ਦਿੱਲੀ ਵਿਚ ਹਮਲਾਵਰਾਂ ਕੋਲੋਂ ਭਰਾ ਨੂੰ ਬਚਾਉਂਦੇ ਸਮੇਂ 2 ਭੈਣਾਂ ਹਮਲਾਵਰਾਂ ਦੀਆਂ ਗੋਲੀਆਂ ਨਾਲ ਹਲਾਕ

ਦਿੱਲੀ ਵਿਚ ਹਮਲਾਵਰਾਂ ਕੋਲੋਂ ਭਰਾ ਨੂੰ ਬਚਾਉਂਦੇ ਸਮੇਂ 2 ਭੈਣਾਂ ਹਮਲਾਵਰਾਂ ਦੀਆਂ ਗੋਲੀਆਂ ਨਾਲ ਹਲਾਕ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ-ਦਿੱਲੀ ਦੇ ਆਰ.ਕੇ. ਪੁਰਮ ਥਾਣਾ ਖੇਤਰ 'ਚ ਸਥਿਤ ਅੰਬੇਡਕਰ ਬਸਤੀ ਵਿਚ ਬੀਤੇ ਐਤਵਾਰ ਤੜਕੇ 2 ਦਰਜਨ ਤੋਂ ਜ਼ਿਆਦਾ ਹਮਾਲਵਰਾਂ ਨੇ ਇਕ ਨੌਜਵਾਨ 'ਤੇ ਕਈ ਗੋਲੀਆਂ ਚਲਾਈਆਂ । ਇਸ ਘਟਨਾ ਵਿਚ ਨੌਜਵਾਨ ਨੂੰ ਬਚਾਉਂਦੇ ਸਮੇਂ ਉਸ ਦੀਆਂ ਦੋ ਭੈਣਾਂ ਪਿੰਕੀ (30) ਤੇ ਜਯੋਤੀ (29) ਨੂੰ ਗੋਲੀ ਲੱਗ ਗਈ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਦੋਵਾਂ ਦੀ ਮੌਤ ਹੋ ਗਈ ।ਥਾਣਾ ਸਦਰ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਪੀੜਤਾਂ ਦੇ ਇਕ ਭਰਾ ਲਾਲ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਲਲਿਤ ਨੇ ਕਿਸੇ ਨੂੰ ਕਰਜ਼ ਵਜੋਂ ਪੈਸੇ ਦਿੱਤੇ ਸਨ ਤੇ ਇਸ ਨੂੰ ਲੈ ਕੇ ਮੁਲਜ਼ਮ ਤੇ ਹੋਰਾਂ ਨਾਲ ਤਿੱਖੀ ਬਹਿਸ ਹੋਈ ਸੀ । ਉਸ ਨੇ ਕਿਹਾ ਕਿ ਐਤਵਾਰ ਕਰੀਬ ਦੁਪਹਿਰ 2 ਵਜੇ ਜਦੋਂ ਉਹ ਸੌਂ ਰਹੇ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ । ਲਾਲ ਨੇ ਦੱਸਿਆ ਕਿ ਕਿਸੇ ਘਟਨਾ ਦੇ ਵਾਪਰਨ ਦੇ ਡਰ ਕਾਰਨ ਉਨ੍ਹਾਂ ਨੇ ਉਸੇ ਗਲੀ ਵਿਚ ਰਹਿੰਦੀਆਂ ਆਪਣੀਆਂ ਭੈਣਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਬੁਲਾ ਲਿਆ । ਏਨੇ ਨੂੰ ਇਹ ਹਮਲਾਵਰ ਉਥੋਂ ਚਲੇ ਗਏ ।ਲਾਲ ਨੇ ਦੱਸਿਆ ਕਿ ਇਹ ਹਮਲਾਵਰ ਫਿਰ ਪਿਸਤੌਲਾਂ ਨਾਲ ਲੈੱਸ ਹੋ ਕੇ ਆਏ ਤੇ ਇਨ੍ਹਾਂ ਨੇ ਮੇਰੇ ਭਰਾ ਨੂੰ ਨਿਸ਼ਾਨਾ ਬਣਾਇਆ, ਪਰ ਤੁਰੰਤ ਮੇਰੀਆਂ ਭੈਣਾਂ ਬਚਾਅ ਕਰਦਿਆਂ ਵਿਚਾਲੇ ਆ ਗਈਆਂ ਤੇ ਹਮਲਾਵਰਾਂ ਨੇ ਉਨ੍ਹਾਂ ਦੇ ਗੋਲੀਆਂ ਮਾਰ ਦਿੱਤੀਆਂ ਅਤੇ ਦੌੜ ਗਏ ।ਡੀ.ਸੀ.ਪੀ. ਮਨੋਜ ਸੀ. ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚਲਦਾ ਹੈ ਕਿ ਹਮਲਾਵਰ ਪੀੜਤਾਂ ਦੇ ਭਰਾ ਨੂੰ ਮਾਰਨਾ ਚਾਹੁੰਦੇ ਸਨ ਤੇ ਇਸ ਪਿੱਛੇ ਪੈਸੇ ਦੇ ਲੈਣ-ਦੇਣ ਦਾ ਝਗੜਾ ਜਾਪਦਾ ਹੈ ।ਇਸ ਮਾਮਲੇ ਵਿਚ ਕੇਸ ਦਰਜ ਕਰਕੇ ਮੁੱਖ ਮੁਲਜ਼ਮ ਤੇ ਉਸ ਦੇ ਦੋ ਸਾਥੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ।ਮੁਲਜ਼ਮਾਂ ਦੀ ਪਛਾਣ ਅਰੁਨ, ਮਿਸ਼ੇਲ ਤੇ ਦੇਵ ਵਜੋਂ ਹੋਈ ਹੈ ।