ਜੇਤਲੀ ਨੇ ਵੀ ਕੇਜਰੀਵਾਲ ਨੂੰ ਕੀਤਾ ਮਾਫ਼

ਜੇਤਲੀ ਨੇ ਵੀ ਕੇਜਰੀਵਾਲ ਨੂੰ ਕੀਤਾ ਮਾਫ਼

‘ਆਪ’ ਦੇ ਮੋਹਰੀ ਨੇ ਭਾਜਪਾ ਆਗੂ ਤੋਂ ਮੰਗੀ ਸੀ ਲਿਖਤੀ ਮੁਆਫ਼ੀ
ਨਵੀਂ ਦਿੱਲੀ/ਬਿਊਰੋ ਨਿਊਜ਼:
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਦਾਇਰ ਫ਼ੌਜਦਾਰੀ ਮਾਣਹਾਨੀ ਦਾ ਕੇਸ ਵਾਪਸ ਲੈਣ ਲਈ ਸਹਿਮਤੀ ਦੇ ਦਿੱਤੀ ਹੈ। ਇਸ ਤਹਿਤ ਅੱਜ ਦੋਵੇਂ ਆਗੂਆਂ ਦੇ ਵਕੀਲਾਂ ਨੇ ਦਿੱਲੀ ਦੀ ਅਦਾਲਤ ਵਿੱਚ ਸਾਂਝੀ ਅਰਜ਼ੀ ਦਾਖ਼ਲ ਕਰਦਿਆਂ ਦਿੱਲੀ ਕ੍ਰਿਕਟ ਕਲੱਬ ਐਸੋਸੀਏਸ਼ਨ (ਡੀਡੀਸੀਏ) ਨਾਲ ਜੁੜਿਆ ਮਾਣਹਾਨੀ ਦਾ ਇਹ ਕੇਸ ਅਦਾਲਤ ਤੋਂ ਬਾਹਰ ਆਪਸੀ ਰਜ਼ਾਮੰਦੀ ਤਹਿਤ ਨਿਬੇੜਨ ਦੀ ਅਪੀਲ ਕੀਤੀ ਹੈ। ਵਧੀਕ ਮੁੱਖ ਮੈਟਰੋਪੌਲਿਟਨ ਮੈਜਿਸਟਰੇਟ ਸਮਰ ਵਿਸ਼ਾਲਵ ਦੀ ਅਦਾਲਤ ਮੰਗਲਵਾਰ ਨੂੰ ਇਸ ਅਰਜ਼ੀ ਉਪਰ ਸੁਣਵਾਈ ਕਰੇਗੀ।
ਦੋਵਾਂ ਆਗੂਆਂ ਨੇ ਜੱਜ ਨੂੰ ਆਪਸੀ ਰਜ਼ਾਮੰਦੀ ਨਾਲ ਮਾਮਲਾ ਨਿਬੇੜਨ ਦੀ ਗੱਲ ਆਖੀ ਹੈ। ਇਸ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ ਹੋਰ ਆਗੂਆਂ ਸੰਜੇ ਸਿੰਘ, ਆਸ਼ੂਤੋਸ਼, ਦੀਪਕ ਵਾਜਪਾਈ ਤੇ ਰਾਘਵ ਚੱਢਾ ਆਦਿ ਨੇ ਸ੍ਰੀ ਜੇਤਲੀ ਤੋਂ ਮੁਆਫ਼ੀ ਮੰਗ ਲਈ ਸੀ।  ‘ਆਪ’ ਆਗੂਆਂ ਨੇ ਦੋਸ਼ ਲਾਏ ਸਨ ਕਿ ਡੀਡੀਸੀਏ ਦੇ ਮੁਖੀ ਵਜੋਂ ਸ੍ਰੀ ਜੇਤਲੀ ਦੇ ਕਾਰਜਕਾਲ ਦੌਰਾਨ ਇਸ ਖੇਡ ਸੰਸਥਾ ਵਿੱਚ ਭਾਰੀ ਭ੍ਰਿਸ਼ਟਾਚਾਰ ਹੋਇਆ ਸੀ। ਸ੍ਰੀ ਜੇਤਲੀ ਨੇ ਇਸ ਕਾਰਨ ਸ੍ਰੀ ਕੇਜਰੀਵਾਲ, ਸੰਜੇ ਸਿੰਘ, ਸ੍ਰੀ ਚੱਢਾ, ਆਸ਼ੂਤੋਸ਼, ਸ੍ਰੀ ਵਾਜਪਾਈ ਤੇ ਕੁਮਾਰ ਵਿਸ਼ਵਾਸ ਖ਼ਿਲਾਫ਼ ਮਾਣਹਾਨੀ ਦਾ ਕੇਸ ਕੀਤਾ ਸੀ।
ਪਿਛਲੇ ਸਮੇਂ ਤੋਂ ‘ਆਪ’ ਤੋਂ ਦੂਰ ਚੱਲ ਰਹੇ ਡਾ. ਕੁਮਾਰ ਵਿਸ਼ਵਾਸ ਨੇ ਹਾਲੇ ਸ੍ਰੀ ਜੇਤਲੀ ਤੋਂ ਮੁਆਫ਼ੀ ਨਹੀਂ ਮੰਗੀ। ਉਨ੍ਹਾਂ ਦੇ ਸਹਾਇਕ ਪ੍ਰਬੁੱਧ ਕੁਮਾਰ ਨੇ ਕਿਹਾ, ”ਉਹ (ਵਿਸ਼ਵਾਸ) ਮੁਆਫ਼ੀ ਨਹੀਂ ਮੰਗਣਗੇ ਤੇ ਆਪਣੇ ਖ਼ਿਲਾਫ਼ ਦਾਇਰ ਕੇਸਾਂ ਦਾ ਸਾਹਮਣਾ ਕਰਨਗੇ।” ਸੂਤਰਾਂ ਮੁਤਾਬਕ ਉਹ ਆਪਣੇ ਨਿਜੀ ਵਕੀਲਾਂ ਰਾਹੀਂ ਇਹ ਮੁੱਕਦਮਾ ਜਾਰੀ ਰੱਖਣ ਦੇ ਰੌਂਅ ਵਿੱਚ ਹਨ। ਸ੍ਰੀ ਕੁਮਾਰ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਤੇ ਅਰੁਣ ਜੇਤਲੀ ਦੇ ਕਰੀਬੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਿਵੇਂ ‘ਆਪ’ ਵੱਲੋਂ ਆਪਣੇ ਕਨਵੀਨਰ ਤੇ ਹੋਰ ਸੀਨੀਅਰ ਆਗੂਆਂ ਖ਼ਿਲਾਫ਼ ਕੇਸ ਖ਼ਤਮ ਕਰਵਾਏ ਜਾ ਰਹੇ ਹਨ, ਉਵੇਂ ਹੀ ਪਾਰਟੀ ਦੇ ਦੇਸ਼ ਭਰ ਦੇ ਕਾਰਕੁਨਾਂ ਖ਼ਿਲਾਫ਼ ਚੱਲ ਰਹੇ ਕੇਸ ਵੀ ਖ਼ਤਮ ਕਰਵਾਏ ਜਾਣ।

ਮੈਂ ਮਜੀਠੀਆ ਤੋਂ ਮਾਫ਼ੀ ਨਹੀਂ ਮੰਗਣੀ- ਸੰਜੈ ਸਿੰਘ
ਅੰਮ੍ਰਿਤਸਰ/ਬਿਊਰੋ ਨਿਊਜ਼: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਮਾਮਲੇ ਦੀ ਸੁਣਵਾਈ ਦੌਰਾਨ ਆਮ ਆਦਮੀ ਪਾਰਟੀ (‘ਆਪ’) ਦੇ ਆਗੂ ਸੰਜੈ ਸਿੰਘ ਨੇ ਸੋਮਵਾਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ੀ ਭੁਗਤੀ। ਇਸ ਮੌਕੇ ਉਨ੍ਹਾਂ ਆਖਿਆ ਕਿ ਉਹ ਹੁਣ ਵੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਬੋਲੇ ਗਏ ਸ਼ਬਦਾਂ ‘ਤੇ ਦ੍ਰਿੜ੍ਹ ਹਨ। ਅਦਾਲਤ ਵਿੱਚ ਹਾਜ਼ਰ ਹੋਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ‘ਆਪ’ ਆਗੂ ਨੇ ਆਖਿਆ ਕਿ ਉਨ੍ਹਾਂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਜੋ ਦੋਸ਼ ਲਾਏ ਸਨ, ਉਹ ਅੱਜ ਵੀ ਉਨ੍ਹਾਂ ‘ਤੇ ਕਾਇਮ ਹਨ।