ਸਿੰਜਾਈ ਘੁਟਾਲੇ ‘ਚ ਕੈਪਟਨ ਨੇ ਵਿਜੀਲੈਂਸ ਦੇ ਹੱਥ ਬੰਨ੍ਹ ਦਿੱਤੇ

ਸਿੰਜਾਈ ਘੁਟਾਲੇ ‘ਚ ਕੈਪਟਨ ਨੇ ਵਿਜੀਲੈਂਸ ਦੇ ਹੱਥ ਬੰਨ੍ਹ ਦਿੱਤੇ

ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੇ ਸਿੰਜਾਈ ਵਿਭਾਗ ਵਿੱਚ ਹੋਏ ਬਹੁ ਕਰੋੜੀ ਘੁਟਾਲੇ ‘ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਚਰਚਾ ‘ਚ ਆਏ ਰਾਜ ਦੇ ਸੀਨੀਅਰ ਆਈਏਐਸ ਅਧਿਕਾਰੀਆਂ ਵਿਰੁੱਧ ਕਾਰਵਾਈ ਨੂੰ ਲੈ ਕੇ ਮੁੱਖ ਮੰਤਰੀ ਦੀ ਦੁਬਿਧਾ ਨੇ ਵਿਜੀਲੈਂਸ ਦੇ ਹੱਥ ਬੰਨ੍ਹ ਦਿੱਤੇ ਹਨ। ਸੂਤਰਾਂ ਮੁਤਾਬਕ ਵਿਜੀਲੈਂਸ ਨੇ ਦੋ ਸੀਨੀਅਰ ਅਧਿਕਾਰੀਆਂ ਵੱਲੋਂ 1,000 ਕਰੋੜ ਰੁਪਏ ਦੇ ਘੁਟਾਲੇ ਵਿੱਚ ਹੱਥ ਰੰਗਣ ਦੇ ਤੱਥ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝੇ ਕੀਤੇ ਸਨ। ਮੁੱਖ ਮੰਤਰੀ ਵੱਲੋਂ ਹਾਲ ਦੀ ਘੜੀ ਵਿਜੀਲੈਂਸ ਨੂੰ ਇਸ ਮਾਮਲੇ ‘ਤੇ ਚੁੱਪ ਵੱਟਣ ਦਾ ਹੀ ਇਸ਼ਾਰਾ ਕੀਤਾ ਗਿਆ ਹੈ। ਰਾਜ ਦੇ ਕੁਝ ਸੀਨੀਅਰ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਨਾਲ ਸਰਗਰਮ ਕੁਝ ‘ਦਰਬਾਰੀਆਂ’ ਨੇ ਉਨ੍ਹਾਂ ਨੂੰ ਇਹੋ ਸਲਾਹ ਦਿੱਤੀ ਹੈ ਕਿ ਆਈਏਐਸ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਣ ਨਾਲ ਅਫ਼ਸਰਸ਼ਾਹੀ ਦਾ ਇਕ ਹਿੱਸਾ ਸਰਕਾਰ ਨਾਲ ਨਾਰਾਜ਼ ਹੋ ਸਕਦਾ ਹੈ। ਉਧਰ ਕੁਝ ਸੀਨੀਅਰ ਅਫ਼ਸਰਾਂ ਦਾ ਇਹ ਕਹਿਣਾ ਹੈ ਕਿ ਸੁਰੇਸ਼ ਕੁਮਾਰ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲਣ ਉਪਰੰਤ ਮੁੱਖ ਮੰਤਰੀ ਉਪਰ ‘ਦਾਗੀ’ ਕਿਸਮ ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਦਾ ਦਬਾਅ ਵੀ ਵਧ ਗਿਆ ਹੈ। ਘਪਲੇ ਵਿੱਚ ਕਥਿਤ ਸ਼ਮੂਲੀਅਤ ਸਾਹਮਣੇ ਆਉਣ ਮਗਰੋਂ ਵੀ ਸਰਕਾਰ ਦੀ ਚੁੱਪ ਪ੍ਰਸ਼ਾਸਕੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਸੁਰੇਸ਼ ਕੁਮਾਰ ਦੇ ਮਾਮਲੇ ਵਿੱਚ ਵੀ ‘ਦਾਗੀ’  ਮੰਨੇ ਜਾਂਦੇ ਆਈਏਐਸ ਅਧਿਕਾਰੀਆਂ ਦੀ ਹੀ ਸ਼ਮੂਲੀਅਤ ਸੀ।
ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਸੀਨੀਅਰ ਆਈਏਐਸ ਅਧਿਕਾਰੀਆਂ ਦੀ ਬਹੁ ਕਰੋੜੀ ਘੁਟਾਲੇ ਵਿੱਚ ਸ਼ਮੂਲੀਅਤ ਦੇ ਸਾਰੇ ਸਬੂਤ ਜੁਟਾ ਲਏ ਗਏ ਹਨ ਅਤੇ ਸੀਡੀਜ਼ ਵੀ ਮੁੱਖ ਮੰਤਰੀ ਨੂੰ ਦਿਖਾ ਦਿੱਤੀ ਗਈ ਸੀ। ਇਸ ਅਧਿਕਾਰੀ ਮੁਤਾਬਕ ਮੁੱਖ ਮੰਤਰੀ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਕਾਰਵਾਈ ਕਰ ਦਿੱਤੀ ਜਾਵੇਗੀ। ਵਿਜੀਲੈਂਸ ਬਿਊਰੋ ਵੱਲੋਂ ਵਿਵਾਦਿਤ ਠੇਕੇਦਾਰ ਗੁਰਿੰਦਰ ਸਿੰਘ ਉਰਫ਼ ਭਾਪਾ ਅਤੇ ਸਿੰਜਾਈ ਵਿਭਾਗ ਦੇ ਅਫ਼ਸਰਾਂ ਖਿਲਾਫ਼ ਮੁਹਾਲੀ ਦੀ ਸਬੰਧਤ ਅਦਾਲਤ ਵਿੱਚ ਚਲਾਨ (ਦੋਸ਼ ਪੱਤਰ) ਪੇਸ਼ ਕਰ ਦਿੱਤਾ ਗਿਆ ਹੈ। ਆਈਏਐਸ ਅਧਿਕਾਰੀਆਂ ਦੇ ਠੇਕੇਦਾਰ ਨਾਲ ਗੂੜ੍ਹੇ ਸਬੰਧ ਹਨ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਜਿਵੇਂ ਹੀ ਮੁੱਖ ਮੰਤਰੀ ਹਰੀ ਝੰਡੀ ਦੇ ਦੇਣਗੇ ਤਾਂ ਇਸ ਮਾਮਲੇ ਵਿੱਚ ਪੂਰਕ ਚਲਾਨ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਕ ਸੀਨੀਅਰ ਆਈਏਐਸ ਅਧਿਕਾਰੀ ਵੱਲੋਂ ਆਪਣੇ ਬਚਾਅ ਲਈ ਭੱਜ-ਨੱਠ ਵੀ ਕੀਤੀ ਜਾ ਰਹੀ ਹੈ। ਪਿਛਲੇ ਦਿਨਾਂ ਦੌਰਾਨ ਇਸ ਅਧਿਕਾਰੀ ਵੱਲੋਂ ਕਈ ਮੰਤਰੀਆਂ ਅਤੇ ਸੇਵਾਮੁਕਤ ਆਈਏਐਸ ਅਧਿਕਾਰੀਆਂ ਤਕ ਪਹੁੰਚ ਕੀਤੀ ਗਈ ਸੀ।