ਕੈਨੇਡਾ ਪੜ੍ਹਨ ਗਏ ਪੰਜਾਬੀ ਮੁੰਡਿਆਂ ‘ਚ ਲੜਾਈ

ਕੈਨੇਡਾ ਪੜ੍ਹਨ ਗਏ ਪੰਜਾਬੀ ਮੁੰਡਿਆਂ ‘ਚ ਲੜਾਈ

ਘਟਨਾ ਸਥਾਨ ਦਾ ਜਾਇਜ਼ਾ ਲੈਂਦੀ ਹੋਈ ਪੁਲੀਸ।

ਟੋਰਾਂਟੋ/ਬਿਊਰੋ ਨਿਊਜ਼ :

ਕੈਨੇਡਾ ਵਿੱਚ ਪੰਜਾਬੀਆਂ ਦੇ ਗੜ੍ਹ ਬਰੈਂਪਟਨ ਵਿੱਚ ਰਾਤ ਨੂੰ ਸੜਕ ’ਤੇ ਹੋਈ ਲੜਾਈ ਵਿੱਚ ਤਿੰਨ ਜਣੇ ਜ਼ਖ਼ਮੀ ਹੋ ਗਏ। ਤਿੰਨ ਪੀੜਤਾਂ ਵਿੱਚੋਂ ਇੱਕ ਨੂੰ ਸਿਰ ਦੀ ਸੱਟ ਕਾਰਨ ਟੋਰਾਂਟੋ ਦੇ ਟਰੌਮਾ ਸੈਂਟਰ ਦਾਖ਼ਲ ਕਰਾਇਆ ਗਿਆ ਹੈ।
ਪੁਲੀਸ ਨੇ ਅਜੇ ਕਿਸੇ ਜ਼ਖ਼ਮੀ ਦਾ ਨਾਂ ਜਨਤਕ ਨਹੀਂ ਕੀਤਾ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ, ਪਰ ਸੂਤਰਾਂ ਮੁਤਾਬਿਕ ਹਮਲਾਵਰ ਪੰਜਾਬੀ ਪਾੜ੍ਹੇ ਸਨ ਤੇ ਜ਼ਖ਼ਮੀ ਹੋਣ ਵਾਲਿਆਂ ਵਿੱਚ ਪ੍ਰਾਪਰਟੀ ਡੀਲਰ ਸੀ ਤੇ ਉਸ ਦੇ ਸਾਥੀ ਸਨ। ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਨੇ ਘਰ ਕਿਰਾਏ ’ਤੇ ਲੈਣ ਲਈ ਪ੍ਰਾਪਰਟੀ ਡੀਲਰ ਨੂੰ ਚੈੱਕ ਦਿੱਤਾ ਸੀ, ਪਰ ਸਬੰਧਤ ਮਾਲਕ ਮਕਾਨ ਵੱਲੋਂ ‘ਪਾੜ੍ਹਿਆਂ’ ਨੂੰ ਮਕਾਨ ਦੇਣ ਤੋਂ ਨਾਂਹ ਕਰਨ ਮਗਰੋਂ ਇਹ ਤਕਰਾਰ ਵਧ ਗਿਆ। ਉਨ੍ਹਾਂ ਲੜਕਿਆਂ ਨੇ ਚੈੱਕ ਵਾਪਸ ਲੈਣ ਲਈ ਪ੍ਰਾਪਰਟੀ ਡੀਲਰ ਨੂੰ ਉਕਤ ਜਗ੍ਹਾ ’ਤੇ ਸੱਦਿਆ।
ਉਥੇ ਪਹਿਲਾਂ ਹੀ ਸਕੀਮ ਬਣਾਈ ਬੈਠੇ 15-20 ਜਣਿਆਂ ਨੇ ਡਾਂਗਾਂ ਤੇ ਬੇਸਬਾਲ ਵਾਲੇ ਬੱਲਿਆਂ ਨਾਲ ਦੂਜੀ ਧਿਰ ਦੇ ਤਿੰਨ ਜਣਿਆਂ ’ਤੇ ਹਮਲਾ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਪੀੜਤ ਬਰੈਂਪਟਨ ਤੋਂ ਹੀ ਹਨ। ਪੁਲੀਸ ਸਾਰਜੈਂਟ ਮੈਟ ਬਰਟਰਨ ਨੇ ਕਿਹਾ ਕਿ ਉਹ ਭਾਈਚਾਰੇ ਅਤੇ ਅਧਿਕਾਰੀਆਂ ਨਾਲ ਮਿਲ ਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੋਸ਼ਿਸ਼ ਕਰ ਰਹੇ ਹਨ।