ਵਿਨੇਸ਼ ਦੇ ਬਾਅਦ ਬਜਰੰਗ   ਪਹਿਲਵਾਨ ਨੇ, ਜਿੱਤਿਆ ਸੋਨੇ ਦਾ ਤਮਗਾ

ਵਿਨੇਸ਼ ਦੇ ਬਾਅਦ ਬਜਰੰਗ   ਪਹਿਲਵਾਨ ਨੇ, ਜਿੱਤਿਆ ਸੋਨੇ ਦਾ ਤਮਗਾ

 ਟੋਕੀਓ ਓਲੰਪਿਕ ਵਿਚ ਭਾਰਤ ਦੀ ਸਭ ਤੋਂ ਵੱਡੀ ਤਮਗੇ ਦੀ ਉਮੀਦ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਰੋਮ  : ਟੋਕੀਓ ਓਲੰਪਿਕ ਵਿਚ ਭਾਰਤ ਦੀ ਸਭ ਤੋਂ ਵੱਡੀ ਤਮਗੇ ਦੀ ਉਮੀਦ ਬਜਰੰਗ ਪੂਨੀਆ ਨੇ ਇਟਲੀ ਵਿਚ ਮਾਟਿਓ ਪੇਲੀਕੋਨ ਰੈਂਕਿੰਗ ਕੁਸ਼ਤੀ ਸੀਰੀਜ਼ ਵਿਚ 65 ਕਿਲੋਗ੍ਰਾਮ ਵਰਗ ਵਿਚ ਮੰਗੋਲੀਆ ਦੇ ਤੁਲਗਾ ਤੁਮੂਰ ਓਚਿਰ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਅਤੇ ਇਸ ਦੇ ਨਾਲ ਹੀ ਉਹ ਆਪਣੇ ਭਾਰ ਵਰਗ ਵਿਚ ਫਿਰ ਤੋਂ ਦੁਨੀਆ ਦੇ ਨੰਬਵ ਇਕ ਪਹਿਲਵਾਨ ਬਣ ਗਏ। ਬਜਰੰਗ ਆਖ਼ਰੀ ਪਲਾਂ ਤੱਕ ਪਿਛੜ ਰਹੇ ਸਨ ਪਰ ਉਨ੍ਹਾਂ ਨੇ ਆਖ਼ਰੀ 30 ਸਕਿੰਟਾਂ ਵਿਚ 2 ਅੰਕ ਬਣਾ ਕੇ ਸੋਨੇ ਦਾ ਤਮਗਾ ਜਿੱਤ ਲਿਆ ਅਤੇ ਆਪਣੇ ਖ਼ਿਤਾਬ ਦਾ ਸਫ਼ਲਤਾਪੂਰਵਕ ਬਚਾਅ ਕੀਤਾ, ਜਿਸ ਨਾਲ ਉਨ੍ਹਾਂ ਨੇ ਆਪਣੇ ਭਾਰ ਵਰਗ ਵਿਚ ਫਿਰ ਤੋਂ ਨੰਬਰ ਇਕ ਰੈਂਕਿੰਗ ਹਾਸਲ ਕਰ ਲਈ। ਬਜਰੰਗ ਇਸ ਮੁਕਾਬਲੇ ਤੋਂ ਪਹਿਲਾਂ ਦੂਜੇ ਸਥਾਨ ’ਤੇ ਸਨ।

ਮੁਕਾਬਲੇ ਵਿਚ ਸਕੋਲ 2-2 ਨਾਲ ਬਰਾਬਰ ਰਿਹਾ ਪਰ ਆਖ਼ਰੀ 2 ਅੰਕ ਲੈਣ ਕਾਰਨ ਬਜਰੰਗ ਜੇਤੂ ਬਣ ਗਏ। ਬਜਰੰਗ ਇਸ ਮੁਕਾਬਲੇ ਵਿਚ 14 ਅੰਕ ਹਾਸਲ ਕਰਨ ਨਾਲ ਸਿਖ਼ਰ ’ਤੇ ਪਹੁੰਚ ਗਏ। ਤਾਜ਼ਾ ਰੈਂਕਿੰਗ ਸਿਰਫ਼ ਇਸ ਟੂਰਨਾਮੈਂਟ ਦੇ ਨਤੀਜੇ ’ਤੇ ਆਧਾਰਿਤ ਹੈ ਅਤੇ ਇਸ ਲਈ ਸੋਨੇ ਦਾ ਤਮਗਾ ਜਿੱਤਣ ਵਾਲਾ ਪਹਿਲਵਾਨ ਨੰਬਰ ਇਕ ਰੈਂਕਿੰਗ ਹਾਸਲ ਕਰ ਰਿਹਾ ਹੈ। ਇਸ ਤੋਂ ਪਹਿਲਾਂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀ ਸੋਨੇ ਦਾ ਤਮਗਾ ਜਿੱਤਿਆ ਸੀ ਅਤੇ ਉਹ ਵੀ ਆਪਣੇ ਭਾਰ ਵਰਗ ਵਿਚ ਨੰਬਰ ਵਿਚ ਪਹਿਲਵਾਨ ਬਣੀ ਸੀ। ਵਿਸ਼ਾਲ ਕਾਲੀਰਮਣ ਨੇ ਗੈਰ ਓਲੰਪਿਕ ਵਰਗ 70 ਕਿਲੋਗ੍ਰਾਮ ਵਿਚ ਕਜਾਖ਼ਿਸਤਾਨ ਦੇ ਸੀਰਬਾਜ ਤਾਲਗਤ ਨੂੰ 5-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ, ਜਦੋਂਕਿ ਨਰਸਿੰਘ ਪੰਚਮ ਯਾਦਵ 74 ਕਿਲੋਗ੍ਰਾਮ ਵਰਗ ਵਿਚ ਕਾਂਸੀ ਤਮਗੇ ਦੇ ਮੁਕਾਬਲੇ ਵਿਚ ਕਜਾਖ਼ਿਸਤਾਨ ਦੇ ਦਾਨਿਆਰ ਕੈਸਾਨੋਵ ਤੋਂ ਹਾਰ ਗਏ। ਨਰਸਿੰਘ ਡੋਪਿੰਗ ਕਾਰਨ ਲੱਗੀ 4 ਸਾਲ ਦੀ ਪਾਬੰਦੀ ਦੇ ਬਾਅਦ ਵਾਪਸੀ ਕਰ ਰਹੇ ਹਨ। ਭਾਰਤ ਨੇ ਸਾਲ ਦੀ ਇਸ ਪਹਿਲੀ ਰੈਂਕਿੰਗ ਸੀਰੀਜ਼ ਵਿਚ ਕੁੱਲ 7 ਤਮਗੇ ਜਿੱਤੇ। ਮਹਿਲਾ ਵਰਗ ਵਿਚ ਵਿਨੇਸ਼ ਫੋਗਾਟ ਨੇ ਸੋਨੇ ਦਾ ਤਮਗਾ ਅਤੇ ਸਰਿਤਾ ਮੋਰ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਗ੍ਰੀਕੋ ਰੋਮਨ ਪਹਿਲਵਾਨ ਨੀਰਜ (63 ਕਿਲੋਗ੍ਰਾਮ), ਕੁਲਦੀਪ ਮਲਿਕ (72 ਕਿਲੋਗ੍ਰਾਮ) ਅਤੇ ਨਵੀਨ (130 ਕਿਲੋਗ੍ਰਾਮ) ਨਾਲ ਕਾਂਸੀ ਤਮਗਾ ਜਿੱਤੇ।

Attachments area