ਨਸ਼ਾ ਤਸਕਰੀ ਦੇ ਬਹੁਚਰਚਿਤ ਮਾਮਲੇ 'ਚ ਜਗਦੀਸ਼ ਭੋਲਾ ਨੂੰ 12 ਸਾਲ ਦੀ ਸਜ਼ਾ

 ਨਸ਼ਾ ਤਸਕਰੀ ਦੇ ਬਹੁਚਰਚਿਤ ਮਾਮਲੇ 'ਚ ਜਗਦੀਸ਼ ਭੋਲਾ ਨੂੰ 12 ਸਾਲ ਦੀ ਸਜ਼ਾ

ਮੋਹਾਲੀ: ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਅਤੇ ਅੰਤਰਰਾਸ਼ਟਰੀ ਪਹਿਲਵਾਨ ਤੇ ਅਰਜੁਨ ਅਵਾਰਡੀ ਜਗਦੀਸ਼ ਭੋਲਾ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਦੋਸ਼ੀ ਐਲਾਨ ਦਿੱਤਾ ਹੈ। ਭੋਲਾ ਤੋਂ ਇਲਾਵਾ 22 ਹੋਰ ਦੋਸ਼ੀਆਂ ਨੂੰ ਦੋਸ਼ੀ ਐਲਾਨਿਆ ਗਿਆ ਹੈ। ਇਹਨਾਂ ਸਾਰਿਆਂ ਨੂੰ ਨਸ਼ਾ ਤਸਕਰੀ ਦੇ ਬਹੁ-ਕਰੋੜੀ ਵਪਾਰ ਵਾਲੇ ਗਿਰੋਹ ਨਾਲ ਸਬੰਧਿਤ ਤਿੰਨ ਮਾਮਲਿਆਂ ਵਿਚ ਸਜ਼ਾ ਸੁਣਾਈ ਗਈ ਹੈ। 

3 ਮਾਰਚ, 2013 ਨੂੰ ਕੈਨੇਡੀਅਨ ਅਨੂਪ ਕਾਹਲੋਂ ਦੀ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰੀ ਨਾਲ ਇਸ ਮਾਮਲੇ ਦੀ ਸ਼ੁਰੂਆਤ ਹੋਈ ਸੀ। ਉਸ ਤੋਂ ਬਾਅਦ 12 ਨਵੰਬਰ, 2013 ਨੂੰ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 

ਅਦਾਲਤ ਨੇ ਭੋਲਾ ਨੂੰ ਮੰਡੀ ਗੋਬਿੰਦਗੜ੍ਹ, ਬਨੂੜ ਅਤੇ ਸਰਹਿੰਦ ਵਿਖੇ ਦਰਜ ਮਾਮਲਿਆਂ ਵਿਚ ਕ੍ਰਮਵਾਰ 12 ਸਾਲ, 10 ਸਾਲ ਅਤੇ 2 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਭੋਲਾ 'ਤੇ 2.2 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਇਸ ਤੋਂ ਇਲਾਵਾ ਪਟਿਆਲਾ ਅਤੇ ਸਰਹਿੰਦ ਵਿਖੇ ਦਰਜ ਦੋ ਮਾਮਲਿਆਂ ਵਿਚ ਭੋਲਾ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। 

ਭੋਲਾ ਤੋਂ ਇਲਾਵਾ ਅਨੂਪ ਕਾਹਲੋਂ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕਾਹਲੋਂ ਦੇ ਰਿਸ਼ਤੇਦਾਰ ਕੁਲਵਿੰਦਰ ਰੌਕੀ ਨੂੰ 12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਰੌਕੀ ਦੇ ਪਿਓ ਕੁਲਦੀਪ ਸਿੰਘ ਅਤੇ ਇਕ ਹੋਰ ਰਿਸ਼ਤੇਦਾਰ ਨੂੰ ਇਕ ਸਾਲ ਲਈ ਜ਼ੇਲ੍ਹ ਭੇਜਿਆ ਗਿਆ ਹੈ। 

ਇਕ ਹੋਰ ਦੋਸ਼ੀ ਸਤਿੰਦਰ ਧਾਮਾ ਨੂੰ ਦੋ ਵੱਖ-ਵੱਖ ਮਾਮਲਿਆਂ ਵਿਚ ਕ੍ਰਮਵਾਰ 15 ਸਾਲ, 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਗਜੀਤ ਸਿੰਘ ਚਹਿਲ, ਬਲਜਿੰਦਰ ਸਿੰਘ ਉਰਫ ਸੋਨੂ ਅਤੇ ਸਰਬਜੀਤ ਸਿੰਘ ਸਾਬਾ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਪੰਜਾਬ ਵਿਚ ਨਸ਼ਾ ਤਸਕਰੀ ਨਾਲ ਸਬੰਧਿਤ ਇਹ ਮਾਮਲਾ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਮਾਮਲੇ ਵਿਚ ਕਈ ਵੱਡੇ ਰਾਜਨੀਤਕ ਅਤੇ ਵਪਾਰਕ ਨਾਂ ਵੀ ਸਾਹਮਣੇ ਆਏ ਸਨ। 

ਜਨਵਰੀ 2018 ਵਿਚ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਜਗਦੀਸ਼ ਭੋਲਾ ਸਮੇਤ 13 ਦੋਸ਼ੀਆਂ ਖਿਲਾਫ ਦੋਸ਼ ਤੈਅ ਕੀਤੇ ਸਨ। ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਜਾਂਚ ਵਿਚ ਸਾਹਮਣੇ ਆਇਆ ਕਿ ਨਸ਼ਾ ਤਸਕਰੀ ਦੇ ਇਸ ਰੈਕੇਟ ਵਿਚ ਕਈ ਕਰੋੜ ਰੁਪਏ ਦਾ ਵਪਾਰ ਚੱਲ ਰਿਹਾ ਸੀ। 

ਇਸ ਮਾਮਲੇ ਵਿਚ ਪੰਜਾਬ ਪੁਲਿਸ ਨੇ ਦੋਸ਼ੀਆਂ ਕੋਲੋਂ ਕਈ ਤਰ੍ਹਾਂ ਦੇ ਨਸ਼ੇ ਅਤੇ 1,91,64,800 ਕਰੋੜ ਦੀ ਭਾਰਤੀ ਕਰੰਸੀ, ਵਿਦੇਸ਼ੀ ਕਰੰਸੀ, ਹਥਿਆਰ ਅਤੇ ਮਹਿੰਗੀਆਂ ਕਾਰਾਂ ਫੜ੍ਹਨ ਦਾ ਦਾਅਵਾ ਕੀਤਾ ਹੈ।