ਪੰਜਾਬ ਸਰਕਾਰ ਦਾ ਨਵਾਂ ਜੁਗਾੜ; ਡੀਐਸਪੀ ਅਫਸਰਾਂ ਨੂੰ ਤਰੱਕੀਆਂ ਦੇਣ ਲਈ ਬਣਾਈਆਂ "ਡਮੀ ਅਸਾਮੀਆਂ"

ਪੰਜਾਬ ਸਰਕਾਰ ਦਾ ਨਵਾਂ ਜੁਗਾੜ; ਡੀਐਸਪੀ ਅਫਸਰਾਂ ਨੂੰ ਤਰੱਕੀਆਂ ਦੇਣ ਲਈ ਬਣਾਈਆਂ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਇਕ ਵੱਖਰੀ ਤਰ੍ਹਾਂ ਦਾ ਜੁਗਾੜ ਕਰਦਿਆਂ ਹਾਲ ਹੀ ਵਿੱਚ ਤਰੱਕੀਆਂ ਲੈਣ ਵਾਲੇ ਡੀਐੱਸਪੀ ਪੱਧਰ ਦੇ 150 ਅਫਸਰਾਂ ਨੂੰ ਨਿਯੁਕਤੀਆਂ ਦੇਣ ਲਈ ਸ਼ਨਿਚਰਵਾਰ ਨੂੰ ‘ਡਮੀ ਆਸਾਮੀਆਂ’ ਬਣਾਈਆਂ ਹਨ ਜੋ ਹਫ਼ਤਾ ਪਹਿਲਾਂ ਤੱਕ ਹੋਂਦ ਵਿੱਚ ਹੀ ਨਹੀਂ ਸਨ।  ਤਰੱਕੀ ਮਿਲਣ ਵਾਲੇ ਡੀਐੱਸਪੀ ਪੱਧਰ ਦੇ ਇਨ੍ਹਾਂ 150 ਅਫਸਰਾਂ ਨੂੰ ਤੁਰੰਤ ਪ੍ਰਭਾਵ ਤੋਂ ਨਵੀਆਂ ਥਾਵਾਂ ’ਤੇ ਪਹੁੰਚ ਕੇ ਤੈਨਾਤ ਹੋਣ ਲਈ ਕਿਹਾ ਗਿਆ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਰਾਜ ਪੁਲੀਸ ਵੱਲੋਂ ਜਿਨ੍ਹਾਂ ਆਸਾਮੀਆਂ ’ਤੇ ਇਨ੍ਹਾਂ ਅਫਸਰਾਂ ਨੂੰ ਨਿਯੁਕਤ ਕੀਤਾ ਗਿਆ ਹੈ, ਉਸ ਸੀਟ ’ਤੇ ਹੋਣ ਵਾਲਾ ਕੰਮਕਾਜ ਦੱਸਣਾ ਵੀ ਅਜੇ ਬਾਕੀ ਹੈ।

ਡੀਐੱਸਪੀ ਪੱਧਰ ਦੇ ਇਨ੍ਹਾਂ ਅਫਸਰਾਂ ਵਿੱਚੋਂ ਜ਼ਿਆਦਾਤਰ ਨੂੰ ਲੋਕ ਸਭਾ ਚੋਣਾਂ ਦੀ ਤਰੀਕ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਬਣਾਈਆਂ ਗਈਆਂ ਨਵੀਆਂ ਆਸਾਮੀਆਂ ’ਤੇ ਨਿਯੁਕਤ ਕੀਤਾ ਗਿਆ ਹੈ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਜਸ਼ੀਲ ਵਿਭਾਗਾਂ ਜਿਵੇਂ ਕੰਪਿਊਟਰਾਈਜ਼ੇਸ਼ਨ, ਸਪੈਸ਼ਲ ਬਰਾਂਚ, ਟਰੇਨਿੰਗ ਆਦਿ ਵਿੱਚ ਤਾਇਨਾਤ ਅਫਸਰਾਂ ਜਾਂ ਸੇਵਾਕਾਲ ’ਚ ਵਾਧੇ ਵਾਲੇ ਅਫਸਰ, ਇਕ ਜ਼ਿਲ੍ਹੇ ਵਿੱਚ ਤਿੰਨ ਸਾਲ ਸੇਵਾ ਵਾਲੇ ਤਬਦੀਲ ਕੀਤੇ ਜਾਣ ਦੀ ਸ਼ਰਤ ਦੇ ਘੇਰੇ ਵਿੱਚ ਨਹੀਂ ਆਉਂਦੇ ਹਨ। ਉੱਧਰ, ਹਾਲ ਹੀ ਵਿੱਚ 150 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀਐੱਸਪੀ ਪਦਉੱਨਤ ਕੀਤੇ ਜਾਣ ਨਾਲ ਰਾਜ ਪੁਲੀਸ ਲਈ ਕਈ ਹੋਰ ਦਿੱਕਤਾਂ ਖੜ੍ਹੀਆਂ ਹੋ ਗਈਆਂ ਹਨ। ਕਈ ਜ਼ਿਲ੍ਹਿਆਂ ਵਿੱਚ ਥਾਣਾ ਮੁੱਖੀ ਲਾਉਣ ਲਈ ‘ਤਜਰਬੇਕਾਰ ਇੰਸਪੈਕਟਰਾਂ’ ਦੀ ਘਾਟ ਮਹਿਸੂਸ ਹੋਣ ਲੱਗੀ ਹੈ। 

ਸ਼ਨਿਚਰਵਾਰ ਨੂੰ ਸਰਕਾਰ ਵੱਲੋਂ ਜਾਰੀ ਹੁਕਮ ਅਨੁਸਾਰ 269 ਡੀਐੱਸਪੀਜ਼ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਾਲ ਹੀ ’ਚ ਪਦਉੱਨਤ ਹੋ ਕੇ ਡੀਐੱਸਪੀ ਬਣੇ ਅਧਿਕਾਰੀ ਸ਼ਾਮਲ ਹਨ, ਨੂੰ ਨਵੇਂ ਬਣਾਏ ਵਿੰਗਾਂ ’ਚ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕਈ ਡੀਐੱਸਪੀਜ਼ ਨੂੰ ਤਾਂ ਹਫੜਾ-ਦਫੜੀ ਵਿੱਚ ਬਿਨਾਂ ਕਿਸੇ ਢਾਂਚੇ ਤੇ ਬਿਨਾਂ ਡਿਊਟੀ ਸਪੱਸ਼ਟ ਕੀਤੇ ਅਤੇ ਡਮੀ ਆਸਾਮੀਆਂ ਬਣਾ ਕੇ ਨਿਯੁਕਤੀਆਂ ਦਿੱਤੀਆਂ ਗਈਆਂ ਹਨ। ਇੱਥੋਂ ਤੱਕ ਕਿ ਕਈ ਅਫਸਰਾਂ ਦੇ ਤਾਂ ਬੈਠਣ ਲਈ ਦਫ਼ਤਰ ਵੀ ਨਹੀਂ ਹਨ ਜਿੱਥੋਂ ਬੈਠ ਕੇ ਉਹ ਆਪਣਾ ਕੰਮ ਕਰਨਗੇ। ਇਨ੍ਹਾਂ ਡੀਐੱਸਪੀਜ਼ ਨੂੰ ਨਿਯੁਕਤੀਆਂ ਦੇਣ ਲਈ ਨਵੇਂ ਬਣਾਏ ਗਏ ਵਿੰਗਾਂ ਵਿੱਚ ਜ਼ਾਇਦਾਦ ਸਬੰਧੀ ਜ਼ੁਰਮ, ਔਰਤਾਂ ਤੇ ਬੱਚਿਆਂ ’ਤੇ ਹੋਣ ਵਾਲੇ ਜ਼ੁਰਮ, ਪ੍ਰਮੁੱਖ ਜ਼ੁਰਮ, ਅਪਰਾਧਿਕ ਸੰਗਠਨ, ਐਮਰਜੈਂਸੀ ਰਿਸਪੌਂਸ ਸਿਸਟਮ, ਕਮਾਂਡ ਸੈਂਟਰ, ਸਪੈਸ਼ਲ ਬਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ, ਸਾਈਬਰ ਤੇ ਫੋਰੈਂਸਿਕ, ਵਿੱਤੀ, ਤਕਨੀਕੀ ਸਹਿਯੋਗ ਆਦਿ ਸ਼ਾਮਲ ਹਨ। 

ਇੰਸਪੈਕਟਰ ਜਨਰਲ (ਹੈੱਡਕੁਆਰਟਰ) ਜਤਿੰਦਰ ਔਲਖ ਨੇ ਨਵੀਆਂ ਆਸਾਮੀਆਂ ’ਤੇ ਨਿਯੁਕਤੀਆਂ ਨੂੰ ਵਾਜਬ ਕਰਾਰ ਦਿੰਦਿਆਂ ਕਿਹਾ ਕਿ ਇਹ ਨਵੀਆਂ ਆਸਾਮੀਆਂ ਅਧਿਕਾਰੀਆਂ ਨੂੰ ਬਿਊਰੋ ਆਫ਼ ਇਨਵੈਸਟੀਗੇਸ਼ਨ ਅਧੀਨ ਨਿਯੁਕਤ ਕਰਨ ਦੇ ਮੰਤਰੀ ਮੰਡਲ ਦੇ ਫ਼ੈਸਲੇ ਅਨੁਸਾਰ ਬਣਾਈਆਂ ਗਈਆਂ ਹਨ। ਇਨ੍ਹਾਂ ਡੀਐੱਸਪੀਜ਼ ਨੂੰ ਸਬੰਧਤ ਐੱਸਐੱਸਪੀਜ਼ ਕੰਮ ਦੇਣਗੇ ਤੇ ਸਮਝਾਉਣਗੇ। ਉਨ੍ਹਾਂ ਕਿਹਾ ਕਿ ਉਹ ਐੱਸਐੱਸਪੀਜ਼ ਨੂੰ ਇਨ੍ਹਾਂ ਅਫਸਰਾਂ ਲਈ ਲੋੜੀਂਦਾ ਢਾਂਚਾ ਤੇ ਸਟਾਫ਼ ਮੁਹੱਈਆ ਕਰਾਉਣ ਦੀ ਹਦਾਇਤ ਕਰਨਗੇ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ