ਚਿੱਟੇ ਕਾਰਣ ਏਡਜ਼ ਫੈਲੀ, ਇੱਕੋ ਸਰਿੰਜ ਦੀ ਵਰਤੋਂ ਕਾਰਣ ਨਸ਼ੇੜੀ ਹੋ ਰਹੇ ਨੇ ਸ਼ਿਕਾਰ

ਚਿੱਟੇ ਕਾਰਣ ਏਡਜ਼ ਫੈਲੀ, ਇੱਕੋ ਸਰਿੰਜ ਦੀ ਵਰਤੋਂ ਕਾਰਣ ਨਸ਼ੇੜੀ ਹੋ ਰਹੇ ਨੇ ਸ਼ਿਕਾਰ

ਪਠਾਨਕੋਟ ਵਿਚ ਇੱਕ ਸਾਲ ਦੌਰਾਨ 150 ਲੋਕ ਏਡਜ਼ ਤੋਂ ਪੀੜਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ:  ਪੰਜਾਬ ਵਿੱਚ ਚਿੱਟੇ (ਸਿੰਥੈਟਿਕ ਨਸ਼ੇ) ਦਾ ਨਸ਼ਾ ਏਡਜ਼ ਦੇ ਫੈਲਾਅ ਨੂੰ ਜਨਮ ਦੇ ਰਿਹਾ ਹੈ। ਹੁਣ ਨਾਬਾਲਗ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਣ ਲੱਗੇ ਹਨ। ਸਿਹਤ ਵਿਭਾਗ ਦੀ ਇੱਕ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਨਸ਼ੇ ਲਈ ਇੱਕੋ ਸਰਿੰਜ ਦੀ ਵਰਤੋਂ ਕਰਨ ਕਾਰਨ ਏਡਜ਼ ਦੇ ਮਾਮਲੇ ਵੱਧ ਰਹੇ ਹਨ। ਜੇ ਗੱਲ ਪਠਾਨਕੋਟ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਇੱਕ ਸਾਲ ਵਿੱਚ 150 ਲੋਕ ਏਡਜ਼ ਤੋਂ ਪੀੜਤ ਪਾਏ ਗਏ ਹਨ ਹਰ ਮਹੀਨੇ ਲਗਭਗ 12 ਮਰੀਜ਼ ਸੰਕਰਮਿਤ ਹੋ ਰਹੇ ਹਨ। ਇਨ੍ਹਾਂ ਵਿੱਚੋਂ 18 ਤੋਂ 20 ਸਾਲ ਦੇ ਨੌਜਵਾਨਾਂ ਦੀ ਗਿਣਤੀ 50 ਹੈ।

ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਚਿੰਤਾ ਦੀ ਗੱਲ ਹੈ ਕਿ ਮਰੀਜ਼ਾਂ ਵਿੱਚ 18 ਤੋਂ 20 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦਾ ਮੁੱਖ ਕਾਰਨ ਨਸ਼ੇ ਲਈ ਇੱਕੋ ਸਰਿੰਜ ਦੀ ਵਰਤੋਂ ਹੈ। ਨਸ਼ੇੜੀਆਂ ਦੀ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪਾਜ਼ੇਟਿਵ ਮਰੀਜ਼ਾਂ ਦਾ ਬਹੁਤ ਤੇਜ਼ੀ ਨਾਲ ਪਤਾ ਲਗਾਇਆ ਜਾ ਰਿਹਾ ਹੈ। ਪੀੜਤਾਂ ਵਿੱਚ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਚ.ਆਈ.ਵੀ. ਪੀੜਤ ਮਰੀਜ਼ਾਂ ਨੂੰ ਸਾਰੀ ਉਮਰ ਦਵਾਈ ਲੈਣੀ ਪੈਂਦੀ ਹੈ।

ਪਹਿਲਾਂ ਟਰੱਕ ਡਰਾਈਵਰ ਹੁੰਦੇ ਸੀ ਸਭ ਤੋਂ ਵੱਧ ਪੀੜਤ

ਡਾਕਟਰਾਂ ਮੁਤਾਬਕ, ਪੰਜ ਸਾਲ ਪਹਿਲਾਂ ਸਿਰਫ਼ ਟਰੱਕ ਡਰਾਈਵਰ ਤੇ ਜੋੜੇ ਹੀ ਏਡਜ਼ ਤੋਂ ਪ੍ਰਭਾਵਿਤ ਹੁੰਦੇ ਸਨ, ਪਰ ਹੁਣ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ | ਸੰਕਰਮਿਤ ਮਰੀਜ਼ਾਂ ਵਿੱਚ 7 ​​ਪ੍ਰਤੀਸ਼ਤ ਨਸ਼ੇੜੀ, 6.9 ਪ੍ਰਤੀਸ਼ਤ ਟਰੱਕ ਡਰਾਈਵਰ ਅਤੇ 80 ਪ੍ਰਤੀਸ਼ਤ ਜੋੜੇ ਸ਼ਾਮਲ ਹਨ। ਮਾਤਾ-ਪਿਤਾ ਦੀ ਅਣਗਹਿਲੀ ਕਾਰਨ ਬੱਚੇ ਇਨਫੈਕਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਬੱਚਿਆਂ ਨੂੰ ਇਹ ਬਿਮਾਰੀ ਗਰਭ ਅਵਸਥਾ ਦੌਰਾਨ ਹੀ ਹੋ ਜਾਂਦੀ ਹੈ।

ਨਸ਼ਾ ਛੁਡਾਊ ਸੈਂਟਰਾਂ ਦੀ ਕੀ ਹੈ ਸਥਿਤੀ

ਇਸ ਸਮੇਂ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨੌਂ ਲੱਖ ਤੋਂ ਵੱਧ ਮਰੀਜ਼ ਦਾਖ਼ਲ ਹਨ। ਇਨ੍ਹਾਂ ਵਿੱਚੋਂ 6.75 ਲੱਖ ਮਰੀਜ਼ ਨਿੱਜੀ ਕੇਂਦਰਾਂ ਵਿੱਚ ਦਾਖ਼ਲ ਹਨ ਜਦਕਿ 2.77 ਲੱਖ ਮਰੀਜ਼ ਸਰਕਾਰੀ ਕੇਂਦਰਾਂ ਵਿੱਚ ਦਾਖ਼ਲ ਹਨ। ਹਾਲਾਂਕਿ, ਕੁਝ ਗੈਰ ਸਰਕਾਰੀ ਸੰਗਠਨਾਂ ਦਾ ਦਾਅਵਾ ਹੈ ਕਿ ਨਸ਼ੇੜੀਆਂ ਦੀ ਕੁੱਲ ਗਿਣਤੀ 12 ਲੱਖ ਤੋਂ ਵੱਧ ਹੈ। ਸਰਕਾਰ ਵੱਲੋਂ ਇਨ੍ਹਾਂ ਕੇਂਦਰਾਂ ਵਿੱਚ ਮਰੀਜ਼ਾਂ ਦੀ ਸਿਹਤ ਦੀ ਵੀ ਲਗਾਤਾਰ ਜਾਂਚ ਕੀਤੀ ਜਾਂਦੀ ਹੈ। ਹਾਲ ਹੀ ਵਿੱਚ, ਸਰਕਾਰ ਨੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ।