ਪੰਜਾਬ ਸਰਕਾਰ ਨੇ ਭਾਈ ਹਵਾਰਾ ਨੂੰ ਲੁਧਿਆਣੇ ਲਿਆਉਣ ਤੋਂ ਟਾਲਾ ਵੱਟਿਆ

ਪੰਜਾਬ ਸਰਕਾਰ ਨੇ ਭਾਈ ਹਵਾਰਾ ਨੂੰ ਲੁਧਿਆਣੇ ਲਿਆਉਣ ਤੋਂ ਟਾਲਾ ਵੱਟਿਆ

ਲੁਧਿਆਣਾ/ਏਟੀ ਨਿਊਜ਼ : 
ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਦਰਜ ਇਕ ਮਾਮਲੇ ਵਿਚ ਲੁਧਿਆਣਾ ਦੇ ਸੀਨੀਅਰ ਐਡੀਸ਼ਨਲ ਸੈਸ਼ਨਜ ਜੱਜ ਅਰੁਨਵੀਰ ਵਸ਼ਿਸਟ ਵੱਲੋਂ 11 ਜਨਵਰੀ 2019 ਨੂੰ ਸਰਕਾਰੀ ਧਿਰ ਦੀਆਂ ਗਵਾਹੀਆਂ ਬਾ-ਹੁਕਮ ਬੰਦ ਕਰਨ ਤੋਂ ਬਾਅਦ 6 ਫਰਵਰੀ 2019 ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਦਿੱਲੀ ਤਿਹਾੜ ਜੇਲ੍ਹ ਦੇ ਸੁਪਰਡੈਟ ਨੂੰ ਪੇਸ਼ੀ ਵਾਰੰਟ ਜਾਰੀ ਕੀਤੇ ਸਨ ਪਰ 25 ਜਨਵਰੀ 2019 ਨੂੰ ਸਰਕਾਰ ਵੱਲੋਂ ਦਰਖਾਸਤ ਲਗਾ ਕੇ ਪੇਸ਼ੀ ਦਾ ਪਰਵਾਨਾ ਰੱਦ ਕਰਕੇ ਵੀਡਿਓ ਕਾਨਫਰਸਿੰਗ ਰਾਹੀਂ ਪੇਸ਼ੀ ਕਰਵਾਉਣ ਦੀ ਲਈ ਬੇਨਤੀ ਕੀਤੀ ਗਈ ਹੈ। ਇਸ ਸਬੰਧੀ ਦਰਖਾਸਤ ਦੀ ਨਕਲ ਸਫਾਈ ਧਿਰ ਨੂੰ ਦਿੱਤੀ ਗਈ ਹੈ ਅਤੇ 25 ਫਰਵਰੀ 2019 ਨੂੰ ਜਵਾਬ ਦੇਣ ਕਿਹਾ ਹੈ। ਇਸ ਸਬੰਧੀ ਜਾਣਕਾਰੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਉਕਤ ਮੁਕੱਦਮਾ ਐਫ.ਆਈ.ਆਰ. ਨੰਬਰ. 134 ਮਿਤੀ 23/12/1995 ਨੂੰ ਥਾਣਾ ਕੋਤਵਾਲੀ ਲੁਧਿਆਣਾ ਵਿੱਚ 4/5 ਬਾਰੂਦ ਕਾਨੂੰਨ ਤੇ 25 ਅਸਲਾ ਕਾਨੂੰਨ ਹੇਠ ਦਰਜ ਕੀਤਾ ਗਿਆ ਸੀ। ਮੁਕੱਦਮਾ ਐਫ.ਆਈ.ਆਰ. ਨੰਬਰ. 133 ਮਿਤੀ 6/12/1995 ਥਾਣਾ ਕੋਤਵਾਲੀ ਦੇ ਘੰਟਾ ਘਰ ਬੰਬ ਧਮਾਕਾ ਮਾਮਲੇ ਵਿੱਚ ਵੀ ਅਤੁਲ ਕਮਾਨਾ (ਵਧੀਕ ਸੈਸ਼ਨ ਜੱਜ) ਦੀ ਅਦਾਲਤ ਵਿੱਚ ਸਰਕਾਰੀ ਗਵਾਹੀਆਂ ਦੀ ਤਰੀਕ ਸੀ ਪਰ ਜੱਜ ਦੇ ਛੁੱਟੀ ਉਤੇ ਗਏ ਹੋਣ ਕਾਰਨ ਉਸ ਕੇਸ ਦੀ ਤਾਰੀਕ ਅੱਗੇ ਪੈ ਗਈ।