ਵੈਰੋਵਾਲ ਪਿੰਡ ਦੇ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਨੂੰ ਅਰਜਨ ਇਨਾਮ ਲਈ ਨਾਮਜ਼ਦ ਕੀਤਾ

ਵੈਰੋਵਾਲ ਪਿੰਡ ਦੇ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਨੂੰ ਅਰਜਨ ਇਨਾਮ ਲਈ ਨਾਮਜ਼ਦ ਕੀਤਾ
ਅਕਾਸ਼ਦੀਪ ਸਿੰਘ ਇੱਕ ਮੁਕਾਬਲੇ ਦੌਰਾਨ

ਚੰਡੀਗੜ੍ਹ: ਸਿੱਖ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਨੂੰ ਹਾਕੀ ਇੰਡੀਆ ਨੇ ਭਾਰਤ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਂਦੇ ਅਰਜਨ ਇਨਾਮ ਲਈ ਨਾਮਜ਼ਦ ਕੀਤਾ ਹੈ। 

ਫਾਰਵਰਡ ਆਕਾਸ਼ਦੀਪ ਸਿੰਘ ਤੋਂ ਇਲਾਵਾ ਮਿਡਫੀਲਡਰ ਚਿੰਗੇਲਨਸਾਨਾ ਸਿੰਘ ਕਾਂਗੁਜਾਮ ਅਤੇ ਭਾਰਤ ਦੀ ਔਰਤ ਟੀਮ ਦੀ ਡਿਫੈਂਡਰ ਦੀਪਿਕਾ ਨੂੰ ਅਰਜਨ ਇਨਾਮ ਲਈ ਨਾਮਜ਼ਦ ਕੀਤਾ ਗਿਆ ਹੈ, ਜਦੋਂਕਿ ਭਾਰਤ ਦੇ ਸੀਨੀਅਰ ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਇਨਾਮ ਦੇਣ ਦੀ ਸ਼ਿਫ਼ਾਰਿਸ਼ ਕੀਤੀ ਗਈ ਹੈ।

ਹਾਕੀ ਇੰਡੀਆ ਨੇ ਤਾਉਮਰ ਪ੍ਰਾਪਤੀ ਦੇ ਧਿਆਨਚੰਦ ਇਨਾਮ ਲਈ ਆਰਪੀ ਸਿੰਘ ਅਤੇ ਸੰਦੀਪ ਕੌਰ ਨੂੰ ਨਾਮਜ਼ਦ ਕੀਤਾ ਹੈ, ਜਦਕਿ ਕੋਚ ਬਲਜੀਤ ਸਿੰਘ, ਬੀਐਸ ਚੌਹਾਨ ਅਤੇ ਰੋਮੇਸ਼ ਪਠਾਨੀਆ ਦੇ ਨਾਮ ਦੀ ਸਿਫ਼ਾਰਿਸ਼ ਦਰੋਣਾਚਾਰੀਆ ਇਨਾਮ ਲਈ ਕੀਤੀ ਗਈ ਹੈ। 

ਵੈਰੋਵਾਲ ਪਿੰਡ ਦੇ ਅਕਾਸ਼ਦੀਪ ਸਿੰਘ ਬਾਰੇ ਕੁੱਝ ਗੱਲਾਂ
ਅਕਾਸ਼ਦੀਪ ਸਿੰਘ ਦਾ ਜਨਮ 2 ਦਸੰਬਰ, 1994 ਨੂੰ ਪੰਜਾਬ ਦੇ ਮਾਝਾ ਖੇਤਰ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੈਰੋਵਾਲ ਵਿੱਚ ਹੋਇਆ ਸੀ। ਅਕਾਸ਼ਦੀਪ ਸਿੰਘ ਨੇ ਹਾਕੀ ਖੇਡ ਦਾ ਹੁਨਰ ਖਡੂਰ ਸਾਹਿਬ ਸਥਿਤ ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿੱਖਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਗੁਰੂ ਅੰਗਦ ਦੇਵ ਸਪੋਰਟਸ ਕਲੱਬ ਖਡੂਰ ਸਾਹਿਬ ਦੀ ਟੀਮ ਲਈ ਵੀ ਖੇਡਦਾ ਰਿਹਾ। 


ਅਕਾਸ਼ਦੀਪ ਸਿੰਘ ਇੱਕ ਮੁਕਾਬਲੇ ਦੌਰਾਨ

ਆਪਣੀ ਖੇਡ ਵਿੱਚ ਅਗਲੀ ਪੁਲਾਂਘ ਪੁੱਟਦਿਆਂ ਅਕਾਸ਼ਦੀਪ ਸਿੰਘ 2006 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਹਾਕੀ ਅਕੈੱਡਮੀ ਦਾ ਹਿੱਸਾ ਬਣ ਗਿਆ। ਇਸ ਤੋਂ ਬਾਅਦ ਉਹ ਜਲੰਧਰ ਦੀ ਸੁਰਜੀਤ ਹਾਕੀ ਅਕੈੱਡਮੀ ਵਿੱਚ ਚਲੇ ਗਿਆ। ਇੱਥੇ ਚਾਰ ਸਾਲ ਉਸਨੇ ਆਪਣੀ ਖੇਡ ਨੂੰ ਕੋਚਾਂ ਦੀ ਨਿਗਰਾਨੀ ਹੇਠ ਹੋਰ ਤਰਾਸ਼ਿਆ ਤੇ ਸਖਤ ਮਿਹਨਤ ਕੀਤੀ। 

2011 ਵਿੱਚ ਅਕਾਸ਼ਦੀਪ ਸਿੰਘ ਨੂੰ ਭਾਰਤ ਦੀ ਜੂਨੀਅਰ ਹਾਕੀ ਟੀਮ ਦਾ ਕਪਤਾਨ ਚੁਣਿਆ ਗਿਆ ਤੇ 2011 ਏਸ਼ੀਆ ਕੱਪ ਵਿੱਚ ਉਸਦੀ ਅਗਵਾਈ ਵਿੱਚ ਭਾਰਤੀ ਟੀਮ ਤੀਜੇ ਥਾਂ 'ਤੇ ਰਹੀ। ਅਕਾਸ਼ਦੀਪ ਸਿੰਘ ਨੂੰ 2013 ਵਿੱਚ ਭਾਰਤੀ ਸੀਨੀਅਰ ਹਾਕੀ ਟੀਮ ਵਿੱਚ ਚੁਣ ਲਿਆ ਗਿਆ। 

ਅਕਾਸ਼ਦੀਪ ਸਿੰਘ ਹੁਣ ਤੱਕ ਭਾਰਤ ਲਈ 150 ਤੋਂ ਵੱਧ ਮੈਚ ਖੇਡ ਚੁੱਕਿਆ ਹੈ ਜਿਹਨਾਂ ਵਿੱਚ ਉਸਨੇ 65 ਗੋਲ ਕੀਤੇ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ