ਅਮਰੀਕਾ ਵਿਚ ਇਕ ਘਰ ਵਿਚੋਂ ਚਲਾਈਆਂ ਗੋਲੀਆਂ ਨਾਲ 2 ਪੁਲਿਸ ਅਫਸਰ ਹੋਏ ਜ਼ਖਮੀ

ਅਮਰੀਕਾ ਵਿਚ ਇਕ ਘਰ ਵਿਚੋਂ ਚਲਾਈਆਂ ਗੋਲੀਆਂ ਨਾਲ 2 ਪੁਲਿਸ ਅਫਸਰ ਹੋਏ ਜ਼ਖਮੀ
ਕੈਪਸ਼ਨ ਅਮਰੀਕਾ ਦੇ ਸ਼ਹਿਰ ਫਿਲਾਡੈਲਫੀਆ ਨੇੜੇ ਸ਼ੱਕੀ ਵੱਲੋਂ ਲਾਈ ਅੱਗ ਉਪਰੰਤ ਸੜ ਰਿਹਾ ਘਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਪੈਨੀਸਿਲਵਾਨੀਆ ਰਾਜ ਵਿਚ ਫਿਲਾਡੈਲਫੀਆ ਸ਼ਹਿਰ ਦੇ ਨੇੜੇ ਇਕ ਘਰ ਵਿਚੋਂ ਚਲਾਈਆਂ ਗੋਲੀਆਂ ਨਾਲ 2 ਪੁਲਿਸ ਅਫਸਰਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਡੇਲਾਵੇਅਰ ਕਾਊਂਟੀ ਦੇ ਲਾਅ ਇਨਫੋਰਸਮੈਂਟ ਸੂਤਰਾਂ ਅਨੁਸਾਰ ਇਕ ਵਿਅਕਤੀ ਵੱਲੋਂ ਘਰ ਵਿਚ ਆਪਣੇ ਆਪ ਨੂੰ ਬੰਦ ਕਰ ਲੈਣ ਤੇ ਅੰਦਰੋਂ ਗੋਲੀਆਂ ਚਲਾਉਣ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ ਉਪਰ ਪੁੱਜੀ। ਡੇਲਾਵੇਅਰ ਕਾਊਂਟੀ ਡਿਸਟ੍ਰਿਕਟ ਅਟਾਰਨੀ ਜੈਕ ਸਟੋਲਸਟੀਮਰ ਅਨੁਸਾਰ ਕਿਸੇ ਵੱਲੋਂ ਫੋਨ ਕਰਨ 'ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਉਨਾਂ ਉਪਰ ਘਰ ਵਿਚੋਂ ਕਿਸੇ ਨੇ ਗੋਲੀ ਚਲਾ ਦਿੱਤੀ। ਬਾਅਦ ਵਿਚ ਉਸ ਵੇਲੇ ਹਾਲਾਤ ਗੰਭੀਰ ਹੋ ਗਏ ਜਦੋਂ ਅੰਦਰ ਮੌਜੂਦ ਵਿਅਕਤੀ ਨੇ ਘਰ ਨੂੰ ਅੱਗ ਲਾ ਦਿੱਤੀ। ਅੱਗ ਨਾਲ ਘਰ ਪੂਰੀ ਤਰਾਂ ਸੜ ਗਿਆ। ਉਨਾਂ ਕਿਹਾ ਕਿ ਅੱਗ ਬੁਝਾ ਦਿੱਤੀ ਗਈ ਹੈ ਪਰੰਤੂ ਅਜੇ ਇਹ ਸਪਸ਼ਟ ਨਹੀਂ ਹੈ ਕਿ ਅੰਦਰ ਮੌਜੂਦ ਵਿਅਕਤੀ ਮਾਰਿਆ ਗਿਆ ਹੈ ਜਾਂ ਜੀਂਦਾ ਹੈ। ਇਹ ਵੀ ਸ਼ੱਕ ਕੀਤਾ ਜਾਂਦਾ ਹੈ ਕਿ ਘਟਨਾ ਵਿਚ ਇਕ 11 ਸਾਲਾਂ ਦਾ ਬੱਚਾ ਸ਼ਾਮਿਲ ਹੈ ਹਾਲਾਂ ਕਿ ਪੁਲਿਸ ਨੇ ਇਸ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ। ਗੋਲੀਬਾਰੀ ਵਿਚ ਜ਼ਖਮੀ ਹੋਏ ਪੁਲਿਸ ਅਫਸਰਾਂ ਦੀ ਹਾਲਤ ਸਥਿੱਰ ਦਸੀ ਜਾਂਦੀ ਹੈ। ਮਾਮਲਾ ਅਜੇ ਜਾਂਚ ਅਧੀਨ ਹੈ।