਲਈ ਇਹ ਦੋਵੇ ਜਾਚਾਂ ਹਰ ਕੀਮਤ ਤੇ ਨਿਰਪੱਖਤਾ ਨਾਲ ਹੋਣੀਆ ਚਾਹੀਦੀਆ ਹਨ ਤਾਂ ਕਿ ਸਿੱਖਾਂ ਨਾਲ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜ਼ਬਰ ਅਤੇ ਕਤਲਾਂ ਦਾ ਅਸਲ ਸੱਚ ਦੁਨੀਆ ਸਾਹਮਣੇ ਉਜਾਗਰ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲੇ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਹੁਣੇ ਹੀ ਭਾਈ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ਵਿਚ ਹੋਈਆ ਮੌਤਾਂ ਉਤੇ ਡੂੰਘਾਂ ਦੁੱਖ ਅਤੇ ਅਫਸੋਸ ਜਾਹਰ ਕਰਦੇ ਹੋਏ, ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉਨ੍ਹਾਂ ਦੇ ਸਮੁੱਚੇ ਰੋਡੇ ਪਰਿਵਾਰ ਤੇ ਸੰਬੰਧੀਆਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਇਨ੍ਹਾਂ ਦੀ ਮੌਤ ਦੀ ਹਰ ਪੱਖ ਤੋ ਛਾਣਬੀਨ ਕਰਨ ਉਤੇ ਜੋਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਹੁਣ ਸਾਨੂੰ ਹੀ ਨਹੀ ਬਲਕਿ ਅਮਰੀਕਾ ਤੇ ਕੈਨੇਡਾ ਵਰਗੇ ਵੱਡੇ ਜਮਹੂਰੀਅਤ ਪਸ਼ੰਦ ਮੁਲਕ, ਫਾਈਵ ਆਈ ਮੁਲਕ ਅਤੇ ਹੋਰ ਪੱਛਮੀ ਮੁਲਕਾਂ ਨੂੰ ਇਹ ਯਕੀਨ ਹੋ ਗਿਆ ਹੈ ਕਿ ਇੰਡੀਆ ਦੀ ਬੀਜੇਪੀ-ਆਰ.ਐਸ.ਐਸ ਸੈਂਟਰ ਦੀ ਫਿਰਕੂ ਹਕੂਮਤ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆ ਵਿਚ ਸਿੱਖ ਕੌਮ ਦੀ ਆਜਾਦੀ ਲਈ ਜਮਹੂਰੀਅਤ ਅਤੇ ਅਮਨਮਈ ਸੰਘਰਸ਼ ਕਰਨ ਵਾਲੇ ਸਿਰਕੱਢ ਸਿੱਖਾਂ ਨੂੰ ਉਚੇਚੇ ਤੌਰ ਤੇ ਨਿਸ਼ਾਨਾਂ ਬਣਾਕੇ ਮਰਵਾ ਰਹੀ ਹੈ ਅਤੇ ਮਰਵਾਉਣ ਦੀਆਂ ਸਾਜਿਸਾਂ ਰਚੀਆ ਜਾ ਰਹੀਆ ਹਨ । ਤਾਂ ਅਜਿਹੀ ਤਫਤੀਸ ਕੌਮਾਂਤਰੀ ਪੱਧਰ ਤੇ ਆਧੁਨਿਕ ਢੰਗਾਂ ਰਾਹੀ ਹੋਣੀ ਆਪਣੇ ਆਪ ਵਿਚ ਮੰਗ ਕਰਦੀ ਹੈ । ਸ. ਮਾਨ ਨੇ ਇਸ ਗੱਲ ਉਤੇ ਸੰਤੁਸਟੀ ਜਾਹਰ ਕਰਦੇ ਹੋਏ ਕਿਹਾ ਕਿ ਜੋ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ਨੇ ਸਿੱਖ ਕੌਮ ਉਤੇ ਹੋ ਰਹੇ ਇੰਡੀਅਨ ਏਜੰਸੀਆ ਦੇ ਅਣਮਨੁੱਖੀ, ਗੈਰ ਕਾਨੂੰਨੀ ਜ਼ਬਰ ਜੁਲਮ ਨੂੰ ਸਮਝਕੇ ਹੀ ਇਸ ਵਿਸੇ ਉਤੇ ਕੌਮਾਂਤਰੀ ਪੱਧਰ ਤੇ ਆਵਾਜ ਉਠਾਈ ਹੈ ਅਤੇ ਇਹ ਜੋ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਹੋ ਰਹੇ ਕਤਲਾਂ ਸੰਬੰਧੀ ਛਾਣਬੀਨ ਚੱਲ ਰਹੀ ਹੈ, ਇਸ ਨਾਲ ਕੇਵਲ ਹਰਦੀਪ ਸਿੰਘ ਨਿੱਝਰ ਦੇ ਕਤਲ ਜਾਂ ਗੁਰਪਤਵੰਤ ਸਿੰਘ ਪੰਨੂ ਉਤੇ ਰਚੀ ਸਾਜਿਸ ਦਾ ਸੱਚ ਹੀ ਸਾਹਮਣੇ ਨਹੀ ਆਏਗਾ ਬਲਕਿ ਜੋ ਸ. ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਭਾਈ ਅਵਤਾਰ ਸਿੰਘ ਖੰਡਾ, ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਪਰਮਜੀਤ ਸਿੰਘ ਪੰਜਵੜ ਸਿੱਖਾਂ ਦੇ ਹੋਏ ਸਾਜਸੀ ਕਤਲਾਂ ਦਾ ਸੱਚ ਵੀ ਦੁਨੀਆ ਸਾਹਮਣੇ ਅਵੱਸ ਆਏਗਾ ਅਤੇ ਦੁਨੀਆ ਦੀ ਕੋਈ ਵੀ ਤਾਕਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆ ਸੰਸਥਾਵਾਂ ਸਿੱਖ ਕੌਮ ਆਪਣੀ ਕੌਮੀ ਆਜਾਦੀ ਦੇ ਵਿੱਢੇ ਸੰਘਰਸ਼ ਦੀ ਮੰਜਿਲ ਨੂੰ ਪ੍ਰਾਪਤ ਕਰਨ ਤੋ ਨਹੀ ਰੋਕ ਸਕਣਗੇ । ਕਿਉਂਕਿ ਸ਼ਹਾਦਤਾਂ ਅਤੇ ਕੁਰਬਾਨੀਆਂ ਦੀ ਲੜੀ ਤਾਂ ਸਿੱਖ ਕੌਮ ਨੂੰ ਆਪਣੇ ਗੁਰੂ ਸਾਹਿਬਾਨ ਤੋ ਵਿਰਸੇ ਵਿਚ ਪ੍ਰਾਪਤ ਹੋਈ ਹੈ । ਇਸ ਸੱਚ ਦੀ ਦੁਨੀਆ ਵਿਚ ਜਿੱਤ ਹੋ ਕੇ ਰਹੇਗੀ ਅਤੇ ਕਾਤਲ ਇੰਡੀਅਨ ਹੁਕਮਰਾਨਾਂ ਤੇ ਏਜੰਸੀਆ ਦੇ ਚੇਹਰੇ ਨੰਗੇ ਹੋਣਗੇ ।
Comments (0)