ਮੌੜ ਬੰਬ ਧਮਾਕਾ ਮੈਨੂੰ ਖ਼ਤਮ ਕਰਨ ਦੀ ਸਾਜ਼ਿਸ਼ ਸੀ-ਹਰਮਿੰਦਰ ਜੱਸੀ

ਮੌੜ ਬੰਬ ਧਮਾਕਾ ਮੈਨੂੰ ਖ਼ਤਮ ਕਰਨ ਦੀ ਸਾਜ਼ਿਸ਼ ਸੀ-ਹਰਮਿੰਦਰ ਜੱਸੀ

ਸਾਬਕਾ ਮੰਤਰੀ ਹਰਮਿੰਦਰ ਜੱਸੀ ਪ੍ਰੈੱਸ ਕਾਨਫਰੰਸ ਕਰਦੇ ਹੋਏ।
ਬਠਿੰਡਾ/ਬਿਊਰੋ ਨਿਊਜ਼:
ਸਾਬਕਾ ਮੰਤਰੀ ਹਰਮਿੰਦਰ ਜੱਸੀ ਨੇ ਮੌੜ ਬੰਬ ਧਮਾਕੇ ਦੇ ਮਾਮਲੇ ਵਿੱਚ ਭੁਪਿੰਦਰ ਗੋਰਾ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਆਖਿਆ ਕਿ ਜਦੋਂ 31 ਜਨਵਰੀ ਨੂੰ ਮੌੜ ਵਿੱਚ ਬੰਬ ਧਮਾਕਾ ਹੋਇਆ ਤਾਂ ਉਦੋਂ ਭੁਪਿੰਦਰ ਗੋਰਾ ਦਾ ਗੰਨਮੈਨ ਮੌਕੇ ‘ਤੇ ਮੌਜੂਦ ਸੀ ਅਤੇ ਧਮਾਕਾ ਹੋਣ ਮਗਰੋਂ ਗੋਰਾ ਵੀ ਉਸੇ ਥਾਂ ‘ਤੇ ਦੇਖਿਆ ਗਿਆ।
ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਜੱਸੀ ਨੇ ਭੁਪਿੰਦਰ ਗੋਰਾ ਨੂੰ ਸਵਾਲ ਕੀਤਾ ਕਿ ਉਹ ਕਿਸੇ ਹੈਸੀਅਤ ਵਿੱਚ ਉਥੇ ਗਿਆ ਸੀ ਜਦਕਿ ਗੋਰਾ ਮੌੜ ਹਲਕੇ ਤੋਂ ਉਮੀਦਵਾਰ ਵੀ ਨਹੀਂ ਸੀ। ਉਨ੍ਹਾਂ ਆਖਿਆ ਕਿ ਗੋਰਾ ਦੀ ਧਮਾਕੇ ਮੌਕੇ ਮੌਜੂਦਗੀ ਕਈ ਸ਼ੱਕ ਜ਼ਾਹਰ ਕਰਦੀ ਹੈ, ਜਿਸ ਕਰਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।    ਦੱਸਣਯੋਗ ਹੈ ਕਿ ਕਾਂਗਰਸੀ ਨੇਤਾ ਰਹੇ ਭੁਪਿੰਦਰ ਗੋਰਾ ਵੱਲੋਂ ਪਿਛਲੇ ਸਮੇਂ ਦੌਰਾਨ ਹਰਮਿੰਦਰ ਜੱਸੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਡੇਰਾ ਸਿਰਸਾ ਮਾਮਲੇ ਵਿੱਚ ਉਂਗਲ ਉਠਾਈ ਗਈ ਹੈ। ਗੋਰਾ ਨੇ ਬੰਬ ਧਮਾਕੇ ਨੂੰ ਇੱਕ ਸਿਆਸੀ ਚਾਲ ਵੀ ਦੱਸਿਆ ਸੀ। ਚੋਣਾਂ ਦੌਰਾਨ ਗੋਰਾ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਅੱਜ ਪਹਿਲੀ ਵਾਰ ਜੱਸੀ ਨੇ ਗੋਰਾ ਖ਼ਿਲਾਫ਼ ਅਵਾਜ਼ ਉਠਾਈ ਹੈ।
ਉਨ੍ਹਾਂ ਆਖਿਆ ਕਿ ਮੌੜ ਧਮਾਕੇ ਬਾਰੇ ਗੋਰਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਉਸ ਦੀ ਮਾੜੀ ਸੋਚ ਦੀ ਉਪਜ ਹੈ। ਅਜਿਹਾ ਕਰਕੇ ਗੋਰਾ ਉਸ ਦੀ ਛਵੀ ਨੂੰ ਖ਼ਰਾਬ ਕਰਨਾ ਚਾਹੁੰਦਾ ਹੈ ਅਤੇ ਪੁਲੀਸ ਜਾਂਚ ਨੂੰ ਭੜਕਾਉਣਾ ਚਾਹੁੰਦਾ ਹੈ। ਸ੍ਰੀ ਜੱਸੀ ਨੇ ਆਖਿਆ ਕਿ ਜਦੋਂ ਵਿਧਾਨ ਸਭਾ ਵਿੱਚ ਗੋਰਾ ਨੂੰ ਟਿਕਟ ਨਾ ਮਿਲੀ ਤਾਂ ਉਸ ਨੇ ਉਸ ਦੇ ਘਰ ਅੱਗੇ ਧਰਨਾ ਦੇ ਕੇ ਹੰਗਾਮਾ ਕੀਤਾ। ਉਸ ਦੇ ਚੋਣ ਪ੍ਰਚਾਰ ਵਿੱਚ ਵੀ ਗੋਰੇ ਨੇ ਵਿਘਨ ਪਾਇਆ ਅਤੇ ਉਸ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ ਗਿਆ, ਜਿਸ ਵਿੱਚ ਉਸ ਦੇ ਚੋਣ ਇੰਚਾਰਜ ਹਰਪਾਲ ਪਾਲੀ ਸਮੇਤ ਸੱਤ ਜਾਨਾਂ ਚਲੀਆਂ ਗਈਆਂ। ਉਨ੍ਹਾਂ ਪੁਲੀਸ ਜਾਂਚ ‘ਤੇ ਭਰੋਸਾ ਜ਼ਾਹਰ ਕੀਤਾ।
ਸ੍ਰੀ ਜੱਸੀ ਨੇ ਸਪੱਸ਼ਟ ਕੀਤਾ ਕਿ ਭੁਪਿੰਦਰ ਗੋਰਾ ਖੁਦ ਨੂੰ ਡੇਰਾ ਸਿਰਸਾ ਦੇ ਮੁਖੀ ਦਾ ਰਿਸ਼ਤੇਦਾਰ ਦੱਸ ਰਿਹਾ ਹੈ ਜਦੋਂਕਿ ਉਸ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ। ਜੱਸੀ ਨੇ ਆਖਿਆ ਕਿ ਡੇਰਾ ਸਿਰਸਾ ਦੇ ਮੁਖੀ ਦੇ ਪਰਿਵਾਰ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਹੈ, ਜਿਸ ਦੇ ਨਾਤੇ ਉਹ ਆਉਂਦਾ-ਜਾਂਦਾ ਹੈ ਪ੍ਰੰਤੂ ਡੇਰੇ ਦੇ ਪ੍ਰਬੰਧ ਵਿੱਚ ਉਸ ਦਾ ਕੋਈ ਦਖ਼ਲ ਨਹੀਂ ਹੈ।

ਇੱਕ ਸਾਲ ਕਿਉਂ ਨਹੀਂ ਬੋਲਿਆ ਜੱਸੀ: ਗੋਰੇ ਨੇ ਉਲਟਾ ਕੀਤਾ ਸਵਾਲ
ਭੁਪਿੰਦਰ ਗੋਰਾ ਦਾ ਕਹਿਣਾ ਹੈ ਕਿ ਜੱਸੀ ਇੱਕ ਸਾਲ ਮਗਰੋਂ ਕਿਉਂ ਬੋਲੇ ਹਨ ਤੇ ਉਹ ਪਹਿਲਾਂ ਚੁੱਪ ਕਿਉਂ ਰਹੇ। ਧਮਾਕੇ ਸਮੇਂ ‘ਆਪ’ ਦੀ ਮੌੜ ਵਿੱਚ ਰੈਲੀ ਸੀ, ਜਿੱਥੋਂ ਉਹ ਪਤਾ ਲੱਗਣ ਮਗਰੋਂ ਸਾਰੇ ਹੀ ਕਾਫਲੇ ਦੇ ਰੂਪ ਵਿੱਚ ਧਮਾਕੇ ਵਾਲੀ ਥਾਂ ‘ਤੇ ਗਏ ਸਨ। ਉਹ ਖੁਦ ਸੀਬੀਆਈ ਜਾਂਚ ਦੀ ਮੰਗ ਕਰਦੇ ਹਨ, ਜਿਸ ਵਿੱਚ ਸਭ ਕੁਝ ਸਾਫ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਪੁਲੀਸ ਜਾਂਚ ਵਿੱਚ ਧਮਾਕੇ ਲਈ ਡੇਰੇ ਦੀ ਭੂਮਿਕਾ ਜੱਗ ਜ਼ਾਹਰ ਹੋ ਗਈ ਹੈ ਅਤੇ ਰਿਸ਼ਤੇਦਾਰੀ ਵੀ ਕਿਸੇ ਤੋਂ ਲੁਕੀ ਨਹੀਂ ਹੈ।