ਸ਼੍ਰੋਮਣੀ ਕਮੇਟੀ ਵੱਲੋਂ ਕੱਢੇ ਮੁਲਾਜ਼ਮਾਂ ਨੇ ਧਰਮ ਬਦਲੀ ਦਾ ਇਰਾਦਾ ਤਿਆਗਿਆ

ਸ਼੍ਰੋਮਣੀ ਕਮੇਟੀ ਵੱਲੋਂ ਕੱਢੇ ਮੁਲਾਜ਼ਮਾਂ ਨੇ ਧਰਮ ਬਦਲੀ ਦਾ ਇਰਾਦਾ ਤਿਆਗਿਆ

ਅੰਮ੍ਰਿਤਸਰ/ਬਿਊਰੋ ਨਿਊਜ਼
ਗੁਰਦੁਆਰਾ ਗੁਰੂਸਰ ਮਾਧੋਕੇ ਬਰਾੜ ਦੇ ਨੌਕਰੀ ਤੋਂ ਫਾਰਗ ਕੀਤੇ 15 ਕਰਮਚਾਰੀਆਂ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਅੜਿੱਕਾ ਪਹਿਲਾਂ ਵਾਂਗ ਹੀ ਕਾਇਮ ਹੈ ਪਰ ਫਾਰਗ ਕਰਮਚਾਰੀਆਂ ਨੇ ਅੱਜ ਧਰਮ ਪਰਿਵਰਤਨ ਦਾ ਰਾਹ ਛੱਡ ਕੇ ਹੁਣ ਨਿਆਂ ਪ੍ਰਾਪਤੀ ਲਈ ਸੰਘਰਸ਼ ਕਰਨ ਦਾ ਰਾਹ ਅਖ਼ਤਿਆਰ ਕੀਤਾ ਹੈ। ਇਨ੍ਹਾਂ ਫਾਰਗ ਕਰਮਚਾਰੀਆਂ ਨੂੰ ਢਾਡੀ ਸਭਾ ਵੱਲੋਂ ਸਮਰਥਨ ਦਿੱਤਾ ਗਿਆ ਅਤੇ ਨਿਆਂ ਪ੍ਰਾਪਤੀ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਨ ਦਾ ਭਰੋਸਾ ਦਿੱਤਾ ਹੈ।
ਅੱਜ ਇਨ੍ਹਾਂ ਫਾਰਗ ਕਰਮਚਾਰੀਆਂ ਵਿੱਚੋਂ ਅੱਠ ਇੱਥੇ ਢਾਡੀ ਸਭਾ ਦੇ ਆਗੂ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਐਮ.ਏ. ਦੇ ਘਰ ਪੁੱਜੇ ਸਨ। ਇਨ੍ਹਾਂ ਵਿੱਚ ਦਿਲਬਾਗ ਸਿੰਘ, ਰਾਜਵਿੰਦਰ ਸਿੰਘ, ਲਖਵਿੰਦਰ ਸਿੰਘ, ਲਵਦੀਪ ਸਿੰਘ, ਮਲਕੀਤ ਸਿੰਘ, ਮਨਪ੍ਰੀਤ ਸਿੰਘ, ਫਤਹਿ ਸਿੰਘ, ਕਰਨਵੀਰ ਸਿੰਘ ਸ਼ਾਮਲ ਸਨ। ਇਨ੍ਹਾਂ ਨੇ ਦਾਅਵਾ ਕੀਤਾ ਕਿ ਬਾਕੀ ਸੱਤ ਕਰਮਚਾਰੀ ਉਨ੍ਹਾਂ ‘ਤੇ ਪਾਏ ਗਏ ਸਿਆਸੀ ਦਬਾਅ ਕਾਰਨ ਇੱਥੇ ਨਹੀਂ ਪੁੱਜ ਸਕੇ ਹਨ। ਨੌਕਰੀ ਨਾ ਮਿਲਣ ‘ਤੇ ਧਰਮ ਛੱਡਣ ਦੀ ਚਿਤਾਵਨੀ ਦੇ ਚੁੱਕੇ ਇਨ੍ਹਾਂ ਕਰਮਚਾਰੀਆਂ ਵੱਲੋਂ ਅੱਜ ਆਪਣੇ ਕਕਾਰ ਸ੍ਰੀ ਅਕਾਲ ਤਖ਼ਤ ‘ਤੇ ਸੌਂਪਣ ਦਾ ਪ੍ਰੋਗਰਾਮ ਸੀ ਪਰ ਇਹ ਉਥੇ ਨਹੀਂ ਪੁੱਜੇ। ਮਗਰੋਂ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਅਕਾਲ ਤਖਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਸਮੇਤ ਸ਼੍ਰੋਮਣੀ ਢਾਡੀ ਸਭਾ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਧਰਮ ਤਬਦੀਲ ਕਰਨ ਦਾ ਫੈਸਲਾ ਤਿਆਗ ਦਿੱਤਾ ਹੈ। ਉਹ ਹੁਣ ਨਿਆਂ ਪ੍ਰਾਪਤੀ ਲਈ ਸੰਘਰਸ਼ ਕਰਨਗੇ। ਇਸ ਮੌਕੇ ਹਾਜ਼ਰ ਢਾਡੀ ਸਭਾ ਦੇ ਆਗੂ ਬਲਦੇਵ ਸਿੰਘ ਐਮਏ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਇਜਲਾਸ ਮਗਰੋਂ ਇਹ ਮਾਮਲਾ ਪ੍ਰਧਾਨ ਕੋਲ ਰੱਖਣਗੇ ਅਤੇ ਨਿਆਂ ਪ੍ਰਾਪਤੀ ਲਈ ਜੱਦੋ ਜਹਿਦ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਚਾਰ ਚਹੇਤੇ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦੇ ਦਿੱਤੀ ਗਈ ਹੈ ਅਤੇ ਬਾਕੀਆਂ ਨਾਲ ਪੱਖਪਾਤ ਕੀਤਾ ਗਿਆ ਹੈ।