ਨੌਜਵਾਨ ਖਿਡਾਰੀ ਮਨਪ੍ਰੀਤ ਸਿੰਘ ਸੰਭਾਲਣਗੇ ਹਾਕੀ ਇੰਡੀਆ ਦੀ ਕਮਾਨ

ਨੌਜਵਾਨ ਖਿਡਾਰੀ ਮਨਪ੍ਰੀਤ ਸਿੰਘ ਸੰਭਾਲਣਗੇ ਹਾਕੀ ਇੰਡੀਆ ਦੀ ਕਮਾਨ

ਨਵੀਂ ਦਿੱਲੀ ਵਿਚ ਅਰਜਨ ਐਵਾਰਡੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਅਤੇ ਸਵਿਤਾ ਪੂਨੀਆ ਆਪਣੇ ਪਰਿਵਾਰਾਂ ਨਾਲ।

ਨਵੀਂ ਦਿੱਲੀ/ਬਿਊਰੋ ਨਿਊਜ਼ :

ਹਾਕੀ ਇੰਡੀਆ ਨੇ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਅਰਜਨ ਐਵਾਰਡੀ ਮਨਪ੍ਰੀਤ ਸਿੰਘ ਹੁਣ ਭਾਰਤੀ ਹਾਕੀ ਟੀਮ ਦੇ ਨਵੇਂ ਕਪਤਾਨ ਹੋਣਗੇ। ਮਨਪ੍ਰੀਤ ਆਗਾਮੀ 18 ਅਕਤੂਬਰ ਤੋਂ ਓਮਾਨ ਦੇ ਮਸਕਟ ਵਿਚ ਹੋਣ ਵਾਲੀ ਪੰਜਵੀਂ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ 18 ਮੈਂਬਰੀ ਭਾਰਤੀ ਹਾਕੀ ਟੀਮ ਦੀ ਕਪਤਾਨੀ ਸੰਭਾਲੇਗਾ। ਟੀਮ ਦੀ ਉਪ ਕਪਤਾਨੀ ਚਿੰਗਲੇਨਸਾਨਾ ਸਿੰਘ ਨੂੰ ਸੌਂਪੀ ਗਈ ਹੈ।
ਭਾਰਤੀ ਟੀਮ ਵਿਚ ਮਾਹਰ ਗੋਲਕੀਪਰ ਪੀਆਰ ਸ੍ਰੀਜੇਸ਼ ਵੀ ਸ਼ਾਮਲ ਹੈ, ਜਦਕਿ ਨੌਜਵਾਨ ਗੋਲਕੀਪਰ ਕ੍ਰਿਸ਼ਨਾ ਬਹਾਦਰ ਪਾਠਕ ਨੂੰ ਵੀ ਟੀਮ ਵਿਚ ਥਾਂ ਦਿੱਤੀ ਗਈ ਹੈ। ਡਿਫੈਂਸ ਵਿਚ ਕੋਠਾਜੀਤ ਸਿੰਘ ਨੇ ਟੀਮ ਵਿਚ ਵਾਪਸੀ ਕੀਤੀ ਹੈ। 20 ਸਾਲ ਦੇ ਹਾਰਦਿਕ ਸਿੰਘ ਸੀਨੀਅਰ ਟੀਮ ਵਿਚ ਆਪਣਾ ਪਲੇਠਾ ਮੈਚ ਖੇਡੇਗਾ। ਹਰਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਵਰੁਣ ਕੁਮਾਰ, ਸੁਰਿੰਦਰ ਸਿੰਘ ਅਤੇ ਜਰਮਨਜੀਤ ਸਿੰਘ ਭਾਰਤ ਦੇ ਡਿਫੈਂਸ ਨੂੰ ਸੰਭਾਲਣਗੇ।
ਮਿਡਫੀਲਡਰ ਖੇਡਣ ਲਈ ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਨਸਾਨਾ ਸਿੰਘ, ਲਲਿਤ ਕੁਮਾਰ ਉਪਾਧਿਆਇ, ਨੀਲਕਾਂਤਾ ਸ਼ਰਮਾ, ਸੁਮੀਤ ਨੂੰ ਲਿਆ ਗਿਆ ਹੈ।
ਫਾਰਵਰਡ ਲਈ ਗੁਰਜੰਟ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ ਖੇਡਣਗੇ।
ਕੋਚ ਹਰਿੰਦਰ ਸਿੰਘ ਨੇ ਕਿਹਾ ਕਿ, ”ਸਾਡੀ ਟੀਮ ਵਿਚ ਨੌਜਵਾਨਾਂ ਅਤੇ ਤਜਰਬੇਕਾਰ ਖਿਡਾਰੀਆਂ ਦਾ ਬਿਹਤਰੀਨ ਜੋੜ ਹੈ। ਭੁਵਨੇਸ਼ਵਰ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਸਾਡੇ ਕੋਲ ਕੁਝ ਖਿਡਾਰੀਆਂ ਨੂੰ ਪਰਖਣ ਦਾ ਸ਼ਾਨਦਾਰ ਮੌਕਾ ਹੈ। ਮੈਨੂੰ ਯਕੀਨ ਹੈ ਕਿ ਇਹ ਖਿਡਾਰੀ ਓਮਾਨ ਵਿਚ ਟੀਮ ਨੂੰ ਚੰਗਾ ਨਤੀਜਾ ਦੇਣਗੇ।”
ਭਾਰਤੀ ਟੀਮ ਅਗਲੇ ਤਿੰਨ ਹਫ਼ਿਤਆਂ ਤਕ ਭੁਵਨੇਸ਼ਵਰ ਵਿੱਚ ਕੌਮੀ ਕੋਚਿੰਗ ਕੈਂਪ ਵਿਚ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰੇਗੀ, ਜਿਸ ਮਗਰੋਂ ਟੀਮ ਓਮਾਨ ਲਈ ਰਵਾਨਾ ਹੋਵੇਗੀ, ਜਿੱਥੇ ਟੂਰਨਾਮੈਂਟ 18 ਤੋਂ 28 ਅਕਤੂਬਰ ਤਕ ਖੇਡਿਆ ਜਾਵੇਗਾ।
ਗੌਰਤਲਬ ਹੈ ਕਿ ਭਾਰਤ ਨੇ ਸੰਨ 2016 ਵਿਚ ਮਲੇਸ਼ੀਆ ਦੇ ਕੌਂਤਨ ਵਿਚ ਪਾਕਿਸਤਾਨ ਨੂੰ 3-2 ਗੋਲਾਂ ਨਾਲ ਹਰਾ ਕੇ ਇਹ ਖ਼ਿਤਾਬ ਜਿੱਤਿਆ ਸੀ। ਇਸ ਵਾਰ ਇਸ ਟੂਰਨਾਮੈਂਟ ਵਿਚ ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਮਲੇਸ਼ੀਆ, ਪਾਕਿਸਤਾਨ, ਦੱਖਣੀ ਕੋਰੀਆ, ਜਾਪਾਨ ਅਤੇ ਮੇਜ਼ਬਾਨ ਓਮਾਨ ਨਾਲ ਖੇਡਣਾ ਹੈ।