ਅਕਾਲੀ ਦਲ ਅਤੇ ਉਸ ਦੇ ਬੌਧਿਕ ਹਮਾਇਤੀਆਂ ਦਾ ਭਵਿੱਖ

ਅਕਾਲੀ ਦਲ ਅਤੇ ਉਸ ਦੇ ਬੌਧਿਕ ਹਮਾਇਤੀਆਂ ਦਾ ਭਵਿੱਖ

ਜੇ ਅਸੀਂਂ ਪਿਛਲੇ 3 ਦਹਾਕਿਆਂ ਦੇ ਅਖਬਾਰ ਫੋਲ ਕੇ ਵੇਖੀਏ ਤਾਂ ਸਹਿਜੇ ਹੀ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਸਿੱਖਾਂ ਦਾ ਹਮਾਇਤੀ ਅਖ਼ਬਾਰ ਕਿਵੇਂ ਕਦਮ ਕਦਮ ਤੇ ਸਿੱਖ ਰਵਾਇਤਾਂ ਦਾ ਘਾਣ ਕਰਦਾ ਆ ਰਿਹਾ ਹੈ ਅਤੇ ਕਿਵੇਂ ਇੱਕ ਸੁਚੇਤ ਨੀਤੀ ਦੇ ਤੌਰ ਤੇ ਸਿੱਖਾਂ ਦੀਆਂ ਮਾਣਮੱਤੀਆਂ ਰਵਾਇਤਾਂ ਨੂੰ ਖੋਰਾ ਲਾਉਣ ਦੇ ਯਤਨ ਕਰਦਾ ਆ ਰਿਹਾ ਸੀ। ਸਿੱਖ ਰਹਿਤ ਮਰਯਾਦਾ ਵਿੱਚ ਜਿਨ੍ਹਾਂ ਡੇਰਿਆਂ ਨੂੰ ਗੁਰੂ-ਡੰਮ ਦੇ ਤੌਰ ਤੇ ਭੰਡਿਆ ਗਿਆ ਸੀ ਇਸ ਅਖਬਾਰ ਨੇ ਜਾਣਬੁਝ ਕੇ ਉਨ੍ਹਾਂ ਦੇ ਮੁਖੀਆਂ ਦੇ ਬਰਾਬਰ ‘ਸਤਿਗੁਰੂ’ ਵਰਗੇ ਸ਼ਬਦ ਵਰਤ ਕੇ ਨਾ ਕੇਵਲ ਸਿੱਖ ਸੰਗਤਾਂ ਵਿੱਚ ਭੁਲੇਖਾ ਪਾਉਣ ਦਾ ਯਤਨ ਕੀਤਾ ਬਲਕਿ ਰਾਧਾ ਸੁਆਮੀ ਅਤੇ ਨਿਰੰਕਾਰੀ ਗੁਰੂਡੰਮ ਨੂੰ ਸਿੱਖ ਸਮਾਜ ਦਾ ਇੱਕ ਹਿੱਸਾ ਦੱਸ ਕੇ ਸਿੱਖਾਂ ਦੇ ਬਰਾਬਰ ਸ਼ਰੀਕ ਧਿਰ ਵੱਜੋਂਂ ਉਭਾਰਨ ਅਤੇ ਉਸਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਅਜਿਹਾ ਅਚੇਤ ਤੌਰ ਉੱਤੇ ਨਹੀਂ ਹੋਇਆ ਬਲਕਿ ਸੁਚੇਤ ਤੌਰ ਤੇ ਕੀਤੇ ਯਤਨ ਹਨ।

ਅਵਤਾਰ ਸਿੰਘ  
ਸੀਨੀਅਰ ਪੱਤਰਕਾਰ ਯੂ.ਕੇ.
ਕਹਾਵਤ ਹੈ ਕਿ ਡੁਬਦੀ ਬੇੜੀ ਵਿਚੋਂ ਮੌਕਾਪ੍ਰਸਤ ਮੁਸਾਫ਼ਰ ਹਮਸਫ਼ਰਾਂ ਨਾਲ ਰਲ ਕੇ ਬਚਾÀ ਲਈ ਸਾਂਝੇ ਯਤਨ ਕਰਨ ਦੀ ਥਾਂ
ਛਾਲਾਂ ਮਾਰ ਜਾਂਦੇ ਹਨ। ਇਹ ਬੜਾ ਕੌੜਾ ਸੱਚ ਹੈ ਕਿ ਸੁੱਖ ਵਿੱਚ ਤਾਂ ਸਾਰੇ ਹੀ ਸਾਥ ਰਹਿੰਦੇ ਹਨ ਪਰ ਖੁਦਗਰਜ਼ ਸਹਿਯੋਗੀ ਦੁੱਖ ਦੀ ਘੜੀ ਕਿਤੇ ਨਜ਼ਰ ਹੀ ਨਹੀਂ ਆਉਂਦੇ। ਰਾਜਨੀਤੀ ਵਿੱਚ ਤਾਂ ਖ਼ੈਰ ਮੌਕਾਪ੍ਰਸਤੀ ਅਤੇ ਦਲ ਬਦਲੀ ਅੱਜ ਕਲ੍ਹ ਆਮ ਜਿਹੀ ਗੱਲ ਹੈ। ਪੰਜਾਬ ਵਿਧਾਨ ਸਭਾ ਦੀਆਂ ਹਾਲ ਵਿੱਚ ਹੋਈਆਂ ਚੋਣਾਂ, ਜਿਸਦੇ ਨਤੀਜੇ ਆਉਣ ਵਿੱਚ ਅਜੇ ਲਗਭਗ ਤਿੰਨ ਹਦਾ ਸਮਾਂ ਹੈ, ਨੇ ਸੂਬੇ ਦੀ ਰਾਜਨੀਤੀ ਖ਼ਾਸ ਕਰ ਸੱਤਾਧਾਰੀ ਅਕਾਲੀ ਦਲ (ਬਾਦਲ) ਦੇ ਭਵਿੱਖ ਬਾਰੇ ਫੈਸਲਾਕੁਨ ਭੂਮਿਕਾ ਨਿਭਾਉਣੀ ਹੈ। ਦਿਲਸਚਪ ਗੱਲ ਇਹ ਹੈ ਬਾਦਲ ਪਰਿਵਾਰ ਦੇ ਲੋਟੂ ਰਾਜ ਦੇ ਅਸਿੱਧੇ ਤੌਰ ਤੇ ਪੱਥਪ੍ਰਦਰਸ਼ਕ ਅਤੇ ਭਾਈਵਾਲ ਰਹੇ ਬਹੁਤ ਸਾਰੇ ਅਖੌਤੀ ਸਿੱਖ ਅਤੇ ਪੰਜਾਬ ਹਿਤੈਸ਼ੀਆਂ ਨੇ ਹੁਣ ਅਪਣੇ ਆਪ ਨੂੰ ‘ਦੁੱਧ ਧੋਤਾ’ ਸਿੱਧ ਕਰਨ ਲਈ ਪੈਂਤੜੇ ਬਦਲਣੇ ਸ਼ੁਰੂ ਕਰ ਦਿੱਤੇ ਹਨ। ਸਭ ਤੋਂ ਅਹਿਮ ਹੈ ਧਾਰਮਿਕ ਅਤੇ ਸਿਆਸੀ ਮਸਲਿਆਂ ਉੱਤੇ ਸੱਤਾਧਾਰੀ ਬਾਦਲਾਂ ਦੇ ਸਲਾਹਕਾਰ ਚਲੇ ਆ ਰਹੇ ਇੱਕ ਉੱਘੇ ਮੀਡੀਆ ਕਰਮੀ ਦਾ।
ਜਲੰਧਰ ਤੋਂ ਛਪਦੇ ਪੰਜਾਬੀ ਦੇ ਇਸ ਸਿੱਖ ਪੱਖੀ ਸਮਝੇ ਜਾਂਦੇ ਪੰਜਾਬੀ ਅਖਬਾਰ ਦੇ 8 ਫਰਵਰੀ ਦੇ ਅੰਕ ਵਿੱਚ ਉਸ ਅਖਬਾਰ ਦੇ ਪ੍ਰਸਿੱਧ ਨੀਤੀਘਾੜੇ ਦਾ ਲੇਖ ਛਪਿਆ ਹੈ। ਵੈਸੇ ਤਾਂ ਉਹ ਲੇਖ ਪੰਜਾਬ ਵਿੱਚ ਹੁਣੇ ਜਿਹੇ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲੇਖੇ ਜੋਖੇ ਤੇ ਹੀ ਕੇਂਦਰਿਤ ਹੈ ਪਰ ਲੇਖ ਦੇ ਅੰਤ ਵਿੱਚ ਜਾ ਕੇ ਅਖਬਾਰ ਦੇ ਉਸ ਨੀਤੀਘਾੜੇ ਨੇ ਅਕਾਲੀ ਦਲ ਦੀ ਹੋਣ ਜਾ ਰਹੀ ਦੁਰਦਸ਼ਾ ਦਾ ਕੁਝ ਖੁਲਾਸਾ ਕੀਤਾ ਹੈ। ਲੇਖਕ ਦਾ ਆਖਣਾਂ ਹੈ ਕਿ ਪੰਜਾਬ ਵਿੱਚ ਸਰਕਾਰ ਤਾਂ ਹੁਣ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੀ ਹੀ ਬਣਨੀ ਤੈਅ ਹੈ, ਪਰ ਜਿਸ ਕਿਸਮ ਨਾਲ ਅਕਾਲੀ ਦਲ ਨੇ ਇੱਕ ਵਿਵਾਦਗ੍ਰਸਤ ਡੇਰੇ ਦੀ ਹਮਾਇਤ ਲੈ ਕੇ ਆਪਣੀ ਰਾਜਗੱਦੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਨਾਲ ਅਕਾਲੀ ਦਲ ਦਾ ਰਵਾਇਤੀ ਸਿੱਖ ਵੋਟਰ ਨਰਾਜ਼ ਹੋ ਗਿਆ ਅਤੇ ਉਸ ਨੇ ਕਿਸੇ ਹੋਰ ਪਾਸੇ ਵੋਟ ਪਾ ਦਿੱਤੀ ਹੈ। ਅਖਬਾਰ ਦੇ ਨੀਤੀਘਾੜੇ ਦਾ ਇਹ ਵੀ ਮੰਨਣਾਂ ਹੈ ਕਿ ਜੇ ਇਸ ਵਾਰ ਮੁੱਖ ਮੰਤਰੀ ਪੰਜਾਬ, ਉਨ੍ਹਾਂ ਦੇ ਫਰਜ਼ੰਦ ਅਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਜਾਂਦੇ ਹਨ ਤਾਂ ਇਹ ਉਨ੍ਹਾਂ ਦੀ ਆਖਰੀ ਚੋਣ ਹੋਵੇਗੀ। ਸਪਸ਼ਟ ਹੈ ਕਿ ਲੇਖਕ ਨੇ ਇੱਕ ਤਰ੍ਹਾਂ ਨਾਲ ਅਕਾਲੀ ਦਲ ਦੇ ਸਿਆਸੀ ਅੰਤ ਦਾ ਮਰਸੀਆ ਪੜ੍ਹ ਦਿੱਤਾ ਹੈ ਅਤੇ ਇਹ ਦੁਖ ਜਾਹਰ ਕੀਤਾ ਹੈ ਕਿ ਅਕਾਲੀ ਦਲ ਨੂੰ ਆਪਣਾ ਸਿੱਖ ਅਧਾਰ ਛੱਡ ਕੇ ਕਿਸੇ ਡੇਰੇਦਾਰ ਦੀ ਹਮਾਇਤ ਨਹੀਂ ਸੀ ਲੈਣੀ ਚਾਹੀਦੀ।
ਅਸੀਂਂ ਸਮਝਦੇ ਹਾਂ ਕਿ ਸਿੱਖ ਪੱਖੀ ਸਮਝੇ ਜਾਂਦੇ ਉਸ ਅਖਬਾਰ ਦੇ ਨੀਤੀਘਾੜੇ ਦਾ ਅਕਾਲੀ ਦਲ ਦੀ ਘੋਰ ਗਲਤੀ ਤੇ ਹੱਥ ਰੱਖਣਾ ਨਾ ਕੇਵਲ ਸਵਾਗਤਯੋਗ ਕਦਮ ਹੈ ਬਲਕਿ ਬਹੁਤ ਦੇਰ ਨਾਲ ਬੋਲਿਆ ਗਿਆ ਸੱਚ ਹੈ ਕਿਉਂਕਿ ਅਸਲ ਵਿੱਚ ਅਕਾਲੀ ਦਲ ਦੀ ਇਹ ਦੁਰਗਤੀ ਜਾਂ ਪੰਥ ਨਾਲੋਂ ਤੋੜ ਵਿਛੋੜੇ ਦੀ ਮੰਜਿਲ ਇੱਕਦਮ ਨਹੀਂ ਆ ਗਈ ਅਤੇ ਨਾ ਹੀ ਇਹ ਸਿਰਫ ਅਕਾਲੀ ਦਲ ਦੀ ਲੀਡਰਸ਼ਿਪ ਦੀ ਗਲਤੀ ਜਾਂ ਅਣਜਾਣਪੁਣੇ ਵਿੱਚ ਆਈ ਹੈ। ਅੱਜ ਜੇ ਅਕਾਲੀ ਦਲ ਆਪਣੇ ਰਵਾਇਤੀ ਅਧਾਰ ਸਿੱਖ ਪੰਥ ਨੂੰ ਵਿਸਾਰ ਕੇ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਚੁਣੌਤੀ ਦੇਣ ਵਾਲੇ ਡੇਰਿਆਂ ਦੀ ਸ਼ਰਨ ਵਿੱਚ ਜਾ ਡਿੱਗਿਆ ਹੈ ਤਾਂ ਉਸ ਵਿੱਚ ਕਸੂਰ ਅਕਾਲੀ ਦਲ ਨਾਲੋਂ ਇਸ ਅਖਬਾਰ ਅਤੇ ਉਸ ਦੇ ਨੀਤੀਘਾੜਿਆਂ ਦਾ ਹੈ ਜੋ ਪਿਛਲੇ 3 ਦਹਾਕਿਆਂ ਤੋਂ ਸਿੱਖਾਂ ਦੇ ਖਾਲਸਾਈ ਜਲਾਲ ਦੇ ਬਰਾਬਰ ਸੁਚੇਤ ਰੂਪ ਵਿੱਚ ਸਿੱਖ ਵਿਰੋਧੀ ਡੇਰਿਆਂ ਦੀ ਨਾ ਕੇਵਲ ਪੁਸ਼ਤਪਨਾਹੀ ਕਰਦੇ ਆ ਰਹੇ ਹਨ ਬਲਕਿ ਇਨ੍ਹਾਂ ਡੇਰਿਆਂ ਨੂੰ ਆਪਣੇ ਕਾਲਮਾਂ ਵਿੱਚ ਪੰਥ ਨਾਲੋਂ ਵੀ ਵੱਧ ਥਾਂ ਮੁਹੱਈਆ ਕਰਵਾ ਕੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀਆਂ ਯੋਜਨਾਵਾਂ ਦਾ ਸੁਚੇਤ ਹਿੱਸਾ ਬਣ ਰਹੇ ਹਨ।
ਜੇ ਅਸੀਂਂ ਪਿਛਲੇ 3 ਦਹਾਕਿਆਂ ਦੇ ਅਖਬਾਰ ਫੋਲ ਕੇ ਵੇਖੀਏ ਤਾਂ ਸਹਿਜੇ ਹੀ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਸਿੱਖਾਂ ਦਾ ਹਮਾਇਤੀ ਅਖਬਾਰ ਕਿਵੇਂ ਕਦਮ ਕਦਮ ਤੇ ਸਿੱਖ ਰਵਾਇਤਾਂ ਦਾ ਘਾਣ ਕਰਦਾ ਆ ਰਿਹਾ ਹੈ ਅਤੇ ਕਿਵੇਂ ਇੱਕ ਸੁਚੇਤ ਨੀਤੀ ਦੇ ਤੌਰ ਤੇ ਸਿੱਖਾਂ ਦੀਆਂ ਮਾਣਮੱਤੀਆਂ ਰਵਾਇਤਾਂ ਨੂੰ ਖੋਰਾ ਲਾਉਣ ਦੇ ਯਤਨ ਕਰਦਾ ਆ ਰਿਹਾ ਸੀ। ਸਿੱਖ ਰਹਿਤ ਮਰਯਾਦਾ ਵਿੱਚ ਜਿਨ੍ਹਾਂ ਡੇਰਿਆਂ ਨੂੰ ਗੁਰੂ-ਡੰਮ ਦੇ ਤੌਰ ਤੇ ਭੰਡਿਆ ਗਿਆ ਸੀ ਇਸ ਅਖਬਾਰ ਨੇ ਜਾਣਬੁਝ ਕੇ ਉਨ੍ਹਾਂ ਦੇ ਮੁਖੀਆਂ ਦੇ ਬਰਾਬਰ ‘ਸਤਿਗੁਰੂ’ ਵਰਗੇ ਸ਼ਬਦ ਵਰਤ ਕੇ ਨਾ ਕੇਵਲ ਸਿੱਖ ਸੰਗਤਾਂ ਵਿੱਚ ਭੁਲੇਖਾ ਪਾਉਣ ਦਾ ਯਤਨ ਕੀਤਾ ਬਲਕਿ ਰਾਧਾ ਸੁਆਮੀ ਅਤੇ ਨਿਰੰਕਾਰੀ ਗੁਰੂਡੰਮ ਨੂੰ ਸਿੱਖ ਸਮਾਜ ਦਾ ਇੱਕ ਹਿੱਸਾ ਦੱਸ ਕੇ ਸਿੱਖਾਂ ਦੇ ਬਰਾਬਰ ਸ਼ਰੀਕ ਧਿਰ ਵੱਜੋਂਂ ਉਭਾਰਨ ਅਤੇ ਉਸਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਅਜਿਹਾ ਅਚੇਤ ਤੌਰ ਉੱਤੇ ਨਹੀਂ ਹੋਇਆ ਬਲਕਿ ਸੁਚੇਤ ਤੌਰ ਤੇ ਕੀਤੇ ਯਤਨ ਹਨ।
ਅਕਾਲੀ ਦਲ ਨੂੰ ਸਿੱਖ ਪੰਥ ਦਾ ਸਾਥ ਛੱਡ ਕੇ ਸਿੱਖ ਵਿਰੋਧੀ ਡੇਰਿਆਂ ਦੀ ਸ਼ਰਨ ਵਿੱਚ ਲਿਜਾਣ ਲਈ ਜਿੰਮੇਵਾਰ ਵੀ ਅਕਾਲੀ ਦਲ ਦੇ ਅਜਿਹੇ ਬੌਧਿਕ ਹਮਾਇਤੀ ਹੀ ਸਨ ਜਿਨ੍ਹਾਂ ਨੇ ਪਤਾ ਨਹੀਂ ਕਿਸ ਨੀਤੀ ਅਧੀਨ ਲਗਾਤਾਰ ਸਿੱਖਾਂ ਦੇ ਖਿਲਾਫ ਇੱਕ ਲੁਕਵੀਂਂ ਜੰਗ ਵਿੱਢ ਰੱਖੀ ਹੈ ਅਤੇ ਜੋ ਕਦਮ ਕਦਮ ਤੇ ਖਾਲਸਾਈ ਸ਼ਾਨ ਨੂੰ ਧੁੰਦਲਾ ਕਰਨ ਦੇ ਸੁਚੇਤ ਯਤਨ ਕਰਦੇ ਰਹੇ ਹਨ।
ਜੇ ਪਿਛਲੇ 3 ਦਹਾਕਿਆਂ ਦੇ ਅਖਬਾਰਾਂ ਦੀ ਗੰਭੀਰ ਖੋਜ ਕੀਤੀ ਜਾਵੇ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਉਕਤ ਸਿੱਖ ਪੱਖੀ ਅਖਬਾਰ ਨੇ ਓਨੀ ਥਾਂ ਸਿੱਖ ਧਰਮ ਦੇ ਪਰਚਾਰ ਅਤੇ ਪਸਾਰ ਨੂੰ ਨਹੀਂ ਦਿੱਤੀ ਜਿੰਨੀ ਅਖੌਤੀ ਡੇਰਿਆਂ ਨੂੰ ਮੁਹੱਈਆ ਕਰਵਾਈ ਗਈ। ਧਰਮ ਅਤੇ ਵਿਰਸਾ ਤੋਂ ਲੈ ਕੇ ਸੰਪਾਦਕੀ ਨੀਤੀ ਤੱਕ ਡੇਰਿਆਂ ਦੇ ਹੱਕ ਵਿੱਚ ਅਤੇ ਖਾਲਸਾਈ ਨਿਆਰੇਪਣ ਅਤੇ ਖਾਲਸਾਈ ਸ਼ਾਨ ਦੇ ਖਿਲਾਫ ਭੁਗਤਦੀ ਰਹੀ ਹੈ। ਧਰਮ ਤੇ ਵਿਰਸਾ ਅੰਕ ਵਿੱਚ ਵੀ ਸਿੱਖੀ ਦੀ ਜੋ ਵਿਆਖਿਆ ਪੇਸ਼ ਕੀਤੀ ਜਾਂਦੀ ਹੈ ਉਹ ਫਿਰਕੂ ਹਿੰਦੂ ਬਹੁਗਿਣਤੀ ਦੀਆਂ ਸਿਆਸੀ ਗਿਣਤੀਆਂ ਮਿਣਤੀਆਂ ਦੀ ਪੁਸ਼ਤਪਨਾਹੀ ਲਈ ਹੀ ਕੀਤੀ ਜਾਂਦੀ ਹੈ।
ਅਕਾਲੀ ਦਲ ਵਾਂਗ ਇਸ ਅਖਬਾਰ ਦਾ ਅਧਾਰ ਵੀ ਸਿੱਖ ਪਾਠਕ ਹੀ ਸਨ। ਕੋਈ ਵੀ ਹਿੰਦੂ ਪਾਠਕ ਇਸ ਅਖਬਾਰ ਨੂੰ ਮੁੱਲ ਖਰੀਦ ਕੇ ਨਹੀਂ ਪੜ੍ਹਦਾ ਪਰ ਅਕਾਲੀ ਦਲ ਵਾਂਗ ਇਸ ਅਖਬਾਰ ਨੇ ਵੀ ਹਮੇਸ਼ਾ ਸਿੱਖਾਂ ਨੂੰ ਵਿਸਾਰ ਅਤੇ ਨਕਾਰ ਕੇ ਬਹੁ-ਗਿਣਤੀ ਦੀ ਧਾਰਮਕ ਅਤੇ ਸਿਆਸੀ ਨੀਤੀ ਸਿੱਖਾਂ ਤੇ ਥੋਪਣ ਦੇ ਯਤਨ ਹੀ ਕੀਤੇ ਹਨ। ਸਿੱਖ ਸੰਘਰਸ਼ ਜਾਂ ਖਾਲਸਾਈ ਸਿਆਸਤ ਦੇ ਅਨੋਖੇ ਰੰਗਾਂ ਨੂੰ ਇੱਥੇ ਖਿੜਨ ਹੀ ਨਹੀਂ ਦਿੱਤਾ ਗਿਆ।
ਅਖਬਾਰ ਦਾ ਉਹ ਨੀਤੀਘਾੜਾ ਜੋ ਅੱਜ ਅਕਾਲੀ ਦਲ ਦੇ ਸਿੱਖ ਅਧਾਰ ਦੇ ਟੁੱਟ ਜਾਣ ਤੇ ਹੰਝੂ ਵਹਾ ਰਿਹਾ ਹੈ ਉਹ ਆਪ 30 ਸਾਲ ਤੋਂ ਅਖਬਾਰ ਦੀ ਨੀਤੀ ਨੂੰ ਸੁਚੇਤ ਰੂਪ ਵਿੱਚ ਸਿੱਖਾਂ ਦੇ ਖਿਲਾਫ ਭੁਗਤਾ ਰਿਹਾ ਹੈ। ‘ਕਿਛ ਸੁਣੀਐ ਕਿਛ ਕਹੀਐ’ ਵਰਗੀ ਗੁਰਬਾਣੀ ਦੀ ਮਹਾਨ ਤੁਕ ਦਾ ਸਹਾਰਾ ਲੈ ਕੇ ਉਹ ਕਿਸੇ ਦੀ ਸੁਣਨ ਦਾ ਆਦੀ ਨਹੀਂ ਹੈ ਬਲਕਿ ਆਪਣੇ ਵਿਚਾਰ ਥੋਪ ਦੇਣ ਦਾ ਆਦੀ ਹੈ। ਗੁਰੂ ਸਾਹਿਬ ਨੇ ਇਸ ਤੁਕ ਰਾਹੀਂ ਸਿਹਤਮੰਦ ਸੰਵਾਦ ਰਚਾਉਣ ਦਾ ਸੱਦਾ ਦਿੱਤਾ ਸੀ ਪਰ ਜਦੋਂ ਵੀ ਕੋਈ ਸੱਜਣ ਖਾਲਸਾਈ ਰੰਗ ਵਿੱਚ ਰੰਗੀ ਹੋਈ ਕੋਈ ਲਿਖਤ ਸਿਹਤਮੰਦ ਸੰਵਾਦ ਰਚਾਉਣ ਦੇ ਮਨਸ਼ੇ ਨਾਲ ਇਸ ਨੀਤੀਘਾੜੇ ਕੋਲ ਲੈ ਕੇ ਜਾਂਦਾ ਹੈ ਤਾਂ ਉਹ ਲਿਖਤ ਇਸਦੀ ਹਉਮੈਂ ਦਾ ਸ਼ਿਕਾਰ ਹੋ ਜਾਂਦੀ ਹੈ।
ਅਜਿਹੇ ਨੀਤੀਘਾੜਿਆਂ ਨੇ ਹੀ ਅਕਾਲੀ ਦਲ ਨੂੰ ਸਿੱਖ ਪੰਥ ਤੋਂ ਤੋੜ ਕੇ ਜਮਹੂਰੀਅਤ ਦੇ ਪਰਦੇ ਹੇਠ ਹਿੰਦੂ ਸ਼ਾਵਨਵਾਦ ਦੇ ਪੈਰੋਕਾਰ ਬਣਾ ਕੇ ਧਰ ਦਿੱਤਾ ਹੈ। ਅਜਿਹੇ ਨੀਤੀਘਾੜੇ ਉਸ ਵੇਲੇ ਅਕਾਲੀ ਦਲ ਦੇ ਇੱਕ ਅਯੋਗ ਅਤੇ ਬੇਕਿਰਕ ਆਗੂ ਨੂੰ ਪੰਜਾਬ ਦਾ ਵਾਹਦ ਆਗੂ ਬਣਾ ਕੇ ਪੇਸ਼ ਕਰਦੇ ਰਹੇ ਜਿਸ ਦੀ ਯੋਗਤਾ ਸਿਰਫ ਸਰਕਾਰੀ ਪੈਸੇ ਨਾਲ ਅਯਾਸ਼ੀ ਕਰਨੀ ਅਤੇ ਸਰਕਾਰੀ ਮਸ਼ੀਨਰੀ ਨਾਲ ਆਪਣੇ ਵਿਰੋਧੀਆਂ ਦੀ ਸੰਘੀ ਨੱਪਣੀ ਸੀ। ਜਿਸ ਵੇਲੇ ਅਕਾਲੀ ਦਲ ਨੇ ਸਿੱਖ ਪੰਥ ਦਾ ਪੱਲਾ ਛੱਡਣ ਦਾ ਪਹਿਲਾ ਕਦਮ ਚੁੱਕਿਆ ਸੀ, ਵਿਚਾਰਧਾਰਕ ਅਤੇ ਬੌਧਿਕ ਇਮਾਨਦਾਰੀ ਇਹ ਮੰਗ ਕਰਦੀ ਸੀ ਕਿ ਇੱਕਦਮ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਂਦਾ। ਹੁਣ ਅਕਾਲੀ ਦਲ ਦੀ ਸਮੁੱਚੀ ਹਾਰ ਤੇ ਹੰਝੂ ਵਹਾ ਰਹੇ ਨੀਤੀਘਾੜਿਆਂ ਨੇ ਬਣਦੇ ਸਮੇਂ ਆਪਣੀ ਜਿੰਮੇਵਾਰੀ ਨਾ ਨਿਭਾਈ। ਸਗੋਂ ਉਹ ਅਕਾਲੀ ਦਲ ਨੂੰ ਸਿੱਖ ਇਤਿਹਾਸ, ਪਰੰਪਰਾਵਾਂ ਅਤੇ ਖਾਲਸਾਈ ਰਵਾਇਤਾਂ ਤੋ ਦੂਰ ਧੱਕਦੇ ਰਹੇ। ਜਦੋਂ ਅਕਾਲੀ ਦਲ ਨੂੰ ਰੋਕਣ ਦੀ ਲੋੜ ਸੀ ਇਹ ਨੀਤੀਘਾੜੇ ਉਸ ਨੂੰ ਬੌਧਿਕ ਅਤੇ ਵਿਚਾਰਧਾਰਕ ਸਹਾਇਤਾ ਦੇ ਕੇ ਉਸਦੀ ਪੰਥ ਨਾਲੋਂ ਤਰੇੜ ਨੂੰ ਮਜਬੂਤ ਕਰਦੇ ਰਹੇ।
ਜਿਸਦਾ ਸਿੱਟਾ ਅੱਜ ਇਹ ਨਿਕਲਿਆ ਕਿ ਨਾ ਸਿੱਖਾਂ ਕੋਲ ਕੋਈ ਆਪਣੀ ਸਿਆਣੀ ਅਤੇ ਸੁਹਿਰਦ ਸਿਆਸੀ ਧਿਰ ਰਹੀ ਹੈ, ਨਾ ਖਾਲਸਾਈ ਰੰਗ ਵਿੱਚ ਰੰਗੀ ਧਾਰਮਕ ਲੀਡਰਸ਼ਿੱਪ ਰਹੀ ਹੈ ਅਤੇ ਨਾ ਹੀ ਨਿਆਰੇਪਣ ਦੀ ਖੁਸ਼ਬੋ ਨਾਲ ਖਿੜੀ ਹੋਈ ਬੌਧਿਕ ਧਿਰ ਰਹੀ ਹੈ।
ਪਰ ਇਸ ਵੇਲੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਕਾਲੀ ਦਲ ਨੂੰ ਪੁੱਠੇ ਰਾਹ ਪਾਉਣ ਵਾਲੇ ਸੱਜਣਾਂ ਦੀ 30 ਸਾਲ ਦੀ ਸਖਤ ਮਿਹਨਤ ਦੇ ਬਾਵਜੂਦ ਦੀ ਇਹ ਸੱਜਣ ਆਪਣੀਆਂ ਚਾਲਾਂ ਵਿੱਚ ਕਾਮਯਾਬ ਨਹੀਂ ਹੋ ਸਕੇ ਅਤੇ ਜਿਉਂ ਹੀ ਪੰਥ ਨੂੰ ਮੌਕਾ ਮਿਲਿਆ ਉਸਨੇ ਅਕਾਲੀ ਦਲ ਨੂੰ ਉਸਦੀ ਬਣਦੀ ਥਾਂ ਦਿਖਾ ਦਿੱਤੀ। ਉਮੀਦ ਕਰੀਏ ਕਿ ਸਿੱਖ ਬੌਧਿਕਤਾ ਦੇ ਖੇਤਰ ਵਿੱਚ ਵੀ ਅਜਿਹਾ ਹੀ ਵਾਪਰੇਗਾ ਜਦੋਂ ਵੀ ਪੰਥ ਨੂੰ ਆਪਣੀ ਨਿਆਰੀ ਧਾਰਮਕ ਅਤੇ ਸਿਆਸੀ ਹੋਂਦ ਦਾ ਪਹਿਰੇਦਾਰ ਕੋਈ ਬੌਧਕ ਪਲੇਟਫਾਰਮ ਮਿਲ ਗਿਆ ਉਸ ਵੇਲੇ ਖਾਲਸਾ ਪੰਥ ਅਜਿਹੇ ਨੀਤੀਘਾੜਿਆਂ ਦੀ ਚੁੰਗਲ ਵਿੱਚੋਂ ਨਿਕਲਣ ਲੱਗਾ ਦੇਰ ਨਹੀ ਲਾਵੇਗਾ।
ਪਰ ਇਸ ਸਮੇਂ ਦੌਰਾਨ ਇਨ੍ਹਾਂ ਕਥਿਤ ਨੀਤੀਘਾੜਿਆਂ ਨੇ ਸਿਆਸੀ, ਧਾਰਮਕ ਅਤੇ ਬੌਧਿਕ ਤੌਰ ਤੇ ਸਿੱਖਾਂ ਦਾ ਜੋ ਨੁਕਸਾਨ ਕਰ ਦਿੱਤਾ ਹੈ ਜਾਂ ਤਾਂ ਉਸ ਦੀ ਇਹ ਆਪ ਮੁਆਫੀ ਮੰਗ ਲੈਣ ਜਾਂ ਫਿਰ ਅਕਾਲੀ ਦਲ ਵਾਂਗ ਉਸਦੇ ਅਜਿਹੇ ਬੌਧਿਕ ਹਮਾਇਤੀਆਂ ਦਾ ਪਾਜ ਵੀ ਬੇਪੜਦ ਹੋ ਜਾਵੇ ਜੋ ਪਰਦੇ ਪਿੱਛੇ ਰਹਿਕੇ  ਕੇ.ਪੀ.ਐਸ. ਵਾਂਗ ਸਿੱਖਾਂ ਦੀ ਬੌਧਿਕ ਨਸਲਕੁਸ਼ੀ ਕਰਦੇ ਰਹੇ ਹਨ।
ਹੁਣ ਵਕਤ ਆ ਗਿਆ ਹੈ ਕਿ ਅਜਿਹੇ ਬੌਧਿਕ ਨਸਲਘਾਤਾਂ ਦੀ ਇਤਿਹਾਸ ਵਿੱਚ ਥਾਂ ਨਿਸਚਿਤ ਕੀਤੀ ਜਾਵੇ। ਜੋ ਥਾਂ ਇਤਿਹਾਸ ਨੇ ਕੇ.ਪੀ.ਐਸ .ਗਿੱਲ ਦੀ ਨਿਸਚਿਤ ਕੀਤੀ ਹੈ, ਸਿੱਖਾਂ ਖਿਲਾਫ ਬੌਧਿਕ ਨਸਲਕੁਸ਼ੀ ਦੀ ਮੁਹਿੰਮ ਚਲਾਉਣ ਵਾਲੇ ਅਜਿਹੇ ਨੀਤੀਘਾੜਿਆਂ ਦੀ ਵੀ ਉਹ ਜਗ੍ਹਾ ਨਿਸਚਿਤ ਕੀਤੀ ਜਾਵੇ।