ਕਾਂਗਰਸ ਦਾ ਰਿਕਾਰਡ ਤੋੜਨਾ ਚਾਹੁੰਦੀ ਏ ਭਾਜਪਾ
ਭਾਜਪਾ ਲਈ ਸੰਭਵ ਨਹੀਂ ਹੈ 370 ਸੀਟਾਂ ਦਾ ਟੀਚਾ
*ਭਾਜਪਾ ਨੇ ਜਿੱਤ ਲਈ ਜੋੜ-ਤੋੜ ਦੀ ਸਿਆਸਤ ਕੀਤੀ ਤੇਜ਼
ਆਉਣ ਵਾਲੀਆਂ ਆਮ ਚੋਣਾਂ ਲਈ ਭਾਜਪਾ ਨੇ ਆਪਣੇ ਲਈ 370 ਅਤੇ ਐਨਡੀਏ ਲਈ 400 ਦਾ ਨਾਅਰਾ ਦਿੱਤਾ ਹੈ।
ਭਾਜਪਾ ਦੀ ਨਜ਼ਰ ਸਿਰਫ 370 ਸੀਟਾਂ ’ਤੇ ਹੀ ਨਹੀਂ ਹੈ ,ਸਗੋਂ ਇਸ ਵਾਰ ਉਹ ਕਾਂਗਰਸ ਨੂੰ ਮਿਲੀਆਂ ਸਭ ਤੋਂ ਵਧ ਵੋਟਾਂ ਦਾ ਰਿਕਾਰਡ ਵੀ ਤੋੜਨਾ ਚਾਹੁੰਦੀ ਹੈ। ਉਸ ਦਾ ਟੀਚਾ 50 ਫੀਸਦੀ ਵੋਟਾਂ ਹਾਸਲ ਕਰਨ ਦਾ ਵੀ ਹੈ ,ਕਿਉਂਕਿ ਸਾਲ 1984 ਵਿਚ ਇੰਦਰਾ ਗਾਂਧੀ ਦੇ ਕਤਲ ਮਗਰੋਂ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ 49.10 ਫ਼ੀਸਦੀ ਵੋਟਾਂ ਮਿਲੀਆਂ ਸਨ। ਭਾਜਪਾ ਦੇ ਸਮਰਥਕ ਇਸ ਨੂੰ ਸੰਭਵ ਸਮਝਦੇ ਹਨ। ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਭਾਜਪਾ ਲਈ 272 ਨੂੰ ਛੂਹਣਾ ਮੁਸ਼ਕਲ ਹੈ। ਨਿਰਪੱਖ ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮਾਹੌਲ ਬਣਾਉਣ ਲਈ ਦਿੱਤਾ ਗਿਆ ਨਾਅਰਾ ਹੈ। ਆਮ ਭਾਵਨਾ ਇਹ ਹੈ ਕਿ ਭਾਜਪਾ ਤੀਜੀ ਵਾਰ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਿਸ ਤਰ੍ਹਾਂ ਇੰਡੀਆ ਗਠਜੋੜ ਅੱਗੇ ਵਧ ਰਿਹਾ ਹੈ, ਉਸ ਨਾਲ ਭਾਜਪਾ ਲਈ ਮੁਸ਼ਕਲਾਂ ਵਧਣਗੀਆਂ।
ਅੰਕੜਿਆਂ ਦੀ ਇਸ ਸਿਆਸੀ ਖੇਡ ਵਿਚ ਜਿੱਤ ਲਈ ਭਾਜਪਾ ਨੇ ਜੋੜ-ਤੋੜ ਦੀ ਸਿਆਸਤ ਵੀ ਤੇਜ਼ ਕਰ ਦਿੱਤੀ ਹੈ। ਇੱਕ ਮਹੀਨਾ ਪਹਿਲਾਂ ਉਹ ਬਿਹਾਰ ਵਿੱਚ ਇੰਡੀਆ ਗਠਜੋੜ ਨਾਲੋਂ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਨੂੰ ਤੋੜ ਕੇ ਆਪਣੇ ਨਾਲ ਮਿਲਾ ਲਿਆ ਸੀ। ਯੂ.ਪੀ. ਵਿੱਚ ਰਾਸ਼ਟਰੀ ਲੋਕ ਦਲ ਨੂੰ ਆਪਣੇ ਨਾਲ ਲੈ ਲਿਆ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਤੇ ਐੱਨਸੀਪੀ ਨਾਲੋਂ ਤੋੜਕੇ ਆਪਣੇ ਨਾਲ ਮਿਲਾ ਚੁਕੀ ਹੈ।ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਨੂੰ ਵੀ ਆਪਣੇ ਵਿਚ ਸ਼ਾਮਲ ਕਰਕੇ ਰਾਜ ਸਭਾ ਵਿੱਚ ਭੇਜ ਚੁਕੀ ਹੈ। ਅਸਾਮ ਵਿੱਚ ਇਸ ਨੇ ਦੋ ਪ੍ਰਮੁੱਖ ਕਾਂਗਰਸੀ ਨੇਤਾਵਾਂ ਨੂੰ ਆਪਣੇ ਨਾਲ ਰਲਾ ਚੁਕੀ ਹੈ। ਆਂਧਰਾ ਪ੍ਰਦੇਸ਼ ਵਿੱਚ, ਉਹ ਸੱਤਾਧਾਰੀ ਪਾਰਟੀ ਦੇ ਮੁਖੀ ਜਗਨ ਮੋਹਨ ਅਤੇ ਮੁੱਖ ਵਿਰੋਧੀ ਪਾਰਟੀ ਤੇਲਗੂ ਦੇਸ਼ਮ ਦੋਵਾਂ ਨਾਲ ਚੰਗੇ ਸਬੰਧ ਬਣਾਏ ਹੋਏ ਹਨ। ਤੇਲੰਗਾਨਾ ਅਤੇ ਉੜੀਸਾ ਵਿੱਚ ਵੀ ਉਥੋਂ ਦੀਆਂ ਮਜ਼ਬੂਤ ਪਾਰਟੀਆਂ ਭਾਰਤ ਰਾਸ਼ਟਰ ਸਮਿਤੀ ਅਤੇ ਬੀਜੂ ਜਨਤਾ ਦਲ ਨਾਲ ਅਣਐਲਾਨੇ ਸਮਝੌਤੇ ਕੀਤੇ ਗਏ ਹਨ ਤਾਂ ਜੋ ਲੋੜ ਪੈਣ 'ਤੇ ਇਹ ਸਾਰੇ ਭਾਜਪਾ ਦੇ ਨਾਲ ਖੜੇ ਹੋ ਸਕਣ ।
ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਆਂਧਰਾ ਪ੍ਰਦੇਸ਼ ਵਿਚ ਟੀ. ਡੀ. ਪੀ.-ਜਨ ਸੈਨਾ ਪਾਰਟੀ ਅਤੇ ਉੱਤਰ ਪ੍ਰਦੇਸ਼ ਵਿਚ ਰਾਸ਼ਟਰੀ ਲੋਕ ਦਲ ਨਾਲ ਗਠਜੋੜ ਲਗਭਗ ਤੈਅ ਹੋ ਚੁੱਕੇ ਹਨ, ਜਦਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਲੱਗੇ ਝਟਕੇ ਦੇ ਬਾਵਜੂਦ ਅਕਾਲੀ ਦਲ ਨਾਲ ਬੈਕ-ਚੈਨਲ ਗੱਲਬਾਤ ਅਜੇ ਵੀ ਜਾਰੀ ਹੈ।
ਕੀ ਕਹਿੰਦੇ ਨੇ ਚੋਣ ਵਿਸ਼ਲੇਸ਼ਣਕਾਰ
ਭਾਜਪਾ ਤੋਂ ਇਲਾਵਾ ਕੋਈ ਨਹੀਂ ਮੰਨਦਾ ਕਿ ਭਾਜਪਾ 370 ਤੱਕ ਪਹੁੰਚ ਸਕਦੀ ਹੈ। ਨਾ ਮੰਨਣ ਵਾਲੇ ਚੋਣ ਵਿਸ਼ਲੇਸ਼ਣਕਾਰ ਇਸ ਲਈ ਦਲੀਲ ਦਿੰਦੇ ਹਨ ਕਿ ਜਿਨ੍ਹਾਂ ਰਾਜਾਂ ਵਿੱਚ ਭਾਜਪਾ ਦਾ ਆਧਾਰ ਹੈ, ਉਹ ਆਪਣੀ ਵੱਧ ਤੋਂ ਵੱਧ ਸੀਮਾ ਤੱਕ ਪਹੁੰਚ ਚੁਕੀ ਹੈ। ਉਸ ਨੇ ਉਨ੍ਹਾਂ ਰਾਜਾਂ ਵਿੱਚ ਲਗਭਗ ਜ਼ਿਆਦਾਤਰ ਸੀਟਾਂ ਜਿੱਤੀਆਂ ਹਨ। ਉਹ ਇਸ ਤੋਂ ਵੱਧ ਨਹੀਂ ਜਿੱਤ ਸਕਦੀ। ਜੇਕਰ ਇਹ ਕਰਨਾਟਕ, ਮੱਧ ਪ੍ਰਦੇਸ਼, ਅਸਾਮ, ਬਿਹਾਰ ਅਤੇ ਛੱਤੀਸਗੜ੍ਹ ਦੀਆਂ ਬਾਕੀ ਸੀਟਾਂ ਜਿੱਤ ਵੀ ਲੈਂਦੀ ਹੈ, ਤਾਂ ਵੀ ਇਸ ਦੀ ਗਿਣਤੀ ਦਸ ਤੋਂ ਸੀਟਾਂ ਤੋਂ ਜ਼ਿਆਦਾ ਨਹੀਂ ਵਧ ਸਕਦੀ।
ਪਰ ਭਾਜਪਾ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਦੀ ਦਲੀਲ ਹੈ ਕਿ ਦੱਖਣੀ ਰਾਜਾਂ ਪੱਛਮੀ ਬੰਗਾਲ, ਯੂਪੀ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਰਗੇ ਰਾਜਾਂ ਵਿੱਚ ਵੀ ਸਾਡੀਆਂ ਸੀਟਾਂ ਵਧਣਗੀਆਂ। ਭਾਜਪਾ ਆਗੂਆ ਦਾ ਕਹਿਣਾ ਹੈ ਕਿ ਯੂਪੀ ਵਿਚ ਅਸੀਂ 80 ਵਿੱਚੋਂ ਸਾਰੀਆਂ 70 ਸੀਟਾਂ ਜਿੱਤਾਂਗੇ। ਪੱਛਮੀ ਬੰਗਾਲ ਵਿੱਚ ਵੀ ਪਾਰਟੀ ਇਹ ਮੰਨ ਰਹੀ ਹੈ ਕਿ ਉਹ ਇਸ ਵਾਰ ਘੱਟੋ-ਘੱਟ ਤੀਹ ਸੀਟਾਂ ਜਿੱਤੇਗੀ।
ਭਾਜਪਾ ਨੇ 2019 ਵਿਚ ਰਾਜਸਥਾਨ, ਹਰਿਆਣਾ ਤੇ ਗੁਜਰਾਤ ਦੀਆਂ ਸਾਰੀਆਂ ਸੀਟਾਂ ਜਿੱਤੀਆਂ ਸਨ। ਮੱਧ ਪ੍ਰਦੇਸ਼ ਵਿਚ ਸਿਰਫ਼ ਇਕ ਸੀਟ ਤੇ ਛੱਤੀਸਗੜ੍ਹ ਵਿਚ ਦੋ ਸੀਟਾਂ ’ਤੇ ਉਹ ਹਾਰੀ ਸੀ। ਐੱਨ. ਡੀ .ਏ. ਗਠਜੋੜ ਨੇ ਬਿਹਾਰ ’ਚ ਇਕ ਨੂੰ ਛੱਡ ਕੇ ਸਾਰੀਆਂ ਸੀਟਾਂ ਜਿੱਤੀਆਂ ਸਨ। ਉੱਤਰ ਪ੍ਰਦੇਸ਼ ਜੋ ਸਭ ਤੋਂ ਵੱਧ ਲੋਕ ਸਭਾ ਸੀਟਾਂ ਵਾਲਾ ਸੂਬਾ ਹੈ, ਵਿਚ ਭਾਜਪਾ ਨੇ 80 ਵਿਚੋਂ 62 ਵਿਚ ਜਿੱਤ ਪ੍ਰਾਪਤ ਕੀਤੀ ਸੀ। ਰਾਮ ਮੰਦਰ ਰਾਹੀਂ ਪੈਦਾ ਹੋਈ ਸਦਭਾਵਨਾ ਕਾਰਨ ਭਾਜਪਾ ਨੂੰ ਵੱਧ ਸੀਟਾਂ ਜਿੱਤਣ ਅਤੇ ਜਿੱਤ ਨੂੰ ਬਰਕਰਾਰ ਰੱਖਣ ਦਾ ਭਰੋਸਾ ਹੈ। ਕਰਨਾਟਕ ਹੀ ਇਕ ਅਜਿਹਾ ਦੱਖਣੀ ਸੂਬਾ ਹੈ, ਜਿੱਥੇ ਭਾਜਪਾ ਇਕ ਪ੍ਰਮੁੱਖ ਪਾਰਟੀ ਹੈ। ਇੱਥੋਂ 2019 ਵਿਚ ਜਿੱਤੀ ਸੁਮਲਤਾ ਅੰਬਰੀਸ਼ (ਆਜ਼ਾਦ) ਨੇ ਲੋਕ ਸਭਾ ਵਿਚ ਮੋਦੀ ਸਰਕਾਰ ਨੂੰ ਆਪਣਾ ਸਮਰਥਨ ਦਿੱਤਾ ਸੀ। 2023 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਹਾਰ ਦੇ ਬਾਵਜੂਦ ਭਾਜਪਾ ਨੂੰ ਇਕ ਸਹਿਯੋਗੀ ਵਜੋਂ ਜੇ. ਡੀ.(ਐੱਸ) ਨਾਲ ਗਠਜੋੜ ਕਰਨ ਤੋਂ ਬਾਅਦ ਆਪਣਾ ਦਬਦਬਾ ਬਰਕਰਾਰ ਰੱਖਣ ਦੀ ਉਮੀਦ ਹੈ।
ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਪਾਰਟੀ ਓਡੀਸ਼ਾ ਅਤੇ ਤੇਲੰਗਾਨਾ ਵਿਚ ਵੀ ਆਪਣੀ ਗਿਣਤੀ ਵਧਾਏਗੀ, ਜਿੱਥੇ ਇਸ ਦੀ ਕੋਸ਼ਿਸ਼ਾਂ ਬਹੁਤੀਆਂ ਸਫਲ ਨਹੀਂ ਹੋਈਆਂ ਸਨ।
ਭਾਜਪਾ ਲਈ ਮੁਸ਼ਕਲ ਹਾਲਾਤ
ਭਾਜਪਾ ਅਸਲ ਵਿੱਚ ਮੁਸ਼ਕਲ ਹਾਲਾਤਾਂ ਵਿੱਚੋਂ ਲੰਘ ਰਹੀ ਹੈ। ਮਨੀਪੁਰ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਪੂਰੇ ਉੱਤਰ ਪੂਰਬੀ ਭਾਰਤ ਵਿੱਚ ਉਸ ਖ਼ਿਲਾਫ਼ ਗੁੱਸਾ ਹੈ। ਉਥੋਂ ਉਸ ਨੂੰ ਪਿਛਲੀ ਵਾਰ ਦੇ ਮੁਕਾਬਲੇ ਘੱਟ ਸੀਟਾਂ ਮਿਲਣ ਦੀ ਸੰਭਾਵਨਾ ਹੈ। ਅਸਾਮ ਵਿੱਚ ਵੀ ਦੋ-ਤਿੰਨ ਸੀਟਾਂ ਦੇ ਨੁਕਸਾਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਪਿਛਲੀ ਵਾਰ ਇਸ ਨੇ ਪੱਛਮੀ ਬੰਗਾਲ ਵਿੱਚ 18 ਸੀਟਾਂ ਜਿੱਤੀਆਂ ਸਨ। ਇਸ ਵਾਰ ਉੱਥੋਂ ਘੱਟੋ-ਘੱਟ ਦਸ ਸੀਟਾਂ ਘਟਣ ਦੀ ਉਮੀਦ ਹੈ। ਪਿਛਲੀ ਵਾਰ ਬਿਹਾਰ ਵਿੱਚ ਐਨਡੀਏ ਨੇ 40 ਵਿੱਚੋਂ 39 ਸੀਟਾਂ ਜਿੱਤੀਆਂ ਸਨ। ਜਦੋਂ ਨਿਤੀਸ਼ ਕੁਮਾਰ ਗਠਜੋੜ ਦੇ ਨਾਲ ਸਨ ਤਾਂ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਅੰਕੜੇ ਇੰਡੀਆ ਗਠਜੋੜ ਦੇ ਪੱਖ ਵਿੱਚ ਉਲਟ ਸਕਦੇ ਹਨ। ਨਿਤੀਸ਼ ਕੁਮਾਰ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਵਜੂਦ ਅਜੇ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਦੋਵਾਂ ਗਠਜੋੜਾਂ ਵਿਚਾਲੇ ਮੁਕਾਬਲਾ ਸਖਤ ਹੋਵੇਗਾ ਅਤੇ ਉਥੋਂ ਐਨਡੀਏ ਨੂੰ ਘੱਟੋ-ਘੱਟ 10 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ ।
ਝਾਰਖੰਡ ਵਿੱਚ ਜਿਸ ਤਰ੍ਹਾਂ ਭਾਜਪਾ ਨੇ ਕਬਾਇਲੀ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜੇਲ੍ਹ ਭੇਜਿਆ ਹੈ, ਸੂਬੇ ਵਿੱਚ ਇਸ ਦੇ ਖ਼ਿਲਾਫ਼ ਮਾਹੌਲ ਹੈ। ਇਸ ਵਾਰ ਉਥੇ 14 ਸੀਟਾਂ 'ਤੇ ਦਾਅ ਉਲਟ ਸਕਦਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਆਸਾਮ, ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਘੱਟੋ-ਘੱਟ ਪੰਜਾਹ ਸੀਟਾਂ ਹਾਰਦੀ ਨਜ਼ਰ ਆ ਰਹੀ ਹੈ। ਜੇਕਰ ਇਹ ਮੱਧ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ, ਦਿੱਲੀ, ਪੰਜਾਬ, ਹਰਿਆਣਾ, ਗੁਜਰਾਤ, ਜੰਮੂ-ਕਸ਼ਮੀਰ ਦੀਆਂ ਕੁਝ ਹੋਰ ਸੀਟਾਂ ਗੁਆ ਲੈਂਦੀ ਹੈ ਤਾਂ ਅੰਕੜਾ 230 ਅਤੇ 240 ਦੇ ਨੇੜੇ ਤੇੜੇ ਜਾਕੇ ਰੁਕੇਗਾ।ਇਸ ਤਰ੍ਹਾਂ ਇਹ 272 ਦੇ ਅੰਕੜੇ ਤੋਂ ਕਾਫੀ ਪਿੱਛੇ ਰਹਿ ਸਕਦੀ ਹੈ।
ਭਾਜਪਾ ਬਾਰੇ ਰਿਬੋਰੋ ਦੀ ਰਾਇ
ਸਿਆਸੀ ਮਾਹਿਰ ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ) ਦਾ ਮੰਨਣਾ ਹੈ ਕਿ ਮੋਦੀ ਅਗਲੇ 5 ਸਾਲ ਲਈ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਇਸ ਗੱਲ ਦੀ ਮੈਨੂੰ ਆਸ ਹੈ। ਮੈਨੂੰ ਇਸ ਗੱਲ ’ਤੇ ਗੰਭੀਰਤਾ ਨਾਲ ਸ਼ੱਕ ਹੈ ਕਿ ਉਨ੍ਹਾਂ ਦੀ ਭਵਿੱਖਬਾਣੀ ਕਿ ਉਨ੍ਹਾਂ ਦੀ ਪਾਰਟੀ ਭਾਜਪਾ, ਲੋਕ ਸਭਾ ’ਚ 370 ਸੀਟਾਂ ਜਿੱਤੇਗੀ ਅਤੇ ਐੱਨ. ਡੀ. ਏ. ’ਚ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ 30 ਹੋਰ ਸੀਟਾਂ ਜਿੱਤਣਗੀਆਂ? ਦੱਖਣ, ਜਿਸ ਵਿਚ 5 ਸੂਬੇ ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਕਰਨਾਟਕ ਸ਼ਾਮਲ ਹਨ, ਭਾਜਪਾ ਕੋਲ ਨਹੀਂ ਆਉਣ ਵਾਲੇ। ਕੇਰਲ ਅਤੇ ਤਾਮਿਲਨਾਡੂ ਵਿਚ ਭਾਜਪਾ ਵੱਲੋਂ ਇਕ ਖਾਲੀ ਸਥਾਨ ਭਰਨ ਦੀ ਸੰਭਾਵਨਾ ਹੈ। ਕਰਨਾਟਕ ਭਾਜਪਾ ਦੀ ਝੋਲੀ ’ਚ ਸਭ ਤੋਂ ਵੱਡਾ ਯੋਗਦਾਨ ਪਾਏਗਾ ਇਸ ਤਰ੍ਹਾਂ ਦੱਖਣ ਦੀਆਂ ਕੁੱਲ 132 ਸੀਟਾਂ 'ਤੇ ਭਾਜਪਾ ਲਈ ਬਹੁਤਾ ਕੁਝ ਨਹੀਂ ਹੈ।
ਭਾਜਪਾ 370 ਨਹੀਂ 272 ਸੀਟਾਂ ਹਾਸਲ ਕਰਨ ਲਈ ਲੜ ਰਹੀ ਏ
ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇੰਡੀਆ ਗਠਜੋੜ ਐਨਡੀਏ ਦੇ ਮੁਕਾਬਲੇ ਇਕ ਉਮੀਦਵਾਰ ਖੜ੍ਹਾ ਹੁੰਦਾ ਹੈ ਤਾਂ ਭਾਜਪਾ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ। ਇਸੇ ਕਾਰਣ ਉਸ ਨੇ ਮਹਾਰਾਸ਼ਟਰ, ਬਿਹਾਰ, ਯੂਪੀ, ਹਿਮਾਚਲ, ਅਸਾਮ ਆਦਿ ਵਿੱਚ ਵਿਰੋਧੀ ਖੇਮੇ ਦੀ ਭੰਨਤੋੜ ਕੀਤੀ ਹੈ। ਪਰ ਉਹ ਜਾਣਦੀ ਹੈ ਕਿ ਉਸ ਨੇ ਨੇਤਾਵਾਂ ਨੂੰ ਤੋੜਿਆ ਹੈ ਪਰ ਉਨ੍ਹਾਂ ਨਾਲ ਵੋਟ ਬੈਂਕ ਨਹੀਂ ਗਿਆ । ਦੂਜੇ ਪਾਸੇ ਭਾਜਪਾ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇੰਡੀਆ ਗਠਜੋੜ ਸਖ਼ਤ ਚੁਣੌਤੀ ਦੇ ਰਿਹਾ ਹੈ। ਪੱਛਮੀ ਬੰਗਾਲ ਵਿੱਚ ਮਮਤਾ-ਕਾਂਗਰਸ ਅਤੇ ਬਿਹਾਰ ਵਿੱਚ ਆਰਜੇਡੀ-ਕਾਂਗਰਸ। ਯੂਪੀ ਵਿੱਚ ਸਪਾ ਅਤੇ ਕਾਂਗਰਸ ਅਤੇ ਪੰਜਾਬ, ਹਰਿਆਣਾ, ਦਿੱਲੀ ਅਤੇ ਗੁਜਰਾਤ ਵਿੱਚ ਆਪ ਅਤੇ ਕਾਂਗਰਸ। ਹੁਣ ਉੱਤਰੀ ਭਾਰਤ ਦੀ ਵੱਡੀ ਤਾਕਤ ਬਸਪਾ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ 'ਤੇ ਭਾਜਪਾ ਦਾ ਕਾਫੀ ਦਬਾਅ ਹੈ ਕਿ ਊਹ ਇੰਡੀਆ ਗੱਠਜੋੜ ਨਾਲ ਸਮਝੌਤਾ ਨਾ ਕਰੇ।
ਪਰ ਬਸਪਾ ਜਾਣਦੀ ਹੈ ਕਿ ਇਕੱਲੇ ਲੜ ਕੇ ਉਹ ਆਪਣੇ ਆਪ ਨੂੰ ਸਿਆਸੀ ਪੱਧਰ ਉਪਰ ਖਤਮ ਕਰ ਲਵੇਗੀ। ਉਸ ਦੀ ਮੁੱਖ ਤਾਕਤ ਯੂ.ਪੀ. ਪਿਛਲੀਆਂ ਵਿਧਾਨ ਸਭਾ ਚੋਣਾਂ ਉਹ ਇਕੱਲਿਆਂ ਹੀ ਲੜਕੇ ਦੇਖ ਚੁੱਕੀ ਹੈ। ਇਸ ਦਾ ਸਿਰਫ਼ ਇੱਕ ਉਮੀਦਵਾਰ ਹੀ ਜਿੱਤ ਸਕਿਆ। ਜਦੋਂ ਇਸ ਨੇ ਸਪਾ ਨਾਲ ਗਠਜੋੜ ਕਰਕੇ ਲੋਕ ਸਭਾ ਚੋਣਾਂ ਲੜੀਆਂ ਤਾਂ ਇਸ ਦੇ ਦਸ ਸੰਸਦ ਮੈਂਬਰ ਜਿੱਤੇ ਸਨ। 2014 ਵਿੱਚ ਜਦੋਂ ਉਸਨੇ ਇਕੱਲੇ ਚੋਣ ਲੜੀ ਸੀ, ਉਦੋਂ ਵੀ ਉਸਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ ਸੀ। ਹੁਣ ਚੋਣ ਜ਼ਾਬਤੇ ਦੀ ਉਡੀਕ ਹੈ। ਜੇ ਮਾਇਆਵਤੀ ਇੰਡੀਆ ਗਠਜੋੜ 'ਚ ਸ਼ਾਮਲ ਹੋਣ ਦਾ ਫੈਸਲਾ ਕਰਦੀ ਹੈ ਤਾਂ ਇਹ ਤੈਅ ਹੋ ਜਾਵੇਗਾ ਕਿ ਭਾਜਪਾ ਸੱਤਾ ਵਿਚ ਨਹੀਂ ਆ ਰਹੀ। ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਉਹ ਯੂਪੀ ਤੋਂ ਸੱਤਾ ਵਿੱਚ ਆਏ ਸਨ ਅਤੇ ਯੂਪੀ ਤੋਂ ਹੀ ਜਾਣਗੇ।
ਸੋ ਸੱਚਾਈ ਇਹ ਹੈ ਕਿ ਭਾਜਪਾ 370 ਨਹੀਂ 272 ਹਾਸਲ ਕਰਨ ਲਈ ਲੜ ਰਹੀ ਹੈ।
Comments (0)