ਮੋਦੀ ਸਰਕਾਰ ਪੰਜਾਬ ਦੇ ਵਿਕਾਸ ਕਾਰਜਾਂ ਵਿਚ ਅੜਿਕਾ ਬਣੀ *ਪੰਜਾਬ ਨੂੰ ਦਿੱਤੇ ਜਾਣ ਵਾਲੇ 12000 ਕਰੋੜ ਦੇ ਫੰਡਾਂ 'ਤੇ ਬ੍ਰੇਕ ਲਗਾਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਨੇ ਪੰਜਾਬ ਨੂੰ ਦਿੱਤੇ ਜਾਣ ਵਾਲੇ 12000 ਕਰੋੜ ਦੇ ਫੰਡਾਂ 'ਤੇ ਬ੍ਰੇਕ ਲਾ ਦਿੱਤੀ ਹੈ। ਇਹ ਫੰਡ ਕਈ ਤਕਨੀਕੀ ਖਾਮੀਆਂ ਦਾ ਹਵਾਲਾ ਦੇ ਕੇ ਲਾਈ ਗਈ ਹੈ। ਬੇਸ਼ੱਕ ਕੇਂਦਰ ਦਾ ਕੁਝ ਵੀ ਤਰਕ ਹੋਏ, ਇਸ ਨਾਲ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਵੀ ਬ੍ਰੇਕ ਲੱਗੀ ਹੈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਚਲੰਤ ਮਾਲੀ ਵਰ੍ਹੇ 2023-24 ਦੌਰਾਨ ਪੰਜਾਬ ਦੇ ਕਰੀਬ 12,300 ਕਰੋੜ ਰੁਪਏ ਦੇ ਫ਼ੰਡ ਰੋਕ ਲਏ ਹਨ। ਪੰਜਾਬ ਸਰਕਾਰ ਦੇ ਸੂਤਰਾਂ ਦਾ ਮੰਨਆ ਹੈ ਕਿ ਇਸ ਕਾਰਨ ਪੰਜਾਬ ’ਚ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਪੇਂਡੂ ਲਿੰਕ ਸੜਕਾਂ ਦੀ ਉਸਾਰੀ ਤੇ ਮੁਰੰਮਤ ਵਿੱਚ ਵੱਡੀ ਖੜੋਤ ਆ ਗਈ ਹੈ।
ਪੰਜਾਬ ਸਰਕਾਰ ਦੇ ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ 5500 ਕਰੋੜ ਦੇ ਪੇਂਡੂ ਵਿਕਾਸ ਫ਼ੰਡ ਰੋਕੇ ਹਨ। ਇਸ ਤੋਂ ਇਲਾਵਾ ਕੌਮੀ ਸਿਹਤ ਮਿਸ਼ਨ ਦੇ 800 ਕਰੋੜ ਤੇ ਵਿਸ਼ੇਸ਼ ਸਹਾਇਤਾ ਗਰਾਂਟ ਵਿੱਚ 1807 ਕਰੋੜ ਦੀ ਕਟੌਤੀ ਕੀਤੀ ਗਈ ਹੈ। ਪੰਜਾਬ ਦੀ ਕਰਜ਼ਾ ਸੀਮਾ ’ਤੇ 1800 ਕਰੋੜ ਦਾ ਕੱਟ ਲਾਇਆ ਹੈ। ਪਾਵਰਕੌਮ ਦੇ ਘਾਟੇ ’ਚੋਂ 2400 ਕਰੋੜ ਦਾ ਭਾਰ ਸੂਬਾ ਸਰਕਾਰ ਚੁੱਕੇਗੀ।
ਦਰਅਸਲ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਬਜਟ ਪ੍ਰਸਤਾਵਾਂ ਨੂੰ ਅੰਤਿਮ ਛੋਹਾਂ ਦੇਣ ਸਮੇਂ ਕੇਂਦਰੀ ਫ਼ੰਡਾਂ ਨੂੰ ਰੋਕੇ ਜਾਣ ਦਾ ਇਹ ਅੰਕੜਾ ਸਾਹਮਣੇ ਆਇਆ ਹੈ। ਪੰਜਾਬ ਦਾ ਬਜਟ 5 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ। ਉਧਰ, ਲੋਕ ਸਭਾ ਚੋਣਾਂ ਕਰਕੇ ਚੋਣ ਜ਼ਾਬਤਾ ਲੱਗਣ ਵਾਲਾ ਹੈ ਜਿਸ ਕਰਕੇ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਰੋਕੇ ਫ਼ੰਡ ਰਿਲੀਜ਼ ਹੋਣ ਦੀ ਉਮੀਦ ਨਹੀਂ।
ਸਰਕਾਰੀ ਸੂਤਰਾਂ ਮੁਤਾਬਕ ਪੇਂਡੂ ਵਿਕਾਸ ਫ਼ੰਡਾਂ ਦਾ ਕੇਂਦਰ ਵੱਲ ਕਰੀਬ 5500 ਕਰੋੜ ਦਾ ਬਕਾਇਆ ਖੜ੍ਹਾ ਹੈ। ਇਨ੍ਹਾਂ ਫ਼ੰਡਾਂ ਦੇ ਰੁਕਣ ਨਾਲ ਖਸਤਾ ਹਾਲ ਲਿੰਕ ਸੜਕਾਂ ਦੀ ਮੁਰੰਮਤ ਰੁਕੀ ਹੋਈ ਹੈ। ਕੇਂਦਰ ਨੇ ਕੌਮੀ ਸਿਹਤ ਮਿਸ਼ਨ ਦੇ ਫ਼ੰਡਾਂ ਵਿੱਚ 800 ਕਰੋੜ ਰੁਪਏ ਦੀ ਕਟੌਤੀ ਕੀਤੀ ਹੈ ਤੇ 1807 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਗਰਾਂਟ ਵੀ ਰੋਕ ਲਈ ਹੈ। ਥੋੜ੍ਹਾ ਸਮਾਂ ਪਹਿਲਾਂ ਹੀ ਕੇਂਦਰ ਵੱਲੋਂ ਪੰਜਾਬ ਦੀ ਕਰਜ਼ਾ ਹੱਦ ਵਿੱਚ ਵੀ 1800 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ।
ਇਵੇਂ ਹੀ ਕੇਂਦਰ ਨੇ ਉਦੈ ਸਕੀਮ ਨੂੰ ਲਾਗੂ ਕਰਨ ਮਗਰੋਂ ਪਾਵਰਕੌਮ ਨੂੰ ਪਏ 4700 ਕਰੋੜ ਦੇ ਘਾਟੇ ’ਚੋਂ 2400 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਝੱਲਣ ਲਈ ਕਿਹਾ ਹੈ। ਇਹ ਰਾਸ਼ੀ ਸੂਬੇ ਦੀ ਕਰਜ਼ਾ ਹੱਦ ਵਿਰੁੱਧ ਐਡਜਸਟ ਕੀਤੀ ਜਾਣੀ ਹੈ। ਕੇਂਦਰ ਸਰਕਾਰ ਨੇ ਕੈਸ਼ ਕ੍ਰੈਡਿਟ ਲਿਮਟ ਦੇ 31000 ਕਰੋੜ ਰੁਪਏ ਦੇ ਫ਼ਰਕ ਦੀ ਰਕਮ ’ਤੇ 6100 ਕਰੋੜ ਰੁਪਏ ਦੀ ਰਾਹਤ ਵੀ ਨਹੀਂ ਦਿੱਤੀ।
Comments (0)