ਖਾਸ ਰਿਪੋਰਟ ਚਮਕੌਰ ਦੀ ਜੰਗ : ਰੂਹਾਨੀ ਰੰਗਾਂ ਦਾ ਇਤਿਹਾਸਕ ਮਿਲਣ

ਖਾਸ ਰਿਪੋਰਟ  ਚਮਕੌਰ ਦੀ ਜੰਗ : ਰੂਹਾਨੀ ਰੰਗਾਂ ਦਾ ਇਤਿਹਾਸਕ ਮਿਲਣ

ਕਰਮਜੀਤ ਸਿੰਘ

ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖਾਲਸੇ ਦੇ ਤਨ ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ। ਇਸ ਵਿਚ ਅੰਮ੍ਰਿਤ ਵੇਲੇ ਦੀ ਰੂਹਾਨੀ ਤਾਜ਼ਗੀ ਤੇ ਖੁਸ਼ੀ ਹੈ ਪਰ ਨਾਲ ਹੀ ਦੁਖ ਵਿਚ ਸੁਖ ਨੂੰ ਮਨਾਉਣ ਦੀ ਰੂਹਾਨੀ ਉਦਾਸੀ ਵੀ ਹੈ। ਇਹ ਘਟਨਾ ਇਤਿਹਾਸ ਦੀਆਂ ਖੁਸ਼ਕ ਹੱਦਾਂ ਨੂੰ ਤੋੜਦੀ ਹੋਈ ਕਿਸੇ ਮਹਾਨ ਅਨੁਭਵ ਨਾਲ, ਜੀਵਨ ਦੇ ਧੁਰੋਂ ਆਏ ਨਿਯਮਾਂ ਨਾਲ ਜਾਂ ਇਲਾਹੀ ਪੈਂਡਿਆਂ ਨਾਲ ਗੂੜ੍ਹੀਆਂ ਸਾਂਝਾਂ ਪਾਉਂਦੀ ਜਾਪਦੀ ਹੈ। ਇਉਂ ਵੀ ਕਹਿ ਸਕਦੇ ਹਾਂ ਕਿ ਅੱਜ ਤੋਂ 300 ਸਾਲ ਪਹਿਲਾਂ ਬ੍ਰਹਿਮੰਡ ਦੇ ਪਾਰਲੇ ਗ਼ੈਬੀ ਅਨੁਭਵਾਂ ਨੇ ਆਪਣਾ ਜਾਹੋ-ਜਲਾਲ ਇਤਿਹਾਸ ਰਾਹੀਂ ਚਮਕੌਰ ਦੀ ਸਰਜ਼ਮੀਨ ‘ਤੇ ਉਤਾਰਿਆ। ਇਸ ਘਟਨਾ ਵਿਚ ਸਿੱਖੀ ਸਿਦਕ ਏਨੇ ਜ਼ੋਰ ਨਾਲ ਰੋਸ਼ਨ ਹੋਇਆ ਕਿ ਇਹ ਖਾਲਸੇ ਨੂੰ ”ਸਦਾ ਸਦ-ਜਾਗਤ ਅਵਸਥਾ” ਵਿਚ ਰੱਖੇਗਾ। ਹੁਣ ਵੀ ਜਦੋਂ ਖਾਲਸਾ ਗੁਰੂ-ਅਨੁਭਵ ਤੋਂ ਵਿਛੜ ਕੇ ”ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ” ਵਾਲੇ ਬੇਰਹਿਮ ਸਮਿਆਂ ਵਿਚ ਭਟਕ ਰਿਹਾ ਹੈ ਤਾਂ ਉਸ ਦੀ ਪਿਆਸੀ ਜ਼ਮੀਰ ਲਈ ਚਮਕੌਰ ਦੀ ਜੰਗ ਅੰਮ੍ਰਿਤ ਦੀ ਵਰਖਾ ਹੈ, ਰਹਿਮਤ ਦੀ ਬਾਰਿਸ਼ ਹੈ। ਅੱਜ ਜਦੋਂ ਮੂੰਹ-ਜ਼ੋਰ ਸਮਿਆਂ ਵਿਚ ਸਿੱਖ ਕੌਮ ਦੀ ਕੋਈ ਪੁੱਛ ਪ੍ਰਤੀਤ ਨਹੀਂ ਰਹੀ ਤਾਂ ਉਸ ਸਮੇਂ ਚਮਕੌਰ ਉਸ ਲਈ ਦਸਮੇਸ਼ ਪਿਤਾ ਵੱਲੋਂ ਬਖਸ਼ਿਆ ਪਹਿਚਾਣ ਪੱਤਰ ਹੈ।
ਚਮਕੌਰ ਦੀ ਘਟਨਾ ਸਿੱਖ ਇਤਿਹਾਸ ਵਿਚ ਇਸ ਲਈ ਵਿਸ਼ੇਸ਼ ਅਰਥ ਰੱਖਦੀ ਹੈ ਕਿਉਂਕਿ ਅੱਗੇ ਜਾ ਕੇ ਅਸੀਂ ਵੇਖਾਂਗੇ ਕਿ ਇਸ ਧਰਤੀ ‘ਤੇ ਗੁਰਬਾਣੀ ਦੇ ਸਾਰੇ ਰੂਹਾਨੀ ਫੁੱਲ ਇਕੋ ਸਮੇਂ ਖਿੜਦੇ ਪ੍ਰਤੀਤ ਹੁੰਦੇ ਹਨ। ਇਥੇ ਖਾਲਸੇ ਰਾਹੀਂ ਖਾਲਸੇ ਦੇ ਕਰਮ, ਬਚਨ, ਗੁਰਬਾਣੀ ਅਤੇ ਅਮਲਾਂ ਦਾ ਇਤਿਹਾਸਕ-ਮਿਲਣ ਵੀ ਹੁੰਦਾ ਹੈ ਅਤੇ ਵਿਸਮਾਦਿਕ-ਮਿਲਣ ਵੀ ਅਤੇ ਮਾਣ ਕਰਨ ਵਾਲੀ ਗੱਲ ਇਹ ਹੈ ਕਿ ਨੀਲੇ ਘੋੜੇ ਦਾ ਸ਼ਾਹਸਵਾਰ ਇਸ ਘਟਨਾ ਦਾ ਚਸ਼ਮਦੀਦ ਗਵਾਹ ਬਣਦਾ ਹੈ।

ਸਾਡੀ ਇਸ ਧਰਤੀ ‘ਤੇ ਇਤਿਹਾਸ ਨੇ ਵੱਡੀਆਂ-ਵੱਡੀਆਂ ਜੰਗਾਂ ਵੇਖੀਆਂ ਹਨ। ਅਸੀਂ ਉਨ੍ਹਾਂ ਯੋਧਿਆਂ ਦੀਆਂ ਕਹਾਣੀਆਂ ਵੀ ਸੁਣੀਆਂ ਹਨ, ਜਿਨ੍ਹਾਂ ਵੱਲੋਂ ਮੈਦਾਨੇ-ਜੰਗ ਵਿਚ ਵਿਖਾਏ ਗਏ ਜੌਹਰ ਇਤਿਹਾਸ ਦੇ ਯਾਦਗਾਰੀ ਕਾਂਡ ਬਣ ਗਏ ਹਨ। ਜੇ.ਐਫ.ਸੀ. ਫੁੱਲਰ ਨੇ ਤਾਂ ਪੱਛਮੀ ਦੁਨੀਆਂ ਦੀਆਂ ਫੈਸਲਾਕੁੰਨ ਜੰਗਾਂ ‘ਤੇ ਪੂਰੀ ਇਕ ਕਿਤਾਬ ਲਿਖੀ ਹੈ।
ਫੁੱਲਰ ਖੁਦ ਵੀ ਜੰਗੀ ਤਰਕੀਬਾਂ ਦਾ ਮਾਹਰ ਸੀ ਅਤੇ ਕਿਵੇਂ ਇਹ ਜੰਗਾਂ ਇਤਿਹਾਸ ਦੇ ਵਹਿਣ ਨੂੰ ਹੀ ਉਲਟਾ-ਪੁਲਟਾ ਕਰ ਦਿੰਦੀਆਂ ਹਨ, ਉਸ ਬਾਰੇ ਉਸ ਦੀ ਡੂੰਘੀ ਸੋਝੀ ਉੱਤੇ ਵੀ ਕਿੰਤੂ-ਪਰੰਤੂ ਨਹੀਂ ਕੀਤਾ ਜਾ ਸਕਦਾ। ਪਰ ਆਖਰ ਨੂੰ ਇਹ ਸਾਰੀਆਂ ਜੰਗਾਂ ਭੂਗੋਲਿਕ ਹੱਦਾਂ ਨੂੰ ਵਧਾਉਣ ਦੇ ਇਰਾਦੇ ਨਾਲ ਹੀ ਲੜੀਆਂ ਗਈਆਂ। ਕੀ ਇਹ ਕਿਹਾ ਜਾ ਸਕਦਾ ਹੈ ਕਿ ਇਹ ਜੰਗਾਂ ਕਿਸੇ ਅਮਰ ਰੂਹਾਨੀ ਸੋਮੇ ਨਾਲ ਜੁੜੀਆਂ ਹੋਈਆਂ ਸਨ? ਜਾਂ ਕੀ ਇਨ੍ਹਾਂ ਜੰਗਾਂ ਦਾ ਦਿਲਾਂ ਨੂੰ ਜਿੱਤਣ ਵਾਲੀ ਕਿਸੇ ਅਮੀਰ ਵਿਰਾਸਤ ਨਾਲ ਕੋਈ ਰਿਸ਼ਤਾ ਜੁੜਦਾ ਹੈ? ਕੋਈ ਸਾਂਝ ਬਣਦੀ ਹੈ?
ਮਾਨਵਤਾ ਦੀ ਸਾਂਝੀ ਵਿਰਾਸਤ : ਪਰ ਚਮਕੌਰ ਦੀ ਜੰਗ ਦਾ ਰਿਸ਼ਤਾ ਮੁਲਕਾਂ, ਕੌਮਾਂ ਅਤੇ ਧਰਮਾਂ ਦੀਆਂ ਹੱਦਾਂ ਤੋਂ ਦੂਰ ਖਲਕਤ ਦੇ ਸਾਂਝੇ ਦਰਦ ਦੀ ਆਵਾਜ਼ ਬਣ ਜਾਂਦਾ ਹੈ ਅਤੇ ਇੰਝ ਇਹ ਘਟਨਾ ਸਮੁੱਚੀ ਮਾਨਵਤਾ ਦੀ ਸਾਂਝੀ ਵਿਰਾਸਤ ਬਣ ਗਈ ਹੈ। ਸਾਂਝੀ ਵਿਰਾਸਤ ਬਣ ਜਾਣ ਦਾ ਇਸ ਦਾ ਸਭ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਸਾਹਿਬਜ਼ਾਦਿਆਂ ਬਾਰੇ ਸੁੱਚੇ ਹੰਝੂਆਂ ਵਿਚ ਭਿੱਜੀ ਦਰਦਨਾਕ ਕਵਿਤਾ ਹੁਣ ਤੱਕ ਜੇ ਕੋਈ ਲਿਖ ਸਕਿਆ ਹੈ ਤਾਂ ਉਹ ਸਿੱਖ ਧਰਮ ਨਾਲ ਸਬੰਧਤ ਨਹੀਂ ਸਗੋਂ ਇਕ ਮੁਸਲਮਾਨ ਸੂਫੀ ਸ਼ਾਇਰ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਸੀ। ਇਸ ਅਲਬੇਲੇ ਸ਼ਾਇਰ ਨੂੰ ਚਮਕੌਰ ਦੇ ਯੁੱਧ ਵਿਚੋਂ ਕਰਬਲਾ  ਦੀ ਜੰਗ ਦੇ ਦ੍ਰਿਸ਼ ਨਜ਼ਰ ਆਏ ਅਤੇ ਛੋਟੇ ਸਾਹਿਬਜ਼ਾਦਿਆਂ ਵੱਲੋਂ ਅਦਾਲਤ ਵਿਚ ਵਜ਼ੀਰ ਖਾਂ ਅੱਗੇ ਦਿੱਤੇ ਜਵਾਬ ”ਖੁਦਾ ਕੀ ਜ਼ੁਬਾਨੋਂ” ਲੱਗੇ।
ਯਾਦਾਂ ਵਿਚ ਡੂੰਘੀ ਉੱਤਰੀ ਜੰਗ : ਸਾਡੇ ਕੋਲ ਚਮਕੌਰ ਦੀ ਜੰਗ ਦੇ ਇਤਿਹਾਸਕ ਵੇਰਵੇ ਭਾਵੇਂ ਪੂਰੀ ਤਰ੍ਹਾਂ ਅਤੇ ਸਹੀ ਰੂਪ ਵਿਚ ਨਹੀਂ ਮਿਲਦੇ ਪਰ ਜਿਵੇਂ ਇਸ ਜੰਗ ਦੀ ਦਾਸਤਾਨ ਖਾਲਸੇ ਦੀ ਯਾਦ ਵਿਚ ਡੂੰਘੀ ਉਤਰੀ ਹੋਈ ਹੈ ਅਤੇ ਜਿਵੇਂ ਇਹ ਸਾਕਾ ਸੁਣ ਕੇ ਹੀ ਉਸ ਦੇ ਧੁਰ ਅੰਦਰ ਕਿਸੇ ਵੱਡੀ ਬੇਚੈਨੀ ਤੇ ਤਿਲ-ਮਿਲਾਹਟ ਦਾ ਆਲਮ ਸਿਰਜਿਆ ਜਾਂਦਾ ਹੈ ਅਤੇ ਉਸ ਦੀ ਰੂਹ ਪੀੜ-ਪੀੜ ਹੋ ਜਾਂਦੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਕਈ ਵਾਰ ਯਾਦਾਂ ਦਾ ਨਿਰਮਲ ਨਜ਼ਾਰਾ ਤੱਥਾਂ ਦੀ ਬੇਜਾਨ ਤੇ ਖੁਸ਼ਕ ਨੁਮਾਇਸ਼ ਨਾਲੋਂ ਕਿਤੇ ਵੱਧ ਬਲਵਾਨ ਹੁੰਦਾ ਹੈ। ਪਿਆਰਾ ਵੀ ਹੁੰਦਾ ਹੈ ਅਤੇ ਅਭੁੱਲ ਯਾਦਗਾਰ ਵੀ ਬਣ ਜਾਂਦਾ ਹੈ। ਹਰਿੰਦਰ ਸਿੰਘ ਮਹਿਬੂਬ  ਇਨ੍ਹਾਂ ਯਾਦਾਂ ਨੂੰ ”ਮੌਲਿਕ ਦਾਰਸ਼ਨਿਕ ਸੰਕਲਪ” ਦਾ ਨਾਂ ਦਿੰਦਾ ਹੈ। ਕਈ ਵਾਰ ਇਉਂ ਵੀ ਹੁੰਦਾ ਹੈ ਕਿ ਸਮੇਂ ਦੇ ਹਾਕਮਾਂ ਵਿਚ ਕਿਸੇ ਘਟਨਾ ਦੇ ਅੰਦਰ ਲੁਕੀ ਡੂੰਘੀ ਤਹਿ ਵਿਚ ਉਬਲ ਰਹੇ ਕਿਸੇ ਵੱਡੇ ਜਵਾਲਾਮੁਖੀ ਨੂੰ ਵੇਖ ਸਕਣ ਵਾਲੀ ਅੱਖ ਨਹੀਂ ਹੁੰਦੀ। ਮਿਸਾਲ ਵਜੋਂ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ 28 ਜੂਨ, 1914 ਨੂੰ ਬੋਸਨੀਆ ਦੀ ਰਾਜਧਾਨੀ ਵਿਚ ਆਸਟਰੀਆ ਦੇ ਰਾਜ ਕੁਮਾਰ ਫਰੈਜ਼ ਫਰਦੀਨੈਂਦ ਦਾ ਕਤਲ ਭਾਂਬੜ ਬਣ ਕੇ ਪਹਿਲੀ ਵਿਸ਼ਵ ਜੰਗ ਦਾ ਭਿਆਨਕ ਰੂਪ ਅਖਤਿਆਰ ਕਰ ਲਵੇਗਾ ਅਤੇ ਕਰੋੜਾਂ ਜਾਨਾਂ ਲੈ ਕੇ ਹੀ ਠੰਢਾ ਹੋਵੇਗਾ। ਕਿਸੇ ਨੇ ਵੀ ਇਸ ਘਟਨਾ ਨੂੰ ਉਸ ਸਮੇਂ ਖਾਸ ਅਹਿਮੀਅਤ ਨਹੀਂ ਸੀ ਦਿੱਤੀ। ਇਥੋਂ ਤੱਕ ਕਿ ਨਿਊਯਾਰਕ ਟਾਈਮਜ਼ ਵਰਗੇ ਸੰਸਾਰ ਪ੍ਰਸਿੱਧ ਅਖਬਾਰ ਨੇ ਇਸ ਖਬਰ ਨੂੰ ਪਹਿਲੇ ਪੰਨ੍ਹੇ ‘ਤੇ ਨਿੱਕੀ ਜਿਹੀ ਖਬਰ ਬਣਾ ਕੇ ਵੀ ਛਾਪਣ ਦੀ ਜ਼ਰੂਰਤ ਨਾ ਸਮਝੀ। ਰਾਜਨੀਤਕ ਹਲਕਿਆਂ ਵਿਚ ਉਸ ਸਮੇਂ ਫੌਰੀ ਪ੍ਰਤੀਕਿਰਿਆ ਇਹੋ ਹੀ ਹੋਈ ਕਿ ਇਹ ਘਟਨਾ ਵੀ ਵਾਪਰ ਰਹੀਆਂ ਘਟਨਾਵਾਂ ਦੀ ਲੜੀ ਵਿਚ ਇਕ ਸਧਾਰਨ ਜਿਹੀ ਘਟਨਾ ਹੈ, ਜਿਸ ਵੱਲ ਬਹੁਤੀ ਤਵੱਜੋਂ ਦੇਣ ਦੀ ਲੋੜ ਨਹੀਂ। ਸ਼ਾਇਦ ਇਸੇ ਲਈ ਇਕ ਉੱਘੇ ਵਿਦਵਾਨ ਸਿੰਡਰ ਲੁਈਸ ਐਲ ਵੱਲੋਂ ਇਸ ਘਟਨਾ ਨੂੰ ਲੈ ਕੇ ਕੀਤੀ ਇਹ ਟਿੱਪਣੀ ਕਾਫੀ ਢੁਕਵੀਂ ਤੇ ਮਹੱਤਵਪੂਰਨ ਹੈ :
”ਬਸ ਇਤਿਹਾਸਕਾਰਾਂ ਨੂੰ ਇੰਨਾ ਕੁ ਧੁੰਦਲਾ ਜਿਹਾ ਤਾਂ ਪਤਾ ਸੀ ਕਿ ਸਾਮਰਾਜਵਾਦ, ਰਾਸ਼ਟਰਵਾਦ, ਵਧ ਰਹੀਆਂ ਫੌਜੀ ਸਰਗਰਮੀਆਂ ਅਤੇ ਅੰਤਰਰਾਸ਼ਟਰੀ ਤੌਰ ‘ਤੇ ਫੈਲ ਰਹੀ ਅਫ਼ਰਾ-ਤਫ਼ਰੀ ਨੇ ਦੁਨੀਆ ਭਰ ਵਿਚ ਟਕਰਾਉ ਵਾਲੀ ਹਾਲਤ ਬਣਾ ਦਿੱਤੀ ਹੈ ਪਰ ਉਨ੍ਹਾਂ ਨੂੰ ਇੰਨਾ ਪਤਾ ਨਹੀਂ ਸੀ ਕਿ ਇਸ ਟਕਰਾਉ ਤੋਂ ਜਨਮ ਲੈਣ ਵਾਲੀ ਚੰਗਿਆੜੀ ਕਿਥੋਂ ਤੇ ਕਦੋਂ ਉੱਠੇਗੀ ਅਤੇ ਫਿਰ ਭਾਂਬੜ ਦੀ ਸ਼ਕਲ ਅਖ਼ਤਿਆਰ ਕਰ ਲਵੇਗੀ।”
ਇਸੇ ਤਰ੍ਹਾਂ ਅੰਮ੍ਰਿਤਸਰ ਵਿਚ 13 ਅਪ੍ਰੈਲ, 1978 ਦੇ ਵਿਸਾਖੀ ਕਾਂਡ ਪਿੱਛੋਂ ਇਹ ਅਨੂਮਾਨ ਲਾਉਣਾ ਮੁਸ਼ਕਿਲ ਸੀ ਕਿ ਨਿਰੰਕਾਰੀਆਂ ਹੱਥੋਂ ਹੋਈ 13 ਸਿੰਘਾਂ ਦੀ ਸ਼ਹਾਦਤ ਆਉਣ ਵਾਲੇ ਵੱਡੇ ਤੂਫਾਨਾਂ ਦਾ ਸੰਕੇਤ ਬਣ ਸਕਦੀ ਹੈ ਅਤੇ ਇਸੇ ਤਰ੍ਹਾਂ ਵਿਰਲੇ ਹੀ ਸਿਆਣਿਆਂ ਨੂੰ ਇਹ ਕਨਸੋਆਂ ਮਿਲ ਸਕਦੀਆਂ ਸਨ ਕਿ ਚਮਕੌਰ ਦੀ ਜੰਗ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਛੇਤੀ ਹੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਦੀ ਖ਼ਬਰ ਲੈ ਕੇ ਆਏਗੀ।
ਵੰਨ-ਸੁਵੰਨੇ ਰੂਹਾਨੀ ਫੁੱਲਾਂ ਦਾ ਗੁਲਦਸਤਾ : ਆਓ ਹੁਣ ਦੇਖੀਏ ਕਿ ਚਮਕੌਰ ਦੀ ਜੰਗ ਵੰਨ-ਸੁਵੰਨੇ ਰੂਹਾਨੀ ਫੁੱਲਾਂ ਦਾ ਖਿੜਿਆ ਇਕ ਗੁਲਦਸਤਾ ਕਿਵੇਂ ਬਣਿਆ? ਅਸੀਂ ਇਹ ਵੀ ਦੇਖਾਂਗੇ ਕਿ ਖਾਲਸਾ ਇਥੇ ਗੁਰਬਾਣੀ ਦੀ ਰੋਸ਼ਨੀ ਵਿਚ ਕਿਵੇਂ ਆਪਣੇ ਵੱਖਰੇ-ਵੱਖਰੇ ਰੂਪ ਵਟਾਉਂਦਾ ਹੈ ਅਤੇ ਕਿਵੇਂ ਇਤਿਹਾਸ ਵਿਸਮਾਦ ਵਿਚ ਅਤੇ ਵਿਸਮਾਦ ਇਤਿਹਾਸ ਵਿਚ ਪਲਟਦਾ ਹੈ। ਅਨੰਦਪੁਰ ਛੱਡਣ ਪਿੱਛੋਂ ਚਮਕੌਰ ਦੀ ਗੜ੍ਹੀ ਵਿਚ ਪਹੁੰਚਣ ਤੱਕ ਉਹ ਕਿਹੜੇ ਝੱਖੜ ਸਨ ਜਿਹੜੇ ਖਾਲਸੇ ਅਤੇ ਉਸ ਦੇ ਗੁਰੂ ਉੱਤੇ ਨਹੀਂ ਸਨ ਝੁੱਲੇ ਅਤੇ ਉਹ ਕਿਹੜੀਆਂ ਬਿਜਲੀਆਂ ਸਨ, ਜੋ ਖਾਲਸੇ ਉੱਤੇ ਰਹਿ-ਰਹਿ ਕੇ ਟੁੱਟ ਟੁੱਟ ਕੇ ਨਹੀਂ ਸੀ ਪਈਆਂ। ਪਰ ਰੱਬੀ ਹੁਕਮ ਵੱਲੋਂ ਕਹਿਰ ਦੀ ਸ਼ਕਲ ਵਿਚ ਪਾਏ ਪਰਚੇ ਦਾ ਮੋੜਵਾਂ ਜਵਾਬ ਖਾਲਸੇ ਨੇ ਰੱਬ ਦੇ ਹੀ ਦਿੱਤੇ ਇਨ੍ਹਾਂ ਬੋਲਾਂ ਰਾਹੀਂ – ”ਮਿਠਾ ਲਗੇ ਤੇਰਾ ਭਾਣਾ, ਤੇਰਾ ਕੀਆ ਮੀਠਾ ਲਾਗੈ” ਅਤੇ ”ਜੋ ਤੁਧ ਭਾਵੈ ਸਾਈ ਭਲੀ ਕਾਰ” ਦੇ ਰੂਪ ਵਿਚ ਰੱਬ ਨੂੰ ਹੀ ਵਾਪਸ ਕਰ ਦਿੱਤਾ। ਇੰਝ ਖੁਦਾ ਵੱਲੋਂ ਚਮਕੌਰ ਦੇ ਵਿਹੜੇ ਵਿਚ ਸੁੱਟੀ ਗੇਂਦ ਖੁਦਾ ਦੇ ਵਿਹੜੇ ਵਿਚ ਵਾਪਸ ਕਰਨ ਦਾ ਇਤਿਹਾਸਕ ਕੌਤਕ ਵੀ ਖਾਲਸੇ ਦੇ ਹਿੱਸੇ ਆ ਸਕਿਆ ਹੈ। ਪਰ ਇਸ ਰੂਹਾਨੀ ਖੇਡ ਦੀਆਂ ਬਾਰੀਕ ਪਰਤਾਂ ਦੇ ਵੇਰਵੇ ਸਾਨੂੰ ਸਮਕਾਲੀ ਇਤਿਹਾਸਕ ਲਿਖਤਾਂ ਤੋਂ ਨਹੀਂ ਮਿਲਦੇ ਜਾਂ ਅਸੀਂ ਇਉਂ ਵੀ ਕਹਿ ਸਕਦੇ ਹਾਂ ਕਿ ਭਿਆਨਕ ਜੰਗ ਦੇ ਉਸ ਮਾਹੌਲ ਵਿਚ ਚਮਕੌਰ ਦੀ ਗੜ੍ਹੀ ਦੇ ਅੰਦਰ ਕੀ ਕੁਝ ਵਾਪਰ ਰਿਹਾ ਸੀ, ਉਹ ਸਮਕਾਲੀ ਲਿਖਤਾਂ ਤੋਂ ਬਹੁਤ ਘੱਟ ਹਾਸਲ ਹੁੰਦਾ ਹੈ ਪਰ ਕੁਝ ਅਤੀ ਮਹੱਤਵਪੂਰਨ ਤੱਥ ਸਾਡੇ ਦਿਲਾਂ ਨੇ ਸਾਂਭੇ ਹੋਏ ਹਨ, ਜੋ ਚਮਕੌਰ ਦੇ ਸਾਕੇ ਦੀ ਅਹਿਮੀਅਤ ਨੂੰ ਨਿਖਾਰ ਕੇ ਪੇਸ਼ ਕਰ ਸਕਦੇ ਹਨ।
ਇਹ ਇਕ ਇਤਿਹਾਸਕ ਤੱਥ ਹੈ ਕਿ ਖ਼ੁਦਾ ਨੇ ਪੋਹ ਦੇ ਮਹੀਨੇ ਵਿਚ ਖਾਲਸੇ ਦਾ ਇਮਤਿਹਾਨ ਲਿਆ। ਪੋਹ ਦਾ ਮਹੀਨਾ ਵੈਸੇ ਵੀ ਠੰਢਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਖ਼ੁਦ ਗਵਾਹੀ ਭਰਦੇ ਹਨ ਕਿ ਇਸ ਮਹੀਨੇ ਬਰਫ਼ ਵਰਗੀ ਠੰਢ ਪੈਂਦੀ ਹੈ ਅਤੇ ਬੂਟਿਆਂ ਵਿਚੋਂ ਰਸ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਧੜਕਦੀ ਜ਼ਿੰਦਗੀ ਵਿਚ ਮੁਕੰਮਲ ਕੋਰਾਪਣ ਛਾ ਜਾਂਦਾ ਹੈ, (ਪੋਖਿ ਤੁਖਾਰ ਪੜੈ ਵਣੁ ਤ੍ਰਿਣੁ ਰਸੁ ਸੋਖੈ-ਪੰਨਾ 1109)। ਹੁਣ ਤੁਸੀਂ ਖੁਦ ਅੰਦਾਜ਼ਾ ਲਾਓ ਕਿ ਕੁਦਰਤ ਸਮੇਤ ਬਾਹਰਲੀਆਂ ਤਾਕਤਾਂ ਕਿਵੇਂ ਇਕਮੁੱਠ ਹੋ ਕੇ ਖਾਲਸੇ ਦੇ ਵਿਰੋਧ ਵਿਚ ਖੜ੍ਹੀਆਂ ਹਨ। ਇਥੇ ਹੀ ਬੱਸ ਨਹੀਂ ਉਨ੍ਹਾਂ ਹੀ ਦਿਨਾਂ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਉੱਤੇ ਜੰਮ ਕੇ ਬਾਰਿਸ਼ ਹੋਈ, ਜਿਸ ਨਾਲ ਇਕ ਬਰਫੀਲੀ ਹਨ੍ਹੇਰੀ ਨੇ ਸਾਰੇ ਇਲਾਕੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਇਨ੍ਹਾਂ ਠੰਢੀਆਂ ਸੀਤ ਹਵਾਵਾਂ ਵਿਚ ਹੀ ਖਾਲਸੇ ਨੇ ਸ਼ੂਕ ਰਹੀ ਸਿਰਸਾ ਨਦੀ ਨੂੰ ਕਿਵੇਂ ਪਾਰ ਕੀਤਾ ਹੋਵੇਗਾ, ਇਤਿਹਾਸਕਾਰਾਂ ਲਈ ਇਸ ਮਹਾਨ ਦਰਦ ਦੀ ਥਾਹ ਪਾਉਣਾ ਸੌਖਾ ਨਹੀਂ ਅਤੇ ਕੌੜਾ ਲੱਗਣ ਵਾਲਾ ਸੱਚ ਤਾਂ ਇਹ ਹੈ ਕਿ ਵਰਤਮਾਨ ਖਾਲਸੇ ਵਿਚ ਵੀ ਉਸ ਦਰਦ ਦੇ ਹਾਣ ਦਾ ਬਣ ਸਕਣ ਦੀ ਅਜੇ ਰੀਝ ਨਹੀਂ ਜਾਗੀ। ਭਾਵੇਂ ਪੋਹ ਦੇ ਇਸ ਮਹੀਨੇ ਵਿਚ ਪੂਰੀ ਬਨਸਪਤੀ ਵਿਚੋਂ ਰਸ ਸੁੱਕ ਗਿਆ ਸੀ ਪਰ ਖਾਲਸੇ ਅੰਦਰ ਗੁਰੂ ਦਸ਼ਮੇਸ਼ ਪਿਤਾ ਦੀ ਮੁਹੱਬਤ ਦਾ ਰਸ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। ਜ਼ਿੰਦਗੀ ਦੇ ਇਨ੍ਹਾਂ ਗਾੜ੍ਹੇ ਹਨ੍ਹੇਰਿਆਂ ਵਿਚ ਵੀ ਖਾਲਸੇ ਦੇ ਚੇਤਿਆਂ ਵਿਚ ਮਾਂ ਗੁਜਰੀ ਦੇ ਚੰਨ ਦੀ ਰੋਸ਼ਨੀ ਹਮਸਫਰ ਬਣਦੀ ਹੈ।
ਇਮਤਿਹਾਨ ਇਕ ਨਹੀਂ ਕਈ ਸਨ : ਇਮਤਿਹਾਨ ਇਕ ਨਹੀਂ ਸੀ, ਕਈ ਸਨ, ਕਈ ਪਾਸਿਆਂ ਤੋਂ ਸਨ ਅਤੇ ਕਰੜੇ ਵੀ ਇਕ ਤੋਂ ਵੱਧ ਸਨ। ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਪਿੱਛੋਂ ਛੇਤੀ ਹੀ ਹਾਕਮਾਂ ਨੇ ਆਪਣੇ ਕੀਤੇ ਇਕਰਾਰਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿਸ਼ਵਾਸਘਾਤ ਦਾ ਜ਼ਿਕਰ ”ਜ਼ਫਰਨਾਮੇ” ਵਿਚ ਵੀ ਕੀਤਾ ਹੈ। ਕਿਹਾ ਜਾਂਦਾ ਹੈ ਕਿ ਸਿਰਸਾ ਨਦੀ ਤਕ ਦੁਸ਼ਮਣ ਪਲਟ-ਪਲਟ ਕੇ ਵਾਰ ਕਰਦਾ ਰਿਹਾ ਪਰ ਜਾਪਦਾ ਹੈ ਕਿ ਸਿੰਘਾਂ ਦੀ ਵਧੀਆ ਜੰਗੀ ਤਰਕੀਬ ਕਾਰਨ ਦੁਸ਼ਮਣ ਨੂੰ ਹਰ ਵਾਰ ਮੂੰਹ ਦੀ ਖਾਣੀ ਪਈ। ਦੁਸ਼ਮਣ ਦੇ ਵੱਡੇ ਹਮਲੇ ਨੂੰ ਠੱਲ੍ਹ ਪਾਉਣ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਹੇਠਲੇ ਜਥੇ ਨੇ ਬੇਮਿਸਾਲ ਜੌਹਰ ਵਿਖਾਏ। ਦੁਸ਼ਮਣ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘੇਰਾ ਪਾਉਣ ਦੀਆਂ ਸਾਰੀਆਂ ਚਾਲਾਂ ਨਾਕਾਮ ਰਹੀਆਂ ਪਰ ਇਸ ਸਾਰੇ ਇਲਾਕੇ ਵਿਚ ਟੁੱਟਵੀਆਂ ਝੜਪਾਂ ਵਿਚ ਕਈ ਸਿੰਘ ਸ਼ਹੀਦ ਹੋ ਗਏ। ਦੁਸ਼ਮਣ ਦੀਆਂ ਤੋਪਾਂ ਵਿਚੋਂ ਵਰਦੇ ਗੋਲਿਆਂ ਨਾਲ ਖਾਲਸਾ ਫੌਜ ਦੀ ਤਰਤੀਬ ਖਿੰਡ-ਪੁੰਡ ਚੁੱਕੀ ਸੀ। ਇਸ ਭੱਜ-ਦੌੜ ਵਿਚ ਸਿਰਸਾ ਨਦੀ ਪਾਰ ਕਰਨ ਲੱਗਿਆਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਵਿਛੜ ਗਏ ਜਦਕਿ ਗੁਰੂ ਗੋਬਿੰਦ ਸਿੰਘ ਆਪਣੇ ਚਾਲੀ ਕੁ ਸਿੰਘਾਂ ਨਾਲ ਚਮਕੌਰ ਦੀ ਜੂਹ ਵਿਚ ਦਾਖਲ ਹੋ ਗਏ। ਉਨ੍ਹਾਂ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਵੀ ਸਨ। ਬੱਸ ਇਥੋਂ ਹੀ ਇਤਿਹਾਸ ਇਕ ਨਵੇਂ ਦੌਰ ਵਿਚ ਦਾਖਲ ਹੁੰਦਾ ਹੈ। ਲੂੰ-ਕੰਢੇ ਖੜ੍ਹੇ ਕਰ ਦੇਣ ਵਾਲੇ ਇਨ੍ਹਾਂ ਦ੍ਰਿਸ਼ਾਂ ਨੂੰ, ਇਸ ਮਾਹੌਲ ਨੂੰ ਭਿੰਨ-ਭਿੰਨ ਮਾਨਵੀ ਪਹਿਲੂਆਂ ਤੋਂ ਦੇਖਣ ਲਈ ਸਿੱਖ ਕੌਮ ਨੂੰ ਦਿੱਬ-ਦ੍ਰਿਸ਼ਟੀ ਵਾਲੇ ਇਤਿਹਾਸਕਾਰਾਂ, ਵਿਦਵਾਨਾਂ ਅਤੇ ਸ਼ਾਇਰਾਂ ਦੀ ਲੋੜ ਹੈ। ਇਤਿਹਾਸ ਦੀਆਂ ਇਨ੍ਹਾਂ ਅਨਮੋਲ ਘੜੀਆਂ ਤੇ ਯਾਦਾਂ ਕਾਰਨ ਹੀ ਕੌਮਾਂ ਜਿਉਂਦੀਆਂ, ਜਾਗਦੀਆਂ ਤੇ ਜਗਦੀਆਂ ਹਨ।
ਹੁਣ ਚਮਕੌਰ ਦੀ ਗੜ੍ਹੀ ਦੇ ਅੰਦਰਲੀ ਹਾਲਤ ਦੇਖੋ। ਗੁਰੂ ਗੋਬਿੰਦ ਸਿੰਘ ਜੀ ਦਾ ”ਜ਼ਫਰਨਾਮਾ” ਚਾਲੀ ਸਿੰਘਾਂ ਦੀ ਗਿਣਤੀ ਦੱਸਦਾ ਹੈ ਅਤੇ ਉਹ ਵੀ ਥੱਕੇ, ਭੁੱਖੇ-ਭਾਣੇ ਪਰ ਦੂਜੇ ਪਾਸੇ ਦਸ ਲੱਖ ਮੁਲਖਈਆ। ਪਰ ਇਥੇ ਗੁਰੂ ਸਾਹਿਬ ਦੀ ਮੁਰਾਦ ਦਸ ਲੱਖ ਫੌਜ ਤੋਂ ਨਹੀਂ ਸਗੋਂ ਜਾਪਦਾ ਹੈ ਜਿਵੇਂ ਉਹ ਉਨ੍ਹਾਂ ਬੇਸ਼ੁਮਾਰ ਗੁੰਮਰਾਹ ਹੋਏ ਲੋਕਾਂ ਨੂੰ ਵੀ ਫੌਜ ਵਿਚ ਹੀ ਸ਼ਾਮਲ ਕਰ ਰਹੇ ਹਨ, ਜਿਨ੍ਹਾਂ ਨੇ ਫੌਜੀ ਵਰਦੀ ਭਾਵੇਂ ਨਹੀਂ ਸੀ ਪਾਈ ਹੋਈ ਪਰ ਜੋ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਖਾਲਸੇ ਦੇ ਮਹਾਨ ਆਦਰਸ਼ਾਂ ਤੋਂ ਕੋਰੇ ਅਤੇ ਅਣਭਿੱਜ ਸਨ ਅਤੇ ਸਮੇਂ ਦੀ ਹਕੂਮਤ ਦੇ ਪ੍ਰਚਾਰ ਤੋਂ ਗੁੰਮਰਾਹ ਹੋਏ ਉਸੇ ਦਾ ਸਾਥ ਵੀ ਦੇ ਰਹੇ ਸਨ। ਇਹ ਲੋਕ ਈਰਖਾ, ਸਵਾਰਥ ਅਤੇ ਅਗਿਆਨ ਦੀਆਂ ਨਿੱਕੀਆਂ ਵਲਗਣਾਂ ਵਿਚ ਘਿਰੇ ਹੋਣ ਕਾਰਨ ਜਾਂ ਕਿਸੇ ਅਚੇਤ ਭੈਅ ਕਾਰਨ ਗੁਰੂ ਨਾਨਕ ਦੇ ਘਰ ਤੋਂ ਅਜੇ ਇਕ ਦੂਰੀ ‘ਤੇ ਹੀ ਵਿਚਰ ਰਹੇ ਸਨ। ਇਹ ਵੀ ਹੋ ਸਕਦਾ ਹੈ ਕਿ ਖਾਲਸਾ-ਚੇਤਨਾ ਵਿਚ ਪਨਪ ਰਹੀਆਂ ਰਾਜਨੀਤਕ ਇੱਛਾਵਾਂ ਤੋਂ ਉਹ ਸੁਚੇਤ ਤੇ ਸਾਵਧਾਨ ਹੋਣ ਅਤੇ ਇਹ ਇੱਛਾਵਾਂ ਉਨ੍ਹਾਂ ਨੂੰ ਇਸਲਾਮ ਦੀ ਚੜ੍ਹਤਲ ਵਿਚ ਅਣਦਿਸਦਾ ਖਤਰਾ ਬਣ ਕੇ ਨਜ਼ਰ ਆਉਂਦੀਆਂ ਹੋਣ। ਉਂਜ ਅਸੀਂ ਇਤਿਹਾਸ ਨਾਲ ਬੇਇਨਸਾਫੀ ਕਰ ਰਹੇ ਹੋਵਾਂਗੇ, ਜੇਕਰ ਅਸੀਂ ਇਹ ਫ਼ਤਵਾ ਹੀ ਦੇ ਦੇਈਏ ਕਿ ਸਾਰਾ ਮੁਸਲਿਮ ਭਾਈਚਾਰਾ ਮੁਕੰਮਲ ਤੌਰ ‘ਤੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਹੋ ਗਿਆ ਸੀ। ਸੰਕਟ ਦੀਆਂ ਇਨ੍ਹਾਂ ਘੜੀਆਂ ਵਿਚ ਗੁਰੂ ਸਾਹਿਬ ਦੇ ਮੁਰੀਦ ਰਾਏ ਕੱਲ੍ਹਾ, ਗਨੀ ਖਾਂ ਅਤੇ ਨਬੀ ਖਾਂ ਵਰਗੇ ਕਈ ਹਮਦਰਦ ਵੀ ਮੌਜੂਦ ਸਨ, ਜਿਨ੍ਹਾਂ ਨੇ ਸਾਰੇ ਖਤਰੇ ਮੁੱਲ ਲੈ ਕੇ ਗੁਰੂ ਜੀ ਨੂੰ ਆਪਣੇ ਕੋਲ ਰੱਖਿਆ ਅਤੇ ਮੁਗਲ ਫੌਜਾਂ ਨੂੰ ਖਬਰ ਤਕ ਨਾ ਲੱਗਣ ਦਿੱਤੀ। ਇਥੇ ਤਾਂ ਅਸੀਂ ਸਿਰਫ ਉਸ ਮਾਹੌਲ ਦਾ ਹੀ ਜ਼ਿਕਰ ਕਰ ਰਹੇ ਹਾਂ ਜੋ ਹਕੂਮਤ ਨੇ ਅਤੇ ਹਿੰਦੂ ਪਹਾੜੀ ਰਾਜਿਆਂ ਨੇ ਰਲ ਕੇ ਗੁਰੂ ਸਾਹਿਬ ਵਿਰੁੱਧ ਸਿਰਜ ਦਿੱਤਾ ਸੀ। ਇਸ ਲਈ ਜਾਪਦਾ ਹੈ ਜਿਵੇਂ ਦਸ ਲੱਖ ਦੀ ਗਿਣਤੀ ਵਿਚ ਗੈਰ ਵਰਦੀਧਾਰੀ ਫੌਜੀ ਵੀ ਗੁਰੂ ਸਾਹਿਬ ਨੂੰ ਮੁਗਲਾਂ ਦੀ ਫੌਜ ਲੱਗਦੀ ਹੈ। ਪਰ ਜੇ ਘੇਰਾ ਪਾਉਣ ਵਾਲੇ ਫੌਜੀਆਂ ਦੀ ਗਿਣਤੀ ਇਕ ਲੱਖ ਵੀ ਹੋਵੇ ਅਤੇ ਦੂਜੇ ਪਾਸੇ ਚਾਲੀ ਸਿੰਘ ਹੋਣ ਅਤੇ ਜਿਥੇ ਜੰਗ ਦਾ ਸਮਾਨ ਵੀ ਇਕ ਸੀਮਤ ਮਿਕਦਾਰ ਵਿਚ ਹੋਵੇ, ਜਿਥੇ ਮੋਰਿਚਆਂ ਵਾਲੀ ਥਾਂ ਵੀ ਹਵੇਲੀ-ਨੁਮਾ ਇਕ ਕਮਜ਼ੋਰ ਰਿਹਾ ਕਿਲ੍ਹਾ (ਕੱਚੀ ਗੜ੍ਹੀ) ਹੀ ਹੋਏ ਤਾਂ ਇਸ ਨੂੰ ਸੰਸਾਰ ਦੀ ਸਭ ਤੋਂ ਵੱਡੀ ਬੇਜੋੜ ਤੇ ਅਸਾਵੀਂ ਜੰਗ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ  ਜਾਵੇ? ਕਰਬਲਾ ਦੀ ਜੰਗ ਵਿਚ ਲੜਨ ਵਾਲਿਆਂ ਦਾ ਅਨੁਪਾਤ 1:40 ਦਾ ਹੈ। ਪਰ ਚਮਕੌਰ ਦੀ ਜੰਗ ਵਿਚ ਇਕ ਸਿੰਘ ਢਾਈ ਹਜ਼ਾਰ ਸਿਪਾਹੀਆਂ ਵਿਚ ਘਿਰਿਆ ਹੋਇਆ ਨਜ਼ਰ ਆਉਂਦਾ ਹੈ।
ਵੈਸੇ ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ”ਖਾਲਸਾ” ਦੇ ਸੰਕਲਪ ਵਿਚ ਰਾਜਨੀਤਕ ਇੱਛਾ ਸੁਭਾਵਿਕ ਹੀ ਨਿਹਤ ਹੈ। ਇਹ ਗੁਰੂ ਨਾਨਕ ਸਾਹਿਬ ਤੋਂ ਹੀ ਆਰੰਭ ਹੋ ਗਈ ਸੀ। ਹਾਂ, ਇਹ ਗੱਲ ਵੱਖਰੀ ਹੈ ਕਿ ਸਾਰੇ ਗੁਰੂ ਸਮੇਂ ਦੀਆਂ ਹਾਲਤਾਂ ਅਨੁਸਾਰ ਅਤੇ ਸਿੱਖਾਂ ਦੇ ਮਾਨਸਿਕ ਪੱਧਰ ਨੂੰ ਸਾਹਮਣੇ ਰੱਖ ਕੇ ਰਾਜਨੀਤਕ ਰੀਝ ਨੂੰ ਆਪਣੇ ਆਪਣੇ ਅੰਦਾਜ਼ ਵਿਚ ਪ੍ਰਗਟ ਕਰਦੇ ਰਹੇ ਹਨ। ਇਸ ਲਈ ਰਾਜਨੀਤਕ ਇੱਛਾ ਦਾ ਸੰਕਲਪ ਵਿਕਾਸ ਦੇ ਮਾਰਗ ਉੱਤੇ ਤੁਰਦਾ ਹੋਇਆ ਆਪਣਾ ਮੁਕੰਮਲ ਪ੍ਰਕਾਸ਼ ਖਾਲਸੇ ਦੀ ਹਸਤੀ ਵਿਚ ਕਰਦਾ ਜਾਪਦਾ ਹੈ। ਇਸ ਵਾਸਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਮੁਸਲਮਾਨਾਂ ਦੀ ਮੁੱਖ ਧਾਰਾ ਹਿੰਦੁਸਤਾਨ ਦੀ ਸਰਜ਼ਮੀਨ ਉੱਤੇ ਅਚਾਨਕ ਇਕ ਨਵਾਂ ਰੂਪ ਅਖ਼ਤਿਆਰ ਕਰ ਰਹੀ ਤਾਕਤ ਨਾਲ ਅੰਦਰੋਂ ਅੰਦਰੀਂ ਵੀ ਅਤੇ ਸਪਸ਼ਟ ਰੂਪ ਵਿਚ ਵੀ ਖੁਣਸ ਰੱਖਦੀ ਹੋਵੇ। ਇਸ ਲਈ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਖਾਲੀ ਕਰਨ ਮਗਰੋਂ ਗੁਰੂ ਗੋਬਿੰਦ ਸਿੰਘ ਅਤੇ ਮੁਸ਼ਕਿਲਾਂ ਵਿਚ ਘਿਰੇ ਉਨ੍ਹਾਂ ਦੇ ਖਾਲਸੇ ਦੀ ਹਸਤੀ ਨੂੰ ਮਿਟਾ ਦੇਣ ਲਈ ਉਨ੍ਹਾਂ ਵਾਸਤੇ ਹੁਣ ਇਕ ਸੁਨਹਿਰੀ ਮੌਕਾ ਸੀ। ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਪਿੱਛੋਂ ਇਕ ਸਰੋਤ ਮੁਤਾਬਕ ਗੁਰੂ ਸਾਹਿਬ ਨਾਲ ਕਰੀਬ 700 ਸਿੰਘ ਸਨ ਜਦਕਿ ਡਾ. ਹਰੀ ਰਾਮ ਗੁਪਤਾ ਇਹ ਗਿਣਤੀ 400 ਦੇ ਕਰੀਬ ਦੱਸਦੇ ਹਨ। ਸਿਰਸਾ ਨਦੀ ਪਾਰ ਕਰਨ ਮਗਰੋਂ ਇਹ ਗਿਣਤੀ 60-70 ਦੇ ਕਰੀਬ ਹੀ ਰਹਿ ਜਾਂਦੀ ਹੈ ਜਦਕਿ ਬਾਕੀ ਸਾਰੇ ਸਿੰਘ ਵੱਖ-ਵੱਖ ਥਾਈਂ ਹੋਈਆਂ ਝੜਪਾਂ ਵਿਚ ਅਤੇ ਜਾਂ ਫਿਰ ਦਰਿਆ ਦੇ ਤੇਜ਼ ਵਹਾਅ ਵਿਚ ਸ਼ਹੀਦ ਹੋ ਜਾਂਦੇ ਹਨ। ਇਸ ਗੱਲ ਨਾਲ ਸਾਰੇ ਸਰੋਤ ਸਹਿਮਤ ਹਨ ਕਿ ਗੁਰੂ ਸਾਹਿਬ ਕੇਵਲ 40 ਸਿੰਘਾਂ ਦੇ ਜਥੇ ਨਾਲ ਹੀ ਚਮਕੌਰ ਦੀ ਗੜ੍ਹੀ ਵਿਚ ਦਾਖਲ ਹੁੰਦੇ ਹਨ ਅਤੇ ਇਹ ਵੀ ਇਕ ਹਕੀਕਤ ਹੈ ਕਿ ਗੁਰੂ ਸਾਹਿਬ ਦੇ ਚਮਕੌਰ ਵਿਚ ਹੋਣ ਦੀ ਖ਼ਬਰ ਮੁਗਲ ਫੌਜ ਤੱਕ ਤੁਰੰਤ ਪਹੁੰਚ ਚੁੱਕੀ ਸੀ। ਇਹ ਤੁਰੰਤ ਖ਼ਬਰ ਪਹੁੰਚਾਉਣ ਵਾਲੇ ਕੌਣ ਸਨ? ਇਹ ਸੀ ਗੁੰਮਰਾਹ ਹੋਈ ਜਨਤਾ, ਜਿਸ ਨੂੰ ਲੱਗਦਾ ਸੀ ਕਿ ਨਵੀਂ ਉੱਭਰ ਰਹੀ ਤਾਕਤ ਇਕ ਦਿਨ ਉਨ੍ਹਾਂ ਦੇ ਧਰਮ ਲਈ ਵੀ ਚੁਣੌਤੀ ਬਣ ਸਕਦੀ ਹੈ। ਪਰ ਤਾਕਤ ਦੇ ਨਸ਼ੇ ਵਿਚ ਮੁਗਲ ਹਾਕਮਾਂ ਨੂੰ ਕੀ ਪਤਾ ਸੀ ਕਿ ਚਮਕੌਰ ਦੀ ਜੰਗ ਖਾਲਸੇ ਨੂੰ ਨਵਾਂ ਜੀਵਨ ਪ੍ਰਦਾਨ ਕਰੇਗੀ। ਕੁਝ ਵਿਦਵਾਨ ਹੋ ਸਕਦਾ ਹੈ ਮੇਰੀ ਇਸ ਧਾਰਨਾ ਨਾਲ ਸਹਿਮਤ ਨਾ ਹੋਣ ਪਰ ਮੇਰਾ ਵਿਸ਼ਵਾਸ ਹੈ ਕਿ ਚਮਕੌਰ ਦੀ ਜੰਗ ਗੁਰੂ ਗ੍ਰੰਥ ਸਾਹਿਬ ਦੇ ਕਈ ਰੰਗਾਂ ਦਾ ਤਰਜਮਾ ਸੀ। ਜਦੋਂ ਤੁਹਾਡੇ ਵਿਰੋਧ ਵਿਚ ਲੱਖਾਂ ਬਾਹਾਂ ਖੜ੍ਹੀਆਂ ਹੋਣ ਪਰ ਜੇਕਰ ਤੁਹਾਡੇ ਨਾਲ ਗੁਰੂ ਹੈ, ਜੇ ਤੁਹਾਡੇ ਨਾਲ ਸਿਧਾਂਤ ਹੈ, ਜੇ ਗੁਰੂ ਦਾ ਸ਼ਬਦ ਤੁਹਾਡੇ ਨਾਲ ਹਮਸਫ਼ਰ ਹੈ ਤਾਂ ਅੰਤਿਮ ਜਿੱਤ ਤੁਹਾਡੀ ਹੀ ਹੋਵੇਗੀ। ਕੀ ਇਸ ਮਹਾਂ ਵਾਕ ਨੂੰ ਖਾਲਸੇ ਨੇ ਚਮਕੌਰ ਦੀ ਧਰਤੀ ਉੱਤੇ ਅਮਲ ਵਿਚ ਨਹੀਂ ਸੀ ਉਤਾਰਿਆ?
ਜਾਮਿ ਗੁਰੂ ਹੋਇ ਵਲਿ, ਧਨਹਿ ਕਿਆ ਗਾਰਵੁ ਦਿਜਇ£
ਜਾਮਿ ਗੁਰੂ ਹੋਇ ਵਲਿ, ਲਖ ਬਾਹੇ ਕਿਆ ਕਿਜਇ£  (ਪੰਨਾ 1399)
ਖਾਲਸਾ ਜਾਨ ਤੋਂ ਵੀ ਪਿਆਰਾ : ਗੁਰੂ ਸਾਹਿਬ ਲਈ ਖਾਲਸਾ ਕਿੰਨਾ ਪਿਆਰਾ ਸੀ, ਕਿੰਨਾ ਖਾਸਮ ਖਾਸ ਸੀ ਅਤੇ ਉਨ੍ਹਾਂ ਦੇ ਦਿਲ ਦੇ ਕਿੰਨਾ ਕਰੀਬ ਸੀ, ਇਸ ਦਾ ਡੂੰਘਾ ਅਤੇ ਸਿਧਾਂਤਕ ਅਨੁਭਵ ਵੀ ਚਮਕੌਰ ਦੀ ਜੰਗ ਵਿਚੋਂ ਹੀ ਨਸੀਬ ਹੁੰਦਾ ਹੈ। ਇਕ ਵਾਰ ਫਿਰ ਦੁਨੀਆਂ ਨੇ ਦੇਖਿਆ ਕਿ ਇਹ ਜ਼ਰੂਰੀ ਨਹੀਂ ਸੀ ਕਿ ਗੁਰੂ ਦੇ ਵਾਰਸ ਬਿੰਦੀ ਪੁੱਤਰ ਹੀ ਹੋ ਸਕਦੇ ਹਨ। ਇਥੇ ਤਾਂ ਨਾਦੀ ਪੁੱਤਰਾਂ ਨੂੰ ਹੀ ਇਕ ਅਦੁੱਤੀ ਤੇ ਅਨਮੋਲ ਸੁਗਾਤ ਹਾਸਲ ਹੋ ਸਕਦੀ ਹੈ। ਹਾਂ, ਜੇ ਬਿੰਦੀ ਪੁੱਤਰ ਨਾਦੀ ਪੁੱਤਰ ਹੋਣ ਦੀ ਕਾਬਲੀਅਤ ਦੀਆਂ ਮੰਜ਼ਿਲਾਂ ਤੱਕ ਪੁੱਜ ਜਾਣ ਤਾਂ ਇਸ ਅਨਮੋਲ ਵਿਰਸੇ ਦੇ ਮਾਲਕ ਉਹ ਵੀ ਹੋ ਸਕਦੇ ਹਨ। ਜਦੋਂ ਪੰਜਵੇਂ ਗੁਰੂ ਅਰਜਨ ਪਾਤਸ਼ਾਹ ਆਪਣੇ ਪਿਤਾ ਚੌਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਿਛੋੜੇ ਵਿਚ ਇਹੋ ਜਿਹੀਆਂ ਚਿੱਠੀਆਂ : ਇਕ ਘੜੀ ਨ ਮਿਲਤੇ ਤਾ ਕਲਜੁਗੁ ਹੋਤਾ£ ਹੁਣ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ£ ਮੋਹਿ ਰੈਣ ਨ ਵਿਹਾਵੈ ਨੀਦ ਨ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਉ£ (ਪੰਨਾ 96-97) ਲਿਖਦੇ ਹਨ ਤਾਂ ਗੁਰੂ ਰਾਮਦਾਸ ਜੀ ਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਪੁੱਤਰ ਮੇਰੇ ਵਿਚੋਂ ਇਕ ਦੁਨਿਆਵੀ ਪਿਤਾ ਦੀ ਤਲਾਸ਼ ਨਹੀਂ ਕਰ ਰਿਹਾ, ਉਹ ਤਾਂ ਉਸ ਨਾਦ ਨੂੰ ਮਿਲਣ ਲਈ ਬਿਹਬਲ ਹੈ, ਜਿਹੜਾ ਗੁਰੂ ਨਾਨਕ ਨੇ ਇਸ ਧਰਤੀ ਉੱਤੇ ਉਤਾਰਿਆ ਸੀ। ਤਾਂ ਗੁਰੂ ਸਾਹਿਬ ਨੇ ਉਦੋਂ ਹੀ ਫੈਸਲਾ ਕਰ ਲਿਆ ਕਿ (ਗੁਰੂ) ਅਰਜਨ ਦੇਵ ਗੁਰੂ ਨਾਨਕ ਜੀ ਦੀ ਗੱਦੀ ਦਾ ਵਾਰਸ ਬਣਨ ਦਾ ਹੱਕਦਾਰ ਹੈ। ਨਾਨਕ ਨਾਦ ਦੀ ਇਹੋ ਰੂਹਾਨੀ ਕਣੀ ਗੁਰੂ ਅਰਜਨ ਪਾਤਸ਼ਾਹ ਨੂੰ ਆਪਣੇ ਪੁੱਤਰ ਗੁਰੂ ਹਰਿਗੋਬਿੰਦ ਵਿਚੋਂ ਵੀ ਨਜ਼ਰ ਆਈ ਸੀ। ਗੁਰੂ ਦਸ਼ਮੇਸ਼ ਪਿਤਾ ਵੀ ਚਮਕੌਰ ਦੀ ਗੜ੍ਹੀ ਵਿਚ ਕੁਝ ਇਸ ਤਰ੍ਹਾਂ ਦਾ ਹੀ ਚਮਤਕਾਰ ਦਿਖਾ ਰਹੇ ਹਨ। ਗੁਰੂ ਸਾਹਿਬ ਦੇ ਪੰਜ ਪਿਆਰਿਆਂ ਵਿਚੋਂ ਭਾਈ ਧਰਮ ਸਿੰਘ ਅਤੇ ਭਾਈ ਦਇਆ ਸਿੰਘ ਚਮਕੌਰ ਦੀ ਗੜ੍ਹੀ ਵਿਚ ਅੰਤ ਤੱਕ ਉਨ੍ਹਾਂ ਦੇ ਨਾਲ ਰਹਿੰਦੇ ਹਨ। ਜੇ ਦਸ਼ਮੇਸ਼ ਪਿਤਾ ਨੂੰ ਆਪਣੇ ਪੁੱਤਰ ਖਾਲਸੇ ਤੋਂ ਵੱਧ ਪਿਆਰੇ ਹੁੰਦੇ ਤਾਂ ਉਹ ਭਲਾ ਮੈਦਾਨੇ ਜੰਗ ਵਿਚ ਉਨ੍ਹਾਂ ਦੀ ਜਾਣ ਦੀ ਘੜੀ ਨੂੰ ਲਮਕਾ ਨਹੀਂ ਸਕਦੇ ਸਨ? ਪਰ ਉਨ੍ਹਾਂ ਨੂੰ ਤਾਂ ਆਪਣਾ ਖਾਲਸਾ ਹੀ ਵੱਧ ਪਿਆਰਾ ਸੀ, ਇਹੋ ਤਾਂ ਉਸ ਦਾ ਅਸਲ ਵਾਰਸ ਸੀ, ਇਹੋ ਉਸ ਦਾ ਦਿਲ ਸੀ।
ਦਿਲ ਹੀ ਨਹੀਂ ਸੀ, ਸਗੋਂ ਸਮੁੱਚੀ ਲੋਕਾਈ ਨੇ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਲਈ ਖਾਲਸਾ ਉਸ ਸਮੇਂ ਗੁਰੂ ਬਣ ਗਿਆ ਸੀ ਅਤੇ ਕੁਝ ਪਲਾਂ ਲਈ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦਾ ਚੇਲਾ ਬਣਨ ਦਾ ਮਾਣ ਮਹਿਸੂਸ ਕਰ ਲਿਆ ਸੀ ਅਤੇ ਇੰਝ ਖਾਲਸੇ ਦੇ ਹੁਕਮ ਉੱਤੇ ਫੁੱਲ ਚੜ੍ਹਾਉਂਦਿਆਂ ਸਾਡਾ ਇਹ ਅਲਬੇਲਾ ਸੰਤ-ਸਿਪਾਹੀ ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਗਿਆ ਸੀ। ਇਤਿਹਾਸਕਾਰਾਂ ਨੇ ਸੱਚੇ ਹੰਝੂਆਂ ਵਿਚ ਡੁੱਬੇ ਇਸ ਮਾਹੌਲ ਨੂੰ ਨਹੀਂ ਸਾਂਭਿਆ। ਉਹ ਸਾਂਭ ਵੀ ਨਹੀਂ ਸਕਦਾ ਕਿਉਂਕਿ ਇਤਿਹਾਸ ਵਲਵਲਿਆਂ ਦੇ ਦੇਸ਼ ਦਾ ਪਾਂਧੀ ਨਹੀਂ ਹੁੰਦਾ। ਇਹ ਵਲਵਲੇ ਹੀ ਬੰਦਾ ਬਹਾਦਰ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਦਰਿਆ ਬਣ ਕੇ ਤੁਰੇ ਤਾਂ ਸਰਹੰਦ ਦੀ ਮਿੱਟੀ ਨੇ ਖਾਲਸੇ ਨੂੰ ਪ੍ਰਣਾਮ ਕੀਤਾ। ਕੀ ਇਸ ਅਲੋਕਾਰ ਦ੍ਰਿਸ਼ ਵਿਚ ਇਤਿਹਾਸ ਅਤੇ ਵਿਸਮਾਦ ਇਕ-ਦੂਜੇ ਵਿਚ ਘੁਲਦੇ-ਮਿਲਦੇ ਮਹਿਸੂਸ ਨਹੀਂ ਹੁੰਦੇ? ਕੀ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਜਿਸ ਨੂੰ ਨਾਦਾਨ ਲੋਕ ਚਮਕੌਰ ਦੀ ਜੰਗ ਵਿਚ ਗੁਰੂ ਗੋਬਿੰਦ ਸਿੰਘ ਦੀ ਹਾਰ ਕਹਿੰਦੇ ਹਨ, ਉਸ ਵਿਚ ਜਿੱਤ ਦਾ ਕਿੱਡਾ ਵੱਡਾ ਪੈਗ਼ਾਮ ਲੁੱਕਿਆ ਹੋਇਆ ਸੀ। ਆਓ, ਇਕ ਵਾਰ ਮੁੜ ਸਿੱਖਾਂ ਦੇ ਇਤਿਹਾਸ ਲਿਖਣ ਵਾਲੇ ਉਸ ਇਤਿਹਾਸਕਾਰ ਹਰੀ ਰਾਮ ਗੁਪਤਾ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਕਰੀਏ ਜੋ ਕੁਝ ਪਲਾਂ ਲਈ ਗੁਰੂ ਸਾਹਿਬਾਨ ਅਤੇ ਖਾਲਸੇ ਦੀ ਰੂਹ ਦੇ ਬਹੁਤ ਕਰੀਬ ਚਲਾ ਗਿਆ ਜਾਪਦਾ ਹੈ :
”ਦਸ ਗੁਰੂ ਸਾਹਿਬਾਨ ਦੇ 250 ਵਰ੍ਹਿਆਂ ਦੇ ਜੀਵਨ ਇਤਿਹਾਸ ਦਾ ਇਕੋ ਸਾਂਝਾ ਪੈਗ਼ਾਮ ਹੈ ਅਤੇ ਉਹ ਹੈ ; ਜੱਦੋ-ਜਹਿਦ। ਇਹ ਇਕ ਅਜਿਹੀ ਜੱਦੋ-ਜਹਿਦ ਸੀ, ਜਿਸ ਦਾ ਉਦੇਸ਼ ਸੀ ਦੱਬੇ ਕੁਚਲੇ ਲੋਕਾਂ ਵਿਚੋਂ ਇਕ ਅਣਖੀਲੇ ਸਮਾਜ ਦੀ ਸਿਰਜਣਾ ਕਰਨਾ….. ਸੱਚੀ ਮੁੱਚੀ ਇਹ ਗੱਲ ਉਨ੍ਹਾਂ (ਖਾਲਸੇ) ਬਾਰੇ ਕਹੀ ਜਾ ਸਕਦੀ ਹੈ ਕਿ ਹਾਰ ਵਿਚ ਵੀ ਉਹ ਲੋਕ ਬਾਗੀ ਹੀ ਰਹਿੰਦੇ ਸਨ।”
ਸਿਧਾਂਤ ਤੇ ਜਜ਼ਬਾਤ ਦਾ ਰਿਸ਼ਤਾ : ਜੇ ਸਿਧਾਂਤ ਅਤੇ ਜਜ਼ਬਾਤ ਵਿਚਕਾਰ ਕੋਈ ਪਵਿੱਤਰ ਰਿਸ਼ਤਾ ਹੁੰਦਾ ਹੈ ਤਾਂ ਉਹ ਰਿਸ਼ਤਾ ਸਾਕਾਰ ਰੂਪ ਵਿਚ ਚਮਕੌਰ ਦੀ ਗੜ੍ਹੀ ਵਿਚ ਪ੍ਰਗਟ ਹੋਇਆ ਹੈ। ਖਾਲਸਾ ਪੂਰਾ ਸਤਿਗੁਰੂ ਬਣ ਸਕਦਾ ਹੈ। ਇਹ ਇਕ ਸਿਧਾਂਤ ਹੈ। ਜਦੋਂ ਗੁਰੂ ਗੋਬਿੰਦ ਸਿੰਘ ਨੇ ਇਸ ਸਿਧਾਂਤ ਅੱਗੇ ਸਜਦਾ ਕੀਤਾ ਤਾਂ ਜਜ਼ਬਾਤ ਦਾ ਆਲਮ ਸਹਿਜ-ਸੁਭਾਅ ਹੀ ਖਾਲਸੇ ਵਿਚ ਸਿਰਜਿਆ ਗਿਆ। ਇਹ ਜਜ਼ਬਾਤ ਦਾ ਆਲਮ 300 ਸਾਲ ਬੀਤ ਜਾਣ ਪਿੱਛੋਂ ਵੀ ਅੱਜ ਵੀ ਖਾਲਸੇ ਦੇ ਅੰਦਰ ਕੰਬਣੀ ਛੇੜ ਦਿੰਦਾ ਹੈ। ਗੁਰੂ ਗੱਦੀ ਦੇ ਵਾਰਸ ਜ਼ਰੂਰੀ ਨਹੀਂ ਕਿ ਪੁੱਤਰ ਹੀ ਹੋਣ। ਇਹ ਸਿੱਖੀ ਸਿਧਾਂਤ ਹੈ। ਪਰ ਜਦੋਂ ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਵਿਚ ਸ਼ਹਾਦਤ ਦਾ ਜਾਮ ਪੀਂਦੇ ਹਨ ਅਤੇ ਜਦੋਂ ਗੁਰੂ ਸਾਹਿਬ ਖੁਦ ਆਪਣੇ ਹੱਥੀਂ ਚਾਈਂ-ਚਾਈਂ ਪੁੱਤਰਾਂ ਨੂੰ ਜੰਗ ਵੱਲ ਤੋਰਦੇ ਹਨ ਤਾਂ ਜਜ਼ਬਿਆਂ ਦਾ ਦਰਿਆ ਸਿਧਾਂਤ ਨੂੰ ਅਮਲ ਵਿਚ ਉਤਾਰਦਾ ਹੈ। ਉਂਝ ਵੀ ਜਜ਼ਬਿਆਂ ਦੀ ਪਾਨ ਚਾੜ੍ਹੇ ਤੋਂ ਬਿਨਾਂ ਸਿਧਾਂਤ ਇਕ ਖੁਸ਼ਕ ਲੱਕੜ, ਇਕ ਬੇਜਾਨ ਵਜੂਦ ਅਤੇ ਬੇਰਸ ਜਿਹੀ ਵਸਤ ਬਣ ਕੇ ਰਹਿ ਜਾਵੇਗਾ। ਪਰ ਚਮਕੌਰ ਦੀ ਜੰਗ ਨੇ ਤਾਂ ਜਜ਼ਬਿਆਂ ਦਾ ਹੜ੍ਹ ਲੈ ਆਂਦਾ, ਇਹ ਤਾਂ ਪਿਆਰ ਦੇ ਅਤਿ ਗੂੜ੍ਹੇ ਰੰਗਾਂ ਦਾ ਮੀਂਹ ਵਰਾਉਂਦਾ ਹੈ। ਇਸ ਹਾਲਤ ਨੂੰ ਤਾਂ ਨਮੋ, ਨਮੋ, ਨਮੋ, ਨੇਤ, ਨੇਤ, ਨੇਤ ਕਹਿ ਕੇ ਹੀ ਬਿਆਨ ਕੀਤਾ ਜਾ ਸਕਦਾ ਹੈ।
ਦਸਮ ਪਿਤਾ ਖਾਲਸੇ ਨੂੰ ਕਿਸ ਬੁਲੰਦੀ ਉੱਤੇ ਲੈ ਜਾਂਦੇ ਹਨ ਅਤੇ ਉਸ ਤੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਕਰਦੇ ਹਨ, ਉਸ ਦੀ ਇਕ ਖੂਬਸੂਰਤ ਝਲਕ ਔਰੰਗਜ਼ੇਬ ਨੂੰ ਲਿਖੀ ਚਿੱਠੀ ”ਜ਼ਫਰਨਾਮਾ” ਤੋਂ ਮਿਲਦੀ ਹੈ। ਦਸਮ ਪਿਤਾ ਦੀ ਆਪਣੀ ਕਲਮ ਤੋਂ, ”ਚਿ ਸ਼ੁਦ ਕਿ ਚੂੰ ਬਚਗਾਂ ਕੁਸ਼ਤ ਚਾਰ ਕਿ ਬਾਕੀ ਬਮਾਂਦਸਤ ਪੇਚੀਦਾ ਮਾਰੌ”, ਅਰਥਾਤ ; ਕੀ ਹੋਇਆ ਜੇਕਰ ਤੁਸਾਂ ਮੇਰੇ ਚਾਰ ਪੁੱਤਰ ਮਾਰ ਦਿੱਤੇ ਹਨ ਪਰ ਅਜੇ ਕੁੰਡਲੀਦਾਰ (ਖਾਲਸਾ) ਬਾਕੀ ਹੈ।

ਇਹ ਸਤਰਾਂ ਡੂੰਘੇ ਧਿਆਨ ਦੀ ਮੰਗ ਕਰਦੀਆਂ ਹਨ। ਗੰਭੀਰਤਾ ਦੀ ਵਾਦੀ ਵਿਚ ਉਤਰਣ ਤੋਂ ਪਿਛੋਂ ਸਾਨੂੰ ਇਹ ਸੋਝੀ ਮਿਲਦੀ ਹੈ ਕਿ ਗੁਰੂ ਸਾਹਿਬ ਆਪਣੇ ਪੁੱਤਰਾਂ ਦੀ ਮਹਾਨ ਅਤੇ ਅਲੌਕਿਕ ਸ਼ਹਾਦਤ ਨੂੰ ਵੀ ”ਕੀ ਹੋਇਆ” ਕਹਿ ਕੇ ਇਕ ਵੱਡੇ ਪ੍ਰਸੰਗ ਵਿਚ ਇਸ ਨੂੰ ਇਕ ਨਿਗੂਣੀ ਜਿਹੀ ਘਟਨਾ ਹੀ ਕਹਿੰਦੇ ਹਨ ਜਦਕਿ ਕੌਮ ਦਾ ਭਵਿੱਖ ਖਾਲਸੇ ‘ਤੇ ਸੁੱਟਦੇ ਹਨ। ਇਕ ਹੋਰ ਯਾਦ ਰੱਖਣ ਵਾਲੀ ਗੱਲ ਜੋ ਵਰਤਮਾਨ ਖਾਲਸੇ ਲਈ ਵੀ ਵੰਗਾਰ ਹੈ। ਉਹ ਇਹ ਕਿ ਗੁਰੂ ਸਾਹਿਬ ਖਾਲਸੇ ਨੂੰ ”ਕੁੰਡਲੀਦਾਰ” ਸ਼ਬਦ ਦੇ ਪ੍ਰਤੀਕ ਨਾਲ ਵਰਤਦੇ ਹਨ, ਜਿਸ ਦਾ ਇਕ ਮਤਲਬ ਇਹ ਵੀ ਹੈ ਕਿ ਮੇਰਾ ਖਾਲਸਾ ਜੀਵਨ ਦੇ ਗੁੰਝਲਦਾਰ ਰਾਜ਼ਾਂ ਅਤੇ ਭੇਤਾਂ ਦਾ ਹਾਣੀ ਬਣੇਗਾ। ਪਰ ਕੀ ਵਰਤਮਾਨ ਖਾਲਸਾ ਹਾਣੀ ਬਣ ਰਿਹਾ ਹੈ? ਬਣਨ ਲਈ ਹੰਭਲਾ ਵੀ ਮਾਰ ਰਿਹਾ ਹੈ?
ਜੰਗੀ ਰਣਨੀਤੀ ਦਾ ਉੱਤਮ ਨਮੂਨਾ : ਹਜ਼ਾਰਾਂ ਸਿਪਾਹੀਆਂ ਦੇ ਘੇਰੇ ਵਿਚੋਂ ਦੱਸ ਕੇ ਨਿਕਲਣਾ ਵੀ ਜਿਥੇ ਜੰਗੀ ਰਣਨੀਤੀ ਦਾ ਇਕ ਉੱਤਮ ਨਮੂਨਾ ਗੁਰੂ ਸਾਹਿਬ ਨੇ ਪੇਸ਼ ਕੀਤਾ ਹੈ, ਉਥੇ ਨਾਲ ਹੀ ਜੰਗ ਦੇ ਸਦਾਚਾਰਕ ਨਿਯਮਾਂ ਦੀ ਪਾਲਣਾ ਦੀ ਵੀ ਸਾਨੂੰ ਯਾਦ ਦਵਾਈ ਹੈ। ਜਦੋਂ ਦਸ਼ਮੇਸ਼ ਪਿਤਾ ਨੇ ਚਮਕੌਰ ਦੀ ਗੜ੍ਹੀ ਵਿਚੋਂ ਨਿਕਲਣ ਪਿਛੋਂ ਤਾੜੀ ਮਾਰ ਕੇ ਕਿਹਾ ਕਿ ”ਖਾਲਸੇ ਦਾ ਗੁਰੂ ਜਾ ਰਿਹਾ ਹੈ” ਤਾਂ ਇਕ ਪਾਸੇ ਜਿਥੇ ਉਹ ਸੱਚ ਵੀ ਬੋਲ ਰਹੇ ਸਨ, ਉਥੇ ਨਾਲ ਦੀ ਨਾਲ ਜੰਗੀ ਰਣਨੀਤੀ ਦਾ ਕਮਾਲ ਪੇਸ਼ ਕਰਕੇ ਮੁਗਲ ਫੌਜ ਵਿਚ ਪਾਗਲਾਂ ਵਾਲੀ ਭੱਜ-ਦੌੜ ਦਾ ਮਾਹੌਲ ਵੀ ਪੈਦਾ ਕਰ ਰਹੇ ਸਨ। ਇਤਿਹਾਸ ਵਿਚ ਇਸ ਤਰ੍ਹਾਂ ਦਾ ਕੌਤਕ ਕਰਕੇ ਵਿਖਾਉਣਾ ਸ਼ਾਇਦ ਹੀ ਕਿਸੇ ਪੈਗੰਬਰ ਦੇ ਹਿੱਸੇ ਆਇਆ ਹੋਵੇ। ਇਹ ਸਾਰੀਆਂ ਘਟਨਾਵਾਂ ਇਕ ਤਰ੍ਹਾਂ ਨਾਲ ਰੂਹਾਨੀ ਨਾਟਕ ਹੀ ਹੋ ਨਿਬੜਦੇ ਹਨ, ਜਿਨ੍ਹਾਂ ਨੂੰ ਸੁਣ ਕੇ ਉਸ ”ਮਿੱਤਰ ਪਿਆਰੇ” ਦੇ ਘੋੜੇ ਦੀ ਅਲਬੇਲੀ ਟਾਪ ਅਜੇ ਵੀ ਸਾਡੇ ਅੰਦਰ ਧੂਹ ਪਾਉਂਦੀ ਹੈ।
ਕੀ ਚਮਕੌਰ ਦੀ ਜੰਗ ਧਰਮ ਯੁੱਧ ਸੀ? : ਹਾਂ, ਇਹ ਧਰਮ ਯੁੱਧ ਤਾਂ ਸੀ ਪਰ ਜੇ ਕੋਈ ਇਸ ਧਰਮ ਯੁੱਧ ਵਿਚੋਂ ਰਾਜਨੀਤੀ ਨੂੰ ਗੈਰ-ਹਾਜ਼ਰ ਕਰ ਦਿੰਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਨੂੰ ਗੁਰੂ-ਸਿਧਾਂਤ ਦੇ ਮੁਕੰਮਲ ਦਰਸ਼ਨ ਨਸੀਬ ਨਹੀਂ ਹੋਏ। ਵੈਸੇ ਉਂਝ ਵੀ ਜੰਗ ਹੁੰਦੀ ਕੀ ਹੈ? ਇਸ ਦੀ ਅਸਲ ਪ੍ਰੀਭਾਸ਼ਾ ਕੀ ਹੈ? ਇਨਸਾਈਕਲੋਪੀਡੀਆ ਬ੍ਰਿਟੈਨੀਕਾ ਸਾਨੂੰ ਦੱਸਦਾ ਹੈ ਕਿ ਜੰਗ ਰਾਜਨੀਤਕ ਗਰੁੱਪਾਂ ਵਿਚਕਾਰ ਇਕ ਟੱਕਰ ਦਾ ਨਾਂ ਹੈ। ਦੂਜੇ ਸ਼ਬਦਾਂ ਵਿਚ ਜੇ ਜੰਗ ਵਿਚੋਂ ਰਾਜਨੀਤਕ ਇੱਛਾ ਦਾ ਸਿਧਾਂਤ ਮਨਫੀ ਕਰ ਦਿੱਤਾ ਜਾਵੇ ਤਾਂ ਉਹ ਇਕ ਤਰ੍ਹਾਂ ਨਾਲ ਡਾਕੂਆਂ ਦੇ ਗਿਰੋਹਾਂ ਦਰਮਿਆਨ ਇਕ ਝੜਪ ਹੀ ਕਹੀ ਜਾ ਸਕਦੀ ਹੈ, ਜਿਸ ਦਾ ਆਰੰਭ ਤੇ ਅੰਤਿਮ ਮਕਸਦ ਲੁੱਟਣਾ ਹੀ ਹੁੰਦਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਅਜਿਹਾ ਧਰਮ ਯੁੱਧ ਲੜ ਰਹੇ ਹਨ, ਜੋ ਦੁਨੀਆਂ ਦੇ ਯੁੱਧਾਂ ਤੋਂ ਯਕੀਨਨ ਵੱਖਰਾ ਤੇ ਨਿਰਾਲਾ ਵੀ ਹੈ ਪਰ ਨਾਲ ਦੀ ਨਾਲ ਉਹ ਧਰਮ ਯੁੱਧ ਨੂੰ ਕਾਮਯਾਬੀ ਦੀ ਮੰਜ਼ਿਲ ਉੱਤੇ ਪਹੁੰਚਾਉਣ ਲਈ ਰਾਜ ਦੀ ਸਥਾਪਨਾ ਵੀ ਚਾਹੁੰਦੇ ਹਨ। ਖਾਲਸੇ ਦੇ ਮਨ-ਮਸਤਕ ਵਿਚ ਇਹ ਬੋਲ ਅਜੇ ਵੀ ਜਗਦੇ ਹਨ :
”ਰਾਜ ਬਿਨਾ ਨਹੀਂ ਧਰਮ ਚਲੇ ਹੈਂ£
ਧਰਮ ਬਿਨਾਂ ਸਭ ਦਲੈ ਮਲੈ ਹੈਂ£”
ਪਰ ਕਿਸ ਤਰ੍ਹਾਂ ਦੇ ਰਾਜ ਦੀ ਸਥਾਪਨਾ? ਉਹ ਰਾਜ ਜੋ ਜਾਤਪਾਤੀ ਸਮਾਜ ਦੇ ਘੇਰੇ ਤੋਂ ਬਾਹਰ ਹੋਵੇ ਅਤੇ ਇਸ ਦੇ ਮਾਲਕ ਉਹ ਲੋਕ ਹੋਣ ਜਿਨ੍ਹਾਂ ਨੂੰ ਅਜੇ ਤੱਕ ਰਾਜਭਾਗ ਨਸੀਬ ਨਹੀਂ ਸੀ ਹੋਇਆ ਅਤੇ ਉਹ ਇਸ ਦੇ ਕਾਬਲ ਵੀ ਨਹੀਂ ਸੀ ਸਮਝੇ ਗਏ। ਸਈਅਦ ਗੁਲਾਮ ਅਲੀ ਖਾਂ ਆਪਣੀ ਪੁਸਤਕ ”ਇਮਾਦੁਦ ਸਾਦਤ” ਵਿਚ ਨਾਂਹ ਚਾਹੁੰਦਿਆਂ ਹੋਇਆਂ ਵੀ ਇਹ ਸੱਚ ਲਿਖਣ ਲਈ ਮਜਬੂਰ ਹੋ ਗਿਆ ਹੈ : ”ਮੁਕਦੀ ਗੱਲ, ਇਸ ਸਮੇਂ ਪੰਜਾਬ ਦਾ ਸਾਰਾ ਦੇਸ਼…. ਇਸ ਫਿਰਕੇ (ਸਿੱਖਾਂ) ਦੇ ਕਬਜ਼ੇ ਹੇਠ ਹੈ ਅਤੇ ਇਸ ਦੇ ਵੱਡੇ ਲੀਡਰ ਜ਼ਿਆਦਾਤਰ ਤਰਖਾਣਾਂ, ਚਮਾਰਾਂ ਤੇ ਜੱਟਾਂ ਜਿਹੀਆਂ ਨੀਵੀਆਂ ਜਾਤਾਂ ਵਿਚੋਂ ਆਏ ਹਨ।”
ਦਿਲਚਸਪ ਸੱਚਾਈ ਇਹ ਹੈ ਕਿ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਣ ਵਾਲਿਆਂ ਵਿਚੋਂ ਕਥਿਤ ਤੌਰ ‘ਤੇ ਉੱਚੀਆਂ ਜਾਤੀਆਂ ਨਾਲ ਸਬੰਧ ਰੱਖਣ ਵਾਲੇ ਆਟੇ ਵਿਚ ਲੂਣ ਦੇ ਬਰਾਬਰ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਚਮਕੌਰ ਦੀ ਗੜ੍ਹੀ ਛੱਡਣ ਸਮੇਂ ਦਸਮ ਪਾਤਸ਼ਾਹ ਨੇ ਜਿਸ ਸਿੰਘ ਸੰਗਤ ਸਿੰਘ ਨੂੰ ਜੰਗ ਦਾ ਕਮਾਂਡਰ ਥਾਪਿਆ, ਉਹ ਵੀ ਕਥਿਤ ਤੌਰ ‘ਤੇ ਨੀਵੀਂਆਂ ਜਾਤਾਂ ਨਾਲ ਸਬੰਧ ਰੱਖਦਾ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਲਿਆਉਣ ਵਾਲੇ ਭਾਈ ਜੈਤਾ ਜੀ ਵੀ, ਜੋ ਸਿਰਸਾ ਨਦੀ ਉੱਤੇ ਹੋਈ ਜੰਗ ਵਿਚ ਸ਼ਹੀਦ ਹੋਏ ਸਨ, ਵੀ ਕਥਿਤ ਤੌਰ ‘ਤੇ ਦਬੀਆਂ ਕੁਚਲੀਆਂ ਜਾਤਾਂ ਨਾਲ ਹੀ ਸਬੰਧ ਰੱਖਦੇ ਸਨ।
ਵੋ ਦਿਨ ਭੀ ਥੇ….. :ਇਤਿਹਾਸ ਵਿਚ ਉਤਰਾਅ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ। ਸਪੈਂਗਲਰ ਵਰਗਾ ਇਤਿਹਾਸਕਾਰ ਕੌਮਾਂ ਦੇ ਉਤਰਾਵਾਂ ਚੜ੍ਹਾਵਾਂ ਨੂੰ ਮੌਸਮ ਦੇ ਨਾਲ ਤੁਲਨਾ ਦਿੰਦਾ ਹੈ। ਜਿਵੇਂ ਮੌਸਮ ਬਦਲਦੇ ਹਨ, ਇਤਿਹਾਸ ਵੀ ਕੁਝ ਉਸ ਤਰ੍ਹਾਂ ਹੀ ਰੰਗ ਬਦਲਦਾ ਹੈ ਜਦਕਿ ਸੱਭਿਆਤਾਵਾਂ ਦੀ ਆਤਮਾ ਨੂੰ ਨੇੜਿਓਂ ਹੋ ਕੇ ਸਮਝਣ ਵਾਲੇ ਇਤਿਹਾਸਕਾਰ ਟਾਇਨਬੀ ਦਾ ਕਹਿਣਾ ਹੈ ਕਿ ਸਮਾਂ ਕੌਮਾਂ ਅੱਗੇ ਇਕ ਵੰਗਾਰ ਸੁੱਟਦਾ ਹੈ ਅਤੇ ਜੇਕਰ ਕੌਮਾਂ ਉਸ ਵੰਗਾਰ ਦਾ ਸਾਹਮਣਾ ਨਹੀਂ ਕਰਦੀਆਂ ਤਾਂ ਉਹ ਇਤਿਹਾਸ ਵਿਚ ਆਪਣੀ ਹੋਂਦ ਗਵਾ ਬਹਿੰਦੀਆਂ ਹਨ। ਚੈਲੰਜ ਤੇ ਰਿਸਪਾਂਸ ਦੀ ਥਿਊਰੀ ਖਾਲਸੇ ਉੱਤੇ ਵੀ ਪੂਰੀ ਢੁੱਕਦੀ ਹੈ ਕਿਉਂਕਿ ਅਸੀਂ ਹਰ ਵੰਗਾਰ ਦਾ ਸਾਹਮਣਾ ਕੀਤਾ ਹੈ ਅਤੇ ਉਸ ਦਾ ਢੁੱਕਵਾਂ ਜਵਾਬ ਦੇ ਕੇ ਇਤਿਹਾਸ ਵਿਚ ਆਪਣੀ ਥਾਂ ਬਣਾਈ ਰੱਖੀ ਹੈ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਅਸੀਂ ਇਤਿਹਾਸ ਦੇ ਕਿਸ ਮੋੜ ਉੱਤੇ ਖੜ੍ਹੇ ਹਾਂ? ਕੀ ਅਸੀਂ ਅੱਜ ਦੀ ਦੌੜ ਵਿਚ ਇਤਿਹਾਸ ਵੱਲੋਂ ਸੁੱਟੀਆਂ ਵੰਗਾਰਾਂ ਦਾ ਸਾਹਮਣਾ ਕਰ ਰਹੇ ਹਾਂ? ਕੀ ਚਮਕੌਰ ਦੀ ਜੰਗ ਦੇ ਆਦਰਸ਼ ਸਾਡੇ ਅੰਦਰ ਉਤਸ਼ਾਹ, ਪ੍ਰੇਰਨਾ ਅਤੇ ਲਗਨ ਦੇ ਦੀਪ ਜਗਾਉਂਦੇ ਹਨ? ਕੁਝ ਵੀ ਹੋਵੇ, ਜਾਪਦਾ ਇਸ ਤਰ੍ਹਾਂ ਹੈ ਜਿਵੇਂ ਚਮਕੌਰ ਦੇ ਸ਼ਹੀਦਾਂ ਦੀਆਂ ਰੂਹਾਂ ਮੌਜੂਦਾ ਹਾਲਤ ‘ਤੇ ਇੰਝ ਕਹਿ ਰਹੀਆਂ ਹੋਣ : ”ਅਬ ਇਤਨਾ ਸ਼ੋਰ ਹੈ ਕੁਛ ਭੀ ਸਮਝ ਨਹੀਂ ਆਤਾ,
ਵੋ ਦਿਨ ਭੀ ਥੇ ਕਿ ਸਿਤਾਰੋਂ ਸੇ ਬਾਤ ਕੀ ਹਮਨੇ।”