ਪੱਛਮੀ ਬੰਗਾਲ ‘ਚ ਰਾਮ ਨੌਮੀ ਰੈਲੀ ਮੌਕੇ ਹਿੰਸਕ ਝੜਪਾਂ ਬਾਅਦ ਤਣਾਅ

ਪੱਛਮੀ ਬੰਗਾਲ ‘ਚ ਰਾਮ ਨੌਮੀ ਰੈਲੀ ਮੌਕੇ ਹਿੰਸਕ ਝੜਪਾਂ ਬਾਅਦ ਤਣਾਅ
ਰਾਮ ਨੌਮੀ ਮੌਕੇ ਕੱਢੀ ਗਈ ਰੈਲੀ ਦੌਰਾਨ ਝੜਪਾਂ ਮਗਰੋਂ ਅੱਗਜ਼ਨੀ ਵਾਲੇ ਇਲਾਕੇ ‘ਚੋਂ ਗੁਜ਼ਰਦੇ ਹੋਏ ਪੁਲੀਸ ਕਰਮੀ।

ਕੋਲਕਾਤਾ/ਬਿਊਰੋ ਨਿਊਜ਼
ਪੱਛਮੀ ਬੰਗਾਲ ‘ਚ ਰਾਮ ਨੌਮੀ ਮੌਕੇ ਕੱਢੀਆਂ ਗਈਆਂ ਰੈਲੀਆਂ ਦੌਰਾਨ ਹੋਈਆਂ ਝੜਪਾਂ ਮਗਰੋਂ ਦੂਜੇ ਦਿਨ ਵੀ ਹਿੰਸਾ ਜਾਰੀ ਰਹੀ। ਮੁਰਸ਼ਿਦਾਬਾਦ ਅਤੇ ਬਰਦਵਾਨ ਜ਼ਿਲ੍ਹਿਆਂ ‘ਚ ਭਗਵਾ ਜਥੇਬੰਦੀਆਂ ਦੇ ਮੈਂਬਰਾਂ ਅਤੇ ਪੁਲੀਸ ਦਰਮਿਆਨ ਝੜਪਾਂ ਹੋਈਆਂ। ਇਸ ਦੇ ਨਤੀਜੇ ਵਜੋਂ ਸੀਨੀਅਰ ਪੁਲੀਸ ਅਧਿਕਾਰੀ ਨੂੰ ਉਸ ਸਮੇਂ ਹੱਥ ਗੁਆਉਣਾ ਪੈ ਗਿਆ ਜਦੋਂ ਉਸ ‘ਤੇ ਇਕ ਬੰਬ ਸੁੱਟਿਆ ਗਿਆ। ਮੁਰਸ਼ਿਦਾਬਾਦ ਦੇ ਕਾਂਡੀ ਇਲਾਕੇ ‘ਚ ਰਾਮ ਨੌਮੀ ਰੈਲੀ ਦੌਰਾਨ ਤਲਵਾਰਾਂ ਅਤੇ ਹੋਰ ਹਥਿਆਰਾਂ ਲੈ ਕੇ ਚਲ ਰਹੇ ਲੋਕਾਂ ਦਰਮਿਆਨ ਝੜਪਾਂ ਹੋਈਆਂ ਅਤੇ ਉਨ੍ਹਾਂ ਪੁਲੀਸ ਸਟੇਸ਼ਨ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪੁਲੀਸ ਨਾਲ ਹੱਥੋਪਾਈ ਦੌਰਾਨ 10 ਵਿਅਕਤੀ ਜ਼ਖ਼ਮੀ ਹੋ ਗਏ। ਪੁਰੂਲੀਆ ‘ਚ ਕੱਲ ਭਾਜਪਾ ਸਮਰਥਕਾਂ ਵੱਲੋਂ ਰਾਮ ਨੌਮੀ ਮੌਕੇ ਕੱਢੀ ਗਈ ਹਥਿਆਰਬੰਦ ਰੈਲੀ ਦੌਰਾਨ ਦੋ ਗੁੱਟਾਂ ਦਰਮਿਆਨ ਹੋਈਆਂ ਝੜਪਾਂ ‘ਚ ਇਕ ਵਿਅਕਤੀ ਮਾਰਿਆ ਗਿਆ ਅਤੇ ਪੰਜ ਪੁਲੀਸ ਕਰਮੀ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਡੀਜੀਪੀ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਰੇ ਐਸਪੀਜ਼ ਨੂੰ ਨਿਰਦੇਸ਼ ਦੇਣ ਕਿ ਰੈਲੀਆਂ ਦੌਰਾਨ ਹਥਿਆਰ ਲੈ ਕੇ ਚਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਕ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,”ਕਾਨੂੰਨ ਆਪਣਾ ਕੰਮ ਕਰੇਗਾ। ਮੈਂ ਹੁਕਮ ਅਦੂਲੀ ਬਰਦਾਸ਼ਤ ਨਹੀਂ ਕਰਾਂਗੀ। ਜੇਕਰ ਪੁਲੀਸ ਨਾਕਾਮ ਰਹੀ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।”