ਹਾਰ ਨੂੰ ਲੈ ਕੇ ‘ਆਪ’ ਦੀ ਰੈਲੀ ਵਿਚ ਆਪਸ ‘ਚ ਭਿੜੇ ਆਗੂ

ਹਾਰ ਨੂੰ ਲੈ ਕੇ ‘ਆਪ’ ਦੀ ਰੈਲੀ ਵਿਚ ਆਪਸ ‘ਚ ਭਿੜੇ ਆਗੂ

ਖਹਿਰਾ-ਫੂਲਕਾ ਬੋਲੇ-ਟਿਕਟਾਂ ਗਲਤ ਵੰਡੀਆਂ
ਘੁਗੀ ਭੜਕੇ-ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਕੋ
ਤਲਵੰਡੀ ਸਾਬੋ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਵਿਚ ਚੋਣਾਂ ਵਿਚ ਹਾਰ ਨੂੰ ਲੈ ਕੇ ਖਿਚੋਤਾਣ ਦਾ ਮਾਹੌਲ ਰਿਹਾ। ਪਾਰਟੀ ਨੇਤਾ ਆਪਸ ਵਿਚ ਹੀ ਉਲਝ ਗਏ। ਮਾਮਲਾ ਭੁਲੱਥ ਤੋਂ ਵਿਦਾਇਕ ਸੁਖਪਾਲ ਖਹਿਰਾ ਦੀ ਮੰਚ ਤੋਂ ਕੀਤੀ ਗਈ ਟਿੱਪਣੀ ਨਾਲ ਉਠਿਆ। ਖਹਿਰਾ ਨੇ ਕਿਹਾ, ਪਾਰਟੀ ਪੰਜਾਬ ਵਿਚ ਇਸ ਲਈ ਹਾਰੀ ਕਿਉਂਕਿ ਹਾਈ ਕਮਾਂਡ ਨੇ ਟਿਕਟਾਂ ਦੀ ਵੰਡ ਗ਼ਲਤ ਕੀਤੀ ਸੀ। ਜੇਕਰ ਟਿਕਟਾਂ ਦੀ ਵੰਡ ਸਹੀ ਹੁੰਦੀ ਤਾਂ ਪੰਜਾਬ ਵਿਚ ਦ੍ਰਿਸ਼ ਹੀ ਦੂਸਰਾ ਹੁੰਦਾ। ਇਸ ਤੋਂ ਬਾਅਦ ‘ਆਪ’ ਵਿਧਾਇਕ ਦਲ ਦੇ ਨੇਤਾ ਐਚ.ਐਸ. ਫੂਲਕਾ ਨੇ ਖਹਿਰਾ ਦੀ ਟਿੱਪਣੀ ਦਾ ਸਮਰਥਨ ਕਰਦਿਆਂ ਕਿਹਾ, ‘ਸਰਕਾਰ ਸਾਡੀ ਹੀ ਬਣਨੀ ਸੀ ਪਰ ਗੇਮ ਟਿਕਟ ਵੰਡ ਨੇ ਹੀ ਵਿਗਾੜ ਦਿੱਤੀ। ਫਿਰ ਕੀ ਸੀ, ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਭੜਕ ਗਏ ਤੇ ਮੰਚ ‘ਤੇ ਆਉਂਦਿਆਂ ਹੀ ਦੋਹਾਂ ‘ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਅੰਦਰ ਵੀ ਝਾਕ ਲਈਏ। ਹਾਈ ਕਮਾਂਡ ਨੇ ਪੰਜਾਬ ਵਿਚ ਉਨ੍ਹਾਂ ਨੂੰ ਹੀ ਟਿਕਟਾਂ ਦਿੱਤੀਆਂ ਜੋ ਜਿੱਤਣ ਦੀ ਤਾਕਤ ਰੱਖਦੇ ਸਨ। ਦੋਹਾਂ ਨੇਤਾਵਾਂ ‘ਤੇ ਭੜਕਦਿਆਂ ਬੋਲੇ, ‘ਤੁਸੀਂ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਜਨਤਕ ਚੁੱਕ ਕੇ ਅਨੁਸ਼ਾਸਨ ਦੇ ਨਾਲ ਨਾਲ ਵਰਕਰਾਂ ਦੇ ਹੌਸਲੇ ਵੀ ਤੋੜ ਰਹੇ ਹੋ।’ ਉਧਰ ਮੰਚ ਵਿਚ ਅਜਿਹੀ ਸਥਿਤੀ ਪੈਦਾ ਹੋਣ ‘ਤੇ ‘ਆਪ’ ਦੇ ਹੋਰ ਵਿਧਾਇਕ ਗੱਲ ਕਰਦੇ ਰਹੇ ਕਿ ‘ਆਪ’ ਹਾਈ ਕਮਾਂਡ ਵਿਚ ਘੁੱਗੀ ਹੀ ਸ਼ਾਮਲ ਸੀ, ਉਧਰ ਉਨ੍ਹਾਂ ਦੇ ਨਾਲ ਭਗਵੰਤ ਮਾਨ ਨੂੰ ਵੀ ਟਿਕਟ ਮਿਲੀ ਤੇ ਦੋਵੇਂ ਹਾਰ ਗਏ।
ਭੀੜ ਵੀ ਘੱਟ ਰਹੀ, 22 ‘ਚੋਂ 11 ਵਿਧਾਇਕ ਪੁੱਜੇ :
ਰੈਲੀ ਵਿਚ ‘ਆਪ’ ਦੇ 22 ਵਿਧਾਇਕਾਂ ਵਿਚੋਂ ਸਿਰਫ਼ 11 ਹੀ ਆਏ। ਇਥੋਂ ਤਕ ਭਗਵੰਤ ਮਾਨ ਵੀ ਨਹੀਂ ਪੁੱਜੇ। ਇਸ ‘ਤੇ ਖਹਿਰਾ ਨੇ ਕਿਹਾ, ‘ਰੈਲੀ ਵਿਚ ਪੁੱਜਣ ਲਈ ਸਹੀ ਸੰਪਰਕ ਨਹੀਂ ਕੀਤਾ ਜਾ ਸਕਿਆ। ‘ਆਪ’ ਦੀ ਰੈਲੀ ਵਿਚ ਕਾਂਗਰਸ ਤੇ ਅਕਾਲੀ ਦਲ ਦੇ ਮੁਕਾਬਲੇ ਭੀੜ ਘੱਟ ਦਿਖੀ, ਜਿਸ ਨੂੰ ਲੈ ਕੇ ਵੀ ਵਰਕਰਾਂ ਤੇ ਪ੍ਰਬੰਧਕ ਨਿਰਾਸ਼ ਦਿਖੇ।
ਗੁਰਪ੍ਰੀਤ ਘੁੱਗੀ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਪ੍ਰਾਪਤੀ ਖਾਤਰ ਨਹੀਂ ਬਲਕਿ ਰਾਜਸੀ ਸਿਸਟਮ ਬਦਲਣ ਖਾਤਰ ਚੋਣਾਂ ਲੜੀਆਂ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਪਹਿਲਾਂ ਅਜਿਹਾ ਮੌਕਾ ਹੈ ਜਦੋਂ ‘ਆਪ’ ਤੀਜੀ ਧਿਰ ਵਜੋਂ ਸਥਾਪਤ ਹੋਈ ਹੈ।