ਕਾਂਗਰਸ ਨੇ ਨਿੰਮਾ ਤੇ ਬਿੱਟੂ ਦੀਆਂ ਟਿਕਟਾਂ ਕੱਟੀਆਂ

ਕਾਂਗਰਸ ਨੇ ਨਿੰਮਾ ਤੇ ਬਿੱਟੂ ਦੀਆਂ ਟਿਕਟਾਂ ਕੱਟੀਆਂ

ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਔਜਲਾ ਮੈਦਾਨ ਵਿਚ
ਚੰਡੀਗੜ੍ਹ/ਬਿਊਰੋ ਨਿਊਜ਼ :
ਕਾਂਗਰਸ ਹਾਈਕਮਾਂਡ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 8 ਹੋਰ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰਦਿਆਂ ਭਦੌੜ ਅਤੇ ਜਲੰਧਰ ਉੱਤਰੀ ਹਲਕੇ ਦੇ ਉਮੀਦਵਾਰਾਂ ਨਿਰਮਲ ਸਿੰਘ ਨਿੰਮਾ ਅਤੇ ਤੇਜਿੰਦਰ ਸਿੰਘ ਬਿੱਟੂ ਨੂੰ ਬਦਲ ਦਿੱਤਾ ਹੈ। ਉਨ੍ਹਾਂ ਦੀ ਥਾਂ ਜੈਤੋ ਦੇ ਮੌਜੂਦਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਅਤੇ ਰਾਜ ਕੁਮਾਰ ਗੁਪਤਾ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ। ਬਿੱਟੂ ਦੀ ਟਿਕਟ ਤਾਂ 24 ਘੰਟਿਆਂ ਦੇ ਅੰਦਰ ਬਦਲ ਦਿੱਤੀ ਗਈ। ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਗੁਰਜੀਤ ਸਿੰਘ ਔਜਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਵਿਦਿਆਰਥੀ ਆਗੂ ਬਰਿੰਦਰ ਸਿੰਘ ਢਿੱਲੋਂ ਵਿਰੋਧ ਦੇ ਬਾਵਜੂਦ ਰੋਪੜ ਤੋਂ ਟਿਕਟ ਲੈਣ ਵਿੱਚ ਸਫ਼ਲ ਰਹੇ। ਸਥਾਨਕ ਉਮੀਦਵਾਰਾਂ ਵੱਲੋਂ ਉਸ ਦਾ ਵਿਰੋਧ ਕੀਤੇ ਜਾਣ ਦੇ ਆਸਾਰ ਹਨ। ਅੰਮ੍ਰਿਤਸਰ ਉੱਤਰੀ ਤੋਂ ਸੁਨੀਲ ਦੱਤੀ, ਜਲੰਧਰ ਪੱਛਮੀ ਤੋਂ ਸੁਨੀਲ ਕੁਮਾਰ ਰਿੰਕੂ ਅਤੇ ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਂਜ ਗੜ੍ਹਸ਼ੰਕਰ ਵਿਚ ਸਮਿਤਾ ਮਹਿਤਾ ਅਤੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਪ੍ਰੀਤ ਟਿਕਟ ਦੇ ਤਕੜੇ ਦਾਅਵੇਦਾਰ ਸਨ। ਸਾਹਨੇਵਾਲ ਤੋਂ ਇਕ ਦਿਨ ਪਹਿਲਾਂ ਸਤਵਿੰਦਰ ਬਿੱਟੀ ਦੀ ਟਿਕਟ ਰੋਕ ਲਈ ਗਈ ਸੀ ਪਰ ਉਸ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ। ਜਗਾਰਾਉਂ ਰਾਖਵੇਂ ਹਲਕੇ ਤੋਂ ਬਾਹਰਲੇ ਉਮੀਦਵਾਰ ਗੇਜਾ ਰਾਮ ਨੂੰ ਟਿਕਟ ਨਾਲ ਨਿਵਾਜਿਆ ਗਿਆ ਹੈ। ਸੁਜਾਨਪੁਰ ਵਿਚ ਅਮਿਤ ਸਿੰਘ ਮੰਟੋ ਅਤੇ ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਭਦੌੜ ਦੇ ਉਮੀਦਵਾਰ ਨਿਰਮਲ ਸਿੰਘ ਨਿੰਮਾ ਦਾ ਹਲਕੇ ਦੇ ਕਾਂਗਰਸੀਆਂ ਵੱਲੋਂ ਵਿਰੋਧ ਕੀਤੇ ਜਾਣ ਕਰ ਕੇ ਉਸ ਦੀ ਟਿਕਟ ਕੱਟੀ ਗਈ ਹੈ। ਬਿੱਟੂ ਨੂੰ ਟਿਕਟ ਦੇਣ ਦਾ ਸਾਬਕਾ ਮੰਤਰੀ ਅਵਤਾਰ ਸਿੰਘ ਹੈਨਰੀ ਅਤੇ ਹੋਰ ਆਗੂਆਂ ਨੇ ਸਖ਼ਤ ਵਿਰੋਧ ਕੀਤਾ ਸੀ ਅਤੇ ਹੈਨਰੀ ਆਪਣੇ ਕਰੀਬੀ ਰਿਸ਼ਤੇਦਾਰ ਲਈ ਟਿਕਟ ਦੀ ਪੈਰਵੀ ਕਰ ਰਹੇ ਸਨ। ਇਸ ਹਲਕੇ ਤੋਂ ਸੀਨੀਅਰ ਆਗੂ ਰਾਜਕੁਮਾਰ ਗੁਪਤਾ ਨੂੰ ਟਿਕਟ ਦੇਣਾ ਹੀ ਬਿਹਤਰ ਸਮਝਿਆ ਹੈ।