ਉਜ਼ਬੇਕ ਨਾਗਰਿਕ ਉਤੇ ਅਤਿਵਾਦ ਨਾਲ ਸਬੰਧਤ ਦੋਸ਼ ਆਇਦ

ਉਜ਼ਬੇਕ ਨਾਗਰਿਕ ਉਤੇ ਅਤਿਵਾਦ ਨਾਲ ਸਬੰਧਤ ਦੋਸ਼ ਆਇਦ

ਨਿਊਯਾਰਕ/ਬਿਊਰੋ ਨਿਊਜ਼:
ਇੱਥੇ ਆਈਐਸਆਈਐਸ ਤੋਂ ਪ੍ਰੇਰਿਤ ਹਮਲੇ ਵਿੱਚ ਅੱਠ ਜਣਿਆਂ ਦੀ ਜਾਨ ਲੈਣ ਵਾਲੇ ਉਜ਼ਬੇਕ ਵਿਅਕਤੀ ਸੈਫੁੱਲਾ ਹਬੀਬੁਲਾਵਿਚ ਸਾਇਪੋਵ ਉਤੇ ਅ ਅਤਿਵਾਦ ਨਾਲ ਸਬੰਧਤ ਦੋਸ਼ ਲਾਏ ਗਏ। ਅਧਿਕਾਰੀਆਂ ਨੇ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ ਅਤੇ ਉਸ ਨੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਹਮਲੇ ਵਾਸਤੇ ਹੈਲੋਵੀਨ ਦਾ ਮੌਕਾ ਚੁਣਿਆ।
ਸਾਇਪੋਵ (29 ਸਾਲ) ਉਤੇ ਇਸਲਾਮਿਕ ਸਟੇਟ (ਆਈਐਸਆਈਐਸ) ਨੂੰ ਸਾਜ਼ੋ-ਸਾਮਾਨ ਮੁਹੱਈਆ ਕਰਨ ਅਤੇ ਹਿੰਸਾ ਤੇ ਮੋਟਰ ਵਾਹਨਾਂ ਦੀ ਭੰਨਤੋੜ ਦਾ ਦੋਸ਼ ਲਾਇਆ ਗਿਆ। ਐਫਬੀਆਈ ਨੇ ਉਸ ਖ਼ਿਲਾਫ਼ ਇਕ ਫੈਡਰਲ ਅਦਾਲਤ ਵਿੱਚ ਦਾਇਰ 10 ਪੰਨਿਆਂ ਦੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਆਈਐਸਆਈਐਸ ਪ੍ਰਤੀ ਇੰਨਾ ਸਮਰਪਿਤ ਹੈ ਕਿ ਆਪਣੇ ਹਸਪਤਾਲ ਵਾਲੇ ਕਮਰੇ ਵਿੱਚ ਵੀ ਇਸ ਜਥੇਬੰਦੀ ਦਾ ਝੰਡਾ ਦੇਖਣ ਦਾ ਇੱਛੁਕ ਹੈ।
ਮੈਨਹੱਟਨ ਦੇ ਹੇਠਲੇ ਇਲਾਕੇ ਵਿੱਚ ਸਾਇਪੋਵ ਨੇ ਬੀਤੇ ਦਿਨ ਆਪਣਾ ਟਰੱਕ ਸਾਈਕਲ ਟਰੈਕ ਉਤੇ ਚਾੜ੍ਹ ਦਿੱਤਾ ਸੀ, ਜਿਸ ਕਾਰਨ ਅੱਠ ਜਣੇ ਮਾਰੇ ਗਏ ਅਤੇ 11 ਹੋਰ ਜ਼ਖ਼ਮੀ ਹੋਏ ਸਨ। ਸਾਇਪੋਵ ਨੇ ਇਹ ਟਰੱਕ ਸਕੂਲ ਬੱਸ ਵਿੱਚ ਮਾਰਿਆ ਅਤੇ ਹਥਿਆਰ ਹੋਣ ਦਾ ਸਵਾਂਗ ਰਚ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਹ 9/11 ਤੋਂ ਬਾਅਦ ਦਾ ਸਭ ਤੋਂ ਮਾਰੂ ਅਤਿਵਾਦੀ ਹਮਲਾ ਸੀ। ਸਾਇਪੋਵ ਦਾ ਕੱਲ੍ਹ ਨਿਊਯਾਰਕ ਦੇ ਇਕ ਹਸਪਤਾਲ ਵਿੱਚ ਅਪਰੇਸ਼ਨ ਕੀਤਾ ਗਿਆ। ਉਸਨੂੰ ਵੀਲ੍ਹਚੇਅਰ ਉਤੇ ਫੈਡਰਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਫਬੀਆਈ ਨੇ ਕਿਹਾ ਕਿ ਨਿਊਜਰਸੀ ਦਾ ਵਾਸੀ ਸਾਇਪੋਵ ਇਸ ਅਤਿਵਾਦੀ ਹਮਲੇ ਲਈ ਆਈਐਸਆਈਐਸ ਤੋਂ ਪ੍ਰੇਰਿਤ ਸੀ। ਉਸ ਨੇ ਇਕ ਸਾਲ ਪਹਿਲਾਂ ਹਮਲੇ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ ਅਤੇ ਦੋ ਮਹੀਨੇ ਪਹਿਲਾਂ ਹਮਲੇ ਲਈ ਟਰੱਕ ਵਰਤਣ ਦਾ ਫੈਸਲਾ ਕੀਤਾ।