ਕਿੰਝ ਪੈਦਾ ਕਰੀਏ ਬੱਚਿਆਂ ਅੰਦਰ ਗੁਰਬਾਣੀ ਪ੍ਰਤੀ ਸਨੇਹ 

ਕਿੰਝ ਪੈਦਾ ਕਰੀਏ ਬੱਚਿਆਂ ਅੰਦਰ ਗੁਰਬਾਣੀ ਪ੍ਰਤੀ ਸਨੇਹ 

ਕੌਮ ਪ੍ਰਤੀ ਜਿੰਮੇਵਾਰੀ ਨੂੰ ਸਮਝਦੇ ਹੋਏ, ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣ

ਪਿਛਲੇ ਦਿਨਾਂ ਵਿੱਚ" ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਦੀ ਲੋੜ " ਸਿਰਲੇਖ ਹੇਠ ਛਪੇ ਲੇਖ ਨੂੰ ਪੜ੍ਹਣ ਉਪਰੰਤ ਪਾਠਕਾਂ ਦੇ ਬਹੁਤ ਸਾਰੇ ਸੁਨੇਹੇ ਵੱਖਰੇ ਵੱਖਰੇ ਵਿਚਾਰ ਸੁਣਨ ਨੂੰ ਮਿਲੇ। ਜਿਸ ਵਿੱਚ ਵੱਧ ਵਿਚਾਰ ਅਤੇ ਸਵਾਲ ਇਹ ਸੀ ਕਿ ਅੱਜ ਦੇ ਬੱਚਿਆਂ ਵਿੱਚ ਗੁਰਬਾਣੀ ਪ੍ਰਤੀ ਸਨੇਹ ਪੈਦਾ ਕਿਵੇਂ ਕੀਤਾ ਜਾਵੇ? ਅੱਜ ਦਾ ਯੁੱਗ ਬਹੁਤ ਅਗਾਂਹ ਵਧੂ ਯੁੱਗ ਹੈ। ਹਰ ਖੇਤਰ ਵਿੱਚ ਤਰੱਕੀ ਹੋ ਰਹੀ ਹੈ ਪ੍ਰੰਤੂ ਅਫ਼ਸੋਸ ਇਹ ਹੈ ਕਿ ਅਸੀਂ ਅਗਾਂਹ ਵਧੂ ਸੋਚ ਦੇ ਗਲਤ ਅਰਥ ਸਮਝ ਬੈਠੇ ਹਾਂ। ਅੱਜ ਸਾਡੇ ਲਈ ਅਗਾਂਹ ਵਧੂ ਸੋਚ ਦੀ ਨਿਸ਼ਾਨੀ ਪਹਿਰਾਵੇ ਵਿੱਚ ਪੱਛਮੀ ਸੱਭਿਅਤਾ ਝਲਕਦੀ ਹੋਵੇ, ਵਾਧੂ ਦੀਆਂ ਕਾਸਮੈਟਿਕ ਵਸਤੂਆਂ ਨਾਲ ਸ਼ਿੰਗਾਰਿਆ  ਮੁੱਖ, ਅੰਗਰੇਜ਼ੀ ਭਾਸ਼ਾ ਦੀ ਵਧੇਰੇ ਵਰਤੋ, ਟਿਕਟਾਕ ਤੇ ਹੋਰ ਸ਼ੋਸ਼ਲ ਮੀਡੀਆ ਐਪਸ ਦੇ ਜ਼ਰੀਏ ਬੇਤੁਕੀਆਂ ਗੱਲਾਂ ਉੱਤੇ ਹੱਸਣਾ ਅਤੇ ਵੀਡੀਓ ਬਣਾਉਣਾ ਆਦਿ ਹਨ  । ਇਸੇ  ਸੋਚ ਦੇ ਚੱਲਦਿਆਂ ਅਸੀਂ ਅਧਿਆਤਮਕ ਪੱਖ ਤੋਂ ਬੁਰੀ ਤਰ੍ਹਾਂ ਖੋਖਲੇ ਹੁੰਦੇ ਜਾ ਰਹੇ ਹਾਂ। ਆਪਣੇ ਇਤਹਾਸ ਤੋਂ ਕੋਹਾਂ ਦੂਰ ਆਈ ਜਾ ਰਹੇ ਹਾਂ ਅਤੇ ਗੁਰਬਾਣੀ ਦੇ ਉਪਦੇਸ਼ ਤੋਂ ਪਾਸਾ ਵੱਟ ਰਹੇ ਹਾਂ। ਜੇਕਰ ਮੈਂ ਗਲਤ ਨਾ ਹੋਵਾਂ ਤਾਂ ੧੦੦ ਬੱਚੇ ਪਿੱਛੇ ਜੇਕਰ ਅਸੀਂ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੁੜੇ ਬੱਚਿਆਂ ਦੀ ਪਛਾਣ ਕਰਨੀ ਹੋਵੇ ਤਾਂ ਬਹੁਤ ਜੱਦੋ ਜਹਿਦ ਪਿਛੋਂ ਕੇਵਲ ੧੦ ਤੋਂ ੧੫ ਬੱਚੇ ਮਿਲਣਗੇ। ਹੁਣ ਪਾਠਕਾਂ ਦੇ ਸਵਾਲਾਂ ਦੇ ਅਨੁਸਾਰ ਅਜਿਹੇ ਕਿਹੜੇ ਉਪਰਾਲੇ ਕੀਤੇ ਜਾਣ ਜਿਸ ਨਾਲ ਬੱਚਿਆਂ ਅੰਦਰ ਗੁਰਬਾਣੀ ਪ੍ਰਤੀ ਸਨੇਹ ਪੈਦਾ ਕੀਤਾ ਜਾ ਸਕੇ। ਸਭ ਤੋਂ ਪਹਿਲਾਂ ਤਾਂ ਹਰ ਘਰ ਦਾ ਮਾਹੌਲ ਅਜਿਹਾ ਹੋਣਾ ਚਾਹੀਦਾ ਹੈ ਕਿ ਉਸ ਘਰ ਦੇ ਵੱਡੇ ਖੁਦ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਣ। ਸ਼ਾਮ ਨੂੰ ਵੀ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੋਵੇ । ਘਰ ਵਿੱਚ ਬਜ਼ੁਰਗਾਂ ਦੁਆਰਾ ਬੱਚਿਆਂ ਨੂੰ ਇਤਹਾਸ ਵਿਚੋਂ ਸਾਖੀਆਂ ਸੁਣਾਈਆਂ ਜਾਣ। ਬੱਚਿਆਂ ਨੂੰ ਅੰਮ੍ਰਿਤ ਵੇਲੇ ਅਤੇ ਗੁਰਬਾਣੀ ਦੀ ਮਹਾਨਤਾ ਤੋਂ ਜਾਣੂ ਕਰਵਾਇਆ ਜਾਵੇ। ਇੱਥੇ ਇੱਕ ਗੱਲ ਬਹੁਤ ਧਿਆਨ ਦੇਣ ਯੋਗ ਹੈ ਕਿ ਬੱਚਿਆਂ ਨੂੰ ਕੱਟੜਤਾ ਦੇ ਨਾਮ ਤੇ ਡਰਾਇਆ ਨਾ ਜਾਵੇ। ਗੁਸਤਾਖੀ ਮੁਆਫ਼ ਪਰ ਮੈ ਕਈ ਕਥਾਵਾਚਕਾਂ ਨੂੰ ਜਾਂ ਬੁਲਾਰਿਆਂ ਨੂੰ ਆਪਣੇ ਬੋਲਾਂ ਦੇ ਰਾਹੀਂ ਪ੍ਰਮਾਤਮਾ ਪ੍ਰਤੀ ਸਨੇਹ ਪੈਦਾ ਕਰਨ ਦੀ ਬਜਾਇ ਇੱਕ ਅਜੀਬ ਡਰ ਪੈਦਾ ਕਰਦਿਆਂ ਸੁਣਿਆ ਹੈ। ਪ੍ਰਮਾਤਮਾ ਦਾ ਨਿਰਮਲ ਭਾਓ ਹੋਣਾ ਜਰੂਰੀ ਹੈ, ਪ੍ਰੰਤੂ ਉਹ ਕਿਸੇ ਨੂੰ ਡਰਾਉਂਦਾ ਨਹੀਂ ਹੈ। ਅਜਿਹੀਆਂ ਗੱਲਾਂ ਦੇ ਚੱਲਦੇ ਬਹੁਤ ਸਾਰੇ ਬੱਚੇ ਅਧਿਆਤਮਕ ਪੱਖ ਤੋਂ ਪੱਛੜੇ ਹੀ ਰਹਿ ਜਾਂਦੇ ਹਨ। ਸੋ ਇਸ ਗੱਲ ਦਾ ਬਹੁਤ ਖਾਸ ਧਿਆਨ ਰੱਖਿਆ ਜਾਵੇ ਕਿ ਸਾਡਾ ਸਭ ਤੋਂ ਪਹਿਲਾ ਯਤਨ ਬੱਚਿਆਂ ਵਿੱਚ ਗੁਰਬਾਣੀ ਪ੍ਰਤੀ ਸਨੇਹ ਪੈਦਾ ਕਰਨਾ ਹੈ ਨਾ ਕਿ ਬੱਚਿਆਂ ਨੂੰ ਡਰਾਉਣਾ  ਜਾਂ ਕੱਟੜ ਬਣਾਉਣਾ। 

ਦੂਸਰਾ ਹੀਲਾ ਇਹ ਹੋ ਸਕਦਾ ਹੈ ਕਿ ਜਿਸ ਵੀ ਸਕੂਲ ਵਿੱਚ ਤੁਸੀਂ ਆਪਣੇ ਬੱਚੇ ਨੂੰ ਪੜ੍ਹਨ ਲਈ ਭੇਜ ਰਹੇ ਹੋ, ਯਕੀਨੀ ਬਣਾਓ ਕਿ ਉਸ ਸਕੂਲ ਵਿੱਚ ਧਾਰਮਿਕ ਸਿੱਖਿਆ ਦਾ ਇੱਕ ਲਾਜ਼ਮੀ ਵਿਸ਼ਾ ਹੋਵੇ। ਜੇਕਰ ਸਕੂਲ ਵਿੱਚ ਵਿਸ਼ਾ ਨਹੀਂ ਹੈ ਤਾਂ ਧਾਰਮਿਕ ਸਿੱਖਿਆ ਦੇ ਵਿਸ਼ੇ ਨੂੰ ਪੜਾਉਣ ਦੀ ਮੰਗ ਕੀਤੀ ਜਾਵੇ। ਇਸ ਤੋਂ ਇਲਾਵਾ ਸਕੂਲਾਂ ਵਿੱਚ ਜਿੱਥੇ ਹੋਰ ਸੱਭਿਆਚਾਰਕ ਗਤੀਵਿਧੀਆਂ ਹੁੰਦੀਆਂ ਹਨ ਉੱਥੇ ਗੁਰਮਤਿ ਨਾਲ ਸੰਬੰਧਿਤ ਪ੍ਰੋਗਰਾਮ ਉਲੀਕੇ ਜਾਣ, ਗੁਰਬਾਣੀ ਕੰਠ ਅਤੇ ਇਤਹਾਸ ਨਾਲ ਸੰਬੰਧਿਤ ਹੋਰ ਗੁਰਮਤਿ ਮੁਕਾਬਲੇ ਕਰਵਾਏ ਜਾਣ। ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਇਸ ਗੱਲ ਵੱਲ ਗੌਰ ਫਰਮਾਈਏ ਤਾਂ ਇਹ ਸਭ ਤੋਂ ਅਸਾਨ ਅਤੇ ਪ੍ਰਭਾਵਪੂਰਵਕ ਤਰੀਕਾ ਹੋਵੇਗਾ, ਬੱਚਿਆਂ ਨੂੰ ਸਿੱਖ ਇਤਹਾਸ ਨਾਲ ਜੋੜਨ ਦਾ। 

ਤੀਸਰਾ ਪੱਖ ਇਹ ਰੱਖਣਾ ਚਾਹਾਂਗੀ ਕਿ ਜਦੋਂ ਪਰਿਵਾਰ ਸਮੇਤ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹੋ ਤਾਂ ਉਸ ਸਮੇਂ ਕੇਵਲ ਸੈਲਫੀਆਂ  ਜਾਂ ਫੋਟੋਆਂ ਖਿੱਚਣ ਵੱਲ ਹੀ ਨਾ ਕੇਂਦਰਿਤ ਰਹੀਏ, ਉਸ ਸਮੇਂ ਬੱਚਿਆਂ ਨੂੰ ਉਸ ਗੁਰਧਾਮ ਦੀ ਇਤਹਾਸਿਕ ਜਾਣਕਾਰੀ ਵੀ ਦਿੱਤੀ ਜਾਵੇ । ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਗੁਰਧਾਮਾਂ ਨੂੰ ਵੀ ਇੱਕ ਪਿਕਨਿਕ ਸਪਾੱਟ ਬਣਾ ਦਿੱਤਾ ਹੈ । ਮਾਪਿਆਂ ਨੂੰ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੈ। ਬੱਚਿਆਂ ਵਿੱਚ ਗੁਰਬਾਣੀ ਪ੍ਰਤੀ ਸਨੇਹ ਪੈਦਾ ਕਰਨ ਲਈ ਬੱਚਿਆਂ ਨੂੰ ਸਮੇਂ ਸਮੇਂ ਤੇ ਛੋਟੇ ਮੋਟੇ ਤੋਹਫੇ ਵੀ ਦਿੱਤੇ ਜਾ ਸਕਦੇ ਹਨ, ਬੱਚਿਆਂ ਦੀ ਹੌਸਲਾ ਅਫਜਾਈ ਲਈ ਉਹਨਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਹੱਲਾਸ਼ੇਰੀ ਦਿੰਦੇ ਰਹੋ, ਬੱਚਿਆਂ ਦੇ ਮਨ ਬਹੁਤ ਕੋਮਲ ਹੁੰਦੇ ਹਨ ਮਾਪਿਆਂ ਦੁਆਰਾ ਕੀਤੀ ਰਤਾ ਜਿੰਨੀ ਤਾਰੀਫ਼ ਬੱਚੇ ਦੀ ਹੌਸਲਾ ਅਫਜਾਈ ਕਰਦੀ ਹੈਂ ਅਤੇ ਉਸਨੂੰ ਅਹਿਸਾਸ ਕਰਵਾਉਂਦੀ ਹੈ ਕਿ ਉਹ ਕਿਸੇ ਚੰਗੇ ਰਸਤੇ ਤੇ ਜਾ ਰਹੇ ਹਨ। ਇਹ ਕੁਝ ਬਹੁਤ ਹੀ ਨਿੱਕੇ ਨਿੱਕੇ ਉਪਰਾਲੇ ਹਨ, ਜਿੰਨਾ ਦੀ ਮਦਦ ਨਾਲ ਅਸੀਂ ਬੱਚਿਆਂ ਨੂੰ ਬਹੁਤ ਵੱਡੇ ਪੱਧਰ ਤੇ ਗੁਰਮਤਿ ਨਾਲ ਜੋੜ ਸਕਦੇ ਹਾਂ। ਇਹ ਹਰ ਮਾਪੇ ਦਾ ਫਰਜ਼ ਹੈ ਕਿ ਉਹ ਆਪਣੀ ਕੌਮ ਪ੍ਰਤੀ ਜਿੰਮੇਵਾਰੀ ਨੂੰ ਸਮਝਦੇ ਹੋਏ, ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣ ਦੇ ਵੱਖਰੇ ਵੱਖਰੇ ਹੀਲੇ ਕਰਨ। ਅੱਜ ਦੇ ਬੱਚੇ ਸਾਡੀ  ਕੌਮ  ਦਾ ਭਵਿੱਖ ਹਨ। ਜੇਕਰ ਅੱਜ ਅਸੀਂ ਇਸਨੂੰ ਅਵੇਸਲੇ ਹੋ ਨਾ ਸਾਂਭ ਸਕੇ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੀ ਕੌਮ ਦੇ ਕਰਜ਼ਦਾਰ ਹੋਵਾਂਗੇ। 

ਮਾਪਿਆਂ, ਅਧਿਆਪਕਾਂ ਤੇ ਧਰਮ ਪ੍ਰਚਾਰਕਾਂ ਨੂੰ ਮਿਲ ਕੇ ਹੰਭਲਾ ਮਾਰ ਆਪਣੀ ਅਗਲੇਰੀ ਪੀੜੀ ਸਾਂਭਣ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਸਮਾਜ ਅਤੇ ਕੌਮ ਨੂੰ ਸਮਝਦਾਰ ਤੇ ਸੁਲਝੇ ਹੋਏ ਵਾਰਿਸ ਮਿਲ ਸਕਣ। 

ਹਰਕੀਰਤ ਕੌਰ

9779118066