ਕੇਜਰੀਵਾਲ ਦੇ ਰਾਜਪਾਲ ਨਿਵਾਸ ‘ਚ ਧਰਨੇ ‘ਤੇ ਹਾਈ ਕੋਰਟ ਸਖਤ

ਕੇਜਰੀਵਾਲ ਦੇ ਰਾਜਪਾਲ ਨਿਵਾਸ ‘ਚ ਧਰਨੇ ‘ਤੇ ਹਾਈ ਕੋਰਟ ਸਖਤ
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਹਸਪਤਾਲ ਲਿਜਾਂਦੇ ਹੋਏ ਉਨ੍ਹਾਂ ਦੇ ਸਹਿਯੋਗੀ।

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਥੀ ਕੈਬਨਿਟ ਮੰਤਰੀਆਂ ਵੱਲੋਂ ਉਪ ਰਾਜਪਾਲ ਨਿਵਾਸ ਦੇ ਅੰਦਰ ਧਰਨਾ ਦੇਣ ਦੇ ਮਾਮਲੇ ‘ਚ ਹਾਈ ਕੋਰਟ ਨੇ ਦਿੱਲੀ ਸਰਕਾਰ ਦੀ ਖਿਚਾਈ ਕਰਦਿਆਂ ਜਵਾਬਤਲ਼ਬੀ ਕੀਤੀ ਹੈ।ਉੱਚ ਅਦਾਲਤ ਨੇ ਪੁੱਛਿਆ ਹੈ ਕਿ ਇਸ ਰੋਸ ਪ੍ਰਦਰਸ਼ਨ ਦੀ ਮਨਜ਼ੂਰੀ ਕਿਸ ਨੇ ਦਿੱਤੀ। ਉੱਚ ਅਦਾਲਤ ਨੇ ਕਿਹਾ ਕਿ ਧਰਨੇ ਜਾਂ ਹੜਤਾਲਾਂ ਮਹੱਤਵਪੂਰਨ ਇਮਾਰਤਾਂ ਦੇ ਬਾਹਰ ਹੁੰਦੀਆਂ ਹਨ ਨਾ ਕਿ ਕਿਸੇ ਦੇ ਕੰਮ ਵਾਲੀ ਥਾਂ ਜਾਂ ਰਿਹਾਇਸ਼ ਉਤੇ। ਜਸਟਿਸ ਏਕੇ. ਚਾਵਲਾ ਤੇ ਨਵੀਨ ਚਾਵਲਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਮਾਮਲੇ ਬਾਰੇ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਇਹ ਸਵਾਲ ਕੀਤਾ ਜਦਕਿ ਦਿੱਲੀ ਦੇ ਆਈਏਐੱਸ ਅਧਿਕਾਰੀਆਂ ਦੀ ‘ਅਣਐਲਾਨੀ ਹੜਤਾਲ’ ਬਾਰੇ ਵੀ ਇਕ ਪਟੀਸ਼ਨ ਦੀ ਸੁਣਵਾਈ ਕੀਤੀ ਗਈ।
ਦਿੱਲੀ ਸਰਕਾਰ ਦੇ ਵਕੀਲ ਨੇ ਬੈਂਚ ਵੱਲੋਂ ਕੀਤੀ ਟਿੱਪਣੀ ਦੇ ਜਵਾਬ ਵਿਚ ਕਿਹਾ ਕਿ ਕੇਜਰੀਵਾਲ ਅਤੇ ਸਾਥੀ ਮੰਤਰੀਆਂ ਨੇ ਰੋਸ ਪ੍ਰਦਰਸ਼ਨ ਦਾ ਫ਼ੈਸਲਾ ਨਿੱਜੀ ਪੱਧਰ ‘ਤੇ ਲਿਆ ਸੀ ਅਤੇ ਉਨ੍ਹਾਂ ਨੂੰ ਇਸ ਦਾ ਸੰਵਿਧਾਨਕ ਹੱਕ ਹੈ। ਵਕੀਲ ਨੇ ਕਿਹਾ ਕਿ ਸਰਕਾਰ ਦੀਆਂ ਨਿਯਮਿਤ ਵਿਭਾਗੀ ਬੈਠਕਾਂ ਵਿੱਚ ਹਾਜ਼ਰ ਹੋਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤੇ ਆਈਏਐੱਸ ਅਧਿਕਾਰੀਆਂ ਨੇ ਵੀ ਮੀਡੀਆ ਅੱਗੇ ਮੰਨਿਆ ਸੀ ਕਿ ਉੁਹ ‘ਰੁਟੀਨ’ ਬੈਠਕਾਂ ਵਿਚ ਨਹੀਂ ਜਾਂਦੇ, ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਅਧਿਕਾਰੀਆਂ ਦੇ ਹੱਕ ਵਿਚ ਖੜ੍ਹੀ ਨਜ਼ਰ ਆਈ ਤੇ ਕੇਂਦਰ ਦੇ ਵਕੀਲ ਨੇ ਅਦਾਲਤ ਨੂੰ ਸ੍ਰੀ ਕੇਜਰੀਵਾਲ ਤੇ ਸਾਥੀਆਂ ਨੂੰ ਰਾਜ ਨਿਵਾਸ ਤੋਂ ਧਰਨਾ ਚੁੱਕਣ ਬਾਰੇ ਹਦਾਇਤ ਜਾਰੀ ਕਰਨ ਲਈ ਕਿਹਾ।
ਇਸੇ ਦੌਰਾਨ ਦਿੱਲੀ ਦੇ ਆਈਏਐੱਸ ਅਧਿਕਾਰੀਆਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਦਿੱਤੇ ਭਰੋਸੇ ਦਾ ਸਵਾਗਤ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮੁੱਦੇ ਉਤੇ ਮੁੱਖ ਮੰਤਰੀ ਨਾਲ ਅਧਿਕਾਰਤ ਤੌਰ ‘ਤੇ ਬੈਠਕ ਕਰਨ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਫਰਵਰੀ ਵਿਚ ਮੁੱਖ ਮੰਤਰੀ ਨਿਵਾਸ ‘ਤੇ ਮੁੱਖ ਸਕੱਤਰ ਉਤੇ ਹੋਏ ਹਮਲੇ ਦੇ ਦੋਸ਼ ਕਥਿਤ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਉਤੇ ਲੱਗੇ ਸਨ, ਜਿਸ ਮਗਰੋਂ ਅਧਿਕਾਰੀਆਂ ਅਤੇ ਸਰਕਾਰ ਵਿਚ ਟਕਰਾਅ ਵਾਲਾ ਮਾਹੌਲ ਬਣਿਆ ਹੋਇਆ ਸੀ।
ਇਹ ਪਟੀਸ਼ਨ ਭਾਜਪਾ ਵਿਧਾਇਕ ਦਲ ਤੇ ਨੇਤਾ ਵਜਿੰਦਰ ਗੁਪਤਾ ਵੱਲੋਂ ਸੰਸਦ ਮੈਂਬਰ ਪ੍ਰਵੇਸ਼ ਵਰਮਾ ਤੇ ਹੋਰਨਾਂ ਵਿਧਾਇਕਾਂ ਨਾਲ ਸਾਂਝੇ ਤੌਰ ‘ਤੇ ਪਾਈ ਗਈ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਕੋਈ ਅੰਤ੍ਰਿਮ ਹੁਕਮ ਨਾ ਜਾਰੀ ਕਰਕੇ ਅਗਲੀ ਸੁਣਵਾਈ ਦੀ ਤਰੀਕ ਪਾ ਦਿੱਤੀ।
ਮੁੱਖ ਮੰਤਰੀ ਕੇਜਰੀਵਾਲ ਨਾਲ ਭੁੱਖ ਹੜਤਾਲ ਉੱਤੇ ਬੈਠੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਲੋਕ ਨਾਇਕ ਹਸਪਤਾਲ ‘ਚ ਦਾਖ਼ਲ ਕਰਾਉਣ ਪਿਆ ਹੈ। ਹਸਪਤਾਲ ਦੇ ਡਾਕਟਰਾਂ ਮੁਤਾਬਕ ਦੋਵਾਂ ਦੀ ਸਿਹਤ ਵਿੱਚ ਹੁਣ ਸੁਧਾਰ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਰੀਰ ਵਿੱਚ ਕੋਟੀਨ ਦਾ ਪੱਧਰ ਕਾਫ਼ੀ ਜ਼ਿਆਦਾ ਹੋ ਗਿਆ ਸੀ ਤੇ ਭਾਰ ਵੀ 4 ਦਿਨਾਂ ਦੌਰਾਨ 3.7 ਕਿੱਲੋ ਤੱਕ ਘਟਿਆ ਹੈ। ਸ੍ਰੀ ਸਿਸੋਦੀਆ ਨੂੰ ਅੱਜ ਸਵੇਰੇ ਦਾਖ਼ਲ ਕਰਵਾਇਆ ਗਿਆ ਸੀ।
ਦਿੱਲੀ ਦੇ ਉਪ ਰਾਜਪਾਲ ਨਿਵਾਸ ਉਤੇ ਸਾਥੀ ਮੰਤਰੀਆਂ ਨਾਲ ਧਰਨੇ ‘ਤੇ ਬੈਠੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਕੌਮੀ ਰਾਜਧਾਨੀ ਵਿਚ ਹੋ ਰਹੀ ਸਿਆਸੀ ਉੱਥਲ-ਪੁਥਲ ਬਾਰੇ ਜਾਣੂ ਕਰਾਇਆ। ਠਾਕਰੇ ਦੇ ਮੀਡੀਆ ਸਲਾਹਕਾਰ ਹਰਸ਼ਲ ਪ੍ਰਧਾਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਵ ਸੈਨਾ ਪ੍ਰਮੁੱਖ ਦਾ ਮੰਨਣਾ ਹੈ ਕਿ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਨਾ ਗਲ਼ਤ ਵਰਤਾਰਾ ਹੈ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਇਹ ਕੋਈ ਸਿਆਸੀ ਸਮਰਥਨ ਨਹੀਂ ਹੈ ਪਰ ਲੋਕਤੰਤਰਿਕ ਕਦਰਾਂ ਕੀਮਤਾਂ ਹਰ ਹਾਲ ਬੁਲੰਦ ਰਹਿਣੀਆਂ ਚਾਹੀਦੀਆਂ ਹਨ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਦਿੱਲੀ ‘ਚ ਉਪ ਰਾਜਪਾਲ ਅਤੇ ‘ਆਪ’ ਸਰਕਾਰ ਦਰਮਿਆਨ ਜਾਰੀ ਟਕਰਾਅ ਨੂੰ ਅਣਦੇਖਿਆ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ‘ਅਰਾਜਕਤਾ’ ਦਾ ਮਾਹੌਲ ਹੈ ਅਤੇ ਪ੍ਰਸ਼ਾਸਨਿਕ ਢਾਂਚਾ ਗੜਬੜਾ ਗਿਆ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਮੁੱਖ ਮੰਤਰੀ ਉਪ ਰਾਜਪਾਲ ਦੇ ਘਰ ਤੇ ਭਾਜਪਾ ਵਿਧਾਇਕ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਧਰਨੇ ਉਤੇ ਬੈਠੇ ਹਨ। ਜਦਕਿ ਰਾਜਧਾਨੀ ਦੇ ਆਈਏਐੱਸ ਅਧਿਕਾਰੀ ਮੀਡੀਆ ਕਾਨਫ਼ਰੰਸਾਂ ਕਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਾਰੇ ਵਰਤਾਰੇ ਦਾ ਖ਼ਮਿਆਜ਼ਾ ਦਿੱਲੀ ਦੇ ਲੋਕ ਭੁਗਤ ਰਹੇ ਹਨ।