ਸ਼ੇਰ-ਏ-ਪੰਜਾਬ ਨੂੰ ਵਿਸਾਰਿਆ ਆਪ ਸਰਕਾਰ ਨੇ
*ਜਨਮ ਦਿਹਾੜੇ ’ਤੇ ਰਾਜ ਪੱਧਰੀ ਸਮਾਗਮ ਨਾ ਹੋਣ ਕਾਰਨ ਪੰਜਾਬੀ ਨਿਰਾਸ਼
*ਸਰਕਾਰੀ ਲਾਪ੍ਰਵਾਹੀ ਕਾਰਨ ਬਡਰੁੱਖਾਂ ਵਿੱਚ ਸਥਾਪਿਤ ਬੁੱਤ ਦਾ ਵੀ ਨਾ ਹੋਇਆ ਉਦਘਾਟਨ
ਵਿਸ਼ੇਸ਼ ਖਬਰਨਾਮਾ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 13 ਨਵੰਬਰ ਨੂੰ ਜਨਮ ਦਿਹਾੜਾ ਸੀ। ਉਨ੍ਹਾਂ ਦੇ ਜਨਮ ਸਥਾਨ ਅਤੇ ਨਾਨਕਾ ਪਿੰਡ ਬਡਰੁੱਖਾਂ ਦੇ ਲੋਕਾਂ ਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਸੂਬਾ ਪੱਧਰੀ ਸਮਾਗਮ ਕਰ ਕੇ ਮਨਾਏਗੀ ਤੇ ਪਿੰਡ ਵਿੱਚ ਦੋ ਮਹੀਨੇ ਪਹਿਲਾਂ ਸਥਾਪਤ ਹੋਏ ਸ਼ੇਰ-ਏ-ਪੰਜਾਬ ਦੇ ਬੁੱਤ ਦਾ ਰਸਮੀ ਉਦਘਾਟਨ ਹੋਵੇਗਾ ਪਰ ਸਰਕਾਰ ਵੱਲੋਂ ਨਾ ਕੋਈ ਸਰਕਾਰੀ ਸਮਾਗਮ ਕਰਵਾਇਆ ਗਿਆ ਅਤੇ ਨਾ ਹੀ 25 ਵਰ੍ਹਿਆਂ ਮਗਰੋਂ ਜਨਮ ਸਥਾਨ ਨੂੰ ਨਸੀਬ ਹੋਏ ਬੁੱਤ ਦੇ ਰਸਮੀ ਉਦਘਾਟਨ ਦਾ ਕੋਈ ਪ੍ਰੋਗਰਾਮ ਹੋਇਆ।ਪੰਜਾਬ ਸਰਕਾਰ ਵਲੋਂ ਬਡਰੁੱਖਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਨਾ ਮਨਾਏ ਜਾਣ ਕਾਰਨ ਸ਼ੇਰ-ਏ-ਪੰਜਾਬ ਦਾ ਬੁੱਤ ਸਰਕਾਰ ਦੀ ਕਥਿਤ ਲਾਪ੍ਰਵਾਹੀ ਕਾਰਨ ਉਦਘਾਟਨ ਦੀ ਰਸਮ ਤੋਂ ਵੀ ਵਾਂਝਾ ਰਹਿ ਗਿਆ । ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਪਿੰਡ ਬਡਰੁੱਖਾਂ ਵਿੱਚ ਨੈਸ਼ਨਲ ਹਾਈਵੇਅ ਸਥਿਤ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ਵਿੱਚ ਸ਼ੇਰ-ਏ-ਪੰਜਾਬ ਦਾ ਘੋੜੇ ’ਤੇ ਸਵਾਰ ਬੁੱਤ ਸਥਾਪਤ ਹੋਇਆ ਸੀ। ਬੁੱਤ ਸਥਾਪਤ ਹੋਣ ਮਗਰੋਂ ਸਰਕਾਰ ਕੋਲ ਸਮੁੱਚੇ ਉਸਾਰੀ ਕੰਮਕਾਜ ਨੂੰ ਮੁਕੰਮਲ ਕਰਨ ਵਾਸਤੇ ਕਰੀਬ ਸਵਾ ਦੋ ਮਹੀਨੇ ਦਾ ਸਮਾਂ ਬਾਕੀ ਸੀ ਤੇ ਇਸ ਨੂੰ ਜਨਮ ਦਿਹਾੜੇ ਮੌਕੇ ਮੁਕੰਮਲ ਕੀਤਾ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਕੰਮ ਨੂੰ ਜਨਮ ਦਿਹਾੜੇ ਮੌਕੇ ਮੁਕੰਮਲ ਕਰਵਾਉਣ ਲਈ ਕਿਸੇ ਕੈਬਨਿਟ ਮੰਤਰੀ ਜਾਂ ਸਰਕਾਰ ਦੇ ਕਿਸੇ ਉੱਚ ਅਧਿਕਾਰੀ ਵੱਲੋਂ ਕੋਈ ਦਿਲਚਸਪੀ ਨਹੀਂ ਦਿਖਾਈ ਗਈ। ਇਹੋ ਕਾਰਨ ਹੈ ਕਿ ਅਜੇ ਪੱਥਰ ਲਗਾਉਣ ਦਾ ਕੰਮ ਚੱਲ ਰਿਹਾ ਹੈ। ਪਿੰਡ ਬਡਰੁੱਖਾਂ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਅਧੀਨ ਆਉਂਦਾ ਹੈ, ਉੱਥੇ ਹੀ ਇਹ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਜੱਦੀ ਪਿੰਡ ਵੀ ਹੈ।
ਪਿੰਡ ਦੇ ਕਾਂਗਰਸੀ ਸਰਪੰਚ ਕੁਲਜੀਤ ਸਿੰਘ ਤੂਰ ਨੇ ਦੱਸਿਆ ਕਿ ਸ਼ੇਰ-ਏ-ਪੰਜਾਬ ਦਾ ਬੁੱਤ ਲਗਾਉਣ ਤੇ ਯਾਦਗਾਰੀ ਪਾਰਕ ਨੂੰ ਅਪਗ੍ਰੇਡ ਕਰਨ ਵਾਸਤੇ ਪਿਛਲੀ ਸਰਕਾਰ ’ਵਿਚ ਕੈਬਨਿਟ ਮੰਤਰੀ ਹੁੰਦਿਆਂ ਵਿਜੈਇੰਦਰ ਸਿੰਗਲਾ ਨੇ ਕਰੀਬ 99 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕਰਵਾਈ ਸੀ। ਉਨ੍ਹਾਂ ਦੇ ਯਤਨਾਂ ਸਦਕਾ ਹੀ 25 ਵਰ੍ਹਿਆਂ ਮਗਰੋਂ ਜਨਮ ਸਥਾਨ ਨੂੰ ਸ਼ੇਰ-ਏ-ਪੰਜਾਬ ਦਾ ਬੁੱਤ ਨਸੀਬ ਹੋਇਆ ਸੀ ਪਰ ਮੌਜੂਦਾ ਸਰਕਾਰ ਨੇ ਜਨਮ ਦਿਹਾੜਾ ਤਾਂ ਮਨਾਉਣਾ ਦੂਰ ਸਗੋਂ ਜਨਮ ਦਿਹਾੜੇ ’ਤੇ ਬੁੱਤ ਦਾ ਉਦਘਾਟਨ ਵੀ ਨਹੀਂ ਕਰ ਸਕੀ। ਬੁੱਤ ਦੇ ਥੜ੍ਹੇ ਉਪਰ ਪੱਥਰ ਲਗਾ ਰਹੀ ਲੇਬਰ ਦੇ ਇੰਚਾਰਜ ਸਤੀਸ਼ ਨੇ ਦੱਸਿਆ ਕਿ ਪੱਥਰ ਲਗਾਉਣ ਲਈ ਮਾਹਿਰ ਮਿਸਤਰੀ ਨਾ ਮਿਲਣ ਕਾਰਨ ਦੇਰੀ ਹੋਈ ਹੈ। ਹੁਣ ਰਾਜਸਥਾਨ ਤੋਂ ਮਾਹਿਰ ਲਿਆਂਦੇ ਹਨ।
ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਨੂੰ ਰਾਹ ਦੇਣਾ ਭੁੱਲੀ ਸਰਕਾਰ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਰਾਮ ਬਾਗ਼ ਵਜੋਂ ਜਾਣੀ ਜਾਂਦੀ ਇਮਾਰਤ ਵਿੱਚ ਸਥਾਪਤ ਕੀਤੇ ਗਏ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਨੂੰ ਸਰਕਾਰ ਨੇ ਅਣਗੌਲਿਆ ਕੀਤਾ ਹੋਇਆ ਹੈ। ਅੱਜ ਤੱਕ ਇੱਕ ਸਿੱਖ ਜਥੇਬੰਦੀ ਨੂੰ ਛੱਡ ਕੇ ਸਰਕਾਰ ਵੱਲੋਂ ਜਾਂ ਜ਼ਿਲ੍ਹਾ ਪੱਧਰ ’ਤੇ ਕੋਈ ਸਮਾਗਮ ਨਹੀਂ ਕਰਵਾਇਆ ਗਿਆ ।ਲਗਪਗ ਪੰਦਰਾਂ ਸਾਲ ਤੱਕ ਮੁਰੰਮਤ ਦੇ ਨਾਂ ’ਤੇ ਇਹ ਅਜਾਇਬ ਘਰ ਬੰਦ ਰੱਖਣ ਮਗਰੋਂ ਇਸ ਵਰ੍ਹੇ ਜਨਵਰੀ ਵਿੱਚ ਲੋਕਾਂ ਲਈ ਮੁੜ ਖੋਲ੍ਹਿਆ ਗਿਆ ਹੈ ਜੋ 2007 ਵਿੱਚ ਬੰਦ ਕੀਤਾ ਗਿਆ ਸੀ। ਕਰੋੜਾਂ ਰੁਪਏ ਖ਼ਰਚ ਕੇ ਅਜਾਇਬ ਘਰ ਨੂੰ ਅਤਿ-ਆਧੁਨਿਕ ਰੂਪ ਦਿੱਤਾ ਗਿਆ ਸੀ। ਇਸ ਅਜਾਇਬ ਘਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸਬੰਧਤ ਦੁਰਲੱਭ ਵਸਤਾਂ, ਚਿੱਤਰਕਲਾ, ਹਥਿਆਰ ਜਿਵੇਂ ਤਲਵਾਰਾਂ, ਕਟਾਰ, ਰਾਈਫ਼ਲਾਂ ਅਤੇ ਹੋਰ ਸਾਮਾਨ ਰੱਖਿਆ ਗਿਆ ਹੈ, ਜਿਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਵਿਭਾਗ ਕੋਲ ਹੈ। ਭਾਵੇਂ ਇਸ ਅਜਾਇਬ ਘਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ ਪਰ ਇੱਥੋਂ ਤੱਕ ਪਹੁੰਚਣ ਲਈ ਕੋਈ ਰਾਹ ਨਹੀਂ ਬਣਾਇਆ ਗਿਆ ਹੈ। ਸੈਲਾਨੀਆਂ ਨੂੰ ਆਪਣੇ ਵਹੀਕਲ ਕਰੀਬ 500 ਮੀਟਰ ਦੂਰ ਖੜ੍ਹੇ ਕਰਕੇ ਪੈਦਲ ਹੀ ਅਜਾਇਬ ਘਰ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਅਜਾਇਬ ਘਰ ਸਬੰਧੀ ਪ੍ਰਚਾਰ ਦੀ ਘਾਟ ਕਾਰਨ ਬਹੁਤੇ ਲੋਕਾਂ ਨੂੰ ਇਸ ਜਗ੍ਹਾ ਬਾਰੇ ਪਤਾ ਨਹੀਂ ਹੈ।
ਅਜਾਇਬਘਰ ਦੇ ਇੰਚਾਰਜ ਜੋਧ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਅਜਾਇਬਘਰ ਬਾਰੇ ਪ੍ਰਚਾਰ ਅਤੇ ਪਹੁੰਚ ਮਾਰਗ ਦੀ ਘਾਟ ਕਾਰਨ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਘੱਟ ਹੈ। ਉਨ੍ਹਾਂ ਦੱਸਿਆ ਕਿ ਔਸਤਨ 10-11 ਸੈਲਾਨੀ ਹੀ ਇੱਥੇ ਰੋਜ਼ ਆਉਂਦੇ ਹਨ। ਅਜਾਇਬ ਘਰ ਵਿੱਚ ਦਾਖ਼ਲਾ ਟਿਕਟ ਦਸ ਰੁਪਏ ਪ੍ਰਤੀ ਵਿਅਕਤੀ ਅਤੇ ਬੱਚੇ ਲਈ ਚਾਰ ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜਾਇਬ ਘਰ ਦੀ ਸਾਂਭ-ਸੰਭਾਲ ਲਈ ਪੱਕੇ ਸਟਾਫ ਸਮੇਤ ਪਖਾਨੇ ਅਤੇ ਹੋਰ ਸਹੂਲਤਾਂ ਦੀ ਵੀ ਘਾਟ ਹੈ।ਇਤਿਹਾਸ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਆਪਣੀ ਗਰਮੀਆਂ ਦੀ ਰਾਜਧਾਨੀ ਬਣਾਇਆ ਗਿਆ ਸੀ।
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਉਹ ਜਦੋਂ ਇੱਥੇ ਆਉਂਦੇ ਤਾਂ ਸਮਰ ਪੈਲੇਸ ਵਿੱਚ ਠਹਿਰਿਆ ਕਰਦੇ ਸਨ। ਲਗਪਗ 84 ਏਕੜ ਰਕਬੇ ਵਿੱਚ ਬਣੇ ਇਸ ਸਮਰ ਪੈਲੇਸ ਨੂੰ ਉਨ੍ਹਾਂ ਗੁਰੂ ਰਾਮਦਾਸ ਜੀ ਦੇ ਨਾਂ ’ਤੇ ਰਾਮਬਾਗ ਦਾ ਨਾਂ ਦਿੱਤਾ ਸੀ, ਜੋ ਬਰਤਾਨਵੀ ਰਾਜ ਵੇਲੇ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਿਆ ਅਤੇ ਉਨ੍ਹਾਂ ਇਸ ਨੂੰ ਕੰਪਨੀ ਬਾਗ ਦਾ ਨਾਂ ਦੇ ਦਿੱਤਾ।
ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ
ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਵਿਚ ਸੰਗਰੂਰ ਦੇ ਬਡਰੁੱਖਾਂ ਪਿੰਡ ਵਿਚ ਹੋਇਆ ਸੀ।ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਬਾਬਾ ਸਾਹਿਬ ਸਿੰਘ ਬੇਦੀ ਦੇ ਸਹਿਯੋਗ ਨਾਲ ਸਿੱਖ ਮਿਸਲਾਂ ਨੂੰ ਇਕੱਠਿਆ ਕਰ ਉਨ੍ਹਾਂ ਵਿਸ਼ਾਲ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ।ਰਣਜੀਤ ਸਿੰਘ ਭਾਰਤੀ ਇਤਿਹਾਸ ਦਾ ਉਹ ਪਹਿਲਾ ਰਾਜਾਂ ਸੀ ਜਿਨ੍ਹਾਂ ਵਿਦੇਸ਼ੀ ਹਮਲਾਵਰਾਂ ਦਾ ਰੁਖ ਮੋੜਿਆ ਸੀ।ਉਨ੍ਹਾਂ ਦਾ ਰਾਜ ਸਤਲੁਜ ਦਰਿਆ ਤੋਂ ਲੈ ਕੇ ਦੱਰਾ ਖ਼ੈਬਰ ਤੱਕ ਫੈਲਿਆ ਹੋਇਆ ਸੀ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਫਕੀਰ ਅਜ਼ੀਜ਼-ਉਦ-ਦੀਨ ਨੂੰ ਕਿਹਾ, "ਵਾਹਿਗੁਰੂ ਚਾਹੁੰਦਾ ਹੈ ਕਿ ਮੈਂ ਹਰ ਧਰਮ ਨੂੰ ਇੱਕੋ ਨਜ਼ਰ ਨਾਲ ਵੇਖਾਂ ਇਸ ਲਈ ਉਨ੍ਹਾਂ ਨੇ ਮੈਨੂੰ ਇੱਕ ਹੀ ਅੱਖ ਦਿੱਤੀ ਹੈ।''ਫਕੀਰ ਅਜ਼ੀਜ਼-ਉਦ-ਦੀਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇਸ ਗੱਲਬਾਤ ਦਾ ਜ਼ਿਕਰ ਕਰਤਾਰ ਸਿੰਘ ਦੁੱਗਲ ਦੀ ਕਿਤਾਬ ਮਹਾਰਾਜਾ 'ਰਣਜੀਤ ਸਿੰਘ, ਦ ਲਾਸਟ ਟੂ ਲੇਅ ਆਰਮਜ਼' ਵਿੱਚ ਮਿਲਦਾ ਹੈ।
ਫਕੀਰ ਅਜ਼ੀਜ਼-ਉਦ-ਦੀਨ ਵਰਗੇ ਕਈ ਮੁਸਲਮਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉੱਚੇ ਅਹੁਦਿਆਂ 'ਤੇ ਸਨ ਜਿਨ੍ਹਾਂ ਨੂੰ ਧਰਮ ਨਹੀਂ ਸਗੋਂ ਕਾਬਲੀਅਤ ਦੇ ਆਧਾਰ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਥਾਂ ਮਿਲੀ ਸੀ
ਮਹਾਰਾਜਾ ਰਣਜੀਤ ਸਿੰਘ ਖੁਦ ਇੱਕ ਸ਼ਰਧਾਵਾਨ ਸਿੱਖ ਸਨ ਅਤੇ ਉਨ੍ਹਾਂ ਦਾ ਅਕੀਦਾ ਗੁਰੂ ਗ੍ਰੰਥ ਸਾਹਿਬ ਵਿੱਚ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਿਟਾਇਰਡ ਇਤਿਹਾਸਕਾਰ ਪ੍ਰੋਫੈਸਰ ਇੰਦੂ ਬਾਂਗਾ ਨੇ ਦੱਸਿਆ, " ਭਾਰਤ ਦੇ ਇਤਿਹਾਸ ਵਿੱਚ ਇਸ ਦਾ ਸਭ ਤੋਂ ਬਿਹਤਰ ਉਦਾਹਰਣ ਮਹਾਰਾਜਾ ਰਣਜੀਤ ਸਿੰਘ ਹਨ।'ਉਹ ਖੁਦ ਇੱਕ ਸ਼ਰਧਾਲੂ ਸਿੱਖ ਸੀ ਪਰ ਉਨ੍ਹਾਂ ਨੇ ਆਪਣੇ ਸ਼ਾਸਨ ਪ੍ਰਬੰਧ ਅਤੇ ਫੌਜ ਵਿੱਚ ਜਾਂ ਆਪਣੇ ਵਰਤਾਰੇ ਵਿੱਚ ਧਰਮ ਨੂੰ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ ਸੀ।ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਗੁਰੂ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ 'ਤੇ ਆਧਾਰਿਤ ਸੀ। ਉਨ੍ਹਾਂ ਸਿਧਾਂਤਾਂ ਵਿੱਚ ਸਭ ਤੋਂ ਮਹੱਤਵਪੂਰਨ ਸਿਧਾਂਤ ਸਮਾਜਿਕ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦਾ ਸੀ। ਸਮਾਜਿਕ ਸਮਾਨਤਾ ਦਾ ਪ੍ਰਭਾਵ ਰਣਜੀਤ ਸਿੰਘ ਦੇ ਸ਼ਾਸਨ ਦੀ ਬਣਤਰ ਅਤੇ ਉਨ੍ਹਾਂ ਦੀ ਫੌਜ ਵਿੱਚ ਦੇਖਿਆ ਜਾ ਸਕਦਾ ਸੀ।ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਿੰਦੂ, ਮੁਸਲਮਾਨ, ਸਈਦ ਤੇ ਪਠਾਨ ਅਫਸਰ ਵੀ ਸਨ। ਇੱਕ ਖ਼ਾਸ ਗੱਲ ਹੋਰ ਕਿ ਰਣਜੀਤ ਸਿੰਘ ਦੇ ਸ਼ਾਸਨ ਦੌਰਾਨ ਵੱਖ-ਵੱਖ ਸਮੇਂ 'ਤੇ ਤਕਰੀਬਨ 60 ਯੂਰਪੀਅਨ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਸੀ।ਇੰਦੂ ਬਾਂਗਾ ਨੇ ਦੱਸਿਆ ਕਿ ਹਿੰਦੂਆਂ ਵਿੱਚ ਦੀਵਾਨ ਮੋਹਕਮ ਚੰਦ ਅਤੇ ਮਿਸਲ ਦੀਵਾਨ ਚੰਦ ਫੌਜ ਵਿੱਚ ਜਰਨੈਲ ਸਨ, ਦੀਵਾਨ ਭਵਾਨੀ ਦਾਸ ਤੇ ਦੀਨਾਨਾਥ ਹਿਸਾਬ-ਕਿਤਾਬ ਦੇਖਦੇ ਸਨ, ਮਿਸਰ ਬੇਲੀ ਰਾਮ ਖਜ਼ਾਨੇ ਨਾਲ ਜੁੜੇ ਕੰਮ ਦੇਖਦੇ ਸਨ।ਮੁਸਲਮਾਨਾਂ ਵਿੱਚ ਵੀ ਮੁੱਖ ਨਾਂ ਹਨ ਜਿਵੇਂ ਅਜ਼ੀਜ਼ੁੱਦੀਨ, ਨੂਰ-ਉਦ-ਦੀਨ, ਇਮਾਮ-ਉਦ-ਦੀਨ ਅਤੇ ਅੱਗੇ ਉਨ੍ਹਾਂ ਦੇ ਬੱਚੇ, ਜਲੰਧਰ ਤੇ ਦੋਆਬਾ ਦੇ ਗਵਰਨਰ ਮੋਹੋਯੂੱਦੀਨ, ਜਨਰਲ ਸੁਲਤਾਨ ਮਹਿਮੂਦ ਅਤੇ ਕਈ ਹੋਰ ਸਾਰੇ ਮੁਸਲਮਾਨ ਰਣਜੀਤ ਸਿੰਘ ਦੇ ਰਾਜ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ।''
ਕਰਤਾਰ ਸਿੰਘ ਦੁੱਗਲ ਆਪਣੀ ਕਿਤਾਬ 'ਰਣਜੀਤ ਸਿੰਘ: ਦ ਲਾਸਟ ਲੇਅ ਟੂ ਆਰਮਜ਼' ਵਿੱਚ ਲਿਖਦੇ ਹਨ ਕਿ ਫਕੀਰ ਇਮਾਮ-ਉਦ-ਦੀਨ ਨੂੰ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਜ਼ਿੰਮਵਾਰੀ ਦਿੱਤੀ ਹੋਈ ਸੀ।ਇਸਦੇ ਨਾਲ ਇਮਾਮ-ਉਦ-ਦੀਨ ਅੰਮ੍ਰਿਤਸਰ ਵਿੱਚ ਮੈਗਜ਼ੀਨਜ਼, ਹਥਿਆਰ ਅਤੇ ਸ਼ਾਹੀ ਅਸਤਬਲ ਦਾ ਵੀ ਇੰਚਾਰਜ ਸੀ। ਕਈ ਜੰਗੀ ਮੁਹਿੰਮਾਂ 'ਤੇ ਵੀ ਇਮਾਮ-ਉਦ-ਦੀਨ ਨੂੰ ਭੇਜਿਆ ਗਿਆ ਸੀ।
ਨਿਆਂ ਪ੍ਰਣਾਲੀ ਬਾਰੇ ਦੱਸਦੇ ਹੋਏ ਇੰਦੂ ਬਾਂਗਾ ਨੇ ਕਿਹਾ, "ਰਣਜੀਤ ਸਿੰਘ ਨੇ ਸ਼ਰੀਅਤ ਅਤੇ ਸ਼ਾਸਤਰ ਦੋਵਾਂ ਨੂੰ ਇੱਕ ਬਰਾਬਰ ਦਰਜਾ ਦਿੱਤਾ ਸੀ। ਜੇ ਕੋਈ ਮੁਸਲਮਾਨ ਹੁੰਦਾ ਸੀ ਤਾਂ ਉਸ ਨੂੰ ਇਨਸਾਫ਼ ਦੇਣ ਲਈ ਸ਼ਰੀਅਤ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਹਿੰਦੂਆਂ ਲਈ ਧਰਮ ਸ਼ਾਸਤਰ ਦਾ ਇਸਤੇਮਾਲ ਕੀਤਾ ਜਾਂਦਾ ਸੀ।ਹਿੰਦੂ-ਮੁਸਲਮਾਨਾਂ ਨਾਲ ਜੁੜੇ ਜਾਇਦਾਦ ਦੇ ਸਾਰੇ ਮਸਲਿਆਂ ਨੂੰ ਸ਼ਰੀਅਤ ਨਾਲ ਸੁਲਝਾਇਆ ਜਾਂਦਾ ਸੀ।''
ਇੰਦੂ ਬਾਂਗਾ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਬਰਾਬਰਤਾ ਦਾ ਸਭ ਤੋਂ ਉੱਚਾ ਮਿਆਰ ਧਾਰਮਿਕ ਗਰਾਂਟਾਂ ਦੀ ਨੀਤੀ ਤੋਂ ਪਤਾ ਲੱਗਦਾ ਹੈ ।ਆਪਣੇ ਰਾਜ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਜਿੰਨੀਆਂ ਪੁਰਾਣੀਆਂ ਗਰਾਂਟਾਂ ਹਨ ਉਨ੍ਹਾਂ ਨੂੰ ਬਹਾਲ ਕੀਤਾ ਗਿਆ ਅਤੇ ਉਸ ਤੋਂ ਇਲਾਵਾ ਰਣਜੀਤ ਸਿੰਘ ਨੇ ਆਪਣੇ ਵੱਲੋਂ ਨਵੀਆਂ ਗਰਾਂਟਾਂ ਵੀ ਦਿੱਤੀਆਂ ਸਨ।''ਇੰਦੂ ਬਾਂਗਾ ਮੰਨਦੇ ਹਨ ਕਿ ਰਣਜੀਤ ਸਿੰਘ ਦੇ ਰਾਜ ਵੇਲੇ ਮਾਲੀਏ ਦਾ ਜੋ ਹਿੱਸਾ ਧਾਰਮਿਕ ਗਰਾਂਟਾਂ ਲਈ ਦਿੱਤਾ ਗਿਆ ਉਹ ਮੁਗਲ ਬਾਦਸ਼ਾਹ ਅਕਬਰ ਵੱਲੋਂ ਦਿੱਤੀਆਂ ਗਰਾਂਟਾਂ ਤੋਂ ਵੀ ਜ਼ਿਆਦਾ ਸੀ।ਰਣਜੀਤ ਸਿੰਘ ਨੇ ਮੰਦਰਾਂ ਨੂੰ ਜਾਗੀਰਾਂ ਦਿੱਤੀਆਂ ਜਿਵੇਂ ਜਵਾਲਾ ਦੇਵੀ ਮੰਦਰ ਦਾ ਛੱਤਰ ਹੈ ਉਹ ਕਿਹਾ ਜਾਂਦਾ ਹੈ ਕਿ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਵੱਲੋਂ ਲਗਾਇਆ ਗਿਆ ਅਤੇ ਬਾਅਦ ਵਿੱਚ ਰਣਜੀਤ ਵੱਲੋਂ ਮੰਦਰ ਨੂੰ ਹੋਰ ਗਰਾਂਟਾਂ ਦਿੱਤੀਆਂ ਗਈਆਂ ਸਨ।ਇਸ ਤੋਂ ਇਲਾਵਾ ਮੁਸਲਮਾਨਾਂ ਦੀਆਂ ਖ਼ਾਨਗਾਹਾਂ, ਪੀਰਾਂ ਦੀਆਂ ਦਰਗਾਹਾਂ, ਅਤੇ ਸੂਫੀ ਸ਼ੇਖਾਂ ਨੂੰ ਗਰਾਂਟਾਂ ਵੀ ਦਿੱਤੀਆਂ ਅਤੇ ਜੇ ਉਹ ਸਫ਼ਰ 'ਤੇ ਜਾਂਦਾ ਸੀ ਤਾਂ ਉਸ ਇਲਾਕੇ ਦੀ ਕੋਈ ਧਾਰਮਿਕ ਅਸਥਾਨ ਹੁੰਦਾ ਸੀ ਤਾਂ ਉਸਦੇ ਦਰਸ਼ਨ ਵੀ ਕਰਦਾ ਸੀ।ਇੰਦੂ ਬਾਂਗਾ ਅਨੁਸਾਰ ਰਣਜੀਤ ਸਿੰਘ ਨੇ ਜਿੱਥੇ-ਜਿੱਥੇ ਵੀ ਆਪਣੀਆਂ ਜੰਗ ਮੁਹਿੰਮਾਂ ਚਲਾਈਆਂ ਜਿਸ ਨੂੰ ਵੀ ਹਰਾਇਆ ਉਸ ਨੂੰ ਸੜ੍ਹਕ 'ਤੇ ਨਹੀਂ ਛੱਡ ਦਿੱਤਾ। ਰਣਜੀਤ ਸਿੰਘ ਵੱਲੋਂ ਹਾਰੇ ਹੋਏ ਰਾਜੇ ਨੂੰ ਰਾਜ ਦਾ ਹਿੱਸਾ ਬਣਨ ਜਾਂ ਜਾਗੀਰ ਲੈਣ ਦੀ ਪੇਸ਼ਕਸ਼ ਕੀਤੀ ਜਾਂਦੀ ਸੀ।ਜਿਵੇਂ ਮੁਲਤਾਨ ਦੇ ਸੂਬੇਦਾਰ ਮੁਜੱਫ਼ਰ ਖਾਨ ਨੂੰ ਰਣਜੀਤ ਸਿੰਘ ਨੇ ਇਹੀ ਪੇਸ਼ਕਸ਼ ਕੀਤੀ ਸੀ। ਅਜਿਹੀ ਪੇਸ਼ਕਸ਼ ਕਰਨ ਵੇਲੇ ਧਰਮ ਦੀ ਗੱਲ ਨਹੀਂ ਸੋਚੀ ਗਈ।ਕਿਤਾਬ 'ਸਿਵਿਲ ਮਿਲਟਰੀ ਅਫੇਅਰਜ਼ ਆਫ ਮਹਾਰਾਜਾ ਰਣਜੀਤ ਸਿੰਘ' ਵਿੱਚ ਮਹਾਰਾਜਾ ਰਣਜੀਤ ਵੱਲੋਂ ਆਪਣੇ ਇੱਕ ਹੀ ਅਫਸਰ ਨੂੰ ਦਿੱਤੇ 400 ਤੋਂ ਵੱਧ ਹੁਕਮ ਹਨ।
ਇਸ ਕਿਤਾਬ ਨੂੰ ਇੰਦੂ ਬਾਂਗਾ ਅਤੇ ਜੇ ਐੱਸ ਗਰੇਵਾਲ ਨੇ ਐਡਿਟ ਕੀਤੀ ਸੀ।ਉਸ ਕਿਤਾਬ ਵਿੱਚ ਦਿੱਤੇ ਹੁਕਮਾਂ ਦਾ ਜ਼ਿਕਰ ਕਰਦੇ ਹੋਏ ਇੰਦੂ ਬਾਂਗਾ ਕਹਿੰਦੇ ਹਨ, "ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਅਫਸਰਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ ਕਿ ਮੁਹਿੰਮ 'ਤੇ ਜਾਣ ਵੇਲੇ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਨਾ ਹੋਵੇ। ਕਿਸਾਨਾਂ ਤੋਂਜ਼ਬਰਦਸਤੀ ਕੁਝ ਨਾ ਲਿਆ ਜਾਵੇ ਜੇ ਲਿਆ ਜਾਵੇ ਤਾਂ ਉਸ ਦੀ ਪੂਰੀ ਕੀਮਤ ਅਦਾ ਕੀਤੀ ਜਾਵੇ।''"ਉਨ੍ਹਾਂ ਹੁਕਮਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਮਾਰਚਿੰਗ ਫੌਜ ਵਾਸਤੇ ਸਾਰੀ ਜਨਤਾ ਬਰਾਬਰ ਸੀ।'ਇੰਦੂ ਬਾਂਗਾ ਅਨੁਸਾਰ ਆਬਾਦੀ ਵਿੱਚ ਸਿਰਫ਼ 10 ਫੀਸਦ ਸਿੱਖ ਬਹੁਗਿਣਤੀ ਮੁਸਲਮਾਨਾਂ ਤੇ ਹਿੰਦੂਆਂ 'ਤੇ ਰਾਜ ਨਹੀਂ ਕੀਤਾ ਜਾ ਸਕਦਾ ਸੀ ਜੇ ਉਨ੍ਹਾਂ ਨੂੰ ਸਿੱਖ ਰਾਜ ਪ੍ਰਵਾਨ ਨਾ ਹੁੰਦਾ ਅਤੇ ਜੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਬਗਾਵਤ ਦੇ ਵੀ ਆਸਾਰ ਬਣ ਸਕਦੇ ਸਨ।ਉਨ੍ਹਾਂ ਅਨੁਸਾਰ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਉਨ੍ਹਾਂ ਦੇ ਵੇਲੇ ਕੋਈ ਬਗਾਵਤ ਨਹੀਂ ਹੋਈ ਸੀ। ਇਸਦੇ ਨਾਲ ਹੀ ਪੰਜਾਬ ਤੋਂ ਲੋਕਾਂ ਦੀ ਹਿਜ਼ਰਤ ਨਹੀਂ ਹੋਈ ਸੀ ਬਲਕਿ ਲੋਕ ਬਾਹਰੋਂ ਪੰਜਾਬ ਵਿੱਚ ਆ ਰਹੇ ਸਨ।
ਪ੍ਰਗਟ ਸਿੰਘ ਜੰਡਿਆਲਾ ਗੁਰੂ
Comments (0)