ਪੰਜਾਬ ਦੇ ਨਿਕਾਸੀ ਢਾਂਚੇ (ਡਰੇਨਾਂ) ਦੇ ਪ੍ਰਦੂਸ਼ਣ ਤੇ ਅਹਿਮ ਚਰਚਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੁਧਿਆਣਾ : 9 ਫਰਵਰੀ: , ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਲੰਮੇ ਸਮੇਂ ਤੋਂ ਚਰਚਾ ‘ਚ ਹੈ । ਬਹੁਤੇ ਪੰਜਾਬ ਵਾਸੀ ਬੁੱਢੇ ਦਰਿਆ ਦੇ ਪ੍ਰਦੂਸ਼ਣ ਤੋਂ ਜਾਣੂ ਵੀ ਹਨ । ਬੁੱਢੇ ਦਰਿਆ ਤੋਂ ਇਲਾਵਾ ਪੰਜਾਬ ‘ਚ ਕਈ ਅਜਿਹੀਆਂ ਡਰੇਨਾਂ ਹਨ, ਜਿਨ੍ਹਾਂ ਚ ਪ੍ਰਦੂਸ਼ਣ ਦਾ ਪੱਧਰ ਬੁੱਢੇ ਦਰਿਆ ਵਰਗਾ ਹੀ ਹੈ । ਡਰੇਨਾਂ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਸਮਝਣ ਅਤੇ ਇਸਦੇ ਹੱਲ ਲੱਭਣ ਲਈ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਇੱਕ ਅਹਿਮ ਚਰਚਾ ਕਰਵਾਈ ਗਈ ।
ਇਸ ਚਰਚਾ ‘ਚ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਅਤੇ ਹੈਦਰਾਬਾਦ ਦੀ ਸੰਸਥਾ ਰੂਬਰੂ ਕਾਲਜ ਦੀਆਂ ਮੁੱਖ ਸਹਿਯੋਗੀ ਰਹੀਆਂ । ਮਸਲੇ ਦੀ ਗੰਭੀਰਤਾ ਬਾਰੇ ਦੱਸਦਿਆਂ ਚਰਚਾ ਸੰਚਾਲਕ ਪ੍ਰੋ. ਸੁਖਜੀਤ ਸਿੰਘ ਨੇ ਦੱਸਿਆ ਕਿ ਬੁੱਢੇ ਦਰਿਆ ਤੋਂ ਇਲਾਵਾ ਕਾਲਾ ਸੰਘਿਆਂ ਡਰੇਨ, ਚਿੱਟੀ ਵੇਈਂ, ਕਾਲੀ ਵੇਈਂ, ਭੱਟੀਆਂ ਡਰੇਨ ਅਤੇ ਲਸਾੜਾ ਡਰੇਨ ਚ ਪਾਣੀ ਦਾ ਪ੍ਰਦੂਸ਼ਣ ਵੀ ਖ਼ਤਰਨਾਕ ਪੱਧਰ ਤੇ ਹੈ । ਓਹਨਾਂ ਗੰਦੇ ਪਾਣੀ ਨੂੰ ਸੋਧਣ ਲਈ ਸਰਕਾਰੀ ਮਸੀਨਰੀ, ਨੀਤੀ ਅਤੇ ਪ੍ਰਬੰਧਾਂ ਦੇ ਨੁਕਸਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ । ਵਾਤਾਵਰਣ ਮਾਹਿਰ ਪ੍ਰੋ. ਪੁਨੀਤਪਾਲ ਸਿੰਘ ਨੇ ਦੱਸਿਆ ਕਿ ਬੁੱਢੇ ਦਰਿਆ ਦੁਆਰਾ ਧਰਤੀ ਹੇਠਲਾ ਪਾਣੀ ਵੀ 100 ਫੁੱਟ ਤੱਕ ਗੰਧਲਾ ਕੀਤਾ ਜਾ ਚੁੱਕਾ ਹੈ ।
ਓਹਨਾਂ ਦੱਸਿਆ ਕਿ ਬੁੱਢੇ ਦਰਿਆ ਦੁਆਲੇ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਅਤੇ ਹੋਰ ਉਪਜਾਂ ਚ ਭਾਰੀਆਂ ਧਾਤਾਂ ਦੇ ਤੱਤ ਮਿਲਣ ਲੱਗੇ ਹਨ । ਪੀ. ਏ. ਸੀ. ਮੈਂਬਰ ਜਸਕੀਰਤ ਸਿੰਘ ਅਤੇ ਕਪਿਲ ਅਰੋੜਾ ਨੇ ਕਨੂੰਨੀ ਨੁਕਤੇ ਸਾਂਝੇ ਕਰਦਿਆਂ ਇਹ ਦੱਸਿਆ ਕਿ ਕਾਨੂੰਨ ਦੀਆਂ ਕਿਹੜੀਆਂ - ਕਿਹੜੀਆਂ ਮੱਦਾਂ ਤਹਿਤ ਸਰਕਾਰ ਅਤੇ ਪ੍ਰਸ਼ਾਸ਼ਨ ਅਤੇ ਪਾਣੀ ਗੰਦਾ ਕਰਨ ਵਾਲੇ ਮੁਜ਼ਰਿਮ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਹੈ । ਸਿੱਖ ਚਿੰਤਕ ਅਤੇ ਮੀਡੀਆ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਬੀਤੇ ਸਮੇਂ ਚ ਡਰੇਨਾਂ ਦੇ ਪ੍ਰਦੂਸ਼ਣ ਨੂੰ ਲੈਕੇ ਹੋਏ ਲੋਕ ਉੱਦਮਾਂ, ਨਤੀਜੇ ਅਤੇ ਇਸ ਸਬੰਧੀ ਸਿਆਸੀ ਰੁਝਾਨਾਂ ਦੀ ਗੱਲ ਨੂੰ ਵਿਸਥਾਰ ‘ਚ ਰੱਖਿਆ । ਪ੍ਰੋ. ਰਾਜਵੀਰ ਕੌਰ ਅਤੇ ਪ੍ਰੋ. ਪੁਨੀਤਪਾਲ ਸਿੰਘ ਚੀਮਾਂ ਨੇ ਪਾਣੀ ਸੋਧਣ ਦੀਆਂ ਵਿਧੀਆਂ ਬਾਰੇ ਵੀ ਗੱਲਬਾਤ ਸਾਂਝੀ ਕੀਤੀ ।
ਪਾਣੀ ਦੀ ਪਵਿੱਤਰਤਾ ਦੀ ਪੁਨਰ ਸੁਰਜੀਤੀ ਲਈ ਮਾਹਿਰਾਂ ਅਤੇ ਸ੍ਰੋਤਿਆਂ ਇਹ ਰਾਇ ਬਣਾਈ ਕਿ ਇਸ ਮਸਲੇ ਚ ਸਭ ਨੂੰ ਜ਼ਿੰਮੇਵਾਰੀ ਪਛਾਣ ਕੇ ਜਾਗਰੂਕ ਹੋਣ ਦੀ ਲੋੜ ਹੈ । ਜਾਗਰੂਕ ਹੋ ਕੇ ਸਾਂਝੇ ਉੱਦਮ ਨਾਲ ਮਸਲੇ ਦੇ ਹੱਲ ਦੇ ਨੁਕਤੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ ।
Comments (0)