ਏਜੰਟ ਭਾਰਤੀਆਂ ਨੂੰ ਰੂਸ- ਯੂਕਰੇਨ ਜੰਗ ਦਾ ਬਣਾ ਰਹੇ ਨੇ ਖਾਜਾ

ਏਜੰਟ ਭਾਰਤੀਆਂ ਨੂੰ ਰੂਸ- ਯੂਕਰੇਨ ਜੰਗ ਦਾ ਬਣਾ ਰਹੇ ਨੇ ਖਾਜਾ

ਰੂਸ ਵਿਚ ਮੋਟੀ ਤਨਖਾਹ ਦੇ ਨਾਂ 'ਤੇ ਹੋ ਰਹੀ ਹੈ ਠੱਗੀ

 * ਪੰਜਾਬੀ ਨੌਜਵਾਨਾਂ ਨੂੰ ਵੀ ਜਬਰੀ ਬਣਾਇਆ ‘ਭਾੜੇ ਦੇ ਫੌਜੀ’

* ਮੁਹੰਮਦ ਅਫਸਾਨ ਦੀ ਮੌਤ ਬਾਅਦ ਭਾਰਤੀ ਨੌਜਵਾਨਾਂ ਨਾਲ ਹੋਏ ਵੱਡੇ ਘੁਟਾਲੇ ਦਾ ਖੁਲਾਸਾ 

 ਰੂਸ ਵੱਲੋਂ ਯੂਕਰੇਨ ਜੰਗ ਵਿੱਚ ਲੜਾਕਿਆਂ ਵਜੋਂ ਭੇਜਣ ਦਾ ਮਾਮਲਾ ਹੋਵੇ ਜਾਂ ਫਿਰ ਇਜ਼ਰਾਈਲ ਵਿੱਚ ਮਨੁੱਖੀ ਢਾਲ ਵਜੋਂ ਵਰਤਣ ਦਾ, ਧੋਖੇਬਾਜ਼ ਟਰੈਵਲ ਏਜੰਟਾਂ ਵੱਲੋਂ ਭਾਰਤੀ ਨੌਜਵਾਨ ਕਾਮਿਆਂ ਨੂੰ ਵੱਧ ਕਮਾਈ ਦਾ ਲਾਲਚ ਦੇ ਕੇ ਧੋਖੇ ਨਾਲ ਜੰਗ ਵਾਲੇ ਖੇਤਰਾਂ ਵਿੱਚ ਭੇਜਿਆ ਜਾ ਰਿਹਾ ਹੈ। 'ਦਿ ਹਿੰਦੂ' ਦੀ ਰਿਪੋਰਟ ਮੁਤਾਬਕ ਪਿਛਲੇ ਇਕ ਸਾਲ ਵਿਚ ਕਰੀਬ 100 ਭਾਰਤੀਆਂ ਨੂੰ ਰੂਸੀ ਫੌਜ ਵਿਚ ਭਰਤੀ ਕੀਤਾ ਗਿਆ ਹੈ।ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਖ਼ਤ ਵਿਰੋਧ ਤੋਂ ਬਾਅਦ ਰੂਸੀ ਫੌਜ ਵਿਚੋਂ ਕਈ ਭਾਰਤੀਆਂ ਨੂੰ ਹਟਾ ਦਿੱਤਾ ਗਿਆ ਸੀ। ਭਾਰਤ ਅਨੁਸਾਰ 'ਲਗਭਗ 20 ਭਾਰਤੀਆਂ' ਨੇ ਭਾਰਤੀ ਦੂਤਾਵਾਸ ਤੋਂ ਮਦਦ ਮੰਗੀ ਸੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਭਾਰਤ ਸਰਕਾਰ ਇਸ ਪੂਰੇ ਮਾਮਲੇ ਨੂੰ ਲੈ ਕੇ ਰੂਸ ਦੇ ਸੰਪਰਕ ਵਿੱਚ ਹੈ। ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਖੁਲਾਸੇ ਤੋਂ ਬਾਅਦ ਹੁਣ ਰੂਸ ਦੀ ਪੁਤਿਨ ਸਰਕਾਰ ਹਰ ਪਾਸਿਓਂ ਘਿਰ ਗਈ ਹੈ।ਹੁਣ ਤੱਕ ਪੰਜਾਬ, ਕਸ਼ਮੀਰ, ਕਰਨਾਟਕ, ਗੁਜਰਾਤ ਅਤੇ ਤੇਲੰਗਾਨਾ ਦੇ ਬਹੁਤ ਸਾਰੇ ਲੋਕ ਯੂਕਰੇਨ ਨਾਲ ਰੂਸ ਦੀ ਜੰਗ ਵਿੱਚ ਫਸੇ ਹੋਏ ਹਨ।

ਬੀਤੇ ਦਿਨੀਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਹੈਦਰਾਬਾਦ ਦੇ ਰਹਿਣ ਵਾਲੇ 30 ਸਾਲਾ ਮੁਹੰਮਦ ਅਫਸਾਨ ਦੀ ਮੌਤ ਹੋ ਗਈ ਸੀ। ਇੱਕ ਹਫ਼ਤਾ ਪਹਿਲਾਂ ਸੂਰਤ ਦੇ ਹੈਮਿਲ ਮੰਗੁਕੀਆ ਦੀ ਮੌਤ ਤੋਂ ਬਾਅਦ ਉਹ ਯੁਧ ਵਿੱਚ ਮਾਰਿਆ ਜਾਣ ਵਾਲਾ ਦੂਜਾ ਭਾਰਤੀ ਹੈ। ਮਾਸਕੋ ਸਥਿਤ ਭਾਰਤੀ ਦੂਤਾਵਾਸ ਨੇ ਅਫਸਾਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਉਹ ਉਸਦੀ ਲਾਸ਼ ਨੂੰ ਵਾਪਸ ਲਿਆਉਣ ਲਈ ਰੂਸੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਅਫਸਾਨ ਨੌਕਰੀ ਲਈ ਗਿਆ ਸੀ, ਪਰ ਉਸ ਨੂੰ ਏਜੰਟਾਂ ਨੇ ਲੜਾਈ ਵਿੱਚ ਧੱਕ ਦਿੱਤਾ ਸੀ।ਅਫਸਾਨ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੀ ਆਖਰੀ ਗੱਲਬਾਤ 31 ਦਸੰਬਰ ਨੂੰ ਹੋਈ ਸੀ। ਅਫਸਾਨ ਦੀ ਪਤਨੀ ਅਤੇ ਦੋ ਸਾਲ ਤੋਂ ਘੱਟ ਉਮਰ ਦੇ ਦੋ ਛੋਟੇ ਬੱਚੇ ਹਨ। ਅਫਸਾਨ ਨੇ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਉਹ ਹੈਦਰਾਬਾਦ ਵਿੱਚ ਮਰਦਾਂ ਦੇ ਕੱਪੜਿਆਂ ਦੀ ਦੁਕਾਨ ਵਿੱਚ ਕੰਮ ਕਰਦਾ ਸੀ। ਰੂਸ ਜਾਣ ਤੋਂ ਪਹਿਲਾਂ ਉਹ ਦੁਬਈ ਵਿੱਚ ਇੱਕ ਪੈਕੇਜਿੰਗ ਕੰਪਨੀ ਵਿੱਚ ਕੰਮ ਕਰਦਾ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਨੂੰ ਮਾਸਕੋ ਵਿੱਚ ਡੇਢ ਲੱਖ ਰੁਪਏ ਦੀ ਤਨਖ਼ਾਹ ਦੇ ਨਾਲ ਸਹਾਇਕ ਵਜੋਂ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਹਾਲਾਂਕਿ, ਉਸਨੂੰ ਧੋਖਾ ਦਿੱਤਾ ਗਿਆ ਅਤੇ ਰੂਸੀ ਫੌਜ ਵਿੱਚ ਭਰਤੀ ਹੋਣ ਲਈ ਮਜਬੂਰ ਕੀਤਾ ਗਿਆ। ਉਸਨੂੰ ਬਿਨਾਂ ਕਿਸੇ ਹਥਿਆਰ ਦੀ ਸਿਖਲਾਈ ਦੇ ਮੈਦਾਨ ਵਿੱਚ ਸੁੱਟ ਦਿੱਤਾ ਗਿਆ।

ਅਜਿਹਾ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਦਰਜਨ ਦੇ ਕਰੀਬ ਭਾਰਤੀਆਂ ਨੇ ਧੋਖਾਧੜੀ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਹੈ। ਨੌਕਰੀ ਦੇ ਘੁਟਾਲੇ ਤੋਂ ਬਾਅਦ ਉਸਨੂੰ ਰੂਸੀ ਫੌਜ ਵਿੱਚ ਸੇਵਾ ਕਰਨ ਲਈ ਮਜਬੂਰ ਕੀਤਾ ਗਿਆ ਸੀ। 

ਵਿਦੇਸ਼ ਜਾਣ ਦੇ ਚੱਕਰ ਵਿਚ ਪੰਜਾਬੀ ਮੁੰਡੇ ਵੀ ਫਸੇ

ਹਾਲ ਹੀ ਵਿੱਚ ਸੱਤ ਨੌਜਵਾਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ। ਜਿਸ ਵਿੱਚ ਉਹ ਕਹਿੰਦੇ ਹਨ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ, ਜਿੱਥੇ ਉਨ੍ਹਾਂ ਨੂੰ ਫੜ ਲਿਆ ।ਸਾਨੂੰ ਇਹ ਤਜ਼ਵੀਜ਼ ਦਿੱਤੀ ਗਈ ਕਿ ਤੁਸੀਂ ਫੌਜ ਵਿੱਚ ਹੈਲਪਰ ਦੇ ਤੌਰ ਉੱਤੇ ਸ਼ਾਮਲ ਹੋ ਜਾਵੋ ਅਤੇ ਇੱਕ ਸਾਲ ਬਾਅਦ ਤੁਸੀਂ ਜਾ ਸਕਦੇ ਹੋ, ਸਾਨੂੰ ਹੁਣ ਯੁਕਰੇਨ ਲਿਆਂਦਾ ਗਿਆ ਹੈ, ਜਿੱਥੇ ਸਾਨੂੰ ਜੰਗ ਵਿੱਚ ਭੇਜਿਆ ਜਾ ਰਿਹਾ ਹੈ।”

ਇਨ੍ਹਾਂ 7 ਨੌਜਵਾਨਾਂ ਵਿੱਚੋਂ 5 ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦੱਸੇ ਜਾ ਰਹੇ ਹਨ ਤੇ ਦੋ ਹਰਿਆਣੇ ਦੇ ਹਨ।ਉਹ ਆਪਣੇ ਆਪ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕਰਦਿਆਂ ਕਹਿੰਦੇ ਹਨ, “ਸਾਨੂੰ ਬਚਾ ਲਓ ਨਹੀਂ ਤਾਂ ਇਹ ਸਾਨੂੰ ਜੰਗ ਵਿੱਚ ਤੋਰਨਗੇ, ਸਾਡਾ ਬਚਣਾ ਮੁਸ਼ਕਲ ਹੈ।”

ਇਨ੍ਹਾਂ ਨੌਜਵਾਨਾਂ ਵਿੱਚ ਲਵਪ੍ਰੀਤ ਸਿੰਘ ,ਨਰੈਣ ਸਿੰਘ, ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ ਦਾ ਗਗਨਦੀਪ ਸਿੰਘ, ਹੁਸ਼ਿਆਰਪੁਰ ਦੇ ਹਰਟਾ ਪਿੰਡ ਦਾ ਗੁਰਪ੍ਰੀਤ ਸਿੰਘ ਅਤੇ ਹਰਿਆਣਾ ਦੇ ਕਰਨਾਲ ਦਾ ਹਰਸ਼,ਅਭਿਸ਼ੇਕ ਕੁਮਾਰ ਵੀ ਸ਼ਾਮਿਲ ਹੈ।ਪੰਜਾਬ ਦੇ ਕਲਾਨੌਰ ਕਸਬੇ ਦੇ ਰਵਨੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਰਵਨੀਤ ਵੀ ਅਜਿਹੇ ਹੀ ਹਾਲਾਤਾਂ ਵਿੱਚ ਫਸਿਆ ਹੋਇਆ ਹੈ।ਗੁਰਦਾਸਪੁਰ ਦੇ ਦੀਨਾਨਗਰ ਦੇ ਪਿੰਡ ਅਵਾਖਾ ਦੇ ਰਹਿਣ ਵਾਲੇ ਕੁਲਵੰਤ ਕੌਰ ਮੁਤਾਬਕ ਰਵਨੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਅੱਗੇ ਜੰਗ ਵਿੱਚ ਭੇਜਿਆ ਜਾ ਸਕਦਾ ਹੈ।ਕੁਲਵੰਤ ਕੌਰ ਅਨੁਸਾਰ ਉਨ੍ਹਾਂ ਦਾ ਪੁੱਤਰ ਟੂਰਿਟਸ ਵੀਜ਼ਾ ਉੱਤੇ ਡੁਬਈ ਗਿਆ ਸੀ ਅਤੇ ਅੱਗੇ ਮੁੰਡਿਆਂ ਨਾਲ ਰੂਸ ਚਲਿਆ ਗਿਆ ਜਿੱਥੇ ਉਨ੍ਹਾਂ ਨੂੰ ਆਰਮੀ ਨੇ ਫੜ ਲਿਆ।ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਪੁੱਤਰ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ। ਰਵਨੀਤ ਦੇ ਪਿਤਾ ਇੱਕ ਸਕੂਲ ਬੱਸ ਚਲਾਉਂਦੇ ਹਨ।ਕੁਲਵੰਤ ਕੌਰ ਕਹਿੰਦੇ ਹਨ ਕਿ ਉਨ੍ਹਾਂ ਦੇ ਪੱਤਰ ਨੇ ਮਕੈਨੀਕਲ ਇੰਜੀਨਿਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਉਸ ਨੇ ਦੋ ਸਾਲ ਦੇ ਕਰੀਬ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਵੀ ਕੀਤੀ ਹੋਈ ਹੈ।ਉਨ੍ਹਾਂ ਨੇ ਦਸਿਆ ਕਿ ਰਵਨੀਤ ਪਹਿਲਾਂ ਕਰੀਬ ਦੋ ਵਾਰ ਦੁਬਈ ਜਾ ਚੁੱਕਿਆ ਹੈ।

ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦੇ ਕਲਾਨੌਰ ਕਸਬੇ ਦੇ ਪਿੰਡ ਡੇਹਰੀਵਾਲ ਕਿਰਨ ਦੇ ਵਸਨੀਕ ਬਲਵਿੰਦਰ ਕੌਰ ਦਾ ਪੁੱਤਰ ਗਗਨਦੀਪ ਸਿੰਘ ਕਥਿਤ ਤੌਰ ਉੱਤੇ ਯੁਕਰੇਨ-ਰੂਸ ਜੰਗ ਵਿੱਚ ਫਸਿਆ ਹੋਇਆ ਹੈ।ਉਸਦੀ ਮਾਤਾ ਬਲਵਿੰਦਰ ਕੌਰ ਪਰਿਵਾਰ ਸਹਿਤ ਸਾਰੀ-ਸਾਰੀ ਰਾਤ ਉਸ ਦੇ ਮੈਸਜ ਜਾਂ ਫੋਨ ਦੀ ਉਡੀਕ ਰਹਿੰਦੀ ਹੈ।ਬਲਵਿੰਦਰ ਕੌਰ ਦੱਸਦੇ ਹਨ ਕਿ ਗਗਨਦੀਪ 24 ਦਸੰਬਰ ਨੂੰ ਘਰੋਂ ਰੂਸ ਘੁੰਮਣ ਲਈ ਗਿਆ ਸੀ। ਉੱਥੇ ਜਾ ਕੇ ਪਹਿਲਾਂ ਕਈ ਦਿਨ ਸਾਨੂੰ ਉਸ ਦਾ ਫੋਨ ਨਹੀਂ ਆਇਆ, ਉਸ ਦੇ ਪਿਤਾ ਡਿਪਰੈਸ਼ਨ ਦੇ ਮਰੀਜ਼ ਹਨ ਅਤੇ ਇਸ ਤੋ ਬਾਅਦ ਉਹ ਕਈ ਦਿਨ ਬੀਮਾਰ ਰਹੇ।ਉਹ ਦੱਸਦੇ ਹਨ ਕਿ ਕਈ ਦਿਨਾਂ ਦੇ ਇੰਤਜ਼ਾਰ ਤੋਂ ਮਗਰੋਂ ਉਨ੍ਹਾਂ ਦੇ ਪੁੱਤਰ ਨੇ ਫੋਨ ਉੱਤੇ ਦੱਸਿਆ, “ਮੈਂ ਫਸ ਗਿਆ ਹਾਂ, ਰੂਸੀ ਫੌੋਜ ਨੇ ਮੈਨੂੰ ਕਿਹਾ ਕਿ ਫੌਜ ਵਿਚ ਭਰਤੀ ਹੋਵੋ ਜਾਂ ਤਾਂ 10 ਸਾਲ ਦੀ ਸਜ਼ਾ ਕੱਟੋ...।”

ਗੁਰਪ੍ਰੀਤ ਸਿੰਘ ਦੇ ਤਾਏ ਦੇ ਪੁੱਤਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਗੁਰਪ੍ਰੀਤ ਆਪਣੀ ਟ੍ਰੈਵਲ ਹਿਸਟਰੀ ਵਧੀਆ ਬਣਾਉਣੀ ਚਾਹੁੰਦਾ ਸੀ, ਉਹ 2022 ਵਿੱਚ ਅਜ਼ਰਬਾਈਜਾਨ, ਦੁਬਈ ਅਤੇ ਸਰਬੀਆ ਗਿਆ ਸੀ ਅਤੇ 2023 ਵਿੱਚ ਬੈਂਕਾਕ ਅਤੇ ਰਸ਼ੀਆ ਗਿਆ ਸੀ ਜਿੱਥੇ ਉਸ ਨੂੰ ਫੌਜ ਨੇ ਫੜ ਲਿਆ ਹੈ। ਗੁਰਪ੍ਰੀਤ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਫੌਜ ਵਿੱਚ ਸ਼ਾਮਲ ਹੋ ਜਾਵੇ ਨਹੀਂ ਤਾਂ ਉਸਨੂੰ ਨੂੰ 10 ਸਾਲ ਸਜ਼ਾ ਹੋਵੇਗੀ।ਨਰਿੰਦਰ ਨੇ ਦੱਸਿਆ, “ਉਨ੍ਹਾਂ ਨੂੰ ਪਹਿਲਾਂ 15 ਦਿਨ ਟਰੇਨਿੰਗ ਉੱਤੇ ਰੱਖਿਆ ਗਿਆ ਅਤੇ ਹੁਣ ਉਨ੍ਹਾਂ ਨੂੰ ਯੁਕਰੇਨ ਵੱਲ ਭੇਜਿਆ ਜਾ ਰਿਹਾ ਹੈ ਜਿੱਥੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।”

ਹਰਿਆਣਾ ਦੇ 19 ਸਾਲਾ ਨੌਜਵਾਨ ਹਰਸ਼ ਦੀ ਮਾਤਾ ਸੁਮਨ ਨੇ ਦਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਹਾਲ ਹੀ ਵਿੱਚ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕੀਤੀ ਸੀ। ਉਹ 24-25 ਦਸੰਬਰ ਨੂੰ ਚਲਾ ਗਿਆ, ਉਹ ਥੋੜ੍ਹੇ ਦਿਨ ਰੂਸ ਵਿੱਚ ਘੁੰਮਿਆ।ਹਰਸ਼ ਨੇ ਦੱਸਿਆ ਏਜੰਟ ਨੇ ਸਾਨੂੰ ਬੇਲਾਰੂਸ ਲੈ ਕੇ ਜਾਣ ਦਾ ਕਹਿ ਕੇ ਸੜਕ ਉਪਰ ਛੱਡ ਦਿੱਤਾ। ਫਿਰ ਸਾਨੂੰ ਰੂਸ ਦੀ ਫੌਜ ਨੇ ਫੜ ਲਿਆ ਅਤੇ ਡਰਾਇਆ ਗਿਆ।ਉੁਹ ਕਹਿੰਦੇ ਹਨ ਕਿ ਹਰਸ਼ ਦਾ ਰੂਸ ਜਾਣ ਦਾ ਮਕਸਦ ਪਾਸਪੋਰਟ ਸਟਰੌਂਗ ਬਣਾਉਣਾ ਸੀ ਤਾਂ ਜੋ ਬਾਅਦ ਵਿੱਚ ਕਿਸੇ ਹੋਰ ਮੁਲਕ ਵਿੱਚ ਜਾ ਸਕੇ।ਇਸ ਪਰਿਵਾਰ ਦੀ ਇੱਕ ਕਰਿਆਨੇ ਦੀ ਦੁਕਾਨ ਹੈ ਜਿਸ ਰਾਹੀਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ।

ਕੀ ਕਹਿੰਦੇ ਹਨ ਵਿਧਾਇਕ ਤੇ ਮੰਤਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮਾਮਲੇ ਬਾਰੇ ਜਵਾਬ ਦਿੰਦਿਆਂ ਕਿਹਾ, “ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਹੈ।”

ਐੱਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਯਤਨ ਕਰ ਰਹੇ ਹਨ। ਉਹਨਾਂ ਨੇ ਪਹਿਲਾਂ ਹੀ ਇਹ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਿਆ ਹੋਇਆ ਹੈ।

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਇਹਨਾਂ ਨੌਜਵਾਨਾਂ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਚੁੱਕਿਆ ਸੀ।ਪ੍ਰਗਟ ਸਿੰਘ ਨੇ ਕਿਹਾ ਕਿ, “ਇਹ ਬਹੁਤ ਗੰਭੀਰ ਮੁੱਦਾ ਹੈ। ਇਹ ਪੰਜ ਨੌਜਵਾਨ ਘੁੰਮਣ ਗਏ ਸਨ ਜਾਂ ਕਿਸੇ ਹੋਰ ਕਾਰਨ ਪਰ ਰੂਸ ਸਰਕਾਰ ਨੇ ਉਹਨਾਂ ਨੂੰ ਜਬਰੀ ਭਰਤੀ ਕਰ ਕੇ ਯੂਕਰੇਨ ਵਾਲੀ ਲੜਾਈ ਵਿੱਚ ਸ਼ਾਮਿਲ ਕਰ ਲਿਆ। ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਚੁੱਕ ਕੇ ਉਹਨਾਂ ਨੂੰ ਵਾਪਿਸ ਲਿਆਂਦਾ ਜਾਵੇ।”

ਕੀ ਕਰ ਰਹੀ ਹੈ ਭਾਰਤ ਸਰਕਾਰ

23 ਫਰਵਰੀ ਨੂੰ ਵਿਦੇਸ਼ ਮੰਤਰਾਲੇ ਨੇ ਇਹ ਬਿਆਨ ਜਾਰੀ ਕੀਤਾ ਸੀ, " ਸਾਨੂੰ ਇਸ ਬਾਰੇ ਜਾਣਕਾਰੀ ਹੈ ਕਿ ਕਈ ਭਾਰਤੀ ਨੌਜਵਾਨਾਂ ਨੇ ਰੂਸੀ ਫੌਜ ਵਿੱਚ ਸਹਾਇਕ ਵਜੋਂ ਨੌਕਰੀ ਲਈ ਹੈ।"

ਭਾਰਤੀ ਦੂਤਾਵਾਸ ਨੇ ਲਗਾਤਾਰ ਇਸ ਮਾਮਲੇ ਨੂੰ ਰੂਸੀ ਅਧਿਕਾਰੀਆਂ ਕੋਲ ਚੁੱਕਿਆ ਅਤੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਡਿਸਚਾਰਜ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਅਤੇ ਇਸ ਜੰਗ ਤੋਂ ਦੂਰ ਰਹਿਣ ਲਈ ਕਿਹਾ।ਪਿਛਲੇ ਹਫਤੇ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਲਗਭਗ 20 ਲੋਕ ਫਸੇ ਹੋਏ ਹਨ। ਅਸੀਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ... ਅਸੀਂ ਲੋਕਾਂ ਨੂੰ ਜੰਗ ਵਾਲੇ ਖੇਤਰਾਂ ਵਿੱਚ ਨਾ ਜਾਣ ਜਾਂ ਮੁਸ਼ਕਲ ਸਥਿਤੀਆਂ ਵਿੱਚ ਨਾ ਫਸਣ ਲਈ ਕਿਹਾ ਹੈ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਇੱਥੇ ਨਵੀਂ ਦਿੱਲੀ ਅਤੇ ਮਾਸਕੋ ਦੋਵਾਂ ਵਿੱਚ ਰੂਸੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।

ਇਜਰਾਇਲ ਜੰਗ ਵਿਚ ਮਾਰੇ ਜਾ ਰਹੇ ਨੇ ਭਾਰਤੀ

ਇਜ਼ਰਾਈਲ-ਲਿਬਨਾਨ ਸਰਹੱਦ ਉਤੇ ਮਾਰਗਾਲੀਏਟ ਦੇ ਖੇਤਾਂ ਵਿਚ ਕੰਮ ਕਰਦਾ ਕੇਰਲ ਦਾ ਨੀਬੀਨ ਮੈਕਸਵੈੱਲ ਬੀਤੇ ਹਫਤੇ ਲਿਬਨਾਨ ਦੀ ਸ਼ੀਆ ਲੜਾਕੂ ਜਥੇਬੰਦੀ ਹਿਜ਼ਬੁੱਲ੍ਹਾ ਵੱਲੋਂ ਕੀਤੇ ਮਿਜ਼ਾਈਲ ਹਮਲੇ ਵਿਚ ਮਾਰਿਆ ਗਿਆ। ਇਸ ਹਮਲੇ ਵਿੱਚ ਕੇਰਲ ਦੇ ਹੀ ਦੋ ਹੋਰ ਜਣੇ ਜ਼ਖ਼ਮੀ ਹੋ ਗਏ ਸਨ। ਇਹ ਸਾਰੇ ਉੱਥੇ ਨਵੇਂ ਨਵੇਂ ਹੀ ਗਏ ਸਨ ਅਤੇ ਫ਼ਲਸਤੀਨੀ ਵਰਕਰਾਂ ਦੀ ਥਾਂ ਕੰਮ ਕਰ ਰਹੇ ਸਨ। ਸੱਤ ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਹਮਲੇ ਤੋਂ ਬਾਅਦ ਇਜ਼ਰਾਇਲੀ ਰੱਖਿਆ ਬਲਾਂ ਵੱਲੋਂ ਬਦਲਾ ਲੈਣ ਲਈ ਸ਼ੁਰੂ ਕੀਤੀ ਜਵਾਬੀ ਕਾਰਵਾਈ ਤੋਂ ਬਾਅਦ ਫ਼ਲਸਤੀਨੀਆਂ ਦੇ ਇਜ਼ਰਾਈਲ ਵਿਚ ਦਾਖਲ ਹੋਣ ’ਤੇ ਰੋਕ ਲਾ ਦਿੱਤੀ ਗਈ ਸੀ। 

ਇਨ੍ਹਾਂ ਸਮੁੱਚੇ ਹਾਲਾਤ ਦੇ ਮੱਦੇਨਜ਼ਰ ਵਿਦੇਸ਼, ਗ੍ਰਹਿ ਅਤੇ ਕਿਰਤ ਮੰਤਰਾਲਿਆਂ ਨੂੰ ਵਿਆਪਕ ਨੀਤੀ ਅਪਣਾ ਕੇ ਕਿਸੇ ਵੀ ਵਿਦੇਸ਼ੀ ਮੁਲਕ ਵਲੋਂ ਵਰਕ ਵੀਜ਼ਾ ਦੇਣ ਲਈ ਸਰਕਾਰੀ ਪੱਧਰ ’ਤੇ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਕਿ ਭਾਰਤ ਦੇ ਨੌਜਵਾਨਾਂ ਨੂੰ ਵਰਗਲਾ ਕੇ ਕਿਸੇ ਹਥਿਆਰਬੰਦ ਸੰਘਰਸ਼ ਦਾ ਖਾਜਾ ਨਾ ਬਣਾਇਆ ਜਾ ਸਕੇ। ਇਸੇ ਤਰ੍ਹਾਂ ਇਜ਼ਰਾਈਲ ਨੂੰ ਵੀ ਚਿਤਾਵਨੀ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਭਾਰਤੀ ਕਾਮਿਆਂ ਨੂੰ ਖ਼ਤਰਨਾਕ ਸਰਹੱਦੀ ਖੇਤਰਾਂ ਵਿਚ ਨਾ ਭੇਜੇ; ਰੂਸ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਚੁੰਗਲ ਵਿਚ ਫਸਾ ਕੇ ਜੰਗੀ ਮੰਤਵਾਂ ਲਈ ਵਰਤੇ ਜਾਣ ਦੀ ਵੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਭਾਰਤੀ ਕਾਮਿਆਂ ਨੂੰ ਕਿਸੇ ਦੀ ਜੰਗ ਵਿਚ ਵਰਤਣ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਦੇ ਨਾਲ ਨਾਲ ਨੌਜਵਾਨਾਂ ਲਈ ਮੁਲਕ ਦੇ ਅੰਦਰ ਹੀ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਉਹ ਪਰਵਾਸ ਕਰਨ ਲਈ ਮਜਬੂਰ ਹੀ ਨਾ ਹੋਣ।