ਬੋਸਨੀਆ ਵਿਚ ਰੁਲ ਰਹੀ ਹੈ ਪੰਜਾਬੀ ਨੌਜਵਾਨ ਦੀ ਲਾਸ਼

ਬੋਸਨੀਆ ਵਿਚ ਰੁਲ ਰਹੀ ਹੈ ਪੰਜਾਬੀ ਨੌਜਵਾਨ ਦੀ ਲਾਸ਼

ਮ੍ਰਿਤਕ ਰਣਦੀਪ ਸਿੰਘ ਦੀ ਫਾਈਲ ਫੋਟੋ।
ਪਟਿਆਲਾ/ਬਿਊਰੋ ਨਿਊਜ਼ :
ਪੰਜਾਬ ਦੇ ਨੌਜਵਾਨਾਂ ਦੀ ਰੋਜ਼ੀ-ਰੋਟੀ ਲਈ ਵਿਦੇਸ਼ੀ ਧਰਤੀਆਂ ਉਤੇ ਜਾਣ ਦੀ ਚਾਹਤ ਲਗਾਤਾਰ ਉਨ੍ਹਾਂ ਦੀ ਜਾਨ ਦੀ ਖੌਅ ਬਣੀ ਹੋਈ ਹੈ। ਹੁਣ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦਾ ਇਕ ਹੋਰ ਨੌਜਵਾਨ ਮੌਤ ਦੇ ਮੁੰਹ ਜਾ ਪਿਆ ਹੈ, ਜਿਸ ਦੀ ਲਾਸ਼ ਵੀ ਮਾਪਿਆਂ ਨੂੰ ਨਸੀਬ ਨਹੀਂ ਹੋ ਰਹੀ। ਯੂਰੋਪੀਅਨ ਦੇਸ਼ ਸਰਬੀਆ ਰਾਹੀਂ ਸਪੇਨ ਜਾਣ ਦੀ ਕੋਸ਼ਿਸ਼ ਦੌਰਾਨ ਬੋਸਨੀਆ ਵਿਚ ਡੁੱਬਣ ਕਾਰਨ ਜਾਨ ਗੁਆਉਣ ਵਾਲੇ ਪਿੰਡ ਘੜਾਮ ਵਾਸੀ ਰਣਦੀਪ ਸਿੰਘ (27 ਸਾਲ) ਦੇ ਮਾਪੇ ਪੁੱਤ ਦੀ ਲਾਸ਼ ਵੇਖਣ ਨੂੰ ਤਰਸ ਗਏ ਹਨ। ਮ੍ਰਿਤਕ ਨੌਜਵਾਨ ਦੀ ਦੇਹ ਸਵਾ ਮਹੀਨੇ ਤੋਂ ਬੋਸਨੀਆ ਵਿਚ ਹੀ ਪਈ ਹੈ। ਦੇਹ ਵਾਪਸ ਭਾਰਤ ਲਿਆਉਣ ਲਈ ਪੀੜਤ ਪਰਿਵਾਰ ਵਲੋਂ ਕਾਫ਼ੀ ਯਤਨ ਕੀਤੇ ਜਾ ਰਹੇ ਹਨ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਰਹੀ।
ਦੱਸਣਯੋਗ ਹੈ ਕਿ ਬੋਸਨੀਆ ਏਸ਼ਿਆਈ ਮੂਲ ਦੇ ਲੋਕਾਂ ਲਈ ਯੂਰੋਪ ਦੇ ਵਿਕਸਿਤ ਦੇਸ਼ਾਂ ਵਿਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦਾ ਲੰਮੇ ਸਮੇਂ ਤੋਂ ਪ੍ਰਵੇਸ਼ ਦੁਆਰ ਬਣਿਆ ਹੋਇਆ ਹੈ। ਪੀੜਤ ਪਰਿਵਾਰ ਵਲੋਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਮੇਤ ਹੋਰ ਕਈ ਥਾਈਂ ਬੇਨਤੀ ਪੱਤਰ ਭੇਜੇ ਗਏ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ।
ਵੇਰਵਿਆਂ ਮੁਤਾਬਕ ਰਣਦੀਪ ਸਿੰਘ ਦਾ ਭਰਾ ਤੇ ਭੈਣ ਸਪੇਨ ਵਿਚ ਹੀ ਹਨ ਜਦਕਿ ਇਕ ਹੋਰ ਭੈਣ ਇਟਲੀ ਵਿਚ ਹੈ। ਇਸ ਲਈ ਬੀ.ਕਾਮ ਉਪਰੰਤ ਉਸ ਨੇ ਵੀ ਸਪੇਨ ਜਾਣ ਲਈ ਯਤਨ ਆਰੰਭ ਦਿੱਤੇ ਸਨ। ਸਪੇਨ ਪੁੱਜਣ ਲਈ ਪਹਿਲਾਂ ਉਸ ਨੇ ਕਈ ਕਾਨੂੰਨੀ ਰਾਹ ਅਖ਼ਤਿਆਰ ਕੀਤੇ, ਪਰ ਅਖ਼ੀਰ ਵਿੱਚ ਚੁਣਿਆ ਟੇਢਾ ਰਾਹ ਉਸ ਨੂੰ ਮਹਿੰਗਾ ਪਿਆ ਤੇ ਉਹ ਆਪਣੀ ਜਾਨ ਗੁਆ ਬੈਠਾ। ਏਜੰਟਾਂ ਨਾਲ ਹੋਏ ਸੌਦੇ ਤਹਿਤ ਉਹ ਪੰਜ ਮਹੀਨੇ ਪਹਿਲਾਂ ਜਦ ਸਰਬੀਆ ਪੁੱਜਿਆ ਸੀ ਤਾਂ ਪਰਿਵਾਰ ਨੇ ਸਾਢੇ ਪੰਜ ਲੱਖ ਰੁਪਏ ਦੀ ਅਦਾਇਗੀ ਕੀਤੀ ਸੀ। ਰੱਖੜੀ ਵਾਲੇ ਦਿਨ ਉਸ ਨੇ ਪਰਿਵਾਰ ਨਾਲ ਹੋਈ ਗੱਲਬਾਤ ਦੌਰਾਨ ਜਲਦੀ ਸਪੇਨ ਪੁੱਜਣ ਦੀ ਆਸ ਜਤਾਈ ਸੀ ਤੇ ਜ਼ਿਕਰ ਕੀਤਾ ਸੀ ਕਿ ਕੁਝ ਇਲਾਕਾ ਤੈਰ ਕੇ ਪਾਰ ਕਰਨਾ ਪਵੇਗਾ। ਇਸ ਤੋਂ ਬਾਅਦ ਪਰਿਵਾਰ ਦੀ ਗੱਲਬਾਤ ਰਣਦੀਪ ਨਾਲ ਨਹੀਂ ਹੋਈ ਤੇ ਉਸ ਦੀ ਮੌਤ ਦੀ ਖ਼ਬਰ ਹੀ ਆਈ।
ਥਾਣਾ ਜੁਲਕਾ ਦੇ ਮੁਖੀ ਗੁਰਪ੍ਰੀਤ ਭਿੰਡਰ ਅਨੁਸਾਰ ਇੰਟਰਪੋਲ ਰਾਹੀਂ ਪੁੱਜੀ ਇਤਲਾਹ ਮੁਤਾਬਕ ਰਣਦੀਪ ਸਿੰਘ ਦੀ ਮੌਤ ਡੁੱਬਣ ਕਾਰਨ ਹੋਈ ਹੈ ਤੇ ਦੇਹ ਮਾੜੀ ਹਾਲਤ ਵਿਚ 16 ਸਤੰਬਰ ਨੂੰ ਬੋਸਨੀਆ ਵਿਚਲੀ ਇੱਕ ਝੀਲ ਕੰਢਿਓਂ ਮਿਲੀ ਸੀ। ਪਿਤਾ ਜਵਾਹਰ ਸਿੰਘ ਦੀ ਸ਼ਿਕਾਇਤ ‘ਤੇ ਪੁਲੀਸ ਨੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।