ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦਾ ਪਿਛੋਕੜ
ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਪ੍ਰਣਾਈ ਹੋਈ ਮਾਲਵੇ ਦੀ ਇਕ ਪ੍ਰਸਿੱਧ ਵਿਦਿਅਕ ਸੰਸਥਾ ਹੈ..
ਜਿਸਦੀ ਸਥਾਪਨਾ ਨੂੰ ਪੰਜਾਬੀਆਂ ਨੇ ਇਕ ਤਿਉਹਾਰ ਵਾਂਗ ਦੇਖਿਆ ਹੈ। 5 ਅਗਸਤ 1960 ਇਸ ਯੂਨੀਵਰਸਿਟੀ ਦੇ ਇਤਿਹਾਸ ਦਾ ਇਕ ਮਹੱਤਵਪੂਰਨ ਦਿਨ ਹੈ ਜਦੋਂ ਪੰਜਾਬ ਸਰਕਾਰ ਨੇ ਇਸ ਦੀ ਸਥਾਪਨਾ ਲਈ ਇਕ ਕਮਿਸ਼ਨ ਦੀ ਸਥਾਪਨਾ ਕੀਤੀ ਸੀ।
ਕਮਿਸ਼ਨ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੀਆਂ ਸੰਸਥਾਵਾਂ, ਵਿਦਵਾਨਾਂ ਅਤੇ ਰਾਜਨੀਤੀਵਾਨਾਂ ਨੇ ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਇਕ ਮਾਹੌਲ ਤਿਆਰ ਕਰ ਦਿੱਤਾ ਸੀ ਅਤੇ ਸਰਕਾਰ ਵੀ ਚਾਹੁੰਦੀ ਸੀ ਕਿ ਪੰਜਾਬੀ ਦੇ ਨਾਂ ’ਤੇ ਯੂਨੀਵਰਸਿਟੀ ਦੀ ਸਥਾਪਨਾ ਕਰਕੇ ਆਮ ਲੋਕਾਂ ਵਿਚ ਆਪਣਾ ਅਧਾਰ ਮਜ਼ਬੂਤ ਕੀਤਾ ਜਾਵੇ।
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਲਈ ਯਤਨ ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਦੌਰਾਨ ਅਰੰਭ ਹੋ ਗਏ ਸਨ। ਅਪ੍ਰੈਲ 1952 ਵਿਚ ਗਿਆਨ ਸਿੰਘ ਰਾੜੇਵਾਲਾ ਪੈਪਸੂ ਦੇ ਮੁੱਖ ਮੰਤਰੀ ਬਣੇ। ਇਹਨਾਂ ਦੇ ਸਮੇਂ ਪੈਪਸੂ ਯੂਨੀਵਰਸਿਟੀ ਦੀ ਮੰਗ ਉੱਠੀ ਜਿਸ ਰਾਹੀਂ ਪੰਜਾਬੀ ਨੂੰ ਖੇਤਰੀ ਭਾਸ਼ਾ ਵੱਜੋਂ ਵਿਕਸਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਪਰ ਇਸ ਸਮੇਂ ਇਹ ਉਕਾਈ ਸਾਹਮਣੇ ਆਈ ਕਿ ਜਿਸ ਯੂਨੀਵਰਸਿਟੀ ਦੀ ਸਥਾਪਨਾ ਲਈ ਵਿਚਾਰ ਹੋ ਰਹੀ ਹੈ ਉਸ ਲਈ 1953-54 ਵਿਚ ਪਾਸ ਕੀਤੇ ਬਜਟ ਵਿਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਇਸਦਾ ਅਸਰ ਇਹ ਹੋਇਆ ਕਿ ਇਕ ਪਾਸੇ ਸਰਕਾਰ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦੀ ਮੰਗ ਦਿਨੋ-ਦਿਨ ਜ਼ੋਰ ਫੜਨ ਲੱਗੀ ਸੀ।
ਸੰਸਥਾ ਵਜੋਂ ਪੰਜਾਬੀ ਸਾਹਿਤ ਅਕਾਦਮੀ, ਦਿੱਲੀ ਨੇ ਇਸ ਸੰਬੰਧੀ ਮਹੱਤਵਪੂਰਨ ਯਤਨ ਕੀਤੇ ਸਨ। 1956 ਵਿਚ ਇਹਨਾਂ ਨੇ ਦੂਜੀ ਪੰਜਾਬੀ ਕਾਨਫ਼ਰੰਸ ਦਿੱਲੀ ਵਿਖੇ ਕੀਤੀ ਜਿਸ ਵਿਚ ਭਾਰਤ ਦੇ ਗ੍ਰਹਿ ਮੰਤਰੀ ਗੋਵਿੰਦ ਵਲਭ ਪੰਤ, ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ, ਸ. ਉੱਜਲ ਸਿੰਘ, ਡਿਪਟੀ ਸਪੀਕਰ ਹੁਕਮ ਸਿੰਘ, ਸ. ਸਵਰਨ ਸਿੰਘ, ਦੀਵਾਨ ਅਨੰਦ ਕੁਮਾਰ ਆਦਿ ਵਿਦਵਾਨ, ਸੂਝਵਾਨ, ਰਾਜਨੀਤੀਵਾਨ ਸ਼ਾਮਲ ਹੋਏ ਸਨ। ਇਸ ਕਾਨਫ਼ਰੰਸ ਦੇ ਵਿਚ ਜਿਹੜੇ ਮਤੇ ਪਾਸ ਕੀਤੇ ਗਏ ਸਨ ਉਹਨਾਂ ਵਿਚੋਂ ਯੂਨੀਵਰਸਿਟੀ ਪੱਧਰ ਦੀ ਇਕ ਸੰਸਥਾ ਸਥਾਪਤ ਕਰਨ ਦੀ ਮੰਗ ਕਰਦੇ ਹੋਏ ਕਿਹਾ ਗਿਆ:
“ਇਸ ਗੱਲ ਨੂੰ ਮੁੱਖ ਰੱਖਦੇ ਹੋਏ ਕਿ ਕਿਸੇ ਭਾਸ਼ਾ ਦੀ ਸਰਵਪੱਖੀ ਉੱਨਤੀ ਲਈ ਤੇ ਇਸ ਦੇਸ਼ ਦੇ ਕਾਰ-ਵਿਹਾਰ ਦਾ ਯੋਗ ਮਾਧਿਅਮ ਬਣਾਉਣ ਲਈ ਉਸ ਨੂੰ ਯੂਨੀਵਰਸਿਟੀ ਪੱਧਰ ਤੀਕ ਲੈ ਜਾਣਾ ਅਧਿਕ ਜਰੂਰੀ ਹੈ। ਇਹ ਕਾਨਫ਼ਰੰਸ ਭਾਰਤ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਪੰਜਾਬ ਰਾਜ ਦੇ ਪੰਜਾਬੀ ਬੋਲਦੇ ਭਾਗ ਲਈ ਇਕ ਯੂਨੀਵਰਸਿਟੀ ਕਾਇਮ ਕੀਤੀ ਜਾਵੇ ਜਿਸ ਦਾ ਮਾਧਿਅਮ ਪੰਜਾਬੀ ਹੋਵੇ।”
ਜਦੋਂ ਪੰਜਾਬੀ ਯੂਨੀਵਰਸਿਟੀ ਦੀ ਮੰਗ ਜੋਰ ਫੜਨ ਲੱਗੀ ਤਾਂ ਸਿੱਖ ਵੀ ਭਾਵੁਕ ਤੌਰ ਤੇ ਇਸ ਵਿਚ ਸ਼ਾਮਲ ਸਨ। ਸਿੱਖ ਸੰਸਥਾਵਾਂ ਪਹਿਲਾਂ ਹੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਚਨਬੱਧ ਸਨ ਅਤੇ ਉਹਨਾਂ ਦੇ ਹਰ ਇਕ ਏਜੰਡੇ ‘ਤੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਯਤਨ ਕੀਤੇ ਜਾ ਰਹੇ ਸਨ। 2 ਜੂਨ 1956 ਦੇ ਸਪੋਕਰਮੈਨ ਵੀਕਲੀ ਵਿਚ ਸਿੱਖਾਂ ਨੂੰ ਇਹ ਸੁਝਾਅ ਦਿੱਤਾ ਕਿ ਸਮੇਂ ਦੀਆਂ ਸਮੱਸਿਆਵਾਂ ਦੇ ਸਨਮੁਖ ਸਿੱਖਾਂ ਨੂੰ ਪੰਜ ਸਾਲਾ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਾਗ਼ਜ਼ੀ ਗੱਲਾਂ ਤੋਂ ਅੱਗੇ ਜਾ ਕੇ ਕੁੱਝ ਠੋਸ ਕਾਰਜ ਕਰਨੇ ਚਾਹੀਦੇ ਹਨ ਅਤੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਉਹਨਾਂ ਵਿਚੋਂ ਇਕ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਪੰਜਾਬੀ ਵਿਰੋਧੀਆਂ ਨੂੰ ਦਬਾਉਣ ਵਿਚ ਸਹਾਈ ਸਿੱਧ ਹੋਵੇਗੀ।
1957 ਵਿਚ ਸਰਦਾਰ ਸੁਰਜੀਤ ਸਿੰਘ ਮਜੀਠੀਆ ਜਦੋਂ ਦੂਜੀ ਵਾਰੀ ਡਿਪਟੀ ਡਿਫੈਂਸ ਮਨਿਸਟਰ ਬਣੇ ਤਾਂ ਚੀਫ਼ ਖਾਲਸਾ ਦੀਵਾਨ ਵਲੋਂ ਇਹਨਾਂ ਨੂੰ ਵਧਾਈ ਦੇਣ ਲਈ ਅੰਮ੍ਰਿਤਸਰ ਵਿਖੇ ਇਕ ਸ਼ਾਨਦਾਰ ਚਾਹ ਪਾਰਟੀ ਦਿੱਤੀ ਗਈ ਜਿਸ ਮੌਕੇ ਬੋਲਦਿਆਂ ਇਹਨਾਂ ਨੇ ਕਿਹਾ ਕਿ ਪੰਜਾਬੀ ਭਾਰਤ ਦੀਆਂ 14 ਜ਼ੁਬਾਨਾਂ ਵਿਚੋਂ ਇਕ ਹੈ, ਹਰ ਜ਼ੁਬਾਨ ਨੇ ਵਧਣਾ ਫੁਲਣਾ ਹੈ, ਹਰ ਜ਼ੁਬਾਨ ਦੇ ਵਧਣ ਫੁਲਣ ਦਾ ਤਅੱਲਕ ਉਸ ਦੀ ਆਪਣੀ ਯੂਨੀਵਰਸਿਟੀ ਦੀ ਹੋਂਦ ਨਾਲ ਲਾਜ਼ਮੀ ਹੁੰਦਾ ਹੈ। ਪੰਜਾਬੀ ਪੰਜਾਬ ਵਾਸੀ ਹਿੰਦੂ, ਸਿੱਖ, ਈਸਾਈ, ਮੁਸਲਮਾਨ ਸਭ ਦੀ ਜ਼ੁਬਾਨ ਹੈ, ਇਕੱਲੇ ਸਿੱਖਾਂ ਦੀ ਜ਼ੁਬਾਨ ਨਹੀਂ ਤੇ ਫਿਰ ਇਹ ਭਾਰਤ ਦੀਆਂ ਹੋਰਨਾਂ 13 ਜ਼ੁਬਾਨਾਂ ਵਾਂਗ ਇਕ ਖਾਸ ਜ਼ਬਾਨ ਬੀ ਹੈ। ਯੂਨੀਵਰਸਿਟੀ ਦਾ ਆਸ਼ਾ ਉੱਚਾ ਸੁਚਾ ਹੈ, ਇਸ ਦੀ ਪੂਰਣਤਾ ਲਈ ਸਾਨੂੰ ਸਭਨਾਂ ਨੂੰ ਮਿਲ ਕੇ ਉਦਮ ਕਰਨਾ ਚਾਹੀਦਾ ਹੈ। ਮੈਂ ਸੇਵਾ ਲਈ ਹਰ ਵੇਲੇ ਹਾਜ਼ਰ ਹਾਂ, ਜੋ ਕੁਝ ਬੀ ਕਰ ਸਕਾਂਗਾ ਆਪਣਾ ਫਰਜ਼ ਸਮਝ ਕੇ ਕਰਾਂਗਾ।
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਵਿਚ ਰਿਜਨਲ ਫਾਰਮੂਲੇ ਦਾ ਵੱਡਾ ਯੋਗਦਾਨ ਹੈ। 1956 ਵਿਚ ਭਾਸ਼ਾਈ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰ ਕੀਤੇ ਇਸ ਫਾਰਮੂਲੇ ਵਿਚ ਭਾਵੇਂ ਪੰਜਾਬੀ ਯੂਨੀਵਰਸਿਟੀ ਦਾ ਕੋਈ ਜ਼ਿਕਰ ਨਹੀਂ ਸੀ ਪਰ ਫਿਰ ਵੀ ਇਸ ਦੀਆਂ ਮੀਟਿੰਗਾਂ ਵਿਚ ਜੇ ਕੋਈ ਮਹੱਤਵਪੂਰਨ ਪ੍ਰਾਪਤੀ ਸਮਝੀ ਜਾ ਸਕਦੀ ਹੈ ਤਾਂ ਉਹ ਇਸ ਯੂਨੀਵਰਸਿਟੀ ਦੀ ਸਥਾਪਨਾ ਹੈ। ਪ੍ਰਤਾਪ ਸਿੰਘ ਕੈਰੋਂ ਦੀ ਵਜ਼ਾਰਤ ਵਿਚ ਗਿਆਨੀ ਕਰਤਾਰ ਸਿੰਘ ਰਿਜਨਲ ਫਾਰਮੂਲੇ ਦੇ ਕਰਤਾ-ਧਰਤਾ ਸਨ। ਇਸ ਸੰਬੰਧੀ ਹੋਈ ਇਕ ਮੀਟਿੰਗ ਵਿਚ ਉਹਨਾਂ ਨੇ ਇਹ ਵਿਚਾਰ ਪੇਸ਼ ਕੀਤਾ ਕਿ ਪੰਜਾਬੀ ਅਤੇ ਹਿੰਦੀ ਦੀ ਉੱਨਤੀ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਪੰਜਾਬੀ ਨੂੰ ਪੰਜਾਬ ਦੇ ਲੋਕਾਂ ਦੀ ਮੁੱਖ ਭਾਸ਼ਾ ਮੰਨਦੇ ਹੋਏ ਸਕੂਲ ਪੱਧਰ ’ਤੇ ਸਿੱਖਿਆ ਦਾ ਮਾਧਿਅਮ ਪੰਜਾਬੀ ਲਾਗੂ ਕਰਨ ਦਾ ਫੈਸਲਾ ਲਿਆ ਗਿਆ। ਇਸੇ ਸਮੇਂ ਗਿਆਨੀ ਕਰਤਾਰ ਸਿੰਘ ਦੇ ਇਕ ਨਿਕਟਵਰਤੀ ਸਾਥੀ ਸਰਦਾਰ ਰਾਮ ਦਿਆਲ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਕ ਯੂਨੀਵਰਸਿਟੀ ਦੀ ਸਥਾਪਨਾ ਵੀ ਕੀਤੀ ਜਾਵੇਗੀ। ਗਿਆਨੀ ਕਰਤਾਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਨੂੰ ਰਿਜਨਲ ਫਾਰਮੂਲੇ ਦੀ ਮੁੱਖ ਮੰਗ ਵੱਜੋਂ ਪੇਸ਼ ਕੀਤਾ। ਯੂਨੀਵਰਸਿਟੀ ਦੀ ਸਥਾਪਨਾ ਦੀ ਮੰਗ ਜਦੋਂ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਕੋਲ ਪੁੱਜੀ ਤਾਂ ਉਹਨਾਂ ਨੇ ਇਸ ਮੰਗ ਨੂੰ ਤੁਰੰਤ ਪ੍ਰਵਾਨ ਲਿਆ ਅਤੇ ਵਿਧਾਨ ਸਭਾ ਵਿਚ ਯੂਨੀਵਰਸਿਟੀ ਦੀ ਸਥਾਪਨਾ ਦਾ ਮਤਾ ਪਾਸ ਕਰ ਦਿੱਤਾ।
ਭਾਵੇਂ ਕਿ ਯੂਨੀਵਰਸਿਟੀ ਦੀ ਸਥਾਪਨਾ ਨੂੰ ਰਿਜਨਲ ਫਾਰਮੂਲੇ ਦੀ ਮੁੱਖ ਮੰਗ ਦੱਸਿਆ ਗਿਆ ਸੀ ਪਰ ਜਦੋਂ ਇਸ ਨੂੰ ਬਰੀਕੀ ਨਾਲ ਵਾਚਿਆ ਗਿਆ ਤਾਂ ਪਤਾ ਲੱਗਿਆ ਕਿ ਇਸ ਫਾਰਮੂਲੇ ਵਿਚ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦਾ ਕੋਈ ਜ਼ਿਕਰ ਨਹੀਂ ਸੀ। ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਜਦੋਂ ਇਸ ਸੰਬੰਧੀ ਗਿਆਨੀ ਕਰਤਾਰ ਸਿੰਘ ਨਾਲ ਗੱਲ ਕੀਤੀ ਤਾਂ ਗਿਆਨੀ ਜੀ ਨੇ ਕਿਹਾ ਕਿ ਰਿਜਨਲ ਫਾਰਮੂਲਾ ਭਾਸ਼ਾਈ ਮਸਲੇ ਹੱਲ ਕਰਨ ਲਈ ਹੋਂਦ ਵਿਚ ਆਇਆ ਹੈ ਅਤੇ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਗ਼ੈਰ ਪੰਜਾਬੀ ਦਾ ਵਿਕਾਸ ਕਿਵੇਂ ਸੰਭਵ ਹੈ। ਭਾਵੇਂ ਕਿ ਮੁੱਖ ਮੰਤਰੀ ਲਈ ਇਹ ਨਵਾਂ ਮਸਲਾ ਪੈਦਾ ਹੋ ਸਕਦਾ ਸੀ ਪਰ ਅੰਦਰੋਂ ਪੰਜਾਬੀ ਪ੍ਰੇਮੀ ਹੋਣ ਕਰ ਕੇ ਉਹਨਾਂ ਨੇ ਮਸਲੇ ਸੰਬੰਧੀ ਕੋਈ ਹੋਰ ਗੱਲ ਨਾ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਲਈ ਯਤਨ ਅਰੰਭ ਕਰ ਦਿੱਤੇ।
1960 ਵਿਚ ਪੰਜਾਬ ਸਰਕਾਰ ਨੇ ਇਕ ਆਦੇਸ਼ ਜਾਰੀ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਲਈ ਇਕ 12 ਮੈਂਬਰੀ ਕਮਿਸ਼ਨ ਦਾ ਗਠਨ ਕਰ ਦਿੱਤਾ ਜਿਸ ਦੇ ਚੇਅਰਮੈਨ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਨ ਅਤੇ ਪ੍ਰੋ. ਹਰਬੰਸ ਸਿੰਘ ਨੂੰ ਇਸਦਾ ਮੈਂਬਰ-ਸਕੱਤਰ ਨਿਯੁਕਤ ਕੀਤਾ ਗਿਆ ਜਿਹੜੇ ਕਿ ਬਾਅਦ ਵਿਚ ਇਸ ਯੂਨੀਵਰਸਿਟੀ ਦੇ ਫਾਊਂਡਰ ਰਜਿਸਟਰਾਰ ਬਣੇ ਅਤੇ ਦ ਇਨਸਾਈਕਲੋਪੀਡੀਆ ਆਫ਼ ਸਿੱਖਿਜ਼ਮ ਇਹਨਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਵਿਚੋਂ ਪ੍ਰਮੁੱਖ ਹੈ। ਇਹਨਾਂ ਤੋਂ ਇਲਾਵਾ ਭਾਈ ਜੋਧ ਸਿੰਘ, ਸਰਦਾਰ ਹੁਕਮ ਸਿੰਘ, ਸਰਦਾਰ ਉੱਜਲ ਸਿੰਘ, ਮਲਿਕ ਹਰਦਿੱਤ ਸਿੰਘ, ਡਾ. ਏ.ਸੀ. ਜੋਸ਼ੀ, ਡਾ. ਅਨੂਪ ਸਿੰਘ, ਡਾ. ਪੀ.ਐਸ. ਗਿੱਲ, ਹਰਦਵਾਰੀ ਲਾਲ ਆਦਿ ਮੈਂਬਰ ਇਸ ਕਮਿਸ਼ਨ ਵਿਚ ਸ਼ਾਮਲ ਸਨ।
ਇਸ ਕਮਿਸ਼ਨ ਦੇ ਗਠਨ ਸੰਬੰਧੀ ਜਾਣਕਾਰੀ ਪ੍ਰਦਾਨ ਕਰਦੇ ਹੋਏ ਪ੍ਰੋ. ਹਰਬੰਸ ਸਿੰਘ ਦੱਸਦੇ ਹਨ ਕਿ ਅਸੈਂਬਲੀ ਵਿਚ ਪੰਜਾਬੀ ਯੂਨੀਵਰਸਿਟੀ ਦਾ ਮਤਾ ਪਾਸ ਹੋਣ ਤੋਂ ਕੁੱਝ ਦਿਨ ਪਿਛੋਂ ਮਹਾਰਾਜਾ ਯਾਦਵਿੰਦਰ ਸਿੰਘ ਦੀ ਮਾਤਾ ਜੀ ਦੇ ਭੋਗ ’ਤੇ ਮੁੱਖ ਮੰਤਰੀ ਅਤੇ ਉਹਨਾਂ ਦੇ ਸਾਥੀ ਵਜ਼ੀਰ ਪਟਿਆਲਾ ਆਏ ਤਾਂ ਉਹਨਾਂ ਮਹਾਰਾਜੇ ਨੂੰ ਦੱਸਿਆ ਕਿ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਕਮਿਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਤੁਸੀਂ ਇਸ ਦਾ ਚੇਅਰਮੈਨ ਬਣਨਾ ਮਨਜ਼ੂਰ ਕਰੋ ਜਿਸ ਨੂੰ ਮਹਾਰਾਜੇ ਨੇ ਤੁਰੰਤ ਪ੍ਰਵਾਨ ਕਰ ਲਿਆ।
ਪੰਜਾਬੀ ਯੂਨੀਵਰਸਿਟੀ ਕਮਿਸ਼ਨ ਦੇ ਗਠਨ ਨਾਲ ਹੀ ਇਹ ਚਰਚਾ ਜੋਰ ਫੜ ਗਈ ਕਿ ਇਹ ਯੂਨੀਵਰਸਿਟੀ ਕਿਥੇ ਸਥਾਪਤ ਕੀਤੀ ਜਾਵੇ। ਪਟਿਆਲਾ, ਅੰਮ੍ਰਿਤਸਰ ਜਾਂ ਕਿਸੇ ਹੋਰ ਸ਼ਹਿਰ ਵਿਚ ਇਸ ਯੂਨੀਵਰਸਿਟੀ ਦੀ ਸਥਾਪਨਾ ਦੀ ਚਰਚਾ ਹੋਣ ਲੱਗੀ। ਪਟਿਆਲਾ ਦੇ ਵਸਨੀਕਾਂ ਨੇ ਇਕ 20 ਮੈਂਬਰੀ ਕਮੇਟੀ ਬਣਾਈ ਜਿਸ ਦਾ ਇਹ ਯਤਨ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਣੇ। ਇਸ ਸਮੇਂ ਡਾ. ਗੰਡਾ ਸਿੰਘ ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਸਨ। ਇਸ ਕਮੇਟੀ ਨੇ ਉਹਨਾਂ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਪਟਿਆਲਾ ਯੂਨੀਵਰਸਿਟੀ ਦੀਆਂ ਸਮੂਹ ਲੋੜਾਂ ਦੀ ਪੂਰਤੀ ਕਰਦਾ ਹੈ। ਇਥੇ ਸੋਲਾਂ ਕਾਲਜ, ਸੱਤ ਲਾਇਬ੍ਰੇਰੀਆਂ ਅਤੇ ਬਹੁਤ ਸਾਰੇ ਹਾਈ ਸਕੂਲ ਮੌਜੂਦ ਹਨ। ਪੰਜਾਬੀ, ਭਾਸ਼ਾ ਅਤੇ ਸਭਿਆਚਾਰ ਦੀ ਖੋਜ ਨਾਲ ਸੰਬੰਧਿਤ ਬਹੁਤ ਸਾਰੇ ਖਰੜੇ ਇਸ ਸ਼ਹਿਰ ਵਿਚ ਮੌਜੂਦ ਹਨ ਜਿਹੜੇ ਕਿ ਖੋਜ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਸਹਾਈ ਹੋਣਗੇ। ਪਟਿਆਲੇ ਵਾਲੇ ਯਤਨ ਕਰ ਰਹੇ ਸਨ ਕਿ ਇਹ ਯੂਨੀਵਰਸਿਟੀ ਇਸੇ ਸ਼ਹਿਰ ਵਿਚ ਸਥਾਪਤ ਹੋਣੀ ਚਾਹੀਦੀ ਹੈ। ਭਾਵੇਂ ਕਿ ਮਹਾਰਾਜਾ ਯਾਦਵਿੰਦਰ ਸਿੰਘ ਤੱਕ ਇਹ ਗੱਲ ਪੁੱਜ ਗਈ ਸੀ ਪਰ ਉਹ ਤਾਂ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਤ ਕਰਨ ਦੇ ਹਾਮੀ ਸਨ।
13 ਫਰਵਰੀ 1961 ਨੂੰ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਜਿਸ ਵਿਚ ਦੋ ਗੱਲਾਂ ਪ੍ਰਮੁਖਤਾ ਨਾਲ ਉਜਾਗਰ ਕੀਤੀਆਂ ਗਈਆਂ ਕਿ ਇਕ ਤਾਂ ਇਹ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਤ ਕੀਤੀ ਜਾਵੇਗੀ ਕਿਉਂਕਿ ਇਹ ਇਕ ਅਜਿਹੀ ਥਾਂ ਹੈ ਜਿੱਥੇ ਬਹੁਤ ਸਾਰੀਆਂ ਵਿੱਦਿਅਕ ਸਹੂਲਤਾਂ ਪਹਿਲਾਂ ਹੀ ਮੌਜੂਦ ਹਨ ਅਤੇ ਦੂਜਾ ਇਹ ਕਿ ਇਸ ਵਿਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਹਿਉਮੈਨਿਟੀਜ਼ ਅਤੇ ਸਾਇੰਸ ਦੇ ਵਿਸ਼ੇ ਵੀ ਪੜ੍ਹਾਏ ਜਾਣਗੇ। ਸਰਕਾਰ ਨੇ ਕਮਿਸ਼ਨ ਦਾ ਸੁਝਾਅ ਪ੍ਰਵਾਨ ਕਰਦੇ ਹੋਏ 1961 ਵਿਚ ਪੰਜਾਬੀ ਯੂਨੀਵਰਸਿਟੀ ਦੀ ਪਟਿਆਲਾ ਵਿਖੇ ਸਥਾਪਨਾ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅਤੇ ਇਸੇ ਸਾਲ 1 ਨਵੰਬਰ 1961 ਨੂੰ ਪੰਜਾਬ ਦੇ ਗਵਰਨਰ ਨੇ ਇਸ ਯੂਨੀਵਰਸਿਟੀ ਦੇ ਐਕਟ ‘ਤੇ ਆਪਣੀ ਮੋਹਰ ਲਗਾ ਦਿੱਤੀ।
30 ਅਪ੍ਰੈਲ 1962 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਰਾਂਦਰੀ ਪੈਲੇਸ ਵਿਖੇ ਅਰੰਭ ਕਰ ਦਿੱਤੀ ਗਈ। 24 ਜੂਨ 1962 ਨੂੰ ਭਾਰਤ ਦੇ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਨੇ ਇਸ ਦਾ ਵਿਧੀਵਤ ਉਦਘਾਟਨ ਕਰਦੇ ਹੋਏ ਕਿਹਾ ਕਿ, “ਇਹ ਯੂਨੀਵਰਸਿਟੀ ਭਾਸ਼ਾ ਦੇ ਆਧਾਰ ‘ਤੇ ਬਣੀ ਹੈ।... ਇਸ ਯੂਨੀਵਰਸਿਟੀ ਦਾ ਉਦੇਸ਼ ਕੇਵਲ ਪੰਜਾਬੀ ਦਾ ਵਿਕਾਸ ਹੀ ਨਹੀਂ ਹੈ ਬਲਕਿ ਇਥੇ ਸਾਇੰਸ ਅਤੇ ਹਿਉਮੈਨਿਟੀਜ਼ ਦੇ ਨਾਲ-ਨਾਲ ਉਚੇਰੀ ਸਿੱਖਿਆ ਅਤੇ ਖੋਜ ਨੂੰ ਅੱਗੇ ਲਿਜਾਣ ਲਈ ਵੀ ਯਤਨ ਕੀਤੇ ਜਾਣੇ ਹਨ।” ਰਾਸ਼ਟਰਪਤੀ ਤੋਂ ਇਲਾਵਾ ਪੰਜਾਬ ਦੇ ਗਵਰਨਰ ਸ੍ਰੀ ਐਨ.ਵੀ ਗਾਡਗਿਲ, ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ, ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਭਾਈ ਜੋਧ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਯੂਨੀਵਰਸਿਟੀ ਦੀ ਸਥਾਪਨਾ ਦੇ ਇਸ ਸਫ਼ਰ ਦੌਰਾਨ ਪੰਜਾਬ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਜਿਹੜੇ ਇਹ ਮਹਿਸੂਸ ਕਰਦੇ ਸਨ ਕਿ ਜੇਕਰ ਆਪਣੀ ਮਾਤ-ਭਾਸ਼ਾ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਵਿੱਦਿਆ ਦਾ ਮਿਆਰ ਉੱਚਾ ਹੋਣਾ ਚਾਹੀਦਾ ਹੈ ਜਿਹੜਾ ਕਿ ਖੋਜ ਕਾਰਜਾਂ ਰਾਹੀਂ ਸੁਚਾਰੂ ਰੂਪ ਵਿਚ ਅੱਗੇ ਵਧਾਇਆ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀਆਂ ਦੀ ਇਸ ਇੱਛਾ ਨੂੰ ਪੂਰਾ ਕਰਨ ਵਿਚ ਬਣਦਾ ਯੋਗਦਾਨ ਪਾਇਆ ਹੈ ਜਿਸਦੇ ਸਿੱਟੇ ਵਜੋਂ ਕੋਸ਼, ਇਨਸਾਈਕਲੋਪੀਡਆ, ਡਿਕਸ਼ਨਰੀਆਂ, ਪਾਠ ਪੁਸਤਕਾਂ, ਹਵਾਲਾ ਪੁਸਤਕਾਂ, ਅਨੁਵਾਦ ਕਾਰਜ ਆਦਿ ਸਾਹਮਣੇ ਆਏ ਹਨ। ਇਸ ਦ੍ਰਿਸ਼ਟੀ ਤੋਂ ਪੰਜਾਬੀ ਯੂਨੀਵਰਸਿਟੀ ਆਪਣਾ ਸਥਾਪਨਾ ਦਿਵਸ ਮਨਾਉਂਦਿਆਂ ਖ਼ੁਸ਼ੀ ਮਹਿਸੂਸ ਕਰ ਰਹੀ ਹੈ।
ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
Comments (0)