ਮੀ ਟੂ ਮੁਹਿੰਮ : ਕੇਂਦਰੀ ਮੰਤਰੀ ਐਮਜੇ ਅਕਬਰ ਤੋਂ ਬਾਅਦ ਗਾਇਕ ਕੈਲਾਸ਼ ਖੇਰ ਉੱਤੇ ਲੱਗੇ ਦੋਸ਼

ਮੀ ਟੂ ਮੁਹਿੰਮ : ਕੇਂਦਰੀ ਮੰਤਰੀ ਐਮਜੇ ਅਕਬਰ ਤੋਂ ਬਾਅਦ ਗਾਇਕ ਕੈਲਾਸ਼ ਖੇਰ ਉੱਤੇ ਲੱਗੇ ਦੋਸ਼

ਮੁੰਬਈ/ਬਿਊਰੋ ਨਿਊਜ਼ :
ਸੋਸ਼ਲ ਮੀਡੀਆ ਉਤੇ ਚੱਲੀ ਮੀ ਟੂ ਮੁਹਿੰਮ ਨੇ ਤਰਥੱਲੀ ਮਚਾ ਰੱਖੀ ਹੇ। ਹੌਲੀਵੁੱਡ ਦੀ ਤਰ੍ਹਾਂ ਬੌਲੀਵੁੱਡ ਵਿਚ ਚੱਲੀ ‘ਮੀ ਟੂ ਮੁਹਿੰਮ’ ਅਜੇ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਪਹਿਲਾਂ ਮੋਦੀ ਸਰਕਾਰ ਦੇ ਮੰਤਰੀ ਐਮਜੇ ਅਕਬਰ ਉਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਹੁਣ ਬੰਗਾਲੀ ਗਾਇਕਾ ਸੋਨਾ ਮਹਾਪਾਤਰਾ ਨੇ ਗਾਇਕ ਕੈਲਾਸ਼ ਖੇਰ ਉੱਤੇ ਸਰੀਰਕ ਸੋਸ਼ਣ ਦਾ ਦੋਸ਼ ਲਾਇਆ ਹੈ। ਇੱਕ ਮਹਿਲਾ ਪੱਤਰਕਾਰ ਵੱਲੋਂ ਖੇਰ ਉੱਤੇ ਲਾਏ ਦੋਸ਼ਾਂ ਤੋਂ ਬਾਅਦ ਟਵਿੱਟਰ ਉੱਤੇ ਸੋਨਾ ਮਹਾਪਾਤਰਾ ਨੇ ਆਪਣੀ ਕਹਾਣੀ ਬਿਆਨ ਕੀਤੀ ਹੈ। ਇਨ੍ਹਾਂ ਦੋਸ਼ਾਂ ਸਬੰਧੀ ਖੇਰ ਦੀ ਪ੍ਰਤੀਕਿਰਿਆ ਹਾਸਲ ਨਹੀਂ ਕੀਤੀ ਜਾ ਸਕੀ। ਇਸ ਦੌਰਾਨ ਹੀ ਔਰਤਾਂ ਸਬੰਧੀ ਕੌਮੀ ਕਮਿਸ਼ਨ ਨੇ ਕਿਹਾ ਹੈ ਕਿ ਉਹ ਔਰਤਾਂ ਵਿਰੁੱਧ ਅਤਿਆਚਾਰ ਨੂੰ ਬਰਦਾਸ਼ਤ ਨਹੀਂ ਕਰੇਗਾ।ਕਮਿਸ਼ਨ ਨੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਬੰਧਤ ਅਧਿਕਾਰੀਆਂ ਅਤੇ ਕਮਿਸ਼ਨ ਕੋਲ ਆਪਣੀ ਸ਼ਿਕਾਇਤ ਕਰਨ। ਕਮਿਸ਼ਨ ਨੇ ਕਿਹਾ ਹੈ ਕਿ ਕੰਮਕਾਜ਼ੀ ਥਾਵਾਂ ਉੱਤੇ ਔਰਤਾਂ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਣ ਲਈ ਕਮਿਸ਼ਨ ਵਚਨਬੱਧ ਹੈ। ਇਸ ਦੌਰਾਨ ਹੀ ਔਰਤਾਂ ਤੇ ਬੱਚਿਆਂ ਦੇ ਵਿਕਾਸ ਸਬੰਧੀ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਹੈ ਕਿ ਔਰਤਾਂ ਵੱਲੋਂ ਲਾਏ ਜਾਂਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਔਰਤਾਂ ਅਕਸਰ ਆਪਣੀ ਆਵਾਜ਼ ਉਠਾਉਣ ਤੋਂ ਬਚਦੀਆਂ ਹਨ। ਉਨ੍ਹਾਂ ਦੀ ਇਹ ਪ੍ਰਤੀਕਿਰਿਆ ਕੇਂਦਰੀ ਮੰਤਰੀ ਅਤੇ ਸਾਬਕਾ ਸੰਪਾਦਕ ਐੱਮ ਜੇ ਅਕਬਰ ਉੱਤੇ ਲੱਗੇ ਗੰਭੀਰ ਦੋਸ਼ਾਂ ਦੇ ਸੰਦਰਭ ਵਿੱਚ ਆਈ ਹੈ।
ਇਸ ਦੌਰਾਨ ਵਿਕਾਸ ਬਹਿਲ ਨੇ ਖ਼ੁਦ ਨੂੰ ਬਦਨਾਮ ਕਰਨ ਦੇ ਦੋਸ਼ ਤਹਿਤ ਆਪਣੇ ਪੁਰਾਣੇ ਫਿਲਮੀ ਭਾਈਵਾਲਾਂ ਅਨੁਰਾਗ ਕਸ਼ਯਪ ਅਤੇ ਵਿਕਰਮਾਦਿੱਤਿਆ ਮੋਟਵਾਨੀ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।ਬਹਿਲ ਨੇ ਨੋਟਿਸ ਭੇਜ ਕੇ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਮੰਗ ਕੀਤੀ ਹੈ।
ਕਾਂਗਰਸ ਨੇ ਕਿਹਾ ਹੈ ਕਿ ਕੇਂਦਰੀ ਵਿਦੇਸ਼ ਰਾਜ ਮੰਤਰੀ ਐੱਮ ਜੇ ਅਕਬਰ ਨੂੰ ਉਸ ਉੱਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਜਾਂ ਤਾਂ ਤਸੱਲੀਬਖ਼ਸ਼ ਜਵਾਬ ਦੇਣਾ ਚਾਹੀਦਾ ਹੈ ਜਾਂ ਫਿਰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕਾਂਗਰਸ ਦੇ ਬੁਲਾਰੇ ਜੈਪਾਲ ਰੈਡੀ ਨੇ ਜਾਂਚ ਦੀ ਮੰਗ ਕਰਦਿਆਂ ਸੁਸ਼ਮਾ ਸਵਰਾਜ ਵੱਲੋਂ ਧਾਰਨ ਕੀਤੀ ਚੁੱਪ ਉੱਤੇ ਵੀ ਸਵਾਲ ਉਠਾਏ ਹਨ।