ਅਕਾਲ ਤਖਤ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਅਪੀਲ

ਅਕਾਲ ਤਖਤ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਅਪੀਲ

ਅੰਮ੍ਰਿਤਸਰ/ਬਿਊਰੋ ਨਿਊਜ਼ :

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਲਿਖਤੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਿੰਘ ਸਾਹਿਬ ਵੱਲੋਂ ਸਿੱਖ ਸੰਗਤਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ‘ਚ ਆਪਣਾ-ਆਪਣਾ ਯੋਗਦਾਨ ਪਾਉਣ ਅਤੇ ਬੁਰੀ ਤਰ੍ਹਾਂ ਤਬਾਹ ਹੋ ਰਹੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢਣ ਵਾਸਤੇ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ ਹੈ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਬਾਣੀ ‘ਚ ਗੁਰੂ ਸਾਹਿਬਾਨਾਂ ਨੇ ਹਰ ਪ੍ਰਕਾਰ ਦੇ ਨਸ਼ੇ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਹੈ ਅਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਸੰਗਤਾਂ ਨੂੰ ਨਸ਼ਾ ਕੇਵਲ ਪ੍ਰਸ਼ਾਦੇ ਦਾ ਰੱਖਣ ਵਾਸਤੇ ਹੁਕਮ ਕੀਤਾ ਗਿਆ ਹੈ ਪ੍ਰੰਤੂ ਅੱਜ ਪੰਜਾਬ ਨਸ਼ੇ ਦੀ ਦਲ-ਦਲ ‘ਚ ਇੰਨਾ ਫਸ ਚੁੱਕਾ ਹੈ, ਜਿਸ ਲਈ ਹਰ ਪੰਥ ਦਰਦੀ ਚਿੰਤਤ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਆਪਣਾ ਨਿੱਜੀ ਲਾਹਾ ਲੈਣ ਵਾਸਤੇ ਨਸ਼ੇ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਹਸਦੇ-ਵਸਦੇ ਪੰਜਾਬ ਦੀ ਨੌਜਵਾਨੀ ਨੂੰ ਇਸ ਨਸ਼ੇ ਦੀ ਭੱਠੀ ‘ਚ ਝੋਕ ਦਿੱਤਾ, ਜਿਸ ਕਾਰਨ ਪੰਜਾਬ ਦੀ ਨੌਜਵਾਨੀ ਬੁਰੀ ਤਰ੍ਹਾਂ ਤਬਾਹ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਸ਼ੇ ਦੀ ਅੱਗ ਨੂੰ ਬੁਝਾਉਣ ਲਈ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਸਿੱਖ ਗੁ: ਪ੍ਰ: ਕਮੇਟੀ ਅਤੇ ਕਈ ਹੋਰ ਸੰਸਥਾਵਾਂ ਰਾਤ ਦਿਨ ਇਕ ਕਰਕੇ ਸਿਰਤੋੜ ਯਤਨ ਕਰ ਰਹੀਆਂ ਹਨ ਪਰ ਫਿਰ ਵੀ ਅਜੇ ਇਸ ਨਸ਼ੇ ਨੂੰ ਠੱਲ੍ਹ ਨਹੀਂ ਪੈ ਰਹੀ। ਉਨ੍ਹਾਂ ਸੰਗਤਾਂ ਨੂੰ ਹਦਾਇਤ ਕੀਤੀ ਕਿ ਇਸ ਨਸ਼ੇ ਨੂੰ ਰੋਕਣ ਦਾ ਸੰਗਤਾਂ ਕਿਸੇ ‘ਤੇ ਅਹਿਸਾਨ ਨਾ ਕਰਨ ਸਗੋਂ ਹਰ ਵਿਅਕਤੀ ਆਪਣਾ ਫ਼ਰਜ਼ ਸਮਝ ਕੇ ਆਪੋ-ਆਪਣੇ ਪਰਿਵਾਰ, ਆਂਢ-ਗੁਆਂਢ, ਗਲੀ ਮੁਹੱਲੇ ਅਤੇ ਪਿੰਡ ਆਦਿ ਨੂੰ ਧਿਆਨ ‘ਚ ਰੱਖ ਕੇ ਕੁਰਾਹੇ ਪਏ ਬੱਚੇ-ਬੱਚੀਆਂ ਨੂੰ ਬਚਾਉਣ ਵਾਸਤੇ ਹਰ ਸੰਭਵ ਯਤਨ ਕਰਨ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਤਾਕੀਦ ਕੀਤੀ ਕਿ ਇਸ ਮਾਮਲੇ ‘ਚ ਸਰਕਾਰ ਵੀ ਸਖ਼ਤੀ ਵਰਤ ਕੇ ਨਸ਼ਿਆਂ ਦੇ ਸੌਦਾਗਰਾਂ, ਭਾਵੇਂ ਉਹ ਕਿੰਨੇ ਵੀ ਵੱਡੇ ਵਿਅਕਤੀ ਜਾਂ ਅਧਿਕਾਰੀ ਹੋਣ, ਨੂੰ ਜੇਲ੍ਹਾਂ ‘ਚ ਬੰਦ ਕਰੇ ਅਤੇ ਜੋ ਨੌਜਵਾਨ ਇਸ ਦਲਦਲ ‘ਚ ਫਸ ਚੁੱਕੇ ਹਨ, ਉਨ੍ਹਾਂ ਦਾ ਮੁਫ਼ਤ ਇਲਾਜ ਕਰਨ ਦਾ ਪ੍ਰਬੰਧ ਕਰੇ। ਇਸ ਦੇ ਨਾਲ ਹੀ ਸਿੰਘ ਸਾਹਿਬ ਨੇ ਕਿਹਾ ਕਿ ਵਿੱਦਿਅਕ ਅਦਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਦਾ ਸਟਾਫ਼ ਵੀ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸੋਝੀ ਪ੍ਰਦਾਨ ਕਰਨ ਲਈ ਆਪਣਾ ਯੋਗਦਾਨ ਪਾਉਣ ਅਤੇ ਡਾਕਟਰ ਸਾਹਿਬਾਨ ਅਤੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ, ਵੀ ਇਸ ਨਾਜ਼ੁਕ ਸਮੇਂ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਲਾਕਾਰਾਂ ਨੂੰ ਵੀ ਕਿਹਾ ਕਿ ਸਟੇਜੀ ਕਲਾਕਾਰ ਵੀ ਅਜਿਹੇ ਸਭਿਆਚਾਰਕ ਗੀਤ ਗਾਉਣ, ਜਿਸ ਨਾਲ ਬੱਚੇ ਨਸ਼ਿਆਂ ‘ਚ ਗ਼ਲਤਾਨ ਨਾ ਹੋਣ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਆਪਣੇ-ਆਪਣੇ ਧਰਮ ਵਿਚ ਪਰਪੱਕ ਰਹਿ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿਚ ਆਪਣਾ-ਆਪਣਾ ਯੋਗਦਾਨ ਪਾਵੇ।