ਪੰਜਾਬੀ ਬੀਬੀਆਂ ਦਾ ਅਸਲ ਗਹਿਣਾ ਬਨਾਮ ਵਿਰਸਾ ! 

ਪੰਜਾਬੀ ਬੀਬੀਆਂ ਦਾ ਅਸਲ ਗਹਿਣਾ ਬਨਾਮ ਵਿਰਸਾ ! 

ਮਰਦਾ ਦੇ ਮੁਕਾਬਲੇ ਔਰਤਾਂ ਦੇ ਗਹਿਣੇ ਬਹੁਤ ਜ਼ਿਆਦਾ

ਹੱਸ, ਬੰਦ, ਹਾਰ, ਹਮੇਲ, ਸੱਗੀ, ਫੁੱਲੀਆਂ, ਕੰਢੀਆਂ, ਬਾਜੂਬੰਦ, ਚੂੜਾ, ਪਿੱਪਲ ਪੱਤੀਆਂ, ਰੇਲਾਂ, ਮਾਮੇ ਮੁਰਕੀਆਂ, ਟੋਕਾਂ, ਝੁੰਮਰ ਸੂਈ,ਟਿੱਕਾ, ਨੱਥ, ਮਛਲੀ , ਡੰਡੀਆਂ , ਕੋਕਾ, ਰਾਣੀ ਹਾਰ , ਕਲਿੱਪ ਆਦਿ ਭਾਵੇਂ ਪੁਰਾਣੇ ਵਕਤ ਵਿੱਚ ਪੰਜਾਬੀ ਵਿਰਸੇ ਦੇ  ਔਰਤ ਦੇ ਰੋਜ਼ ਮੱਰਾ ਦੇ ਗਹਿਣੇ  ਹੁੰਦੇ ਸਨ । ਕੋਈ ਔਰਤ ਵੱਧ ਗਹਿਣੇ ਪਹਿਨਣਾ ਪਸੰਦ ਕਰਦੀ ਸੀ  ਤੇ ਕੋਈ ਬਹੁਤ ਘੱਟ। ਅਸੀਂ ਦੇਖ ਸਕਦੇ ਹਾਂ ਤੇ ਮੰਨ  ਵੀ ਸਕਦੇ ਹਾਂ ਕਿ  ਮਰਦਾ ਦੇ ਮੁਕਾਬਲੇ ਔਰਤਾਂ ਦੇ ਗਹਿਣੇ ਬਹੁਤ ਜ਼ਿਆਦਾ ਹੁੰਦੇ ਸਨ  ਤੇ ਇਹ ਪਹਿਨਦੀਆਂ ਵੀ ਜ਼ਿਆਦਾ ਸਨ।

ਬੀਤ ਚੁੱਕੇ ਵਕਤ ਵਿੱਚ ਜਾ ਫੇਰ ਕਹਿ ਲਉ ਸੰਨ 1950-70 ਦੇ ਵਕਤ ਵਿੱਚ ਔਰਤਾਂ ਕੋਲ ਜ਼ਿਆਦਾ ਅਸਲ ਸੋਨੇ ਚਾਂਦੀ ਦੇ ਗਹਿਣੇ ਹੁੰਦੇ ਸਨ। ਪਰ ਅੱਜ ਦੇ ਦਿਖਾਵੇ ਵਾਲੇ ਤੇ ਮਹਿੰਗਾਈ ਦੇ ਜ਼ਮਾਨੇ ਵਿੱਚ ਹਰ ਔਰਤ ਸੋਨਾ ਚਾਂਦੀ ਨਹੀਂ ਖਰੀਦ ਸਕਦੀ। ਜੋ ਔਰਤਾਂ ਸੋਨਾ ਚਾਂਦੀ ਨਹੀਂ ਖਰੀਦ ਸਕਦੀਆਂ ਉਹ ਚੱਲ ਰਹੇ ਨਕਲੀ ਗਹਿਣੇ ਪਾ ਕੇ ਆਪਣਾ ਮਨ ਪਰਚਾ ਸਕਦੀਆਂ ਹਨ। ਉਹ ਨਕਲੀ ਗਹਿਣੇ ਪਾ ਕੇ ਵੀ ਸ਼ਿੰਗਾਰ ਕਰ ਸਕਦੀਆਂ ਹਨ। ਅੱਜ ਭਾਵੇਂ ਹਾਰ ਸ਼ਿੰਗਾਰ ਦੇ ਸਾਧਨ ਬਹੁਤਜ਼ਿਆਦਾ ਹਨ ਤੇ ਮਹਿੰਗੇ ਵੀ ਬਹੁਤ ਹੀ ਜ਼ਿਆਦਾ  ਹਨ। ਜੋ ਸਾਦਾ ਜਿਹਾ ਸ਼ਿੰਗਾਰ ਕਰਕੇ ਪੁਰਾਣੇ ਤੇ ਭਲੇ ਜ਼ਮਾਨੇ ਵਿੱਚ ਸਵਾਣੀਆਂ ਸਜਦੀਆਂ ਸਨ ਉਹ ਅੱਜ ਦੀਆਂ ਸਵਾਣੀਆਂ ਲੱਖਾਂ ਦਾ ਸ਼ਿੰਗਾਰ ਕਰਕੇ ਵੀ ਨਹੀਂ ਸਜਦੀਆਂ । ਕਈ ਵਾਰ ਤਾਂ ਵਿਆਹ ਸ਼ਾਦੀਆਂ ਵਿੱਚ ਵੇਖਿਆ ਗਿਆ ਕਿ ਹਾਰ ਸ਼ਿੰਗਾਰ ਕਰਨ ਤੋਂ ਬਾਅਦ ਕੁੜੀ ਨੂੰ ਉਸ ਦੇ ਆਪਣੇ ਪਰਿਵਾਰ ਵਾਲੇ ਵੀ ਨਹੀਂ ਪਛਾਣਦੇ  । 

ਅੱਜ ਦੇ ਮੁਕਾਬਲੇ ਪੁਰਾਣੇ ਜ਼ਮਾਨੇ ਦੀਆਂ ਔਰਤਾਂ  ਘੱਟ ਸ਼ਿੰਗਾਰ ਕਰਕੇ ਵੀ ਕਿਉਂ ਜ਼ਿਆਦਾ ਸਜਦੀਆਂ ਸਨ ? ਉਸ ਦਾ ਵੱਡਾ ਕਾਰਣ ਸੀ ਔਰਤ ਦਾ ਦੂਜੇ ਗਹਿਣਿਆਂ ਦੇ ਨਾਲ ਨਾਲ ਸਿਰ ਢੱਕਣਾਂ ਜਾ ਪੱਲਾ ਕਰਕੇ ਰੱਖਣਾ ਜਿਸ ਨੂੰ ਅਸੀਂ ਔਰਤ ਦਾ ਅਸਲ ਗਹਿਣਾ ਸੰਗ (ਸ਼ਰਮ) ਵੀ ਆਖ ਸਕਦੇ ਹਾਂ। ਹਰ ਧੀ ਨੂੰ ਘਰਬਾਹਰ ਬੇਬੇ ਬਾਪੂ ਤੇ ਵੱਡੇ ਵੀਰਾ ਦਾ ਡਰ ਹੁੰਦਾ ਸੀ , ਹਰ ਨੂੰਹ ਨੂੰ ਪੇਕੇ ਸਹੁਰੇ ਦੋਵਾਂ ਪਰਿਵਾਰਾਂ ਦਾ ਡਰ ਹੁੰਦਾ ਸੀ। ਇੱਥੇ ਡਰ ਦਾ ਭਾਵ ਸਤਿਕਾਰ ਹੈ ਨਾ ਕਿ ਕੁੱਟ ਮਾਰ ਦਾ ਡਰ। ਜਿਸ ਦਾ ਔਰਤ ਜਿੰਨਾ ਜ਼ਿਆਦਾ ਸਤਿਕਾਰ ਕਰਦੀ ਸੀ ਉਸ ਦਾ ਉੱਨਾਂ ਜ਼ਿਆਦਾ ਡਰ ਵੀ ਰੱਖਦੀ ਸੀ। ਪਿੰਡ ਦੀਆਂ ਬਜ਼ੁਰਗ ਔਰਤਾਂ ਪਿੰਡ ਦੇ ਹਰ ਸਹੁਰੇ ਦਦਿਅਹੁਰਾ ਦੀ ਇੱਜ਼ਤ ਕਰਦੀਆਂ ਸਨ ਤੇ ਸਭ ਤੋਂ ਪੱਲਾ ਕਰਦੀਆਂ ਸਨ । ਔਰਤ ਜਿੰਨੀ ਲੁਕੀ ਹੁੰਦੀ ਸੀ  ਉੱਨੀ ਜ਼ਿਆਦਾ ਇੱਜ਼ਤ ਵਾਲੀ ਸੀ ।  ਅੱਜ ਜ਼ਮਾਨਾ ਬਦਲ ਗਿਆ ਨਾ ਸਿਰ ਤੇ ਚੁੰਨੀ ਰਹੀ , ਨਾ ਵਾਲ ਬੱਝੇ ਰਹੇ,  ਨਾ ਰਿਹਾ ਔਰਤ ਦਾ ਆਪਣਾ ਸਤਿਕਾਰ , ਨਾ ਰਿਹਾ ਔਰਤ ਨੂੰ ਕਿਸੇ ਦਾ ਸਤਿਕਾਰ , ਤੇ ਨਾ ਰਿਹਾ ਡਰ। ਹਾਂ ਇਹ ਸਾਰੀਆਂ ਔਰਤਾਂ ਤੇ ਲਾਗੂ ਨਹੀਂ ਹੁੰਦਾ । ਅੱਜ ਵੀ ਕੁਝ ਅਜਿਹੀਆਂ ਸੁਲਝੀਆਂ ਹੋਈਆ ਔਰਤਾਂ ਹਨ ਜੋ ਸਿਰ ਢੱਕ ਕੇ ਰੱਖਦੀਆਂ ਹਨ ਤੇ ਲੋੜ ਪੈਣ ਤੇ  ਪੱਲਾ ਵੀ ਕਰਦੀਆਂ ਹਨ। ਸਿਜਦਾ ਹੈ ਉਹਨਾਂ ਔਰਤਾਂ ਨੂੰ ਜੋ ਪੰਜਾਬੀ ਵਿਰਸੇ ਨੂੰ ਅੱਜ ਵੀ ਸਮੋਈ ਬੈਠੀਆਂ ਹਨ, ਉਹ ਔਰਤਾਂ ਹੀ ਪੰਜਾਬੀ ਵਿਰਸੇ ਦੀਆਂ ਅਸਲ ਵਾਰਸਾ ਕਹਾਉਣ ਦੀਆਂ ਹੱਕਦਾਰ ਹਨ। 

ਬਹੁਤ ਦੁੱਖ ਹੁੰਦਾ ਹੈ ਜਦੋਂ ਭਾਈ ਜੀ ਵਿਆਹ ਸ਼ਾਦੀਆਂ ਵਿੱਚ ਅਰਦਾਸ ਕਰਦਾ ਹੈ ਤੇ ਸਾਡੀਆਂ ਆਪਣੇ ਆਪ ਨੂੰ ਬਹੁਤ ਵੱਡੀਆ ਮਾਡਲ ਸਮਝਣ ਵਾਲੀਆਂ ਬੀਬੀਆਂ ਸਿਰ ਨੰਗੇ ਅਰਦਾਸ ਵਿੱਚ ਹਾਜ਼ਰੀ ਲਵਾਉਂਦੀਆਂ ਹਨ।ਕਿਸ ਤਰਾਂ ਦਾ ਸੀ ਸਾਡਾ ਅਮੀਰ ਵਿਰਸਾ ਤੇ ਅਸੀਂ ਕਿਉਂ ਰੋਲ ਦਿੱਤਾ? ਕਿਉਂ ਵਿਸਾਰ ਦਿੱਤਾ? ਕਿਉਂ ਭੁੱਲ ਗਏ ? ਪੰਜਾਬੀ ਵਿਰਸੇ ਤੋਂ ਉੱਪਰ ਹੈ ਵਿਰਸਾ ਕੋਈ ਹੋਰ? 

 

ਸਰਬਜੀਤ ਲੌਂਗੀਆਂ