ਸਿਨਸਿਨਾਟੀ ਦੇ ਸਿੱਖ ਯੂਥ ਸਿੰਪੋਜ਼ੀਅਮ ਵਿਚ ਬੱਚਿਆਂ ਨੇ ਸਿੱਖੀ ਪ੍ਰਤੀ ਉਤਸ਼ਾਹ ਦਿਖਾਇਆ

ਸਿਨਸਿਨਾਟੀ ਦੇ ਸਿੱਖ ਯੂਥ ਸਿੰਪੋਜ਼ੀਅਮ ਵਿਚ ਬੱਚਿਆਂ ਨੇ ਸਿੱਖੀ ਪ੍ਰਤੀ ਉਤਸ਼ਾਹ ਦਿਖਾਇਆ

ਸਿਨਸਿਨਾਟੀ (ਰਾਜ ਗੋਗਨਾ): ਗੁਰੂ ਨਾਨਕ ਸੁਸਾਇਟੀ ਗੁਰਦੁਆਰਾ ਸਿਨਸਿਨਾਟੀ, ਓਹਾਇਓ ਵਿਚ ਸਲਾਨਾ ਇੰਟਰਨੈਸ਼ਨਲ ਸਿੱਖ ਯੂਥ ਸਿੰਪੋਜ਼ੀਅਮ-2019  ਤਹਿਤ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਿਨਸਿਨਾਟੀ ਤੋਂ ਇਲਾਵਾ ਨਾਲ ਲਗਦੇ ਸ਼ਹਿਰ ਡੇਟਨ ਤੋਂ ਵੀ ਬੱਚਿਆਂ ਨੇ ਭਾਗ ਲਿਆ। ਇਸ ਸਾਲ 6 ਸਾਲ ਤੋਂ 18 ਸਾਲ ਦੇ 30 ਬੱਚਿਆਂ ਨੇ ਭਾਗ ਲਿਆ।

ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਹੀ ਤਿੰਨ ਸਵਾਲਾਂ ਦੇ ਜਵਾਬ 6 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। 

ਇਸ ਸਾਲ ਪਹਿਲੇ ਗਰੁੱਪ ਨੇ ਸਾਕਾ ਚਮਕੌਰ, ਦੂਜੇ ਨੇ ਬਹਾਦਰ ਸਿੱਖ ਬੀਬੀਆਂ, ਤੀਜੇ ਨੇ ਦਸਤਾਰ, ਚੌਥੇ ਨੇ ਗੁਰਬਾਣੀ ਦੇ ਸੰਦੇਸ਼ ਤੇ ਪੰਜਵੇ ਨੇ 1984 ਦੇ ਘੱਲੂਘਾਰੇ ਸਬੰਧੀ ਭਾਸ਼ਣ ਦਿੱਤੇ।

ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ ਸੰਸਥਾ ਵਲੋਂ 2004 ਤੋਂ ਹਰ ਸਾਲ ਮਾਰਚ ਜਾ ਅਪਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ। ਅੰਤ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ। ਸਿੰਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ, ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਤੇ ਬੋਲਣ ਦਾ ਵੀ ਪਤਾ ਲੱਗਦਾ ਹੈ।

ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਬੱਚਿਆਂ ਨੇ ਇਸ ਸਮਾਗਮ ਵਿਚ ਭਾਗ ਲੈਂਦੇ ਹੋਏ ਆਪਣੇ ਵੱਲੋਂ ਵਧੀਆ ਤੋਂ ਵਧੀਆ ਭਾਸ਼ਣ ਤਿਆਰ ਕੀਤੇ ਅਤੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਪ੍ਰਤੀਯੋਗਤਾ ਵਿਚ ਭਾਗ ਲੈ ਰਹੇ ਹਨ। ਭਾਸ਼ਨ ਪ੍ਰਤੀਯੋਗਤਾ  ਵਿੱਚ ਜੇਤੂਆਂ ਤੋਂ ਇਲਾਵਾ ਬਾਕੀ ਦੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸੰਸਥਾ ਵੱਲੋਂ ਟਰਾਫੀਆਂ ਤੇ ਸਰਟੀਫਿਕੇਟ ਦਿੱਤੇ ਗਏ। ਜੇਤੂਆਂ ਵਿਚੋਂ ਹਰੇਕ ਗਰੁੱਪ ਵਿਚ ਪਹਿਲੇ ਤੇ ਦੂਜੇ ਥਾਂ ‘ਤੇ ਆਉਣ ਵਾਲੇ ਬੱਚੇ 18 ਮਈ ਨੂੰ ਪਿਟਸਬਰਗ ਦੇ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ