‘ਹਾਰਵੇ’ ਦੀ ਤਬਾਹੀ ਕਾਰਨ ਪੀੜਤਾਂ ਦੀ ਮਦਦ ਲਈ ਬਹੁੜੇ ਭਾਰਤੀ

‘ਹਾਰਵੇ’ ਦੀ ਤਬਾਹੀ ਕਾਰਨ ਪੀੜਤਾਂ ਦੀ ਮਦਦ ਲਈ ਬਹੁੜੇ ਭਾਰਤੀ
ਕੈਪਸ਼ਨ-ਕਿੰਗਵੁੱਡ (ਟੈਕਸਸ) ਵਿੱਚ ਚੱਕਰਵਾਤੀ ਤੂਫ਼ਾਨ ‘ਹਾਰਵੇ’ ਕਾਰਨ ਫਸੇ ਲੋਕਾਂ ਨੂੰ ਕਿਸ਼ਤੀ ਰਾਹੀਂ ਕੱਢਦੇ ਬਚਾਅ ਕਾਮੇ।

ਹਿਊਸਟਨ/ਬਿਊਰੋ ਨਿਊਜ਼ :
ਅਮਰੀਕੀ ਇਤਿਹਾਸ ਦੇ ਸਭ ਤੋਂ ਤਬਾਹਕੁਨ ਤੂਫ਼ਾਨਾਂ ਵਿਚੋਂ ਇਕ ‘ਹਾਰਵੇ’ ਨੇ ਟੈਕਸਸ ਵਿੱਚ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਵਿੱਚ 30 ਮਨੁੱਖੀ ਜਾਨਾਂ ਜਾਣ ਤੋਂ ਇਲਾਵਾ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਹਿਊਸਟਨ ਦੇ ਮੇਅਰ ਨੇ ਰਾਤ ਨੂੰ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਲੁੱਟਾਂ-ਖੋਹਾਂ ਨੂੰ ਰੋਕਿਆ ਜਾ ਸਕੇ। ਐਮਰਜੈਂਸੀ ਬਚਾਅ ਟੀਮਾਂ ਵੱਲੋਂ ਲੋਕਾਂ ਦੀ ਮਦਦ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੌਸਮ ਮਾਹਰਾਂ ਨੇ ਕਿਹਾ ਕਿ ਸੂਬੇ ਦੇ ਕਈ ਹਿੱਸਿਆਂ ਵਿੱਚ ਮੁੜ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਹੈ। ਕੌਮੀ ਮੌਸਮ ਸੇਵਾ ਮੁਤਾਬਕ ਹਾਰਵੇ ਕਾਰਨ ਹਿਊਸਟਨ ਵਿੱਚ ਪਹਿਲਾਂ ਹੀ 42 ਇੰਚ ਤੋਂ ਵੱਧ ਮੀਂਹ ਪੈ ਚੁੱਕਾ।
ਟੈਕਸਸ ਵਿਚ ਸੁਰੱਖਿਅਤ ਥਾਵਾਂ ‘ਤੇ ਰਹਿ ਰਹੇ ਕਈ ਭਾਰਤੀ-ਅਮਰੀਕੀਆਂ ਵੱਲੋਂ ਇਸ ਤੂਫ਼ਾਨ ਦੀ ਮਾਰ ਹੇਠ ਆਏ ਹਿਊਸਟਨ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਭਾਰਤੀ-ਅਮੈਰਿਕਨਾਂ ਵੱਲੋਂ ਪੀੜਤਾਂ ਲਈ ਆਪਣੇ ਘਰਾਂ ਦੇ ਬੂਹੇ ਖੋਲ੍ਹਣ ਤੋਂ ਇਲਾਵਾ ਭੋਜਨ, ਮੈਡੀਕਲ ਅਤੇ ਹੋਰ ਲੋੜੀਦੀਆਂ ਵਸਤਾਂ ਦਿੱਤੀਆਂ ਜਾ ਰਹੀਆਂ ਹਨ। ਅਬੀਜ਼ਾਰ ਤਯਬਜੀ ਨੇ ਦੱਸਿਆ, ‘ਮੈਂ ਦਾਊਦੀ ਬੋਹਰਾ ਮਸਜਿਦ ਤੋਂ 1500 ਬੰਦਿਆਂ ਦਾ ਭੋਜਨ ਤਿਆਰ ਕਰਕੇ 100 ਵਾਲੰਟੀਅਰਾਂ ਨੂੰ ਵੰਡਣ ਲਈ ਭੇਜਿਆ ਹੈ।’ ਇੰਡੋ-ਅਮੈਰਿਕਨ ਚੈਂਬਰ ਆਫ ਗ੍ਰੇਟਰ ਹਿਊਸਟਨ ਤੇ ਸਥਾਨਕ ਰੈਸਤਰਾਂ ਮਦਰਾਸ ਪੈਵੇਲੀਅਨ ਵੱਲੋਂ ਕਨਵੈਨਸ਼ਨ ਸੈਂਟਰ, ਜਿਥੇ ਹੜ੍ਹ ਪੀੜਤ ਠਹਿਰਾਏ ਗਏ ਹਨ, ਵਿੱਚ 500 ਬੰਦਿਆਂ ਦਾ ਭੋਜਨ ਭੇਜਿਆ ਜਾ ਰਿਹਾ ਹੈ। ਪ੍ਰੀਤੀ ਕਾਂਕੀਕਿਰਾਲਾ, ਜੋ ਆਪਣੀ 65 ਸਾਲਾ ਮਾਂ ਨਾਲ ਫਲੈਟ ਦੀ ਸਭ ਤੋਂ ਹੇਠਲੀ ਮੰਜ਼ਲ ਵਿਚ ਰਹਿੰਦੀ ਸੀ, ਨੂੰ ਪਾਣੀ ਦਾ ਪੱਧਰ ਵਧਣ ਉਤੇ ‘ਸੇਵਾ ਇੰਟਰਨੈਸ਼ਨਲ’ ਹਿਊਸਟਨ ਦੇ ਵਾਲੰਟੀਅਰਾਂ ਨੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ। ਕਈ ਭਾਰਤੀ ਵਪਾਰਕ ਅਦਾਰਿਆਂ ਅਤੇ ਧਾਰਮਿਕ ਅਸਥਾਨਾਂ ਨੇ ਹੜ੍ਹ ਪੀੜਤਾਂ ਲਈ ਦਰ ਖੋਲ੍ਹੇ ਹਨ। ਸੇਵਾ ਇੰਟਰਨੈਸ਼ਨਲ ਦੀ ਹਿਊਸਟਨ ਇਕਾਈ ਦੇ ਪ੍ਰਧਾਨ ਗੀਤੇਸ਼ ਦੇਸਾਈ ਨੇ ਦੱਸਿਆ, ‘ਪਾਣੀ ਘਟਣ ਬਾਅਦ ਸਾਫ਼-ਸਫ਼ਾਈ ਕਾਰਜ ਵਾਸਤੇ ਵਾਲੰਟੀਅਰਾਂ ਲਈ ਪ੍ਰੀ-ਰਜਿਸਟਰੇਸ਼ਨ ਪ੍ਰਣਾਲੀ ਕਾਇਮ ਕੀਤੀ ਗਈ ਹੈ।’
ਝੀਲ ‘ਚੋਂ ਬਚਾਏ ਭਾਰਤੀ ਵਿਦਿਆਰਥੀ ਦੀ ਮੌਤ :
ਕੁਝ ਦਿਨ ਪਹਿਲਾਂ ਟੈਕਸਸ ਦੀ ਝੀਲ ਵਿਚੋਂ ਬਚਾਏ 24 ਸਾਲਾ ਭਾਰਤੀ ਵਿਦਿਆਰਥੀ ਨਿਖਿਲ ਭਾਟੀਆ ਦੀ ਮੌਤ ਹੋ ਗਈ ਹੈ। ਨਿਖਿਲ ਟੈਕਸਸ ਏਐਂਡਐਮ ਯੂਨੀਵਰਸਿਟੀ ਵਿੱਚ ਪੀਐਚਡੀ ਕਰ ਰਿਹਾ ਸੀ। ਉਹ ਅਤੇ ਸ਼ਾਲਿਨੀ ਸਿੰਘ ਨਾਂ ਦੀ ਭਾਰਤੀ ਵਿਦਿਆਰਥਣ ਸ਼ਨਿਚਰਵਾਰ ਨੂੰ ਝੀਲ ਵਿੱਚ ਤੈਰਨ ਗਏ ਸਨ।