ਰਿਸ਼ਤਿਆਂ ਵਿਚ ਸਨੇਹਸ਼ੀਲਤਾ ਬਣਾ ਕੇ ਰੱਖੋ

ਰਿਸ਼ਤਿਆਂ ਵਿਚ ਸਨੇਹਸ਼ੀਲਤਾ ਬਣਾ ਕੇ ਰੱਖੋ

ਸਾਡਾ ਸਮਾਜ

ਸਨੇਹਿੰਦਰ ਸਿੰਘ ਮੀਲੂ

ਮਨੁੱਖ ਜਨਮ ਲੈਣ ਉਪਰੰਤ ਖ਼ੂਨ ਦੇ ਰਿਸ਼ਤਿਆਂ ਨਾਲ ਨਿਭਦਾ-ਨਿਭਦਾ ਹੋਰ ਅਨੇਕਾਂ ਰਿਸ਼ਤਿਆਂ ਨਾਲ ਜੁੜਦਾ-ਟੁੱਟਦਾ ਜੀਵਨ ਸਫ਼ਰ ਵਿਚ ਵਿਚਰਦਾ ਰਹਿੰਦਾ ਹੈ। ਕਈ ਰਿਸ਼ਤੇ ਰੋਂਦਿਆਂ ਨੂੰ ਹਸਾਉਂਦੇ ਹਨ, ਕਈ ਰਿਸ਼ਤੇ ਮੱਲ੍ਹਮ ਬਣਦੇ ਹਨ ਅਤੇ ਕਈ ਲੂਣ ਦਾ ਕੰਮ ਕਰਦੇ ਹਨ। ਕੰਮ-ਧੰਦੇ ਵਾਲੀ ਥਾਂ 'ਤੇ ਕਈ ਵਾਰ ਅਣਮੰਨੇ ਮਨ ਨਾਲ ਵੀ ਰੋਜ਼ੀ-ਰੋਟੀ ਲਈ ਕਈ ਰਿਸ਼ਤਿਆਂ ਨੂੰ ਨਿਭਣਾ ਪੈਂਦਾ ਹੈ ਤੇ ਬਹੁਤ ਕੁਝ ਝੱਲਣਾ ਪੈਂਦਾ ਹੈ। ਕਈ ਵਾਰ ਅਸੀਂ ਸਾਊਪੁਣੇ ਵਿਚ ਹੀ ਮਨੁੱਖੀ ਰਿਸ਼ਤਿਆਂ ਦਾ ਬੋਝ ਢੋਂਦੇ-ਢੋੋਂਦੇ ਅੱਕ-ਥੱਕ ਜਾਂਦੇ ਹਾਂ। ਭਾਵੇਂ ਸਾਡੇ ਸਮਾਜਿਕ ਜੀਵਨ ਵਿਚ ਰਹਿਣੀ-ਬਹਿਣੀ ਸਮੇਂ ਰਿਸ਼ਤਿਆਂ ਦੀ ਸਾਂਝ ਸੁੰਦਰਤਾ ਬਿਖੇਰਦੀ ਹੈ, ਪ੍ਰੰਤੂ ਬਿਨਾਂ ਭਾਵੁਕ ਸਾਂਝ ਦੇ ਨਿਭਦੇ ਰਿਸ਼ਤੇ ਤਾਂ ਬਸ ਸੜਕੀ ਆਵਾਜਾਈ ਵਾਂਗ ਹੀ ਚਲਦੇ ਰਹਿੰਦੇ ਹਨ ਅਤੇ ਬਿਨਾਂ ਭਾਵੁਕਤਾ ਦੇ ਇਕ ਤਰ੍ਹਾਂ ਦਾ ਬੋਝ ਸਹਿੰਦੇ ਰਹਿੰਦੇ ਹਾਂ। ਕਈ ਰਿਸ਼ਤੇ ਭੇਤ ਲੈਣ ਦੇ ਆਦੀ ਹੁੰਦੇ ਹਨ, ਜੋ ਇਕ-ਦੂਜੇ 'ਤੇ ਬੇਲੋੜੇ ਸਵਾਲ ਕਰਕੇ ਬੋਝ ਪਾਉਂਦੇ ਹਨ। ਅਕਸਰ ਵਿਅਕਤੀ ਰਿਸ਼ਤਿਆਂ ਦਾ ਬੋਝ ਚੁੱਕਦਾ ਹੋਇਆ ਜਾਂ ਉਨ੍ਹਾਂ ਨੂੰ ਅਣਮੰਨੇ ਮਨ ਨਾਲ ਨਿਭਾਉਂਦਾ ਹੋਇਆ ਆਪਣੇ ਬਾਰੇ ਤਾਂ ਅਖ਼ੀਰ ਵਿਚ ਹੀ ਸੋਚਦਾ ਹੈ, ਪ੍ਰੰਤੂ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਕਈ ਰਿਸ਼ਤੇ ਅਸੀਂ ਧੱਕੇ ਨਾਲ ਆਪਣੇ ਨਾਲ ਜੋੜਦੇ ਹਾਂ, ਸੋ ਇਸ ਪਦਾਰਥਵਾਦੀ ਯੁੱਗ ਵਿਚ ਵਿਚਰਦੇ ਹੋਏ ਸਾਨੂੰ ਰਿਸ਼ਤਿਆਂ ਦੀ ਅਹਿਮੀਅਤ, ਭਾਵੁਕਤਾ ਤੇ ਮਾਨਸਿਕਤਾ ਨੂੰ ਸਮਝਣ ਦੀ ਅਹਿਮ ਲੋੜ ਹੈ। ਸਰੀਰਕ ਦੂਰੀ ਰੱਖਦੇ ਹੋਏ ਵੀ ਦਿਲਾਂ ਵਿਚ ਸਾਂਝ ਹੋਣੀ ਚਾਹੀਦੀ ਹੈ, ਪਰ ਤ੍ਰਾਸਦੀ ਇਹ ਹੈ ਕਿ ਅੱਜ ਕੱਲ੍ਹ ਲੋਕ ਰਿਸ਼ਤਿਆਂ ਨੂੰ ਬੋਝ ਸਮਝ ਕੇ ਨਿਭਾਅ ਰਹੇ ਹਨ। ਇਹੀ ਵਜ੍ਹਾ ਹੈ ਕਿ ਰਿਸ਼ਤੇ ਰਸਹੀਣ ਹੋ ਗਏ ਹਨ ਅਤੇ ਰਿਸ਼ਤਿਆਂ ਦੀ ਟੁੱਟ ਭੱਜ ਵੀ ਇਸੇ ਦਾ ਨਤੀਜਾ ਹੈ। ਸਵਾਰਥ, ਹੰਕਾਰ ਤੇ ਲਾਲਚ ਕਾਰਨ ਰਿਸ਼ਤਿਆਂ ਵਿਚ ਉਹ ਨਿੱਘ ਨਹੀਂ ਰਿਹਾ, ਜੋ ਗੁਜ਼ਰੇ ਜ਼ਮਾਨੇ ਵਿਚ ਹੁੰਦਾ ਸੀ। ਮਨੁੱਖ ਜਿੰਨਾ ਸਵੈ-ਕੇਂਦਰਿਤ ਹੋ ਰਿਹਾ ਹੈ, ਓਨਾ ਹੀ ਉਸ ਦਾ ਖ਼ੂਨ ਸਫ਼ੈਦ ਹੋ ਰਿਹਾ ਹੈ। ਕਈ ਰਿਸ਼ਤਿਆਂ ਨਾਲ ਨਾ ਤਾਂ ਸਾਡੀ ਵਿਚਾਰਕ ਸਾਂਝ ਹੁੰਦੀ ਹੈ ਤੇ ਨਾ ਹੀ ਦੁੱਖ-ਸੁੱਖ ਦੀ ਸਾਂਝ, ਪ੍ਰੰਤੂ ਉਨ੍ਹਾਂ ਕਾਰਨ ਕਈ ਵਾਰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ 'ਤੇ ਸਾਨੂੰ ਬੜਾ ਕਸ਼ਟ ਝੱਲਣਾ ਪੈਂਦਾ ਹੈ, ਅਜਿਹੇ ਰਿਸ਼ਤਿਆਂ ਤੋਂ ਕਿਨਾਰਾ ਕਰਨ ਵਿਚ ਹੀ ਭਲਾਈ ਹੁੰਦੀ ਹੈ। ਕਈ ਵਾਰ ਇਸ ਸੰਸਾਰਿਕ ਸਫ਼ਰ ਵਿਚ ਅਜਿਹੇ ਦਿਲ ਦੇ ਸਾਕ ਵੀ ਜੁੜਦੇ ਹਨ ਜੋ ਸਾਡੀ ਜੀਵਨ ਯਾਤਰਾ ਨੂੰ ਰੰਗੀਨ ਬਣਾ ਦਿੰਦੇ ਹਨ, ਅਜਿਹੇ ਰਿਸ਼ਤੇ ਸਾਡੇ ਦਿਲ 'ਤੇ ਪਏ ਬੋਝ ਨੂੰ ਹਲਕਾ ਕਰਦੇ ਹਨ, ਜਿਨ੍ਹਾਂ ਨਾਲ ਫੁੱਲਾਂ ਦੀ ਖ਼ੁਸ਼ਬੂ ਵਰਗਾ ਅਤੁੱਟ ਰਿਸ਼ਤਾ ਹੁੰਦਾ ਹੈ। ਮੁੜ ਮਿਲਣ ਦਾ ਇਕਰਾਰ ਕਰਨ ਵਾਲੇ ਰਿਸ਼ਤੇ ਸੱਚੇ ਤੇ ਸੁੱਚੇ ਹੁੰਦੇ ਹਨ। ਜਿਹੜੇ ਰਿਸ਼ਤੇ ਹਰਖਾਂ, ਪਰਖਾਂ ਤੇ ਸ਼ਰਤਾਂ ਰੱਖਣ ਲੱਗ ਜਾਣ, ਉਹ ਰਿਸ਼ਤੇ ਭਰੋਸਿਆਂ ਤੋਂ ਕੋਹਾਂ ਦੂਰ ਹੁੰਦੇ ਹਨ। ਤਪਦੇ ਸੀਨਿਆਂ ਨੂੰ ਠਾਰਨ ਵਾਲੇ ਰਿਸ਼ਤਿਆਂ ਦੀ ਉਮਰ ਲੰਬੀ ਹੁੰਦੀ ਹੈ। ਘਰ-ਪਰਿਵਾਰ ਤੇ ਸਮਾਜ ਦੇ ਜ਼ਿਆਦਾਤਰ ਮਸਲੇ ਰਿਸ਼ਤਿਆਂ ਨੂੰ ਨਾ ਸਮਝਣ ਕਾਰਨ ਹੀ ਮੂੰਹ ਅੱਡੀ ਖੜ੍ਹੇ ਹਨ। ਜਦੋਂ ਤੱਕ ਅਸੀਂ ਰਿਸ਼ਤਿਆਂ ਦੀ ਮਹੱਤਤਾ ਨਹੀਂ ਸਮਝਾਂਗੇ ਤੇ ਪਦਾਰਥਵਾਦੀ ਸੋਚ ਦੇ ਧਾਰਨੀ ਬਣੇ ਰਹਾਂਗੇ ਤਾਂ ਰਿਸ਼ਤਿਆਂ ਦੇ ਨਿੱਘ ਤੋਂ ਵਾਂਝੇ ਹੀ ਰਹਾਂਗੇੇ। ਹਮੇਸ਼ਾ ਹੀ ਸਾਨੂੰ ਰਿਸ਼ਤਿਆਂ ਵਿਚ ਸਨੇਹਸ਼ੀਲਤਾ ਬਣਾ ਕੇ ਰੱਖਣੀ ਚਾਹੀਦੀ ਹੈ।