ਵੈਨਕੂਵਰ ਦੇ ਬੇਰੀ ਵਾਲਾ ਫਾਰਮ

ਵੈਨਕੂਵਰ ਦੇ ਬੇਰੀ ਵਾਲਾ ਫਾਰਮ

ਗੁਰਮੀਤ ਬਰਾੜ

ਆਪਣੀ ਕੈਨੇਡਾ ਫੇਰੀ ਦੌਰਾਨ ਜਦੋਂ ਮੈਂ ਆਪਣੇ ਮਿੱਤਰਾਂ ਕੋਲੋਂ ਵਿਨੀਪੈੱਗ ਤੋਂ ਵਿਦਾਇਗੀ ਲੈ ਕੇ ਚੱਲਣ ਲੱਗਿਆਂ ਤਾਂ ਇਕ ਮਿੱਤਰ ਨੇ ਕਿਹਾ ਕਿ ਵੈਨਕੂਵਰ ਵਾਲੀ ਸਾਈਡ ਚੱਲੇ ਹੋ ਤਾਂ ਉੱਥੋਂ ਦੇ ਬੇਰੀ ਫਾਰਮ ਦੇਖਣੇ ਨਾ ਭੁੱਲਿਓ। ਇਕ ਮਿੱਤਰ ਨੇ ਤਾਂ ਇਹ ਵੀ ਤਾਕੀਦ ਕੀਤੀ ਕਿ ਜੇ ਹੋ ਸਕਿਆ ਤਾਂ ਪੂਰਾ ਇਕ ਦਿਨ ਬੇਰੀ ਦੇ ਫਾਰਮਾਂ ਵਿਚ ਹੀ ਬਤੀਤ ਕਰਿਓ। ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਕੋਲ ਐਬਟਸਫੋਰਡ ਪਹੁੰਚਿਆ ਤਾਂ ਉਨ੍ਹਾਂ ਕੋਲ ਅਗਲੇ ਦਿਨ ਹੀ ਬੇਰੀ ਦੇ ਫਾਰਮ ਦੇਖਣ ਦੀ ਇੱਛਾ ਪ੍ਰਗਟਾਈ। ਵੈਸੇ ਵੀ ਉਨ੍ਹੀਂ ਦਿਨੀਂ ਵੈਨਕੂਵਰ, ਸਰੀ, ਐਬਟਸਫੋਰਡ, ਰਿਚਮੰਡ, ਡੈਲਟਾ, ਐਲਡਗਰੋਅ ਅਤੇ ਮਿਸ਼ਨ ਵਾਲੀ ਸਾਈਡ ਬੇਰੀ ਦੀ ਫ਼ਸਲ ਦੀ ਤੁੜਾਈ ਜੋਬਨ 'ਤੇ ਸੀ। ਇਸ ਪਾਸੇ ਵੱਲ ਬੇਰੀ ਦੇ ਬਹੁਗਿਣਤੀ ਫਾਰਮ ਪੰਜਾਬੀਆਂ ਦੇ ਹੀ ਹਨ ਅਤੇ ਇੱਥੇ ਕੰਮ ਕਰਨ ਵਾਲੇ ਵੀ ਬਹੁਤੇ ਪੰਜਾਬੀ ਹੀ ਹਨ। ਮੇਰੇ ਰਿਸ਼ਤੇਦਾਰ ਨੇ ਇਕ ਸ਼ਾਮ ਨੂੰ ਮੈਨੂੰ ਕਿਹਾ ਕਿ, 'ਭਾਜੀ! ਕੱਲ੍ਹ ਸਵੇਰੇ 6 ਵਜੇ ਹੀ ਤਿਆਰ ਹੋ ਜਾਇਓ, ਮੈਂ ਤੁਹਾਨੂੰ ਮੇਰੇ ਦੋਸਤ ਦੇ ਫਾਰਮ 'ਤੇ ਲਿਜਾਣਾ ਹੈ।' ਅਗਲੇ ਦਿਨ ਅਸੀਂ ਸਵੇਰੇ ਹੀ ਵੈਨਕੂਵਰ ਦੇ ਨੇੜਲੇ ਇਕ ਬੇਰੀ ਫਾਰਮ ਵਿਚ ਪਹੁੰਚ ਗਏ। ਜਾਮਣੀ ਰੰਗ ਦੀ ਬੇਰੀ ਦੀ ਫਸਲ ਨਾਲ ਇਹ 6 ਕੁ ਏਕੜ ਦਾ ਫਾਰਮ ਲੱਦਿਆ ਪਿਆ ਸੀ ਅਤੇ ਇੱਥੇ ਹਾਲੇ ਪਹਿਲੀ ਤੁੜਾਈ ਹੀ ਚੱਲ ਰਹੀ ਸੀ। ਮੇਰੇ ਖੜ੍ਹਿਆਂ-ਖੜ੍ਹਿਆਂ ਹੀ ਦੋ ਕਾਰਾਂ ਆ ਕੇ ਰੁਕੀਆਂ ਜਿਨ੍ਹਾਂ ਵਿਚੋਂ 10-12 ਬੰਦੇ-ਬੁੜ੍ਹੀਆਂ ਬਾਹਰ ਨਿਕਲੇ। ਇਹ ਸਾਰੇ ਹੀ 50 ਸਾਲ ਤੋਂ ਉੱਪਰ ਦੀ ਉਮਰ ਵਾਲੇ ਸਨ। ਲਗਭਗ 65 ਕੁ ਸਾਲ ਦੀ ਉਮਰ ਦੇ ਇਕ ਬਾਬੇ ਨੇ ਕਾਰ ਵਿਚੋਂ ਉੱਤਰਦਿਆਂ ਹੀ ਔਰਤਾਂ ਵੱਲ ਨਜ਼ਰ ਘੁਮਾਉਂਦਿਆਂ ਦੂਜੇ ਨੂੰ ਕਿਹਾ ਕਿ, 'ਅਹੁ ਤਾਂ ਅੱਜ ਨਵੀਂ ਆਈ ਲਗਦੀ ਹੈ।' ਦੂਜਾ ਬਾਬਾ ਤੁਰੰਤ ਬੋਲਿਆ, 'ਲਗਦੀ ਤਾਂ ਨਵੀਂ ਹੈ। ਤਾਂ ਹੀ ਪੰਜਾਬੀ ਸੂਟ ਪਾਇਆ। ਚਲੋ ਚਾਰ-ਪੰਜ ਦਿਨ ਤੋੜਨ ਦੇ ਬੇਰੀ, ਫੇਰ ਵੇਖੀਂ ਕਿਵੇਂ ਪੈਂਟ ਪਾ ਕੇ ਆਇਆ ਕਰੂ।' ਗੱਲਾਂ ਸੁਣਦਾ-ਸੁਣਦਾ ਮੈਂ ਵੀ ਬਾਬਿਆਂ ਦੇ ਨੇੜੇ ਹੋ ਗਿਆ। ਉਹ ਮੈਨੂੰ ਵੀ ਪੁੱਛਣ ਲੱਗੇ ਕਿ, 'ਪੁੱਤ ਤੂੰ ਵੀ ਨਵਾਂ ਹੀ ਦਿਹਾੜੀ ਆਇਆ ਲੱਗਦੈਂ।' ਮੈਂ ਝੂਠ ਵਿਚ ਹੀ ਸਿਰ ਹਿਲਾ ਦਿੱਤਾ ਤਾਂ ਇਕ ਹੋਰ ਬਾਬਾ ਬੋਲਿਆ, 'ਫੇਰ ਦੇਖਦਾ ਕੀ ਐਂ, ਚੱਕ ਕੇ ਲਿਆ ਫਰੇਟ ਅਤੇ ਬਾਲਟੀ ਤੇ ਚਲਾ ਕੰਮ।' ਮੈਂ ਵੀ ਇਕ ਛੋਟੀ ਬਾਲਟੀ ਚੁੱਕੀ ਅਤੇ ਉਸ ਵਿਚ ਬੇਰੀ ਤੋੜਨੀ ਸ਼ੁਰੂ ਕਰ ਦਿੱਤੀ। ਮੇਰਾ ਅਸਲ ਮਕਸਦ ਤਾਂ ਬਾਬਿਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਘਰੇਲੂ ਹਾਲਾਤ ਜਾਣਨ ਦਾ ਹੀ ਸੀ। ਕੁਝ ਬਾਬਿਆਂ ਨਾਲ ਜਦੋਂ ਉਨ੍ਹਾਂ ਦੀ ਦਿਹਾੜੀ ਅਤੇ ਘਰੇਲੂ ਹਾਲਤਾਂ ਬਾਰੇ ਗੱਲ ਕੀਤੀ ਤਾਂ ਉਹ ਸਾਰੇ ਹੀ ਸੂੂਤ ਦੀ ਅੱਟੀ ਵਾਂਗੂੰ ਉੱਧੜਨ ਲੱਗ ਪਏ। ਕਹਿਣ ਲੱਗੇ, 'ਪੁੱਤ ਕਾਹਦੀਆਂ ਕਮਾਈਆਂ।' ਇੰਡੀਆ ਤੋਂ ਪੁੱਤ ਨੇ ਸੁਪਰ ਵੀਜ਼ੇ 'ਤੇ ਸੱਦਿਆ ਹੈ। ਇੱਥੇ ਸੁਪਰ ਵੀਜ਼ੇ ਵਾਲਿਆਂ ਨੂੰ ਕੋਈ ਪੁੱਛਦਾ ਨਹੀਂ। ਇਲਾਜ ਮਹਿੰਗਾ ਹੈ। ਇਕ ਬਜ਼ੁਰਗ ਦੱਸਣ ਲੱਗ ਪਿਆ ਕਿ ਉਸ ਦੇ ਗੁਰਦੇ ਵਿਚ ਪੱਥਰੀਆਂ ਹਨ। ਦੋ ਮਹੀਨਿਆਂ ਦੀ ਉਡੀਕ ਮਗਰੋਂ ਸਕੈਨ ਕਰਵਾਈ। ਸਕੈਨ ਵਾਲੇ ਨੇ 400 ਡਾਲੇ (ਡਾਲਰ) ਫੀਸ ਲੈ ਲਈ ਅਤੇ ਆਪ੍ਰੇਸ਼ਨ ਦਾ ਖਰਚਾ ਹਜ਼ਾਰਾਂ ਵਿਚ ਦੱਸਿਆ। ਪੁੱਤ-ਨੂੰਹ ਸਟੋਰ 'ਤੇ ਕੰਮ ਕਰਨ ਜਾਂਦੇ ਹਨ। ਦਰਦ ਦੀ ਦਵਾਈ ਏਥੇ ਡਾਕਟਰ ਦੀ ਪਰਚੀ ਬਗੈਰ ਮਿਲਦੀ ਨਹੀਂ। ਇਕ-ਦੋ ਵਾਰੀ ਦਰਦ ਉੱਠਿਆ ਤਾਂ ਬੱਸ ਸੌਂਫ-ਜਵੈਣ ਦੀ ਫੱਕੀ ਖਾ ਕੇ ਟਾਈਮ ਪਾਸ ਕਰ ਲਿਆ। ਆਹ ਬੇਰੀ ਤੋੜ ਕੇ ਰੋਜ਼ਾਨਾ ਦੇ 50-60 ਡਾਲੇ ਕਮਾ ਕੇ ਘਰੇ ਪੁੱਤ ਦੇ ਹੱਥ 'ਤੇ ਧਰ ਦਿੰਦਾ ਹਾਂ। ਡਰ ਲਗਦਾ ਕਿਤੇ ਨੂੰਹ ਵੀ ਨਾ ਪੁੱਤ ਦੇ ਕੰਨ ਭਰਦੇ ਕਿ ਬੁੜ੍ਹਾ ਤਾਂ ਪੈਸੇ ਦਾ ਹੀ ਖੌਅ ਐ, ਕੀ ਕਰਾਉਣਾ ਇਹਤੋਂ। ਇਹ ਗੱਲਾਂ ਕਰਦਿਆਂ-ਕਰਦਿਆਂ ਬਾਬੇ ਦੀਆਂ ਅੱਖਾਂ ਭਰ ਆਈਆਂ। ਮੈਂ ਵੀ ਇਨ੍ਹਾਂ ਬਾਬਿਆਂ ਦੀ ਲਾਈਨ ਛੱਡ ਕੇ ਦੂਜੇ ਪਾਸੇ ਬੀਬੀਆਂ ਵੱਲ ਨੂੰ ਅਹੁਲ ਪਿਆ ਤੇ ਜਾ ਬੁਲਾਈ ਫ਼ਤਹਿ। ਇਕ ਬੇਬੇ ਨੇ ਪੁੱਛਿਆ ਕਿ 'ਭਾਈ ਕਾਕਾ! ਤੂੰ ਤਾਂ ਅੱਜ ਨਵਾਂ ਈ ਆਇਆ ਲਗਦੈਂ' ਤਾਂ ਮੈਂ 'ਹਾਂ' ਵਿਚ ਸਿਰ ਹਿਲਾ ਦਿੱਤਾ। ਵਡੇਰੀ ਉਮਰ ਦੀਆਂ ਇਨ੍ਹਾਂ ਮਾਈਆਂ ਨੇ ਦੱਸਿਆ ਕਿ ਉਨ੍ਹਾਂ ਵਿਚੋਂ ਕਈ ਜਣੀਆਂ ਅੱਧਾ ਦਿਨ ਹੀ ਬੇਰੀ ਤੋੜਦੀਆਂ ਹਨ ਅਤੇ ਫਿਰ ਘਰੇ ਚਲੀਆਂ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਨੂੰਹਾਂ ਨੇ ਬਾਅਦ ਦੁਪਹਿਰ ਕੰਮ 'ਤੇ ਜਾਣਾ ਹੁੰਦਾ ਹੈ।

ਇਹ ਗੱਲਾਂ ਕਰਦਿਆਂ-ਕਰਦਿਆਂ ਹੀ ਮੇਰੇ ਰਿਸ਼ਤੇਦਾਰ ਨੇ ਮੈਨੂੰ ਦੂਰੋਂ ਆਵਾਜ਼ ਮਾਰੀ ਕਿ ਭਾਜੀ ਆਜੋ। ਮੈਂ ਓਧਰ ਵੱਲ ਨੂੰ ਤੁਰ ਪਿਆ ਕਿਉਂਕਿ ਇਸੇ ਫਾਰਮ ਦੇ ਵਿਚ ਹੀ ਫਾਰਮ ਦੇ ਮਾਲਕ ਦਾ ਘਰ ਵੀ ਸੀ ਅਤੇ ਉਹ ਦੋਵੇਂ ਜਣੇ ਮੈਨੂੰ ਲੈਣ ਵਾਸਤੇ ਆਏ ਹੋਏ ਸਨ। ਫਾਰਮ ਦੇ ਮਾਲਕ ਸੁੱਖੀ ਦੇ ਡਰਾਇੰਗ ਰੂਮ ਵਿਚ ਚਾਹ ਪੀਂਦਿਆਂ ਮੈਂ ਉਨ੍ਹਾਂ ਤੋਂ ਇਸ ਧੰਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਬੇਰੀ ਦੀ ਸਾਲ ਵਿਚ ਸਿਰਫ ਇਕ ਵਾਰੀ ਹੀ ਤੁੜਾਈ ਹੁੰਦੀ ਹੈ। ਇਹ ਤੁੜਾਈ ਜੁਲਾਈ ਤੋਂ ਅਗਸਤ ਤੱਕ ਚਲਦੀ ਹੈ। ਬੇਰੀ ਨੂੰ ਪੰਜਾਬ ਦੇ ਨਰਮੇ ਵਾਂਗ ਤੁਲਾਈ 'ਤੇ ਤੋੜਿਆ ਜਾਂਦਾ ਹੈ। ਇਕ ਪੌੌਂਡ ਬੇਰੀ ਦੀ ਤੁੜਾਈ 50 ਤੋਂ 60 ਸੈਂਟ ਦਿੱਤੀ ਜਾਂਦੀ ਹੈ। ਲੇਬਰ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਇਨ੍ਹਾਂ ਫਾਰਮਾਂ ਵਿਚ ਕੰਮ ਕਰਨ ਵਾਲੇ ਲਗਭਗ ਸਾਰੇ ਹੀ ਪੰਜਾਬੀ ਕਾਮੇ ਆਉਂਦੇ ਹਨ। ਸਵੇਰ ਵੇਲੇ ਕਾਮਿਆਂ ਨੂੰ ਘਰਾਂ ਤੋਂ ਚੁੱਕ ਲਿਆਈਦਾ ਹੈ ਤੇ ਸ਼ਾਮ ਨੂੰ ਘਰੇ ਛੱਡ ਆਈਦਾ। ਜੇਕਰ ਕਿਸੇ ਨੇ ਦੁਪਹਿਰ ਵੇਲੇ ਜਾਣਾ ਹੋਵੇ ਤਾਂ ਉਹ ਆਪਣੇ-ਆਪ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕੈਨੇਡਾ ਦੇ ਟੋਰਾਂਟੋ, ਬਰੈੈਂਪਟਨ, ਐਡਮਿੰਟਨ ਅਤੇ ਹੋਰਨਾਂ ਵੀ ਕਈ ਪਾਸਿਆਂ ਤੋਂ ਪੰਜਾਬੀ ਇਸ ਇਲਾਕੇ ਵਿਚ ਸਿਰਫ ਬੇਰੀ ਤੋੜਨ ਹੀ ਆਉਂਦੇ ਹਨ। ਬਹੁਤੇ ਲੋਕ ਤਾਂ ਦੋ ਮਹੀਨੇ ਇੱਥੇ ਹੀ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਜਾਂਦੇ ਹਨ ਅਤੇ ਕਈਆਂ ਨੂੰ ਬੇਰੀ ਫਾਰਮਾਂ ਵਾਲੇ ਮੁਫ਼ਤ ਰਿਹਾਇਸ਼ ਵੀ ਮੁਹੱਈਆ ਕਰਵਾ ਦਿੰਦੇ ਹਨ।

ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਕੰਮ ਕਰਨ ਵਾਲੇ ਕਈ ਕਾਮੇ ਤਾਂ ਦਿਹਾੜੀ ਵਿਚ 200 ਡਾਲਰ ਤੱਕ ਵੀ ਬੇਰੀ ਤੋੜ ਦਿੰਦੇ ਹਨ। ਬੇਰੀ ਦਾ ਮਿਹਨਤਾਨਾ ਉਹ ਚੈੱਕ ਜਾਂ ਨਗਦ, ਦੋਵੇਂ ਤਰ੍ਹਾਂ ਹੀ ਕਰ ਦਿੰਦੇ ਹਨ। ਬਜ਼ੁਰਗਾਂ ਵਾਸਤੇ ਬੇਰੀ ਤੋੜਨਾ ਇਕ ਮਨੋਰੰਜਨ ਦਾ ਸਾਧਨ ਵੀ ਹੈ ਅਤੇ ਉਹ ਇੱਥੇ ਆ ਕੇ ਆਪਣੇ ਮਨ ਦਾ ਬੋਝ ਵੀ ਹਲਕਾ ਕਰ ਜਾਂਦੇ ਹਨ। ਬਿਨਾਂ ਸ਼ੱਕ ਬੇਰੀ ਕਲਚਰ ਮੈਨੂੰ ਵੀ ਬੜਾ ਵਧੀਆ ਲੱਗਿਆ ਕਿਉਂਕਿ ਇਥੇ ਕੋਈ ਵੀ ਤੰਗੀ ਮਹਿਸੂਸ ਨਹੀਂ ਕਰਦਾ। ਫਾਰਮਾਂ ਵਾਲੇ ਦਿਨ ਵੇਲੇ ਜੂਸ ਅਤੇ ਚਾਹ ਵੀ ਪਿਆਉਂਦੇ ਹਨ। ਕਈ ਵੱਡੇ ਫਾਰਮਾਂ ਵਾਲੇ ਤਾਂ ਸ਼ਾਮ ਨੂੰ ਬਾਬਿਆਂ ਦਾ ਮੂੰਹ ਕੌੜਾ ਵੀ ਮੁਫ਼ਤ ਵਿਚ ਹੀ ਕਰਵਾਉਂਦੇ ਹਨ। ਇਹ ਬੇਰੀ ਫਾਰਮ ਕੈਨੇਡਾ ਵਿਚ ਇਕ ਵੱਖਰੀ ਤਰ੍ਹਾਂ ਦੇ ਕਲਚਰ ਦੀ ਸਿਰਜਣਾ ਕਰ ਰਹੇ ਹਨ ਅਤੇ ਸਾਲ ਦੇ 10 ਮਹੀਨੇ ਘਰਾਂ ਵਿਚ ਰਹਿਣ ਵਾਲੇ ਬੇਬੇ-ਬਾਪੂ ਬੇਰੀ ਤੋੜਨ ਦੇ ਇਨ੍ਹਾਂ ਮਹੀਨਿਆਂ ਨੂੰ ਤੀਆਂ ਵਾਂਗ ਉਡੀਕਦੇ ਰਹਿੰਦੇ ਹਨ।

 

-