ਅਕਾਲ ਤਖ਼ਤ ਸਾਹਿਬ ਤੇ ਸਿੱਖ ਕੌਮ ਦਾ ਫ਼ੌਜੀਕਰਨ

ਅਕਾਲ ਤਖ਼ਤ ਸਾਹਿਬ ਤੇ ਸਿੱਖ ਕੌਮ ਦਾ ਫ਼ੌਜੀਕਰਨ

ਕਵਿਤਾ
ਅਕਾਲ ਤਖ਼ਤ ਸਾਹਿਬ ਦਾ ਸਭ ਤੋਂ ਮੁੱਢਲਾ ਹਵਾਲਾ ਗੁਰਬਿਲਾਸ ਪਾਤਸ਼ਾਹੀ ਛੇਵੀਂ ਤੋਂ ਮਿਲਦਾ ਹੈ। ਗੁਰਬਿਲਾਸ ਦੇ ਕਰਤਾ ਅਨੁਸਾਰ ਗੁਰੂ ਅਰਜਨ ਦੇਵ ਜੀ ਜੇਠ ਦੇ ਮਹੀਨੇ (ਮਈ 1606) ਨੂੰ ਜੋਤੀ ਜੋਤਿ ਸਮਾ ਗਏ ਅਤੇ ਅਕਾਲ ਤਖ਼ਤ ਸਾਹਿਬ ਦੀ ਨੀਂਹ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਰੱਬੀ ਹੁਕਮਾਂ ਅਨੁਸਾਰ ਰੱਖੀ ਗਈ। ਗੁਰੂ ਸਾਹਿਬ ਦੀ ਦਸਤਾਰਬੰਦੀ ਦੀ ਰਸਮ ਹਾੜ੍ਹ ਦੇ ਮਹੀਨੇ ਦੀ ਪਹਿਲੀ ਤਾਰੀਖ ਨੂੰ ਹੋਈ ਅਤੇ ਅਕਾਲ ਤਖ਼ਤ ਦੀ ਨੀਂਹ 5 ਹਾੜ੍ਹ ਨੂੰ ਰੱਖੀ ਗਈ। ਨੀਂਹ ਰੱਖਣ ਸਮੇਂ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਗੁਰੂ ਸਾਹਿਬ ਦੇ ਨਾਲ ਸਨ। ਕੁਝ ਦਿਨਾਂ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਦਸਤਾਰ, ਸ਼ਸਤਰ ਤੇ ਅਸਤਰ ਸਜਾ ਕੇ ਉਚੇਚਤਾਪੂਰਕ ਢੰਗ ਨਾਲ ਤਖ਼ਤ ਉੱਤੇ ਬੈਠੇ।
ਗੁਰਬਿਲਾਸ ਦਾ ਕਰਤਾ ਇਸ ਪ੍ਰਕਾਰ ਅਕਾਲ ਤਖ਼ਤ ਦੀ ਨੀਂਹ ਸੰਨ 1606 ਈ. ਵਿਚ ਰੱਖਣ ਦਾ ਸੰਕੇਤ ਕਰਦਾ ਹੈ। ਐਮ. ਏ. ਮੈਕਾਲਫ ‘ਸਿੱਖ ਰਿਲੀਜ਼ਨ’ ਵਿਚ ਅਕਾਲ ਤਖ਼ਤ ਦੀ ਉਸਾਰੀ ਦਾ ਸਾਲ 1606 ਈ. ਵਿਚ ਮੰਨਦਾ ਹੈ। ਕਈ ਲੇਖਕ ਅਕਾਲ ਤਖ਼ਤ ਦੀ ਨੀਂਹ ਸੰਨ 1608 ਜਾਂ ਸੰਨ 1609 ਈ. ਵਿਚ ਰੱਖੀ ਮੰਨਦੇ ਹਨ। ਭਾਈ ਕਾਨ੍ਹ ਸਿੰÎਘ ਨਾਭਾ ਇਹ ਤਖ਼ਤ ਸੰਨ 1608 ਈ. ਵਿਚ ਹੋਂਦ ਵਿਚ ਆਇਆ ਲਿਖਦੇ ਹਨ।
ਗੁਰਬਿਲਾਸ ਦੇ ਕਰਤਾ ਦੁਆਰਾ ਦੱਸਿਆ ਗਿਆ ਸਮਾਂ ਤੇ ਸਾਲ ਠੀਕ ਪ੍ਰਤੀਤ ਹੁੰਦਾ ਹੈ। ਇਸ ਗ੍ਰੰਥ ਵਿਚ ਦਿੱਤਾ ਗਿਆ ਗ੍ਰੰਥ-ਰਚਨਾ ਦਾ ਸਾਲ 1718 ਈ. ਹੈ। ਉਸ ਸਮੇਂ ਅਜੋਕੇ ਹਰਿਮੰਦਰ ਸਾਹਿਬ ਦੇ ਨਜ਼ਦੀਕ ਅਕਾਲ ਬੁੰਗਾ ਸਥਿਤ ਸੀ ਜਿਸ ਵਿਚ ਅਕਾਲ ਤਖ਼ਤ ਸਾਹਿਬ ਸ਼ੁਸ਼ੋਭਿਤ ਸੀ। ਗੁਰਬਿਲਾਸ ਦੀ ਰਚਨਾ ਦੇ ਸਮੇਂ ਲਗਭਗ 80 ਸਾਲ ਤਕ ਗੁਰੂ ਅਰਜਨ ਦੇਵ ਜਾਂ ਉਨ੍ਹਾਂ ਦੇ ਉਤਰਾਧਿਕਾਰੀ ਦੀ ਰਿਹਾਇਸ਼ ਅੰਮ੍ਰਿਤਸਸਰ ਵਿਖੇ ਨਹੀਂ ਰਹੀ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਸੰਨ 1634 ਈ. ਵਿਚ ਰਿਹਾਇਸ਼ੀ ਟਿਕਾਣਾ ਕੀਰਤਪੁਰ ਸਾਹਿਬ ਨੂੰ ਬਣਾ ਲਿਆ ਸੀ। ਸੰਨ 1628 ਈ. ਤੋਂ ਸੰਨ 1634 ਈ. ਤੱਕ ਗੁਰੂ ਹਰਿਗੋਬਿੰਦ ਸਾਹਿਬ ਜੰਗਾਂ ਕਾਰਨ ਰੁੱਝੇ ਰਹੇ। ਫਲਸਰੂਪ ਅਕਾਲ ਤਖ਼ਤ ਸਾਹਿਬ ਦੀ ਰਚਨਾ ਸੰਨ 1628 ਈ. ਤੋਂ ਪਹਿਲਾਂ ਦੀ ਮੰਨੀ ਜਾ ਸਕਦੀ ਹੈ। ਪਰੰਤੂ ਜੇਕਰ ਅਸੀਂ ਗੁਰੂ ਹਰਿਗੋਬਿੰਦ ਸਾਹਿਬ ਦੀ ਨਜ਼ਰਬੰਦੀ ਦਾ ਸਮਾਂ ਗਿਣਤੀ ਵਿਚ ਸ਼ੁਮਾਰ ਕਰੀਏ ਤਾਂ ਅਕਾਲ ਤਖ਼ਤ ਦੀ ਰਚਨਾ ਗੁਰਗੱਦੀ ਦੇ ਮੁੱਢਲੇ ਸਮੇਂ ਮੰਨੀ ਜਾ ਸਕਦੀ ਹੈ। ਇਸ ਤੋਂ ਛੁਟ ਅਕਾਲ ਤਖ਼ਤ ਦੀ ਰਚਨਾ ਦਾ ਸਮਾਂ ਸੰਨ 1608 ਈ. ਜਾਂ ਸੰਨ 1609 ਈ. ਸਵੀਕਾਰ ਕਰਨਾ ਠੀਕ ਨਹੀਂ ਹੋਵੇਗਾ, ਕਿਉਂਕਿ ਇਨ੍ਹਾਂ ਸਾਲਾਂ ਸੰਬੰਧੀ ਕੋਈ ਖਾਸ ਗਵਾਹੀ ਸਾਹਮਣੇ ਨਹੀਂ ਆਉਂਦੀ। ਇਸ ਲਈ ਗੁਰਬਿਲਾਸ ਦੇ ਕਰਤਾ ਦੁਆਰਾ ਦਿਤਾ ਗਿਆ ਅਕਾਲ ਤਖ਼ਤ ਦੀ ਰਚਨਾ ਦਾ ਸਮਾਂ ਸੰਨ 1606 ਈ. ਸਵੀਕਾਰ ਕੀਤਾ ਜਾ ਸਕਦਾ ਹੈ।
ਗੁਰਬਿਲਾਸ ਪਾਤਸ਼ਾਹੀ ਦੇ ਕਰਤਾ ਅਨੁਸਾਰ ਅਕਾਲ ਤਖ਼ਤ ਦੀ ਉਸਾਰੀ ਦਾ ਉਦੇਸ਼ ਸਮੇਂ ਦੀ ਵਿਦੇਸ਼ੀ ਮੁਗਲ ਹਕੂਮਤ (ਤੁਰਕ ਹਾਕਮ) ਤੋਂ ਬਦਲਾ ਲੈਣਾ ਸੀ। ਕਈ ਲੇਖਕਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਆਉਣ ਵਾਲੇ ਸਮੇਂ ਦੇ ਕਾਰਜਾਂ ਉਤੇ ਨਿਸਚੇ ਹੀ ਪ੍ਰਭਾਵ ਪਾਇਆ। ਸਿੱਖਾਂ ਦੀ ਭਗਤ ਮਾਲਾ ਦੇ ਕਰਤਾ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਅਕਾਲ ਚਲਾਣੇ ਤੋਂ ਪਹਿਲਾਂ ਇਹ ਨਿਸਚਾ ਧਾਰਨ ਕਰ ਲਿਆ ਸੀ ਕਿ ਧਰਮ ਦੀ ਰੱਖਿਆ ਲਈ ਹਥਿਆਰ ਚੁਕਣੇ ਜ਼ਰੂਰੀ ਸਨ। ਇਸ ਲਈ ਉਨ੍ਹਾਂ ਨੇ ਆਪਣੇ ਉਤਰਾਧਿਕਾਰੀ ਹਰਿਗੋਬਿੰਦ ਸਾਹਿਬ ਨੂੰ ਹਥਿਆਰਾਂ ਦੀ ਵਰਤੋਂ ਲਈ ਪ੍ਰੇਰਿਆ ਸੀ।
ਗੁਰੂ ਹਰਿਗੋਬਿੰਦ ਸਾਹਿਬ ਦੀ ਦਸਤਾਰਬੰਦੀ ਦੀ ਰਸਮ ਸਮੇਂ ਹਾੜ੍ਹ ਦੇ ਮਹੀਨੇ ਬਹੁਤ ਸਾਰੇ ਸ਼ਰਧਾਲੂ ਬੁਲਾਏ ਗਏ ਜੋ ਅੰਮ੍ਰਿਤਸਰ ਵਿਖੇ ਗੁਰੂ ਸਾਹਿਬ ਦੇ ਆਦੇਸ਼ ਮੁਤਾਬਕ ਹਥਿਆਰ ਲੈ ਕੇ ਇਕੱਤਰ ਹੋਏ। ਮੀਰ ਅਬਦੁਲ ਅਤੇ ਨੱਥੇ ਢਾਡੀ ਨੇ ਗੁਰੂ ਹਰਿਗੋਬਿੰਦ ਜੀ ਦੀ ਸੋਭਾ ਵਿਚ ‘ਪਹਿਲੀ ਵਾਰ’ ਗਾਈ :
ਸੱਚਾ ਤਖ਼ਤ ਸਹਾਯੋ
ਸ੍ਰੀ ਗੁਰ ਪਾਇ ਕੈ£
ਛਬ ਬਰਨੀ ਨਹਿ ਜਾਇ
ਕਹੋਂ ਕਿਆ ਗਾਇ ਕੈ£
ਰਵਿ ਸੀਸ ਭਏ ਮਲੀਨ
ਸੁਦਰਸ ਦਿਖਾਇ ਕੈ£
ਸ੍ਰੀ ਗੁਰ ਤਖ਼ਤ ਬਿਰਾਜੈ
ਪ੍ਰਭ ਧਿਆਇ ਕੈ£
ਮੀਰ ਅਬਦੁਲ ਔ ਨੱਥਾ
ਜਸ ਕਹੇ ਬਨਾਇਕੈ£
ਮੋਬਿਦ ਜੁਲਫਕਾਰ ਅਰਦਸਤਾਨੀ (ਮੋਹਸਨ ਫਾਨੀ), ਜੋ ਸਮਕਾਲੀ ਲੇਖਕ ਹੈ, ਇਹ ਤਸਦੀਕ ਕਰਦਾ ਹੈ ਕਿ ਗੁਰੂ ਹਰਿਗੋਬਿੰਦ ਜੀ ਨੇ ਸਿਪਾਹੀਆਂ ਦੇ ਤੌਰ ਤਰੀਕੇ ਅਪਣਾਉਂਦਿਆਂ ਹੋਇਆਂ ਆਪਣੇ ਪਿਤਾ ਦੇ ਅਭਿਆਸ ਤੋਂ ਉਲਟ ਤਲਵਾਰਾਂ ਪਹਿਨਣੀਆਂ ਆਰੰÎਭ ਕਰ ਦਿੱਤੀਆਂ। ਇਹ ਲੇਖਕ ਦੱਸਦਾ ਹੈ ਕਿ ਗੁਰੂ ਸਾਹਿਬ ਕੋਲ ਘੋੜਿਆਂ ਦੇ ਅਸਤਬਲ ਵਿਚ 700 ਘੋੜੇ, 300 ਘੋੜਸਵਾਰ ਅਤੇ 60 ਬੰਦੂਕਚੀ ਸਨ ਜੋ ਉਨ੍ਹਾਂ ਪਾਸ ਹੀ ਰਹਿੰਦੇ ਸਨ। ਕੁਝ ਭਗੌੜੇ ਵੀ ਗੁਰੂ ਹਰਿਗੋਬਿੰਦ ਸਾਹਿਬ ਦੀ ਪਨਾਹ ਵਿਚ ਆ ਗਏ ਸਨ। ਸੰਭਵ ਹੈ ਕਿ ਗੁਰੂ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਵਿਚ ਬੰਦ ਹੋਣ ਦਾ ਕਾਰਨ ਉਨ੍ਹਾਂ ਦੀਆਂ ਫੌਜੀ ਦਿਲਚਸਪੀਆਂ ਹੋਣ। ਭਾਈ ਗੁਰਦਾਸ ਵੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਫੌਜੀ ਦਿਲਚਸਪੀਆਂ ਦਾ ਵਰਨਣ ਕਰਦੇ ਹਨ ਅਤੇ ਗੁਰੂ ਹਰਿਗੋਬਿੰਦਜੀ ਨੂੰ ਵੱਡਾ ਸੂਰਮਾ ਤੇ ਪਰਉਪਕਾਰੀ ਦੱਸਦੇ ਹਨ :
ਪੰਜ ਪਿਆਲੇ ਪੰਜ ਪੀਰ
ਛਠਮੁ ਪੀਰੁ ਬੈਠਾ ਗੁਰ ਭਾਰੀ।
ਅਰਜਨ ਕਾਇਆ ਪਲਟਿ ਕੇ
ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜ੍ਹੀ ਸੋਢੀਆਂ
ਰੂਪੁ ਦਿਖਵਾਣਿ ਵਾਰੋ ਵਾਰੀ।
ਦਲਭੰਜਨ ਗੁਰ ਸੂਰਮਾ
ਵਡ ਜੋਧਾ ਬਹੁ ਪਰਉਪਕਾਰੀ।
ਗੁਰੂ ਹਰਿਗੋਬਿੰਦ ਦੀ ਗੁਰਗੱਦੀ ਸਮੇਂ ਅਕਾਲ ਤਖ਼ਤ ਸਾਹਿਬ ਦੇ ਕੇਂਦਰੀ ਧੁਰੇ ਵਜੋਂ ਕੰਮ ਕਰਨ ਸਬੰਧੀ ਕੋਈ ਦੋ ਰਾਏ ਨਹੀਂ ਹਨ। ਇਸ ਦਾ ਵੱਡਾ ਕਾਰਨ ਇਹ ਸੀ ਕਿ ਉਨ੍ਹਾਂ ਵਿਚ ਸੂਰਬੀਰਤਾ ਦੇ ਸਾਰੇ ਲੱਛਣ ਸਨ। ਸਰੂਪ ਦਾਸ ਭੱਲਾ ਉਨ੍ਹਾਂ ਵਿਚ ਬਹਾਦਰੀ ਦਾ ਪੂਰਨ ਸੰਚਾਰ ਦ੍ਰਿਸ਼ਟੀਮਾਨ ਹੋਇਆ ਦੱਸਦਾ ਹੈ। ਉਹ ਵੀਰਤਾ, ਦਇਆ ਤੇ ਦਾਨ ਆਦਿ ਦੇ ਪੁਤਲੇ ਸਨ।
ਭਗਤਿ ਸਿੰਘਾਸਨ ਪਰ
ਬਹੈ ਰਾਜ ਬੇਖ ਤਨ ਧਾਰ।
ਬੀਰ ਬੀਰ ਚਿਤ ਅਮਿਤ ਬਲ
ਗਿਆਨ ਰੂਪ ਸੁਖ ਸਾਰ।
ਗੁਰੂ ਹਰਿਗੋਬਿੰਦ ਜੀ ਦੇ ਵਿਅਕਤੀਤਵ ਦਾ ਨਿੱਜੀਪਣ ਵੈਰੀਆਂ ਦੇ ਦਿਲਾਂ ਦੀ ਦਵੈਤ ਖਤਮ ਕਰ ਦਿੰਦਾ ਸੀ। ਉਹ ਰੱਬੀ ਗੁਣਾਂ ਦੇ ਮਾਲਕ ਸਨ ਤੇ ਪਾਪਾਂ ਤੇ ਜ਼ੁਲਮਾਂ ਦਾ ਨਾਸ ਕਰਨ ਲਈ ਉਨ੍ਹਾਂ ਨੇ ਕਮਰ ਕੱਸਾ ਕਸ ਲਿਆ ਸੀ। ਇਸ ਲਈ ਸ੍ਰੀ ਅਕਾਲ ਤਖ਼ਤ ਵਿਖੇ ਬਹਾਦਰੀ ਦੀ ਰੂਹ ਸ਼ਰਧਾਲੂਆਂ ਵਿਚ ਫੂਕੀ ਜਾਣੀ ਆਰੰਭ ਹੋਈ। ਸ੍ਰੀ ਅਕਾਲ ਤਖ਼ਤ ਵਿਖੇ ਬਹਾਦਰੀ ਸਬੰਧੀ ਵਾਰਾਂ ਗਾਈਆਂ ਜਾਣ ਲੱਗੀਆਂ। ਮੀਰ ਅਬਦੁਲਾ ਤੇ ਨੱਥਾ ਪ੍ਰਸਿੱਧ ਢਾਡੀ ਸਨ। ਬੰਸਾਵਲੀਨਾਮੇ ਦਾ ਲੇਖਕ ਲਿਖਦਾ ਹੈ ਕਿ ਗੁਰੂ ਹਰਿਗੋਬਿੰਦ ਜੀ ਦੀ ਜ਼ੁਲਮ ਮਿਟਾਉਣ ਹਿਤ ਤੀਬਰ ਤੇ ਇਨਕਲਾਬੀ ਸ਼ਕਤੀ ਵਿਚ ਕੋਈ ਸ਼ੱਕ ਨਹੀਂ ਸੀ, ਭਾਵੇਂ ਉਨ੍ਹਾਂ ਦੀ ਆਯੂ ਗੁਰੂ ਅਰਜਨ ਸਾਹਿਬ ਦੇ ਅਕਾਲ ਚਲਾਣੇ ਸਮੇਂ ਛੋਟੀ ਸੀ। ਉਹ ਲਿਖਦਾ ਹੈ ਕਿ ਭਾਈ ਗੁਰਦਾਸ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ :
ਗਰੀਬ ਨਿਵਾਜ ਨਿਆਉ
ਤੁਰਕਾਂ ਦੇ ਘਰ ਨਹੀਂ ਰਿਹਾ।
ਸਾਹਿਬ ਹੈਣ ਸਿਆਣੇ
ਪਰ ਅਵਸਥਾ ਹੈ ਨਿਦਾਨ।
ਮੁਦਈ ਹੈਨਿ ਡਾਢੇ
ਕੀਕਰ ਗੁਸਾਹ ਸਹਾਨ।
ਗੁਰੂ ਅਰਜਨ ਤੁਹਾਡਾ
ਪਲ ਨਹੀਂ ਸੇ ਵਿਸਾਹੁ ਕਰਦੇ।
ਤੁਸਾਂ ਨੂੰ ਖੇਡਣ ਭੀ ਦੂਰ
ਨਹੀਂ ਸੇ ਜਾਣ ਦੇਂਦੇ।
ਰੱਖਣ ਵਿਚ ਨਜ਼ਰ ਦੇ….
ਲਾਹੌਰ ਟੁਰਦੇ ਹੋਏ ਸਾਹਿਬ
ਤੁਸਾਡੀ ਭੁੱਜਾ ਅਸਾਡੇ ਸੀਸ
ਪਰ ਗਏ ਸੇ ਧਾਰੇ….
ਬੰਸਾਵਲੀਨਾਮੇ ਦੇ ਲੇਖਕ ਵਲੋਂ ਪੇਸ਼ ਕੀਤੀ ਗਈ ਗੁਰੂ ਹਰਿਗੋਬਿੰਦ ਸਾਹਿਬ ਦੀ ਸਥਿਤੀ ਸਹਿਜੇ ਹੀ ਸਾਹਮਣੇ ਆ ਸਕਦੀ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਸਿੱਖਾਂ ਦੀ ਦਸ਼ਾ ਅਤਿਅੰਤ ਭਿਆਨਕ ਰੂਪ ਲੈ ਗਈ ਸੀ ਪਰੰਤੂ ਗੁਰੂ ਹਰਿਗੋਬਿੰਦ ਜੀ ਦੀ ਛੋਟੀ ਉਮਰ ਅਤੇ ਜ਼ੁਲਮਾਂ-ਸਿਤਮਾਂ ਦੀ ਚੜ੍ਹਤ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਵਿਚ ਫੌਜੀ ਕਾਰਵਾਈ ਨਾ ਰੁਕ ਸਕੀ ਅਤੇ ਮੁਗਲ ਸਰਕਾਰ ਦੇ ਅਨਿਆਂਏ, ਜ਼ਬਰ, ਅੱਤਿਆਚਾਰ ਤੇ ਸ਼ੋਸ਼ਣ ਵਿਰੁਧ ਆਵਾਜ਼ ਉਠਾਈ ਗਈ।
ਗੁਰੂ ਹਰਿਗੋਬਿੰਦ ਜੀ ਨੇ ਸ੍ਰੀ ਅਕਾਲ ਤਖ਼ਤ ਵਿਖੇ ਇਕ ਪ੍ਰਕਾਰ ਦੀ ਫੌਜ ਨੂੰ ਤਰਤੀਬ ਦਿੱਤੀ। ਚਾਰ ਸੌ ਦੇ ਲਗਭਗ ਸਿੱਖ ਜੋ ਮਾਲਵੇ ਵਿਚ ਸ਼ਾਂਤਮਈ ਢੰਗ ਨਾਲ ਰਹਿ ਰਹੇ ਸਨ, ਮਾਝੇ ਤੇ ਦੁਆਬੇ ਵਿਖੇ ਚਲੇ ਗਏ ਸਨ। ਉਨ੍ਹਾਂ ਨੂੰ ਗੁਰੂ ਸਾਹਿਬ ਨੇ ਸ਼ੁਰੂ ਵਿਚ ਆਪਣੇ ਕੋਲ ਰੱਖ ਲਿਆ। ਚਾਰ ਆਗੂਆਂ ਨੂੰ ਇਸ ਫੌਜੀ ਟੁਕੜੀ ਦੀ ਸਿਖਲਾਈ ਲਈ ਨਿਸਚਿਤ ਕੀਤਾ ਗਿਆ। ਹਰ ਇਕ ਨੂੰ ਸੌ ਵਿਅਕਤੀਆਂ ਦੀ ਵਾਗਡੌਰ ਸੌਂਪੀ ਗਈ। ਇਨ੍ਹਾਂ ਦੇ ਨਾਮ ਬਿਧੀਆ, ਪੈਡਾ, ਪਰਵਾ ਤੇ ਜੇਠਾ ਸਨ। ਵੈਰੀ ਵਿਰੁੱਧ ਕੁਝ ਸੰਘਰਸ਼ ਉਪਰੰਤ ਗੁਰੂ ਸਾਹਿਬ ਨੇ ਕੁਝ ਹੋਰ ਆਗੂ ਵਿਅਕਤੀ ਚੁਣੇ ਜੋ ਫੌਜੀ ਸਿਖਲਾਈ ਦੇ ਕਾਬਲ ਸਮਝੇ ਗਏ। ਇਨ੍ਹਾਂ ਵਿਚ ਜਟੂ, ਕਲਿਆਣਾ, ਪਿਰਾਗ, ਮਥਰਾ, ਜਗਨਾ, ਪਰਸ ਰਾਮ ਆਦਿ ਸ਼ਾਮਲ ਸਨ। ਇਹ ਸਵੈ-ਸੇਵਕ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਧਰਮ ਦੀ ਰੱਖਿਆ ਲਈ ਜੁੜੇ ਸਨ, ਜੋ ਕਿ ਕੇਵਲ ਗੁਰੂ ਹਰਿਗੋਬਿੰਦ ਸਾਹਿਬ ਦੀ ਅਸੀਸ ਦੇ ਇੱਛਕ ਸਨ। ਇਹੀ ਕਾਰਨ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਚ ਗੁਰੂ ਹਰਿਗੋਬਿੰਦ ਦੀ ਅਗਵਾਈ ਹੇਠ ਕੀਤੀਆਂ ਗਈਆਂ ਜੰਗੀ ਤਿਆਰੀਆਂ ਸਿੱਖ ਸੰਘਰਸ਼ ਲਈ ਲਾਭਦਾਇਕ ਸਾਬਤ ਹੋਈਆਂ। ਸਿੱਖਾਂ ਵਲੋਂ ਗੁਰੂ ਸਾਹਿਬ ਨੂੰ ਸੁਗਾਤ ਦੇ ਰੂਪ ਵਿਚ ਘੋੜੇ, ਹਥਿਆਰ, ਵਸਤਰ ਆਦਿ ਪੇਸ਼ ਕੀਤੇ ਗਏ। ਇਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਫੌਜੀ ਸ਼ਕਤੀ ਨੇ ਜਨਮ ਲਿਆ। ਗੁਰੂ ਹਰਿਗੋਬਿੰਦ ਸਾਹਿਬ ਹਰ ਰੋਜ਼ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸ੍ਰੀ ਅਕਾਲ ਤਖਤ ਉਤੇ ਬਿਰਾਜਮਾਨ ਹੁੰਦੇ। ਮੁਗਲ ਸਾਮਰਾਜ ਦੇ ਕਰਿੰਦਿਆਂ ਨਾਲ ਹੋਣ ਵਾਲੇ ਸੰਘਰਸ਼ ਦਾ ਮੁੱਢ ਨਿਸਚੇ ਹੀ ਸ੍ਰੀ ਅਕਾਲ ਤਖ਼ਤ ਵਿਚ ਬੱਝਾ। ਗੁਰਬਿਲਾਸ ਦੇ ਲੇਖਕ ਨਾਲ ਕੇਸਰ ਸਿੰਘ ਛਿੱਬਰ ਆਦਿ ਲਿਖਾਰੀ ਸਹਿਮਤ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੂਰਨ ਭਰੋਸਾ ਸੀ ਕਿ ਗੁਰੂ ਘਰ ਦੇ ਸਿੱਖ ਹੁਣ ਤੁਰਕਾਂ ਦੇ ਅਨਿਆਂ ਤੇ ਜ਼ੁਲਮ ਨੂੰ ਖਤਮ ਕਰਨ ਉਤੇ ਤੁਲੇ ਹੋਏ ਸਨ।
ਗਿਆਨੀ ਗਿਆਨ ਸਿੰÎਘ, ਜੋ ਸ੍ਰੀ ਅਕਾਲ ਤਖ਼ਤ ਦੀ ਰਚਨਾ ਅਤੇ ਗੁਰੂ ਹਰਿਗੋਬਿੰਦ ਜੀ ਦੀ ਉਸ ਅਸਥਾਨ ਵਿਖੇ ਕਾਰਵਾਈ ਤੋਂ ਚੋਖਾ ਸਮਾਂ ਪਿਛੋਂ ਦਾ ਲੇਖਕ ਹੈ, ਇਸ ਤੱਥ ਉੱਤੇ ਪੂਰਨ ਭਰੋਸੇ ਨਾਲ ਪੁੱਜਦਾ ਹੈ ਕਿ ਅਕਾਲ ਤਖ਼ਤ ਉੱਤੇ ਸੰਘਰਸ਼ ਲਈ ਤਿਆਰ ਹੋਏ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਸਿੱਟੇ ਉੱਤੇ ਪੁੱਜਦਿਆਂ ਹੋਇਆਂ ਕਿ ਜ਼ੁਲਮ ਦਾ ਹਥਿਆਰਾਂ ਰਾਹੀਂ ਵਿਰੋਧ ਜ਼ਰੂਰੀ ਸੀ, ਆਪਣੇ ਸਿੱਖਾਂ ਨੂੰ ਘੋੜੇ ਅਤੇ ਹਥਿਆਰਾਂ ਦੇ ਤੋਹਫੇ ਲਿਆਉਣ ਅਤੇ ਗੁਰੂ ਦੇ ਆਸ਼ੀਰਵਾਦ ਦਾ ਜਾਚਕ ਬਣਨ ਲਈ ਕਿਹਾ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਗਈਆਂ। ਇਕ ਅਜੋਕੇ ਲੇਖਕ ਪੁਸ਼ਟੀ ਵਜੋਂ ਲਿਖਦੇ ਹਨ ਕਿ ਸ੍ਰੀ ਅਕਾਲ ਤਖਤ ਰੂਹਾਨੀ ਤੇ ਰਾਜਨੀਤਕ ਜੀਵਨ ਦਾ ਪ੍ਰਤੀਕ ਬਣਿਆ। ਇਥੇ ਇਹ ਵੀ ਵਰਨਣਯੋਗ ਹੈ ਕਿ ਗੁਰੂ ਸਾਹਿਬ ਵਲੋਂ ਸੇਲੀ ਟੋਪੀ ਦੀ ਥਾਂ ਦਸਤਾਰ ਸਜਾਉਣਾ ਅਤੇ ਹਥਿਆਰਾਂ ਦੀ ਵਰਤੋਂ ਆਦਿ ਕਰਨਾ ਕਈ ਸਿੱਖਾਂ ਨੇ ਪਸੰਦ ਨਾ ਕੀਤਾ। ਭਾਈ ਗੁਰਦਾਸ ਉਨ੍ਹਾਂ ਦੀ ਪ੍ਰਤੀਕਿਰਿਆ ਸਬੰਧੀ ਲਿਖਦੇ ਹਨ :
ਧਰਮਸਾਲ ਕਰ ਬਹੀਦਾ
ਇਕ ਥਾਂਉ ਨਾ ਟਿਕੈ ਟਿਕਾਇਆਹ।
ਪਾਤਸ਼ਾਹ ਘਰ ਆਵੇਦ
ਗੜਿ ਚੜਿਆ ਪਾਤਸ਼ਾਹ ਚੜਾਇਆ।
ਉਮਤਿ ਮਹਲੁ ਨ ਪਾਵਦੀ
ਨਠਾ ਫਿਰੈ ਨ ਡਰੈ ਡਰਾਇਆ।
ਮੰਜੀ ਬਹਿ ਸੰਤੋਖਦਾ
ਕੁਤੇ ਰਖਿ ਸਿਕਾਰੁ ਖਿਲਾਇਆ।
ਬਾਣੀ ਕਰ ਸੁਣਿ ਗਾਵਦਾ
ਕਥੈ ਨ ਸੁਣੇ ਨਾ ਗਾਵਿ ਸੁਣਾਇਆ।
ਅਜਰੁ ਦਰੈ ਨ ਆਪੁ ਜਣਾਇਆ।
ਟਾਇਨਬੀ ਨੇ ਇਸ ਸਬੰਧ ਵਿਚ ਲਿਖਿਆ ਹੈ ਕਿ ਬਹੁਤ ਸਾਰੀ ਗਵਾਹੀ ਇਸ ਹੱਕ ਵਿਚ ਮਿਲਦੀ ਹੈ ਕਿ ਗੁਰੂ ਹਰਿਗੋਬਿੰਦ ਜੀ ਦੀ ਬਹੁਤ ਸਾਰੀ ਗਿਣਤੀ ਵਿਚ ਸਿੱਖੀ ਸੇਵਕੀ ਉਨ੍ਹਾਂ ਦੇ ਹੱਕ ਵਿਚ ਸੀ ਅਤੇ ਮੁਗਲ ਪ੍ਰਬੰਧਕਾਂ ਦੁਆਰਾ ਹੋ ਰਹੇ ਜ਼ੁਲਮਾਂ ਵਿਰੁਧ ਕਾਰਵਾਈ ਨੂੰ ਨਿਸਚੇ ਹੀ ਜ਼ਰੂਰੀ ਤੇ ਭਲੀ ਭਾਂਤੀ ਜਾਣਿਆ ਜਾ ਰਿਹਾ ਸੀ।
ਮੋਬਿਦ (ਜ਼ੁਲਫਕਾਰ ਅਰਦਸਤਾਨੀ-ਮੋਹਸਨ-ਫਾਨੀ) ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦੀ ਸਮੇਂ ਬਹੁ-ਗਿਣਤੀ ਵਿਚ ਸਿੱਖ ਅਤੇ ਮਸੰਦ ਕਿਲ੍ਹੇ ਦੀਆਂ ਦੀਵਾਰਾਂ ਨੂੰ ਪੂਜਣ ਲੱਗ ਪਏ ਸਨ, ਕਿਉਂਕਿ ਉਨ੍ਹਾਂ ਨੂੰ ਗੁਰੂ ਸਾਹਿਬ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ ਸੀ।
ਕਈ ਲੇਖਕਾਂ ਅਨੁਸਾਰ, ਜਿਨ੍ਹਾਂ ਵਿਚ ਇੰਦੂ ਭੂਸ਼ਨ ਬੈਨਰਜੀ ਵੀ ਸ਼ਾਮਲ ਹਨ, ਜੱਟ ਲੋਕ ਗੁਰੂ ਹਰਿਗੋਬਿੰਦ ਸਾਹਿਬ ਦੀ ਟੇਕ ਅਧੀਨ ਆਉਣਾ ਪਰਵਾਨ ਕਰ ਗਏ ਜਿਸ ਦਾ ਮੁੱਖ ਕਾਰਨ ਧਾਰਮਿਕ ਰੁਚੀਆਂ ਨਾਲੋਂ ਸਾਹਸੀ ਕਾਰਜਾਂ ਦਾ ਸ਼ੌਂਕ ਸੀ। ਬੈਨਰਜੀ ਦਾ ਇਹ ਵੀ ਵਿਚਾਰ ਹੈ ਕਿ ਗੁਰੂ ਸਾਹਿਬ ਦੇ ਕਾਰਜਾਂ ਦਾ ਮਨੋਰਥ ਸਵੈ-ਸੁਰੱਖਿਆ ਸੀ। ਇਥੇ ਇਹ ਗੱਲ ਵੀ ਸਪੱਸ਼ਟ ਕਰਨ ਯੋਗ ਹੈ ਕਿ ਇਕ ਸਥਾਪਤ ਸਾਮਰਾਜ ਦੇ ਵਿਰੁÎਧ ਸਫਲਤਾ ਪ੍ਰਾਪਤ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਇਸ ਲਈ ਗੁਰੂ ਸਾਹਿਬ ਦੇ ਸ਼ਰਧਾਲੂਆਂ ਲਈ ਕਿਸੇ ਤਰ੍ਹਾਂ ਦੇ ਲਾਭ ਦੀ ਆਸ ਰੱਖਣਾ ਬੇਅਰਥ ਸੀ। ਭਾਈ ਗੁਰਦਾਸ ਦੀਆਂ ਵਾਰਾਂ ਗੁਰੂ ਸਾਹਿਬ ਦੇ ਕਾਰਜਾਂ ਨੂੰ ਉਚਿਤ, ਯਥਾਰਥ ਅਤੇ ਹੱਕ ਦੇ ਆਧਾਰ ਉੱਤੇ ਦਰਸਾਉਂਦੀਆਂ ਹਨ :
ਸਤਿਗਰੁ ਵੰਸੀ ਪਰਮਹੰਸੁ
ਗੁਰ ਸਿਖ ਹੰਸ ਵੰਸ ਨਿਬਹੰਦਾ।
ਪਿਉ ਦਾਦੇ ਦੇ ਰਾਹ ਚਲੰਦਾ।
ਜੇ ਗੁਰੂ ਸਾਂਗ ਵਰਤਦਾ
ਦੁਬਿਧਾ ਚਿਤਿ ਨਾ ਸਿਖ ਕੇਰੇ।
ਉਪਰੋਕਤ ਤੋਂ ਸਿੱਧ ਹੁੰਦਾ ਹੈ ਕਿ ਸ੍ਰੀ ਅਕਾਲ ਤਖ਼ਤ ਉੱਤੇ ਗੁਰੂ ਸਾਹਿਬ ਦੇ ਫੌਜੀ ਰੁਝੇਵੇਂ ਲਗਾਤਾਰ ਕਾਇਮ ਰਹੇ। ਸਿੱਖ ਸੇਵਕਾਂ ਨੇ ਪੂਰਨ ਰੂਪ ਵਿਚ ਸਾਥ ਦਿੱਤਾ ਅਤੇ ਉਨ੍ਹਾਂ ਦੀ ਗਿਣਤੀ ਜਿਵੇਂ ਮੋਬਿੰਦ ਲਿਖਦਾ ਹੈ, ਵਧਦੀ ਗਈ। ਸ੍ਰੀ ਅਕਾਲ ਤਖ਼ਤ ਨੂੰ ਮਹੱਤਵ ਪ੍ਰਦਾਨ ਕਰਨਾ ਆਪਣੇ ਆਪ ਵਿਚ ਇਕ ਮਹੱਤਵਪੂਰਨ ਕੰਮ ਸੀ। ਇਸੇ ਲਈ ਇਸ ਅਦਾਰੇ ਨੂੰ ਹਰਿਮੰਦਰ ਸਾਹਿਬ ਤੋਂ ਨਿਵੇਕਲਾ ਤੇ ਸੁਤੰਤਰ ਰੱਖਿਆ ਗਿਆ।  ਗੁਰੂ ਹਰਿਗੋਬਿੰਦ ਜੀ ਸ੍ਰੀ ਅਕਾਲ ਤਖ਼ਤ ਵਿਖੇ ਧਾਰਮਿਕ ਤੇ ਰਾਜਨੀਤਕ ਆਗੂ ਦੇ ਰੂਪ ਵਿਚ ਵਿਖਾਈ ਦਿੱਤੇ। ਦੂਜੇ ਸ਼ਬਦਾਂ ਵਿਚ ਮੁਗਲ ਸਰਕਾਰ ਨਾਲ ਹੋਣ ਵਾਲੇ ਸੰਘਰਸ਼ ਲਈ ਸ੍ਰੀ ਅਕਾਲ ਤਖ਼ਤ ਨਿਸਚੇ ਹੀ ਲੋੜੀਂਦੀਆਂ ਤਿਆਰੀਆਂ ਦਾ ਪ੍ਰਤੀਕ ਬਣਿਆ।
ਫਲਸਰੂਪ ਗੁਰੂ ਹਰਿਗੋਬਿੰਦ ਸਾਹਿਬ ਦੀ ਅਗਵਾਈ ਵਿਚ ਸਿੱਖਾਂ ਦੀਆਂ ਮੁਗਲ ਬਾਦਸ਼ਾਹ ਸ਼ਾਹਜਹਾਨ ਦੀ ਗੱਦੀ ਨਸ਼ੀਨੀ ਦੌਰਾਨ ਤਿੰਨ ਲੜਾਈਆਂ ਹੋਈਆਂ ਜਿਨ੍ਹਾਂ ਦੀ ਗਿਣਤੀ ਇਤਿਹਾਸਕਾਰ ਵੱਖ-ਵੱਖ ਦੱਸਦੇ ਹਨ। ਇਨ੍ਹਾਂ ਲੜਾਈਆਂ ਦੇ ਫੌਰੀ ਕਾਰਨ ਭਾਵੇਂ ਭਿੰਨ-ਭਿੰਨ ਸਨ, ਪਰੰਤੂ ਮੁÎੱਖ ਕਾਰਨ ਮੁਗਲ ਸਰਕਾਰ ਦਾ ਜ਼ੁਲਮ ਤੇ ਅਤਿਆਚਾਰ ਸੀ। ਗੁਰੂ ਹਰਿਗੋਬਿੰਦ ਜੀ ਦੀ ਗੱਦੀ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਸਥਾਪਤ ਅਦਾਰਾ ਬਣ ਚੁੱਕਾ ਸੀ ਅਤੇ ਇਸ ਵਿਚ ਕੀਤੇ ਗਏ ਕਾਰਜ ਕਿਸੇ ਸਮੇਂ ਵੀ ਸੁਰਜੀਤ ਕੀਤੇ ਜਾ ਸਕਦੇ ਹਨÎ।
ਸਿੱਖਾਂ ਦੇ ਰਾਜਨੀਤਕ ਅਦਾਰੇ ਦੇ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਠਾਰ੍ਹਵੀਂ ਸਦੀ ਵਿਚ ਮੁੜ ਸੁਰਜੀਤ ਹੋਇਆ, ਕਿਉਂਕਿ ਇਹ ਸਿੱਖਾਂ ਦੇ ਧਾਰਮਿਕ ਵਿÎਸ਼ਵਾਸਾਂ, ਧਾਰਨਾ ਤੇ ਸਿਧਾਂਤਾਂ ਦਾ ਪ੍ਰਤੀਕ ਸੀ। ਸ੍ਰੀ ਅਕਾਲ ਤਖ਼ਤ ਉੱਤੇ ਵੱਡੇ ਕੰਮ ਆਰੰਭੇ ਗਏ ਅਤੇ ਸਿੱਖਾਂ ਦੀ ਰਾਜਨੀਤੀ ਨੂੰ ਨਵੇਂ ਸਿਰੇ ਤੋਂ ਹੁਲਾਰਾ ਮਿਲਿਆ। ਨਵਾਬ ਕਪੂਰ ਸਿੰਘ ਨੇ ਇਥੋਂ ਹੀ ਖਾਲਸੇ ਦੇ ਪੰਜ ਜੱਥੇ ਬਿਠਾਏ ਅਤੇ ਹਰ ਜੱਥੇ ਦਾ ਝੰਡਾ ਸ੍ਰੀ ਅਕਾਲ ਤਖ਼ਤ ਉੱਤੇ ਬੁਲੰਦ ਕੀਤਾ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਗੁਰਮਤੇ ਸੋਧੇ ਗਏ ਜਿਨ੍ਹਾਂ ਦਾ ਸੁਭਾਅ ਸੁਰੱਖਿਆਤਮਕ ਅਤੇ ਆਕਰਣਮਾਤਮਕ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਖਾਲਸੇ ਨੇ ਦੀਵਾਨ ਸਜਾਏ ਅਤੇ ਇਨ੍ਹਾਂ ਦੀਵਾਨਾਂ ਵਿਚ ਮਹੱਤਵਪੂਰਨ ਰਾਜਨੀਤਕ ਨਿਰਣੇ ਲਏ ਗਏ। ਦੀਵਾਲੀ ਅਤੇ ਵਿਸਾਖੀ ਦੇ ਮੌਕੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਖਾਲਸੇ ਲਈ ਵਿਸ਼ੇਸ਼ ਮਹੱਤਵ ਰੱਖਣ ਲੱਗਾ। ਵੱਡੀਆਂ-ਵੱਡੀਆਂ ਮੁਹਿੰਮਾਂ ਦੀਆਂ ਤਿਆਰੀਆਂ ਇਸੇ ਹੀ ਅਸਥਾਨ ਉੱਤੇ ਕੀਤੀਆਂ ਜਾਂਦੀਆਂ ਅਤੇ ਇਸ ਤਰ੍ਹਾਂ ਖਾਲਸੇ ਦੀ ਰਾਜਨੀਤਕ ਜ਼ਿੰਦ-ਜਾਨ ਦਾ ਅਦਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਅਦਭੁੱਤ ਇਤਿਹਾਸਕ ਅਸਥਾਨ ਬਣਿਆ। ਅਸਲ ਵਿਚ 18ਵੀਂ ਸਦੀ ਦੇ ਅੰਤ ਵਿਚ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਸ ਅਦਾਰੇ ਦਾ ਮਹੱਤਵ ਘਟਿਆ ਪਰੰਤੂ ਸਿੱਖਾਂ ਦੇ ਦਿਲਾਂ ਵਿਚ ਇਸ ਦੀ ਅਰਾਧਨਾ ਤੇ ਸਤਿਕਾਰ ਸਦੀਵੀਂ ਬਣਿਆ ਰਿਹਾ। ਅਜੋਕੇ ਸਮੇਂ ਵਿਚ ਵੀ ਸ੍ਰੀ ਅਕਾਲ ਤਖ਼ਤ ਸਿੱਖਾਂ ਦੀ ਅਤਿਅੰਤ ਉੱਤਮ ਅਧਿਆਤਮਕਤਾ ਵਾਲੀ ਰਾਜਨੀਤਕ  ਭਾਵਨਾ ਦਾ ਪ੍ਰਤੀਕ, ਸਤਿਕਾਰਯੋਗ ਅਦਾਰਾ ਹੈ।