ਪਾੜ੍ਹਿਆਂ ਦੇ ਵਿਦੇਸ਼ਾਂ ਵੱਲ ਜਾਣ ਦੇ ਰੁਝਾਨ ਕਾਰਨ ਪੰਜਾਬ ਦੇ ਕਾਲਜ ਹੋਏ ਸੁੰਨੇ

ਪਾੜ੍ਹਿਆਂ ਦੇ ਵਿਦੇਸ਼ਾਂ ਵੱਲ ਜਾਣ ਦੇ ਰੁਝਾਨ ਕਾਰਨ ਪੰਜਾਬ ਦੇ ਕਾਲਜ ਹੋਏ ਸੁੰਨੇ
ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ਦੇ ਦਾਖ਼ਲਾ ਸੈਸ਼ਨ ਦੀ ਤਸਵੀਰ।

ਜਲੰਧਰ/ਬਿਊਰੋ ਨਿਉਜ਼ :
ਪੰਜਾਬੀਆਂ ਖਾਸ ਕਰਕੇ ਵਿਦਿਆਰਥੀਆਂ ਦਾ ਵਿਦੇਸ਼ਾਂ ਵੱਲ ਮੁੰਹਜ਼ੋਰ ਪਰਵਾਸ ਇਸ ਖਿੱਤੇ ਵਿਚ ਨਵੀਂਆਂ ਮੁਸ਼ਕਲਾਂ ਪੈਦਾ ਕਰਲ ਲੱਗਾ ਹੈ। ਪਰਵਾਸ ਦਾ ਜ਼ਿਆਦਾ ਜ਼ੋਰ ਹਮੇਸ਼ਾ ਦੋਆਬੇ ਵਿਚ ਜ਼ਿਆਦਾ ਰਿਹਾ ਹੈ। ਦੋਆਬਾ ਖਿੱਤੇ ਦੇ ਕਾਲਜ ਆਰਥਿਕ ਸੰਕਟ ਵਿਚ ਘਿਰਦੇ ਜਾ ਰਹੇ ਹਨ। ਹਰ ਸਾਲ ਵਿਦਿਆਰਥੀਆਂ ਦੇ ਦਾਖ਼ਲੇ ਦੀ ਗਿਣਤੀ ਘੱਟਦੀ ਜਾ ਰਹੀ ਹੈ। ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਣ ਦੇ ਦੋ ਵੱਡੇ ਕਾਰਨ ਸਾਹਮਣੇ ਆਏ ਹਨ। ਦੋਆਬਾ ਖਿੱਤਾ, ਜਿਹੜਾ ਐੱਨਆਰਆਈਜ਼ ਦੇ ਗੜ੍ਹ ਵਜੋਂ ਵੀ ਜਾਣਿਆ ਜਾਂਦਾ ਹੈ। ਇਥੋਂ ਦੇ ਲੋਕਾਂ ਦਾ ਰੁਝਾਨ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦਾ ਵਧਦਾ ਜਾ ਰਿਹਾ ਹੈ। ਹੁਣ ਵਿਦਿਆਰਥੀ ਬਾਰ੍ਹਵੀਂ ਜਮਾਤ ਤੋਂ ਬਾਅਦ ਕਾਲਜ ਵਿੱਚ ਦਾਖ਼ਲਾ ਲੈਣ ਦੀ ਥਾਂ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਇਥੇ ਧੜੱਲੇ ਨਾਲ ਆਇਲੈਟਸ ਕਰਵਾਉਣ ਦੇ ਸੈਂਟਰ ਖੁੱਲ੍ਹੇ ਹੋਏ ਹਨ ਅਤੇ ਇਮੀਗਰੇਸ਼ਨ ਦੇ ਦਫ਼ਤਰ ਹਰ ਗਲੀ-ਮੁਹੱਲੇ ਵਿੱਚ ਮਿਲ ਜਾਂਦੇ ਹਨ। ਹੋਰ ਤਾਂ ਹੋਰ ਪਿੰਡਾਂ ਵਿੱਚ ਵੀ ਆਇਲੈਟਸ ਅਤੇ ਇਮੀਗਰੇਸ਼ਨ ਵਾਲਿਆਂ ਨੇ ਆਪਣੇ ਡੇਰੇ ਲਾ ਲਏ ਹਨ। ਇਸ ਕਰਕੇ ਵਿਦਿਆਰਥੀ ਬਾਰ੍ਹਵੀਂ ਜਮਾਤ ਕਰਨ ਤੋਂ ਬਾਅਦ ਆਇਲੈਟਸ ਕਰਨ ਨੂੰ ਤਰਜੀਹ ਦੇ ਰਹੇ ਹਨ।
ਕਾਲਜਾਂ ਵਿੱਚ ਦਾਖ਼ਲਾ ਘਟਣ ਦਾ ਦੂਜਾ ਵੱਡਾ ਕਾਰਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦਲਿਤ ਵਿਦਿਆਰਥੀਆਂ ਦੇ ਫੰਡ ਨਾ ਆਉਣਾ ਹੈ। ਕੇਂਦਰ ਵਿੱਚ ਜਦੋਂ ਡਾ. ਮਨਮੋਹਣ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਰਹੀ ਸੀ ਉਦੋਂ ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਸਮੇਂ ਸਿਰ ਆਉਂਦੇ ਰਹੇ ਅਤੇ ਕਦੇ ਵੀ ਫੰਡਾਂ ਨੂੰ ਲੈ ਕੇ ਕਾਲਜਾਂ ਵਿੱਚ ਰੌਲਾ ਰੱਪਾ ਨਹੀਂ ਸੀ ਪਿਆ। ਸਾਲ 2014 ‘ਚ ਜਦੋਂ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਸਭ ਤੋਂ ਵੱਡਾ ਕੱਟ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਫੰਡਾਂ ਨੂੰ ਲੱਗਾ ਹੈ। ਸਾਲ 2015 ਤੋਂ ਇਸ ਸਕੀਮ ਤਹਿਤ ਆਉਣ ਵਾਲੇ ਫੰਡਾਂ ਵਿੱਚ ਦੇਰੀ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਆਏ ਫੰਡਾਂ ਨੂੰ ਇਧਰ-ਉੱਧਰ ਖਰਚਣ ਕਾਰਨ ਕਾਲਜਾਂ ਨੂੰ ਸਮੇਂ ਸਿਰ ਪੈਸੇ ਨਹੀਂ ਮਿਲੇ ਤਾਂ ਕਾਲਜਾਂ ਨੇ ਦਲਿਤ ਵਿਦਿਆਰਥੀਆਂ ਨੂੰ ਇਸ ਸਕੀਮ ਤਹਿਤ ਦਾਖ਼ਲਾ ਦੇਣ ਤੋਂ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ।
ਪੀਟੀਯੂ ਦੇ ਡੀਨ ਐੱਨਪੀ ਸਿੰਘ ਦਾ ਕਹਿਣਾ ਸੀ ਕਿ ਇਸ ਵਾਰ 20 ਫੀਸਦੀ ਵਿਦਿਆਰਥੀ ਘੱਟ ਦਾਖ਼ਲ ਹੋਏ ਹਨ। ਪੰਜਾਬ ਦੀ ਥਾਂ ਹਿਮਾਚਲ, ਜੇ ਐਂਡ ਕੇ, ਬਿਹਾਰ, ਝਾਰਖੰਡ ਤੋਂ ਵਿਦਿਆਰਥੀ ਆ ਰਹੇ ਹਨ। ਪੀਟੀਯੂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਾਖ਼ਲੇ ਦੀ ਆਖ਼ਰੀ ਮਿਤੀ 15 ਅਗਸਤ ਹੈ। ਪੀਟੀਯੂ ਨੇ ਵਿਦਿਆਰਥੀਆਂ ਨੂੰ ਇਥੇ ਦਾਖ਼ਲ ਹੋਣ ਲਈ ਆਪਣੀ ਵੈੱਬਸਾਈਟ ‘ਤੇ ਇਹ ਪ੍ਰਮੁੱਖਤਾ ਨਾਲ ਪਾਇਆ ਹੋਇਆ ਹੈ ਕਿ ਯੂਨੀਵਰਸਿਟੀ ਦੀ ਸਾਂਝ ਕੈਨੇਡਾ ਦੀ ਥਾਮਸ ਯੂਨੀਵਰਸਿਟੀ ਨਾਲ ਹੋ ਗਈ ਹੈ ਤੇ ਇਥੇ ਦਾਖ਼ਲ ਹੋਣ ਵਾਲੇ ਵਿਦਿਆਰਥੀ ਉਸੇ ਕੋਰਸ ਵਿੱਚ ਕੈਨੇਡਾ ‘ਚ ਵੀ ਦਾਖ਼ਲਾ ਲੈ ਸਕਦੇ ਹਨ।
ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਆਂਸ਼ੂ ਕਟਾਰੀਆ ਨੇ ਦੱਸਿਆ ਕਿ ਜਿਹੜੇ ਕਾਲਜਾਂ ਵਿੱਚ ਫਾਰਮੇਸੀ, ਖੇਤੀਬਾੜੀ, ਨਰਸਿੰਗ ਦੇ ਕੋਰਸ ਕਰਾਏ ਜਾਂਦੇ ਹਨ, ਜਿਨ੍ਹਾਂ ਦੀ ਮੰਗ ਕੈਨੇਡਾ ਵਿੱਚ ਜ਼ਿਆਦਾ ਹੈ, ਉਹ ਸੀਟਾਂ ਤਾਂ ਪੂਰੀਆਂ ਭਰ ਜਾਂਦੀਆਂ ਹਨ ਪਰ ਇੰਜਨੀਅਰਿੰਗ ਦੀਆਂ ਸੀਟਾਂ ਖਾਲੀ ਰਹਿਣ ਨਾਲ ਕਾਲਜਾਂ ਨੂੰ ਨੁਕਸਾਨ ਹੋ ਰਿਹਾ ਹੈ।