ਬੇਅਦਬੀ ਮਾਮਲੇ ਦੇ ਚਾਰ ਕੇਸਾਂ ਦੀ ਸੀਬੀਆਈ ਜਾਂਚ ਦੀ ਮੰਗ

ਬੇਅਦਬੀ ਮਾਮਲੇ ਦੇ ਚਾਰ ਕੇਸਾਂ ਦੀ ਸੀਬੀਆਈ ਜਾਂਚ ਦੀ ਮੰਗ

ਚੰਡੀਗੜ੍ਹ/ਬਿਊਰੋ ਨਿਊਜ਼ :
ਬੇਅਦਬੀ ਤੇ ਬਹਿਬਲ ਕਲਾਂ ਕਾਂਡ ਵਿਚ ਫਸੇ ਪੰਜਾਬ ਪੁਲਿਸ ਦੇ ਚਾਰ ਅਫਸਰਾਂ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਲਈ ਹਾਈਕੋਰਟ ਦਾ ਦਰ ਖੜਕਾਇਆ ਹੈ। ਚਾਰ ਕੇਸਾਂ ਦੀ ਖੁਦਮੁਖ਼ਤਾਰ ਏਜੰਸੀ ਜਿਵੇਂ ਸੀਬੀਆਈ ਤੋਂ ਜਾਂਚ ਦੀ ਮੰਗ ਕਰਨ ਵਾਲੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਸਮੇਤ ਤਿੰਨ ਹੋਰ ਪੁਲੀਸ ਅਫਸਰਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਹੈ।
ਪਨੀਸ਼ਨ ਬਾਰੇ ਜਸਟਿਸ ਰਾਜਨ ਗੁਪਤਾ ਨੇ ਸੂਬਾ ਸਰਕਾਰ, ਸੀਬੀਆਈ ਅਤੇ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਰਾਂ ਨੇ ਬਦਸਲੂਕੀ, ਕਾਨੂੰਨ, ਤਾਕਤ ਅਤੇ ਸੱਤਾ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਜਿਹੇ ਵਿੱਚ ਪੰਜਾਬ ਪੁਲੀਸ ਤੋਂ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਵਕੀਲ ਸੰਤਪਾਲ ਸਿੰਘ ਸਿੱਧੂ ਰਾਹੀਂ ਦਾਖਲ ਪਟੀਸ਼ਨ ਵਿੱਚ ਪਟੀਸ਼ਨਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਸੰਨ 2015 ਵਿੱਚ ਵਾਪਰੀ ਬੇਅਦਬੀ ਦੀ ਘਟਨਾ ਬਾਅਦ ਵਿਗੜੇ ਹਾਲਾਤ ਨੂੰ ਕਾਬੂ ਕਰਨ ਵਾਲੀ ਕਾਰਵਾਈ ਵਿੱਚ ਸ਼ਾਮਲ ਸਨ। ਸ੍ਰੀ ਸਿੱਧੂ ਨੇ ਉੱਚ ਅਦਾਲਤ ਨੂੰ ਦੱਸਿਆ ਕਿ ਇਸ ਘਟਨਾ ਬਾਅਦ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਕਮਿਸ਼ਨ ਦੀ ਸਿਫਾਰਸ਼ ਦੇ ਅਧਾਰ ‘ਤੇ ਪੰਜਾਬ ਸਰਕਾਰ ਨੇ ਬਿਨਾਂ ਜਾਂਚ ਅਤੇ ਸਬੂਤਾਂ ਦੇ ਪਟੀਸ਼ਨਰਾਂ ਨੂੰ ਸਿਰਫ ਰਾਜਨੀਤਕ ਆਧਾਰ ‘ਤੇ ਕਸੂਰਵਾਰ ਠਹਿਰਾਇਆ ਸੀ। ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦਰਜ ਕੇਸ ਦੀ ਜਾਂਚ ਟਰਾਂਸਫਰ ਕਰਨ ਬਾਰੇ ਪਾਸ ਨੋਟੀਫਿਕੇਸ਼ਨ ਨੂੰ ਰਾਜਨੀਤਕ ਆਧਾਰ ‘ਤੇ ਵਾਪਸ ਲੈ ਲਿਆ ਗਿਆ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਪਟੀਸ਼ਨਰ ਚਰਨਜੀਤ ਸਿੰਘ ਸ਼ਰਮਾ, ਬਿਕਰਮ ਜੀਤ ਸਿੰਘ, ਪ੍ਰਦੀਪ ਸਿੰਘ ਅਤੇ ਅਮਰਜੀਤ ਸਿੰਘ ਨੂੰ ਬਾਬਾ ਬਕਾਲਾ ਵਿੱਚ 21 ਅਕਤੂਬਰ 2015 ਨੂੰ ਦਰਜ ਕੇਸ ਵਿਚ ਮੁਲਜ਼ਮ ਬਣਾਇਆ ਗਿਆ ਹੈ।