ਪੰਥ ਦਾ ਸਰੂਪ ਤੇ ਗੁਰੂ ਗ੍ਰੰਥ ਸਾਹਿਬ ਜੀ
ਪੰਥਕ ਚੇਤਨਾ
ਪੰਥ ਸ਼ਬਦ ਸੰਸਕ੍ਰਿਤ ਦੇ ‘ਪਥ’ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਮਾਰਗ ਜਾਂ ਰਸਤਾ। ਜਿਹੜਾ ਮਾਰਗ ਕਿਸੇ ਮਹਾਨ ਸ਼ਖ਼ਸੀਅਤ ਦੁਆਰਾ ਤਿਆਰ ਕੀਤਾ ਜਾਂਦਾ ਹੈ, ਉਹ ਸਦੀਵੀ ਰੂਪ ਗ੍ਰਹਿਣ ਕਰ ਜਾਂਦਾ ਹੈ। ਇਤਿਹਾਸ ਵਿਚ ਕਈ ਧਾਰਮਿਕ ਸ਼ਖ਼ਸੀਅਤਾਂ ਦੁਆਰਾ ਦਰਸਾਏ ਮਾਰਗ ਨੂੰ ‘ਪੰਥ’ ਕਿਹਾ ਗਿਆ ਹੈ ਜਿਵੇਂ ਕਬੀਰ ਪੰਥ, ਗੋਰਖ ਪੰਥ, ਦਾਦੂ ਪੰਥ, ਤੇਰਾ ਪੰਥ (ਜੈਨ ਧਰਮ) ਆਦਿ। ਗੁਰੂ ਨਾਨਕ ਦੇਵ ਜੀ ਨੇ ਜਿਸ ਪੰਥ ਦੀ ਸਿਰਜਨਾ ਕੀਤੀ ਸੀ ਉਸ ਨੂੰ ਭਾਈ ਗੁਰਦਾਸ ਜੀ ਨੇ ‘ਨਿਰਮਲ ਪੰਥ’ ਦੇ ਰੂਪ ਵਿਚ ਵਿਖਿਆਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੰਥ ਨੂੰ ‘ਖ਼ਾਲਸਾ ਪੰਥ’ ਦੇ ਰੂਪ ਵਿਚ ਪ੍ਰਗਟ ਕਰ ਦਿੱਤਾ ਸੀ ਜਿਹੜਾ ਕਿ ਸਦੀਵੀ ਰੂਪ ਵਿਚ ਦੇਸ਼-ਵਿਦੇਸ਼ ਵਿਚ ਕਾਰਜਸ਼ੀਲ ਹੈ ਅਤੇ ਆਪਣੇ ਪਰਉਪਕਾਰੀ ਕਾਰਜਾਂ ਰਾਹੀਂ ਮਾਨਵਤਾ ਦੀ ਸੇਵਾ ਕਰ ਰਿਹਾ ਹੈ। ਇਸ ਦੇ ਨਾਲ ਹੀ ਖ਼ਾਲਸਾ ਪੰਥ ਦਾ ਰੂਪ ਧਾਰਨ ਕਰਨ ਵਾਲਿਆਂ ਵੱਲੋਂ ਕੋਈ ਨਕਾਰਾਤਮਿਕ ਘਟਨਾ ਸਾਹਮਣੇ ਆਉਂਦੀ ਹੈ ਤਾਂ ਵੀ ਖ਼ਾਲਸਾ ਪੰਥ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਥ ਕਿਸ ਨੂੰ ਕਿਹਾ ਜਾ ਸਕਦਾ ਹੈ? ਜਾਂ ਪੰਥ ਦੀਆਂ ਕਿਹੜੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ ਜਿਹੜੀਆਂ ਇਸਦੇ ਸਰੂਪ ਨੂੰ ਸਪਸ਼ਟ ਕਰਦੀਆਂ ਹਨ?
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਵਰਤੋਂ ‘ਜਪੁ’ ਬਾਣੀ ਤੋਂ ਅਰੰਭ ਹੋ ਜਾਂਦੀ ਹੈ - ਮੰਨੈ ਮਗੁ ਨ ਚਲੈ ਪੰਥੁ॥ ਇਸ ਦਾ ਭਾਵ ਹੈ ਕਿ ਨਾਮ ਮਾਰਗ ਤੇ ਚੱਲਣ ਵਾਲਾ ਕਿਸੇ ਹੋਰ ਰਸਤੇ ਨਹੀਂ ਪੈਂਦਾ। ਗੁਰਬਾਣੀ ਵਿਚ ਹੀ ਭੱਟਾਂ ਨੇ ਇਸ ਸ਼ਬਦ ਦੀ ਵਰਤੋਂ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਸਤਿਸੰਗਤ ਲਈ ਕਰਦੇ ਹੋਏ ਕਿਹਾ - ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਸ ਦ੍ਰਿਸ਼ਟੀ ਤੋਂ ਗੁਰੂ ਨਾਨਕ ਦੇਵ ਜੀ ਦੇ ਪੰਥ ਦੀ ਵਿਸ਼ੇਸ਼ਤਾ ਹੈ ਕਿ ਇਸ ਵਿਚ ਪ੍ਰਭੂ-ਮੁਖੀ ਕਾਰਜ ਕਰਨ ਅਤੇ ਮਨ ਵਿਚ ਨਿਮਰਤਾ ਅਤੇ ਨਿਰਮਲਤਾ ਧਾਰਨ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦਾ ਪੰਥ ਪੂਰਨ ਤੌਰ ‘ਤੇ ਸਚਿਆਰੀ ਅਤੇ ਸਦਾਚਾਰੀ ਸ਼ਖ਼ਸੀਅਤ ਵਾਲੇ ਆਦਰਸ਼ ਮਨੁੱਖਾਂ ਦੀ ਘਾੜਤ ਘੜਨ ‘ਤੇ ਕੇਂਦਰਿਤ ਸੀ। ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਰਾਹੀਂ ਮੀਰੀ-ਪੀਰੀ, ਸੰਤ-ਸਿਪਾਹੀ, ਗੁਰੂ-ਗ੍ਰੰਥ ਅਤੇ ਗੁਰੂ-ਪੰਥ ਦਾ ਸਿਧਾਂਤ ਵਿਕਸਿਤ ਹੋਇਆ ਹੈ। ਗੁਰੂ-ਪੰਥ ਦੀ ਹੋਂਦ ਗੁਰੂ-ਗ੍ਰੰਥ ਤੋਂ ਬਗ਼ੈਰ ਕਿਆਸ ਨਹੀਂ ਕੀਤੀ ਜਾ ਸਕਦੀ। ਪੰਥ ਵਿਚ ਗੁਰੂ ਗ੍ਰੰਥ ਸਾਹਿਬ ਦੀ ਭਾਵਨਾ ਹੀ ਉਸ ਨੂੰ ਸੰਵੇਦਨਸ਼ੀਲ ਅਤੇ ਕ੍ਰਿਆਸ਼ੀਲ ਬਣਾਉਂਦੀ ਹੈ ਜਿਸ ਦੇ ਅਧੀਨ ਉਹ ਪਹਿਲੇ ਪਹਿਰ ਉਠ ਕੇ ਗੁਰਦੁਆਰੇ ਜਾਂਦਾ ਹੈ, ਨਾਮ-ਬਾਣੀ ਦਾ ਅਭਿਆਸ ਕਰਦਾ ਹੈ, ਲੰਗਰ ਅਤੇ ਜੋੜਿਆਂ ਦੀ ਸੇਵਾ ਕਰਦਾ ਹੈ, ਦੂਜਿਆਂ ਦਾ ਦੁੱਖ-ਦਰਦ ਸਮਝਦਾ ਹੋਇਆ ਸੇਵਾ ਅਤੇ ਪਰਉਪਕਾਰ ਦੇ ਕਾਰਜ ਕਰਦਾ ਹੈ, ਗ੍ਰਹਿਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਧਰਮ ਦੀ ਕਿਰਤ ਕਰਦਾ ਹੈ ਅਤੇ ਜਦੋਂ ਲੋੜ ਪਵੇ ਤਾਂ ਸਮਾਜ ਅਤੇ ਸਵੈਮਾਨ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਹੈ। ਜਦੋਂ ਇਹ ਭਾਵਨਾ ਮਨਫ਼ੀ ਹੋ ਜਾਂਦੀ ਹੈ ਤਾਂ ਫਿਰ ਹਉਮੈ ਅਤੇ ਸਵਾਰਥ ਹੀ ਮਨ ਵਿਚ ਬਾਕੀ ਰਹਿ ਜਾਂਦੀ ਹੈ। ਪੰਥ ਨੇ ਹਰ ਦੌਰ ਦੀ ਸਮੱਸਿਆ ਦਾ ਟਾਕਰਾ ਪੂਰਨ ਵਿਸ਼ਵਾਸ, ਦ੍ਰਿੜਤਾ ਅਤੇ ਸਮਰੱਥਾ ਨਾਲ ਕੀਤਾ ਹੈ। ਮੌਜੂਦਾ ਸਮੇਂ ਵਿਚ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਨ ਪਰ ਜਦੋਂ ਉਹਨਾਂ ਨੂੰ ਪੰਥ ਦੀ ਤਰਜਮਾਨੀ ਕਰਨ ਵਾਲੇ ਆਗੂਆਂ ਵਿਚੋਂ ਗੁਰੂ ਵਾਲੀ ਭਾਉ-ਭਾਵਨੀ ਮਨਫ਼ੀ ਨਜ਼ਰ ਆਉਂਦੀ ਹੈ ਤਾਂ ਮਨ ਵਿਚ ਦੁੱਖ ਪ੍ਰਗਟ ਹੁੰਦਾ ਹੈ। ਪੰਥ ਨੂੰ ਢਾਹ ਲਾਉਣ ਵਾਲਿਆਂ ਦੀ ਗਿਣਤੀ ਕਿਸੇ ਵੀ ਦੌਰ ਵਿਚ ਘੱਟ ਨਹੀਂ ਰਹੀ ਪਰ ਗੁਰੂ ਦੇ ਆਸਰੇ ਪੰਥ ਨੇ ਹਰ ਮੁਸ਼ਕਿਲ ਦੌਰ ਵਿਚ ਫ਼ਤਿਹ ਪ੍ਰਾਪਤ ਕੀਤੀ ਹੈ। ਪੰਥ ਨੂੰ ਹਰ ਸਮੇਂ ’ਤੇ ਸਥਾਨ ਦੀਆਂ ਸਮੱਸਿਆਵਾਂ ਦੇ ਮੁਕਾਬਲੇ ਮਜ਼ਬੂਤ ਕਰਨ ਲਈ ਯਤਨ ਹੁੰਦੇ ਰਹੇ ਹਨ ਅਤੇ ਮੌਜੂਦਾ ਸਮੇਂ ਵਿਚ ਇਸ ਦਿਸ਼ਾ ਵਿਚ ਗੰਭੀਰ ਯਤਨ ਕਰਨ ਦੀ ਲੋੜ ਹੈ।
ਪੰਥ ਨੂੰ ਜਦੋਂ ਵੀ ਕਿਸੇ ਸੰਕਟ ਦਾ ਸਾਹਮਣਾ ਕਰਨਾ ਪਿਆ ਤਾਂ ਇਸਨੇ ਦਰਪੇਸ਼ ਸਮਸਿਆਵਾਂ ਵਿਚੋਂ ਬਾਹਰ ਨਿਕਲਣ ਲਈ ਸਮੂਹਿਕ ਯਤਨ ਕੀਤੇ ਹਨ। ਉਨੀਵੀਂ ਸਦੀ ਵਿਚ ਜਦੋਂ ਸਿੱਖ ਗੁਰਮਤਿ ਸਿਧਾਂਤ ਤੋਂ ਤਿਲਕ ਗਏ ਸਨ ਤਾਂ ਸਿੰਘ ਸਭਾ ਲਹਿਰ ਹੋਂਦ ਵਿਚ ਆਈ ਸੀ। ਇਸੇ ਤਰ੍ਹਾਂ ਵੀਹਵੀਂ ਸਦੀ ਵਿਚ ‘ਰਿਆਸਤ’ ਅਖ਼ਬਾਰ ਦੇ ਸੰਪਾਦਕ ਨੇ ਲਿਖਿਆ ਕਿ 75 ਸਾਲ ਬਾਅਦ ਕੋਈ ਵੀ ਕੇਸਾਧਾਰੀ ਨਜ਼ਰ ਨਹੀਂ ਆਵੇਗਾ। ਸਿੱਖਾਂ ਵਿਚ ਪਤਨ ਦੀ ਲਹਿਰ ਨੂੰ ਦੇਖ ਕੇ ਉਕਤ ਅਖ਼ਬਾਰ ਦੀ ਭਵਿੱਖਬਾਣੀ ’ਤੇ ਟਿੱਪਣੀ ਕਰਦੇ ਹੋਏ ਖ਼ੁਸ਼ਵੰਤ ਸਿੰਘ ਨੇ ਕਿਹਾ ਕਿ ਇਹ ਖ਼ਦਸ਼ਾ 50 ਸਾਲ ਵਿਚ ਵੀ ਸੱਚ ਸਾਬਿਤ ਹੋ ਜਾਵੇਗਾ। ਇਹਨਾਂ ਟਿੱਪਣੀਆਂ ਤੋਂ ਚਿੰਤਿਤ ਮਾਸਟਰ ਤਾਰਾ ਸਿੰਘ ਨੇ ਅਜ਼ਾਦੀ ਤੋਂ ਪਹਿਲਾਂ ਸਿੱਖ ਸਟੇਟ ਦੀ ਮੰਗ ਕੀਤੀ ਸੀ ਤਾਂ ਕਿ ਸਿੱਖਾਂ ਵਿਚ ਦਿਨੋ-ਦਿਨ ਵੱਧ ਰਹੇ ਪਤਿਤਪੁਣੇ ਨੂੰ ਰੋਕਿਆ ਜਾ ਸਕੇ। ਮਾਸਟਰ ਜੀ ਸਮਝਦੇ ਸਨ ਕਿ ਇਹ ਪਤਿਤਪੁਣਾ ਬਹੁ-ਗਿਣਤੀਆਂ ਦੇ ਪ੍ਰਭਾਵ ਸਦਕਾ ਹੈ ਅਤੇ ਅਜ਼ਾਦ ਭਾਰਤ ਵਿਚ ਉਹ ਇਹ ਗਲਬਾ ਨਹੀਂ ਝੱਲ ਸਕਣਗੇ। ਇਸ ਸੰਬੰਧੀ ਕਈ ਪੰਜਾਬੀ ਅਖ਼ਬਾਰਾਂ ਦਾ ਇਕ ਪੂਰਾ ਪੰਨਾ ‘ਅਜ਼ਾਦ ਸਿੱਖ ਸਟੇਟ’ ਨੂੰ ਸਮਰਪਿਤ ਹੁੰਦਾ ਸੀ। ਅਖ਼ੀਰ ਮਾਸਟਰ ਤਾਰਾ ਸਿੰਘ ਨੇ ਭਾਰਤੀ ਆਗੂਆਂ ਦੁਆਰਾ ਦਿੱਤੇ ਗਏ ਭਰੋਸੇ ਨੂੰ ਸਵੀਕਾਰ ਕਰਦਿਆਂ ਭਾਰਤ ਨਾਲ ਰਹਿਣ ਦਾ ਫ਼ੈਸਲਾ ਕਰ ਲਿਆ ਸੀ।ਮੌਜੂਦਾ ਸਮੇਂ ਵਿਚ ਵੀ ਸਿੱਖ ਆਪਣੇ ਮੂਲ ਸਿਧਾਂਤਾਂ ਤੋਂ ਦੂਰ ਜਾਂਦੇ ਦਿਖਾਈ ਦੇ ਰਹੇ ਹਨ ਪਰ ਹਾਲ ਦੀ ਘੜ੍ਹੀ ਕੋਈ ਅਜਿਹਾ ਆਗੂ ਨਜ਼ਰ ਨਹੀਂ ਆ ਰਿਹਾ ਜਿਹੜਾ ਸਿੱਖਾਂ ਨੂੰ ਗੁਰੂ-ਪੰਥ ਦੇ ਮਾਰਗ ’ਤੇ ਲਿਆਉਣ ਦੀ ਸਮਰੱਥਾ ਰੱਖਦਾ ਹੋਵੇ। ਇਸ ਦਾ ਵੱਡਾ ਕਾਰਨ ਗੁਰੂ ਪ੍ਰਤੀ ਸ਼ਰਧਾ, ਵਿਸ਼ਵਾਸ ਅਤੇ ਦ੍ਰਿੜਤਾ ਦੀ ਘਾਟ ਦੇਖੀ ਜਾ ਸਕਦੀ ਹੈ ਜਿਹੜੀ ਕਿ ਸਮੇਂ ਦੀ ਘਾਟ, ਧਨ ਦੀ ਬਹੁਤਾਤ ਅਤੇ ਤਨ ਦੀ ਸੇਵਾ ਦੇ ਸਿਧਾਂਤ ਪ੍ਰਤੀ ਦ੍ਰਿੜਤਾ ਕਾਇਮ ਨਾ ਹੋਣ ਕਰਕੇ ਪੈਦਾ ਹੋਈ ਪ੍ਰਤੀਤ ਹੁੰਦੀ ਹੈ। ਗੁਰਮਤਿ ਸਿਧਾਂਤਾਂ ਪ੍ਰਤੀ ਵੱਚਨਬੱਧਤਾ ਦੀ ਘਾਟ ਦੇ ਸਿੱੱਟੇ ਵੱਜੋਂ ਸਿੱਖਾਂ ਵਿਚ ਪਤਿਤਪੁਣਾ ਵੱਧਦਾ ਜਾ ਰਿਹਾ ਹੈ। ਡੇਰੇਦਾਰਾਂ, ਨਸ਼ਿਆਂ ਅਤੇ ਸ਼ਖ਼ਸੀ ਪੂਜਾ ਦਾ ਜ਼ੋਰ ਵੱਧ ਗਿਆ ਹੈ।
ਸਿੱਖਾਂ ਦੀਆਂ ਪ੍ਰਮੁੱਖ ਸੰਪ੍ਰਦਾਵਾਂ - ਉਦਾਸੀ, ਨਿਰਮਲੇ ਅਤੇ ਸੇਵਾ ਪੰਥੀ ਆਦਿ - ਹੌਲੀ-ਹੌਲੀ ਸਿੱਖੀ ਦੀ ਮੁੱਖਧਾਰਾ ਤੋਂ ਦੂਰ ਹੋ ਗਈਆਂ ਹਨ। ਭਾਰਤ ਦੇ ਦੂਜੇ ਕੋਣਿਆਂ ਵਿਚ ਵੱਸਦੇ ਨਾਨਕ ਨਾਮ-ਲੇਵਾ, ਸਿਕਲੀਗਰ-ਵਣਜਾਰੇ ਆਦਿ, ਗ਼ੁਰਬਤ ਦਾ ਜੀਵਨ ਬਸਰ ਕਰਨ ਲਈ ਮਜ਼ਬੂਰ ਹਨ ਅਤੇ ਹੋਰਨਾਂ ਧਰਮਾਂ ਵਾਲੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਲਈ ਪੂਰਾ ਤਾਨ ਲਾ ਰਹੇ ਹਨ। ਪੰਜਾਬ ਨੂੰ ਸਿੱਖਾਂ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ ਪਰ ਇਹਨਾਂ ਦੇ ਵੱਡੀ ਗਿਣਤੀ ਪ੍ਰਵਾਸ ਨਾਲ ਇੱਥੋਂ ਦੀਆਂ ਸਿੱਖ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਵਿਚੋਂ ਪੰਥਕ ਮੁੱਦੇ ਮਨਫ਼ੀ ਹੁੰਦੇ ਜਾ ਰਹੇ ਹਨ ਇਸ ਕਰਕੇ ਪੰਥ ਦੇ ਨਾਂ ’ਤੇ ਚੋਣਾਂ ਲੜਨ ਵਾਲੀਆਂ ਰਾਜਨੀਤਿਕ ਪਾਰਟੀਆਂ ਦਾ ਦਾਇਰਾ ਸੀਮਿਤ ਹੁੰਦਾ ਜਾ ਰਿਹਾ ਹੈ। ਲੋਕਤੰਤਰ ਦੀ ਰਾਜਨੀਤੀ ਵਿਚ ਆਗੂਆਂ ਦਾ ਜ਼ੋਰ ਬਹੁ-ਗਿਣਤੀਆਂ ਨੂੰ ਖ਼ੁਸ਼ ਕਰਕੇ ਸੱਤਾ ਦੀ ਪ੍ਰਾਪਤੀ ਤੱਕ ਸੀਮਿਤ ਹੁੰਦਾ ਹੈ ਅਤੇ ਅਜਿਹੀ ਤਿਲਕਣਬਾਜ਼ੀ ਵਿਚ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮੌਜੂਦਾ ਸਮੇਂ ਦੀਆਂ ਪ੍ਰਸਥਿਤੀਆਂ ਦੇ ਸਨਮੁਖ ‘ਪੰਥ’ ਸ਼ਬਦ ਨੂੰ ਪੁਨਰ-ਪਰਿਭਾਸ਼ਿਤ ਕਰਨ ਦੀ ਲੋੜ ਹੈ। ਆਗੂਆਂ ਨੂੰ ਪੰਥ ਸਮਝਣ ਦੀ ਭੁੱਲ ਕਾਰਨ ਦੋ ਰਾਜਨੀਤਿਕ ਆਗੂਆਂ ਦੀ ਲੜਾਈ ਨੂੰ ਪੰਥਕ ਦੁਫੇੜ ਵੱਜੋਂ ਦੇਖਿਆ ਜਾਂਦਾ ਰਿਹਾ ਹੈ ਜਿਸ ਨੇ ਇਸ ਸ਼ਬਦ ਨੂੰ ਸੀਮਿਤ ਕਰ ਦਿੱਤਾ ਹੈ। ਇਸੇ ਦ੍ਰਿਸ਼ਟੀ ਤੋਂ ਮੌਜੂਦਾ ਰਾਜਨੀਤਿਕ ਸਥਿਤੀਆਂ ਦੇ ਸਨਮੁਖ ਪੰਥ ਨੂੰ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ ਜਿਹੜਾ ਕਿ ਕਿਸੇ ਵੀ ਤਰ੍ਹਾਂ ਨਾਲ ਉੱਚਿਤ ਨਹੀਂ ਜਾਪਦਾ। ਪੰਥ ਅਤੇ ਇਸਦੇ ਆਗੂਆਂ ਵਿਚਕਾਰ ਦਿਖਾਈ ਦੇ ਰਹੀ ਦੂਰੀ ਨੂੰ ਦੂਰ ਕਰਕੇ ਹੀ ਪੰਥ ਨੂੰ ਸੰਗਠਿਤ ਕੀਤਾ ਜਾ ਸਕਦਾ ਹੈ। ਪੰਥਕ ਵਿਚਾਰਧਾਰਾ ਨਾਲ ਜੁੜੇ ਹੋਏ ਵਿਅਕਤੀਆਂ ਦਾ ਪੰਥਕ ਪਾਰਟੀ ਤੋਂ ਦੂਰ ਚਲੇ ਜਾਣਾ ਪੰਥਕ ਹਿਤਾਂ ਲਈ ਨੁਕਸਾਨਦਾਇਕ ਹੈ। ਪੰਥਕ ਵਿਚਾਰਧਾਰਾ ਨਾਲ ਜੁੜੇ ਹੋਏ ਇਹ ਮਹਿਸੂਸ ਕਰਦੇ ਹਨ ਕਿ ਪੰਥਕ ਪਾਰਟੀ ਵਿਚ ਪੰਥ ਦੇ ਸਿਧਾਂਤ ਅਤੇ ਰਵਾਇਤਾਂ ਮਨਫ਼ੀ ਹੋ ਗਈਆਂ ਹਨ ਜਿਸ ਕਰਕੇ ਪੰਥ ਨੂੰ ਨੁਕਸਾਨ ਹੋ ਰਿਹਾ ਹੈ। ਇਸ ਦਾ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਪੰਥ ਨੂੰ ਧਾਰਮਿਕ ਦ੍ਰਿਸ਼ਟੀ ਦੀ ਬਜਾਏ ਰਾਜਨੀਤਿਕ ਦ੍ਰਿਸ਼ਟੀ ਤੋਂ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ। ਪੰਥ ਦੀ ਸਹੀ ਪਰਿਭਾਸ਼ਾ ਗ੍ਰੰਥ ਵਿਚੋਂ ਪ੍ਰਗਟ ਹੁੰਦੀ ਹੈ ਅਤੇ ਜਦੋਂ ਤੱਕ ਇਹ ਭਾਵਨਾ ਵਿਕਸਿਤ ਨਹੀਂ ਹੁੰਦੀ ਉਦੋਂ ਤੱਕ ਇਸਦੇ ਸਹੀ ਸਰੂਪ ਨੂੰ ਸਮਝਣਾ ਮੁਸ਼ਕਿਲ ਹੈ।
ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੁਨੀਵਰਸਿਟੀ, ਪਟਿਆਲਾ
Comments (0)