ਸ਼ਹੀਦਾਨਿ-ਵਫ਼ਾ’ ਅਤੇ ‘ਗੰਜਿ-ਸ਼ਹੀਦਾਂ’ ਲਿਖਣ ਵਾਲਾ ਮਹਾਨ  ਸ਼ਾਇਰ ਅੱਲ੍ਹਾ ਯਾਰ ਖਾਂ ਜੋਗੀ 

ਸ਼ਹੀਦਾਨਿ-ਵਫ਼ਾ’ ਅਤੇ ‘ਗੰਜਿ-ਸ਼ਹੀਦਾਂ’ ਲਿਖਣ ਵਾਲਾ ਮਹਾਨ  ਸ਼ਾਇਰ ਅੱਲ੍ਹਾ ਯਾਰ ਖਾਂ ਜੋਗੀ 

ਸਿਖ ਸਾਹਿਤ

ਅੱਲ੍ਹਾ ਯਾਰ ਖਾਂ ਜੋਗੀ ਦਾ ਜਨਮ 19ਵੀਂ ਸਦੀ ’ਚ ਹੋਇਆ। ਉਨ੍ਹਾਂ ਦੇ ਵੱਡ-ਵਡੇਰਿਆਂ ਦਾ ਪਿਛੋਕੜ ਦੱਖਣ ਦਾ ਸੀ, ਜੋ ਅਨਾਰਕਲੀ ਲਾਹੌਰ ’ਵਿਚ ਆ ਵਸੇ ਤੇ ਇੱਥੇ ਹੀ ਅੱਲ੍ਹਾ ਯਾਰ ਖਾਂ ਜੋਗੀ ਦਾ ਜਨਮ ਹੋਇਆ। 19ਵੀਂ ਸਦੀ ਦੇ ਅਖ਼ੀਰ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਅੱਲ੍ਹਾ ਯਾਰ ਖਾਂ ਜੋਗੀ ਉੱਚ ਕੋਟੀ ਦੇ ਲਿਖਾਰੀ ਤੇ ਬੇਹੱਦ ਮਕਬੂਲ ਸ਼ਾਇਰ ਹੋਏ। ਉਹ ਉਰਦੂ, ਫਾਰਸੀ ਤੋਂ ਇਲਾਵਾ ਹਿੰਦੀ ਜ਼ੁਬਾਨ ਦੇ ਵੀ ਚੰਗੇ ਜਾਣਕਾਰ ਸਨ। ਉਹ ਹਕੀਮ, ਮਿਰਜ਼ਾ, ਰਹਿਮਾਨੀ, ਜੋਗੀ ਤੇ ਦੱਖਣੀ ਵਰਗੇ ਕਈ ਤਖੱਲਸਾਂ ਨਾਲ ਵੀ ਲੋਕਾਂ ’ਚ ਮਸ਼ਹੂਰ ਹੋਏ। ਆਪਣੇ ਸਮੇਂ ਦੇ ਮਸ਼ਹੂਰ ਹਕੀਮ ਹੋਣ ਕਾਰਨ ਉਨ੍ਹਾਂ ਨੂੰ ‘ਹਕੀਮ’ ਆਖ ਬੁਲਾਇਆ ਜਾਂਦਾ ਹੈ।

ਅੱਲ੍ਹਾ ਯਾਰ ਖਾਂ ਜੋਗੀ ਜਦੋਂ ਆਪਣੇ ਸੂਫ਼ੀਆਨਾ ਅੰਦਾਜ਼ ’ਚ ਕਾਵਿ-ਉਡਾਰੀ ਭਰਦੇ ਤਾਂ ਉਨ੍ਹਾਂ ਨੂੰ ਸੁਣਨ ਵਾਲਿਆਂ ਦੇ ਚਹਿਰੇ ਗਦ-ਗਦ ਤੇ ਮਨ/ਚਿੱਤ ਅਸ਼-ਅਸ਼ ਕਰ ਉੱਠਦੇ। ਉਨ੍ਹਾਂ ਵੱਲੋ ਗੁਰੂ ਗੋਬਿਦ ਸਿੰਘ ਜੀ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਬਾਰੇ ਲਿਖੀਆਂ ਦੋ ਲੰਮੀਆਂ ਨਜ਼ਮਾਂ ‘ਸ਼ਹੀਦਾਨਿ-ਵਫ਼ਾ’ ਅਤੇ ‘ਗੰਜਿ-ਸ਼ਹੀਦਾਂ’ ਨਾਲ ਉਹ ਸਿੱਖ ਸੰਗਤ ’ਚ ਬੇਹੱਦ ਮਕਬੂਲ ਹੋਏ। ਉਹ ‘ਗੰਜਿ-ਸ਼ਹੀਦਾਂ’ ਵਿੱਚ ਗੁਰੂ ਗੋਬਿਦ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਆਖਦੇ ਹਨ:

ਕਰਤਾਰ ਕੀ ਸੌਗੰਦ ਹੈ ਨਾਨਕ ਕੀ ਕਸਮ ਹੈ

ਜਿਤਨੀ ਭੀ ਹੋ ਗੋਬਿੰਦ ਕਿ ਤਾਰੀਫ ਵੁਹ ਕਮ ਹੈ।

ਹਰਚੰਦ ਮੇਰੇ ਹਾਥ ਮੇਂ ਪੁਰ ਜ਼ੋਰ ਕਲਮ ਹੈ।

ਸਤਿਗੁਰ ਕੇ ਲਿਖੂੰ ਵਸਫ਼ ਕਹਾਂ ਤਾਬੇ-ਰਕਮ ਹੈ।

ਇਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਰ ਕੋ ਦੇਖੇ।

ਸਾਹਿਲ ਕੋ, ਯਾ ਮੰਝਧਾਰ ਕੋ, ਯਾ ਲਹਰ ਕੋ ਦੇਖੇ।

ਉਨ੍ਹਾਂ ਪਹਿਲਾਂ ‘ਸ਼ਹੀਦਾਨਿ-ਵਫ਼ਾ’ ਦੀ ਰਚਨਾ ਕੀਤੀ। ਇਸ ਵਿੱਚ ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀ ਸ਼ਹਾਦਤ ਦਾ ਬਿਆਨ ਕੀਤਾ। ‘ਸ਼ਹੀਦਾਨਿ-ਵਫ਼ਾ’ ਦੀ ਰਚਨਾ ਉਨ੍ਹਾਂ ਵੱਲੋਂ ਸੰਨ 1913 ’ਚ ਉਰਦੂ ਵਿਚ ਕੀਤੀ ਗਈ। ਇਹ ਰਚਨਾ ਸਾਕਾ ਸਰਹਿੰਦ ਦੀ ਦਾ ਸਫਰ ਪੇਸ਼ ਕਰਦੀ ਹੈ। ਇਸ ਨਜ਼ਮ ਦੇ 6-6 ਮਿਸਰੇ ਹਨ, ਜੋ ਉਨ੍ਹਾਂ ਵੱਲੋਂ ਮਰਸੀਏ ਦੀ ਦਿਲ-ਟੁੰਬਵੀਂ ਸ਼ੈਲੀ ਵਿੱਚ ਕਲਮਬੰਦ ਕੀਤੇ ਗਏ ਹਨ। ਇਸ ਨਜ਼ਮ ਦੇ ਕੁੱਲ 110 ਬੰਦ ਹਨ। ਜਦੋਂ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਹੇ ਜਾਣ ਦੀ ਗੱਲ ਆਉਂਦੀ ਹੈ ਤਾਂ ਵੀ ਉਨ੍ਹਾਂ ਆਪਣੀ ਕਲਮ ਦਾ ਮੂੰਹ ਨਹੀਂ ਮੋੜਿਆ ਤੇ ਉਸ ਸਮੇਂ ਦਾ ਸੱਚ ਬਿਆਨ ਕੀਤਾ। ਉਹ ਸਰਹਿੰਦ ਨੂੰ ਸਿੱਖੀ ਦੇ ਮਹਿਲ ਦੀ ਬੁਨਿਆਦ ਦੱਸਦਿਆਂ ਆਪਣੀ ਨਜ਼ਮ ’ਚ ਆਖਦੇ ਹਨ:

ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ।

ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ।

ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ।

ਸਿੰਘੋ ਕਿ ਸਲਤਨਤ ਕਾ ਹੈਂ ਪੌਦਾ ਲਗਾ ਚਲੇ।

ਗੱਦੀ ਸੇ ਤਾਜ-ਓ-ਤਖ਼ਤ ਬਸ ਅਬ ਕੌਮ ਪਾਏਗੀ।

ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।

‘ਸ਼ਹੀਦਾਨਿ-ਵਫ਼ਾ’ ਦੀ ਮਕਬੂਲੀਅਤ ਤੋਂ ਮਗਰੋਂ ਉਨ੍ਹਾਂ ਦੂਸਰੀ ਨਜ਼ਮ ‘ਗੰਜਿ-ਸ਼ਹੀਦਾਂ’ ਲਿਖੀ ਤੇ ਉਸ ਸਮੇਂ ਦੀਆਂ ਘਟਨਾਵਾਂ ਬੜੇ ਹੀ ਸੁੱਚਜੇ ਢੰਗ ਨਾਲ ਕਾਵਿ-ਰੂਪ ’ਚ ਬਿਆਨ ਕੀਤੀਆਂ। ਇਸ ਵਿੱਚ ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਬਿਆਨ ਕੀਤੀ ਹੈ। ‘ਗੰਜਿ-ਸ਼ਹੀਦਾਂ’ ਉਨ੍ਹਾਂ 1915 ’ਚ ਉਰਦੂ ਵਿਚ ਨਜ਼ਮ ਦੇ ਰੂਪ ’ਚ ਲਿਖੀ। ਉਨ੍ਹਾਂ ਇਸ ਨਜ਼ਮ ਦੇ 6-6 ਮਿਸਰੇ ਮਰਸੀਏ ਦੀ ਸ਼ੈਲੀ ਵਿੱਚ ਬਿਆਨ ਕੀਤੇ ਹਨ। ਇਸ ਦੇ ਕੁੱਲ 117 ਬੰਦ ਹਨ। ਇਸ ਵਿਚ ਚਮਕੌਰ ਸਾਹਿਬ ਦੀ ਧਰਤੀ ਦੀ ਤੁਲਨਾ ਉਹ ਕਰਬਲਾ ਦੇ ਮੈਦਾਨ ਨਾਲ ਕਰਦੇ ਹਨ। ਕਰਬਲਾ ਦਾ ਮੈਦਾਨ ਉਹ ਜਗ੍ਹਾ ਹੈ, ਜਿੱਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ 72 ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਸੀ। ਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਵੇਲੇ 58 ਸਾਲ ਸੀ ਤੇ ਕਰਬਲਾ ਦੇ ਮੈਦਾਨ ਵਿਚ ਸ਼ਹੀਦ ਹੋਣ ਵਾਲੇ ਉਨ੍ਹਾਂ ਦੇ ਦੋ ਬੇਟੇ ਅਲੀ ਅਕਬਰ ਦੀ ਉਮਰ 18 ਸਾਲ ਅਤੇ ਅਲੀ ਅਸਗਰ ਦੀ ਉਮਰ ਸਿਰਫ ਚੇ ਮਹੀਨੇ ਸੀ। ਉਨ੍ਹਾਂ ਦੇ ਦੋ ਭਾਣਜੇ ਔਨ ਅਤੇ ਮੁਹੰਮਦ ਕ੍ਰਮਵਾਰ 9 ਅਤੇ 10 ਸਾਲ ਦੇ ਸਨ। ਹਜ਼ਰਤ ਇਮਾਮ ਹੁਸੈਨ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਸਨ, ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ 680 ਈ: ਨੂੰ ਇਕ ਸਾਜ਼ਿਸ਼ ਤਹਿਤ ਇਰਾਕ ਦੇ ਕੂਫ਼ਾ ਸ਼ਹਿਰ ਨਜ਼ਦੀਕ ਦਰਿਆ ਫ਼ਰਾਤ ਕਿਨਾਰੇ ਕਰਬਲਾ ਦੇ ਮੈਦਾਨ ਵਿਚ ਤਿੰਨ ਦਿਨ ਪਿਆਸਾ ਰੱਖ ਕੇ ਸ਼ਹੀਦ ਕੀਤਾ ਗਿਆ ਸੀ।

ਅਰਬੀ ਅਤੇ ਫ਼ਾਰਸੀ ਵਿਚ ਖਾਸ ਮੁਹਾਰਤ ਰੱਖਣ ਵਾਲੇ ਅੱਲ੍ਹਾ ਯਾਰ ਖਾਂ ਜੋਗੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚਮਕੌਰ ਸਾਹਿਬ ਤੇ ਸਰਹਿੰਦ ਦੀ ਧਰਤੀ ਤੱਕ ਦੀਆਂ ਸ਼ਹਾਦਤਾਂ ਦਾ ਸਫ਼ਰ ਦੋ ਲੰਮੀਆਂ ਨਜ਼ਮਾਂ ਦੇ ਰੂਪ ਵਿੱਚ ਉਰਦੂ ਲਿੱਪੀ ’ਚ ਲਿਖਣ ਵਾਲੇ ਪਹਿਲੇ ਕਵੀ ਹੋਣ ਦਾ ਮਾਣ ਹਾਸਲ ਹੈ। ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਤੋਂ ਨਿਰਲੇਪ ਹੋ ਕੇ ਇਨ੍ਹਾਂ ਨਜ਼ਮਾਂ ਦੀ ਰਚਨਾ ਕੀਤੀ। ਜਦੋਂ ਵੀ ਕੋਈ ਇਨ੍ਹਾਂ ਰਚਨਾਵਾਂ ਨੂੰ ਪੜ੍ਹਦਾ ਤੇ ਸੁਣਦਾ ਹੈ ਤਾਂ ਬੀਰ-ਰਸ ਤੇ ਕਰੁਣਾ-ਰਸ ਨਾਲ ਭਰਪੂਰ ਰਚਨਾਵਾਂ ਉਸ ਦੇ ਮਨ ’ਤੇ ਡੂੰਗੀ ਛਾਪ ਛੱਡਦੀਆਂ ਹਨ। ਉਨ੍ਹਾਂ ਦੀਆ ਇਹ ਦੋਵੇਂ ਰਚਨਾਵਾਂ ਸਾਹਿਤ ਦੇ ਨਾਲ ਇਤਿਹਾਸਕ ਪੱਖੋਂ ਵੀ ਉੱਚ ਪੱਧਰ ਦੀਆਂ ਹੋ ਨਿੱਬੜੀਆਂ।

ਉਨ੍ਹਾਂ ਧਰਮ ਦੀਆ ਜ਼ੰਜੀਰਾਂ ਨੂੰ ਤੋੜ ਕੇ ਸਿੱਖ ਸ਼ਹਾਦਤਾਂ ਕਲਮਬੱਧ ਕਰ ਕੇ ਗੁਰੂ ਸਾਹਿਬ ਪ੍ਰਤੀ ਆਪਣੀ ਮੁਹੱਬਤ ਨੂੰ ਬਾਖੂਬੀ ਨਿਭਾਇਆ। ਕੁੱਝ ਲੋਕਾਂ ਨੇ ਉਨ੍ਹਾਂ ਨੂੰ ‘ਕਾਫ਼ਰ’ ਬੁਲਾਉਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਕਿਸੇ ਦੀ ਵੀ ਪਰਵਾਹ ਨਾ ਕੀਤੀ ਅਤੇ ਮਾਨਵਤਾ ਦਾ ਦਰਦ ਸਮਝਦਿਆਂ ਸੱਚ ਬਿਆਨਦੀ ਆਪਣੀ ਕਲਮ ਚੱਲਦੀ ਰੱਖੀ। ਅੱਲ੍ਹਾ ਯਾਰ ਖਾਂ ਜੋਗੀ ਆਪਣੀ ਰਚਨਾ ਵਿੱਚ ਚੰਗੀਆਂ-ਮਾੜੀਆਂ ਸ਼ਖ਼ਸੀਅਤ ਬਾਰੇ ਆਖਦੇ ਹਨ:

ਮਿਰਜ਼ੇ ਕਈ ਸੈਦੇ ਸੇ ਭੀ ਕੁਰਬਾਨ ਹੂਏ ਹੈਂ।

ਮਾਮੂੰ ਸੇ ਤਸੱਦੁਕ ਭੀ ਕਈ ਖ਼ਾਨ ਹੂਏ ਹੈਂ।

ਚੰਦੂ ਸੇ ਗੰਗੂ ਸੇ ਭੀ ਸ਼ੈਤਾਨ ਹੂਏ ਹੈਂ।

ਬਾਜ਼ੀਦ ਸੇ ਭੀ ਬਾਜ਼ ਬੇਈਮਾਨ ਹੂਏ ਹੈਂ।

ਹਿੰਦੂ ਹੈਂ ਸਭ ਅੱਛੇ ਨ ਮੁਸਲਮਾਨ ਹੈਂ ਅੱਛੇ।

ਦਿਲ ਨੇਕ ਹੈਂ ਜਿਨ ਕੇ ਵੁਹੀ ਇਨਸਾਨ ਹੈਂ ਅੱਛੇ।

ਉਹ ਆਪਣੀਆਂ ਨਜ਼ਮਾਂ ਜਦੋ ਦੀਵਾਨਾਂ ਵਿਚ ਪੜ੍ਹਦੇ ਤਾਂ ਲੋਕ ਅਸ਼-ਅਸ਼ ਕਰ ਉੱਠਦੇ। ਉਨ੍ਹਾਂ ਦੀਆਂ ਇਹ ਦੋਵੇਂ ਲੰਮੀਆਂ ਨਜ਼ਮਾਂ ਸੰਨ 1988 ਵਿਚ ਪਹਿਲੀ ਵਾਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ, ਜਿਨ੍ਹਾਂ ਨੂੰ ਮੁੜ 2000, ਫਿਰ 2011 ਤੇ ਚੌਥੀ ਵਾਰੀ ਸੰਨ 2021 ’ਚ ਸ਼ਾਹਮੁਖੀ ਤੇ ਗੁਰਮੁਖੀ ਲਿੱਪੀ ’ਚ ਪ੍ਰਕਾਸ਼ਿਤ ਕੀਤਾ ਗਿਆ। ਆਪਣੇ ਜੀਵਨ ਦੇ ਅੰਤਿਮ ਸਮੇਂ ਤੱਕ ਉਹ ਅਨਾਰਕਲੀ ਬਾਜ਼ਾਰ, ਲਾਹੌਰ ਵਿੱਚ ਰਹੇ। ਉਨ੍ਹਾਂ ਦਾ ਦੇਹਾਂਤ ਵੀ ਲਾਹੌਰ ਵਿਚ ਹੀ ਹੋਇਆ।

 

ਹਰਮਨਪ੍ਰੀਤ ਸਿੰਘ