ਮਾਨ ਨੂੰ ਸ਼ਰਾਬੀ ਕਹਿਣ ਵਾਲੇ ਉਪਕਾਰ ਸੰਧੂ ਦੀ ਪਾਰਟੀ ‘ਚੋਂ ਛੁੱਟੀ

ਮਾਨ ਨੂੰ ਸ਼ਰਾਬੀ ਕਹਿਣ ਵਾਲੇ ਉਪਕਾਰ ਸੰਧੂ ਦੀ ਪਾਰਟੀ ‘ਚੋਂ ਛੁੱਟੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਨ ਵਾਲੇ ਪਾਰਟੀ ਉਮੀਦਵਾਰ ਉਪਕਾਰ ਸਿੰਘ ਸੰਧੂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ, ਜਦੋਂ ਕਿ ਸ੍ਰੀ ਸੰਧੂ ਨੇ ਆਖਿਆ ਕਿ ਅਜਿਹੇ ਫੈਸਲਿਆਂ ਕਾਰਨ ਹੀ ਪਾਰਟੀ ਦੀ ਸਾਖ਼ ਨੂੰ ਢਾਹ ਲੱਗ ਰਹੀ ਹੈ।
ਇਸ ਸਬੰਧੀ ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਸ੍ਰੀ ਸੰਧੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਪਾਰਟੀ ਵਿਚੋਂ ਬਾਹਰ ਕੀਤਾ ਗਿਆ ਹੈ। ਸ੍ਰੀ ਸੰਧੂ ਨੇ ਹਾਲ ਹੀ ਵਿੱਚ ਭਗਵੰਤ ਮਾਨ ਦੀ ਨਵੀਂ ਨਿਯੁਕਤੀ ‘ਤੇ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਸਾਈਟ ‘ਤੇ ਲਿਖਿਆ ਸੀ ਕਿ ਇਸ ਨਾਲ ਪਾਰਟੀ ਦੀ ਸਾਖ਼ ਨੂੰ ਢਾਹ ਲੱਗੀ ਹੈ ਅਤੇ ਇਸ ਨਾਲ ‘ਆਪ’ ਪੀਪੀਪੀ (ਪੈਗ ਪਿਆਲਾ ਪਾਰਟੀ) ਬਣ ਕੇ ਰਹਿ ਗਈ ਹੈ।
ਦੂਜੇ ਪਾਸੇ, ਸ੍ਰੀ ਸੰਧੂ ਨੇ ਆਖਿਆ ਕਿ ਉਹ ਇਸ ਫ਼ੈਸਲੇ ਸਬੰਧੀ ਤਿਆਰ ਸਨ ਅਤੇ ਉਨ੍ਹਾਂ ਨੂੰ ਇਸ ਫ਼ੈਸਲੇ ਨਾਲ ਕੋਈ ਹੈਰਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਪਾਰਟੀ ਦਾ ਸੂਬਾਈ ਮੁਖੀ ਬਣਾਉਣਾ ਵੀ ਇੱਕ ਗਲਤ ਫ਼ੈਸਲਾ ਹੈ। ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਉਨ੍ਹਾਂ ਆਖਿਆ ਕਿ ਫਿਲਹਾਲ ਉਨ੍ਹਾਂ ਇਸ ਬਾਰੇ ਤੈਅ ਨਹੀਂ ਕੀਤਾ ਹੈ। ਉਹ ਜਨਮ ਤੋਂ ਅਕਾਲੀ ਹਨ ਅਤੇ ਅਕਾਲੀ ਸੋਚ ਨਾਲ ਜੁੜੇ ਹੋਏ ਹਨ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵਿੱਚ ਕੋਈ ਬਦਲਾਅ ਆਉਂਦਾ ਹੈ ਤਾਂ ਉਹ ਮੁੜ ਅਕਾਲੀ ਦਲ ਵਿਚ ਜਾਣ ਬਾਰੇ ਸੋਚ ਸਕਦੇ ਹਨ।
ਦੋ ਹੋਰ ਆਗੂਆਂ ਨੇ ਛੱਡਿਆ ‘ਆਪ’ ਦਾ ਸਾਥ:
ਘੁੱਗੀ ਨਾਲ ਮੌਜੂਦ ‘ਆਪ’ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਗਿੱਲ ਅਤੇ ਪਾਰਟੀ ਲਈ ਫੰਡ ਜੁਟਾਉਣ ਵਾਲੀ ਕਮੇਟੀ ਦੇ ਆਗੂ ਮਿਹਰਬਾਨ ਸਿੰਘ ਸੰਘਾ ਨੇ ਵੀ ਪਾਰਟੀ ਛੱਡ ਦਿੱਤੀ ਹੈ। ਜਗਦੀਪ ਸਿੰਘ ਗਿੱਲ, ਜੋ ਕਿ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਵੀ ਹਨ, ਨੇ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਬਣਾਇਆ ਵੋਟਿੰਗ ਸਿਸਟਮ ਠੀਕ ਨਹੀਂ, ਕਿਉਂਕਿ ਉਨ੍ਹਾਂ ਨੇ ਨੇਤਾ ਦੀ ਚੋਣ ਤਾਂ ਵੋਟਿੰਗ ਤੋਂ ਪਹਿਲਾਂ ਹੀ ਕੀਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿਹਤਰ ਸੀ ਕਿ ਗੁਰਪ੍ਰੀਤ ਸਿੰਘ ਘੁੱਗੀ ਨੂੰ ਬੁਲਾ ਕੇ ਅਹੁਦਾ ਛੱਡਣ ਲਈ ਕਿਹ ਦਿੱਤਾ ਜਾਂਦਾ। ਗਿੱਲ ਨੇ ਕਿਹਾ ਕਿ ਪਾਰਟੀ ਨੇ ਹਾਲੀਆ ਚੋਣਾਂ ਦੌਰਾਨ ਟਿਕਟਾਂ ਨਾਲ ਮਿਲਣ ਤੋਂ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੈਂ ਜਲੰਧਰ ਕੈਂਟ ਤੋਂ ਟਿਕਟ ਦਾ ਦਾਅਵੇਦਾਰ ਸੀ, ਪ੍ਰੰਤੂ ਮੈਨੂੰ ਟਿਕਟ ਨਹੀਂ ਦਿੱਤੀ ਗਈ ਅਤੇ ਮੈਨੂੰ ਟਿਕਟ ਨਾ ਮਿਲਣ ਦਾ ਕੋਈ ਮਲਾਲ ਵੀ ਨਹੀਂ। ਗਿੱਲ ਨੇ ਕਿਹਾ ਕਿ ਉਹ ਵੀ ਘੁੱਗੀ ਨਾਲ ਪਾਰਟੀ ਵਿਚਲੀ ਆਪਣੀ ਅਹੁਦੇਦਾਰੀ ਤੋਂ ਅਸਤੀਫ਼ਾ ਦੇ ਰਹੇ ਹਨ।
4 ਵਰਕਰਾਂ ਵੱਲੋਂ ਘੁੱਗੀ ਨਾਲ ਤਕਰਾਰ :
ਪ੍ਰੈੱਸ ਕਾਨਫਰੰਸ ਤੋਂ ਬਾਅਦ ਜਦੋਂ ਗੁਰਪ੍ਰੀਤ ਸਿੰਘ ਘੁੱਗੀ ਪ੍ਰੈੱਸ ਕਲੱਬ ਦੇ ਬਾਹਰ ਆਪਣੀ ਗੱਡੀ ਵੱਲ ਜਾਣ ਦੀ ਤਿਆਰੀ ਵਿਚ ਸਨ ਤਾਂ ਉੱਥੇ ਮੌਜੂਦ 4 ਬਜ਼ੁਰਗ ਵਰਕਰਾਂ ਨੇ ਘੁੱਗੀ ਨਾਲ ਤਿੱਖੀ ਤਕਰਾਰ ਸ਼ੁਰੂ ਕਰ ਦਿੱਤੀ। ਪਹਿਲਾਂ ਘੁੱਗੀ ਉਨ੍ਹਾਂ ਦੀ ਗੱਲ ਠਰ੍ਹੰਮੇ ਨਾਲ ਸੁਣਨ ਲੱਗੇ, ਪ੍ਰੰਤੂ ਜਦੋਂ ਇਕ ਵਰਕਰ ਨੇ ਤਲਖ਼ ਲਹਿਜ਼ੇ ਨਾਲ ਕਿਹਾ ਕਿ ਜਦੋਂ ਜਹਾਜ਼ ਡੁੱਬਣ ਲੱਗਦਾ ਹੈ ਤਾਂ ਚੂਹੇ ਪਹਿਲਾਂ ਭੱਜਣ ਲੱਗਦੇ ਹਨ ਤਾਂ ਘੁੱਗੀ ਗੁੱਸੇ ਵਿਚ ਆ ਗਏ ਅਤੇ ਉੱਥੋਂ ਚਲੇ ਗਏ। ਘੁੱਗੀ ਦੇ ਜਾਣ ਮਗਰੋਂ ਵਰਕਰ ਨੇ ਕਿਹਾ ਕਿ ਪਿਛਲੇ ਸਾਲ ਇਸੇ ਜਗ੍ਹਾ ‘ਤੇ ਘੁੱਗੀ ਇਹ ਕਿਹ ਰਿਹਾ ਸੀ ਕਿ ਮੈਨੂੰ ਪਾਰਟੀ ਵਿਚ ਕਿਸੇ ਵੀ ਅਹੁਦੇ ਦੀ ਲੋੜ ਨਹੀਂ, ਪ੍ਰੰਤੂ ਹੁਣ ਜਦੋਂ ਪ੍ਰਧਾਨਗੀ ਨਹੀਂ ਮਿਲੀ ਤਾਂ ਪਾਰਟੀ ਛੱਡ ਰਿਹਾ ਹੈ। ਇਨ੍ਹਾਂ ਵਰਕਰਾਂ ਵਿਚ ਸ਼ਾਮਲ ਇਕ ਬਜ਼ੁਰਗ ਮਹਿਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਵੀ ਘੁੱਗੀ ‘ਤੇ ਟਿੱਪਣੀ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਪੱਤਰਕਾਰਾਂ ਨੇ ਮਹਿਲਾ ਨੂੰ ਇਹ ਕਹਿੰਦਿਆਂ ਅਜਿਹਾ ਕਰਨ ਤੋਂ ਰੋਕ ਦਿੱਤਾ ਕਿ ਇਹ ਪ੍ਰੈੱਸ ਕਾਨਫਰੰਸ ਹੈ, ਜਿੱਥੇ ਕੇਵਲ ਮੀਡੀਆ ਕਰਮੀ ਹੀ ਘੁੱਗੀ ਨੂੰ ਸਵਾਲ ਪੁੱਛ ਸਕਦੇ ਹਨ।