…ਇਹ ਹੈ ਉਹੀ ਟਕਸਾਲੀ ਅਕਾਲੀ, ਜਿਸ ਨੂੰ ਮਿੰਨਤਾਂ ਕਰਕੇ ਮੁੱਖ ਮੰਤਰੀ ਮਨਾਉਂਦੇ ਰਹੇ

…ਇਹ ਹੈ ਉਹੀ ਟਕਸਾਲੀ ਅਕਾਲੀ, ਜਿਸ ਨੂੰ ਮਿੰਨਤਾਂ ਕਰਕੇ ਮੁੱਖ ਮੰਤਰੀ ਮਨਾਉਂਦੇ ਰਹੇ

ਗੁਰਦੀਪ ਸਿੰਘ ਨੂੰ ਕੈਪਟਨ ਰੈਲੀ ਵਿਚ ਲਿਆਏ
ਲੰਬੀ/ਬਿਊਰੋ ਨਿਊਜ਼ :
ਵੱਕਾਰ ਦਾ ਸਵਾਲ ਬਣੀ ਲੰਬੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜਥੇਦਾਰਾਂ ਤੋਂ ਲੋਕਾਂ ਦੀ ਨਾਰਾਜ਼ਗੀ ਨੂੰ ਮਹਿਸੂਸ ਕੇ ਹੁਣ ਖ਼ੁਦ ਵੋਟਰਾਂ ਨੂੰ ਫੋਨ ਕਰਕੇ ਮਨਾਉਣ ਲੱਗੇ ਹਨ। 30 ਜਨਵਰੀ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਸਮਰਥਕ ਦੀਆਂ ਮਿੰਨਤਾਂ ਕਰਨ ਦਾ ਜੋ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਉਸ ਸਮਰਥਕ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਲੱਭ ਲਿਆ ਤੇ ਵੀਰਵਾਰ ਨੂੰ ਲੰਬੀ ਹਲਕੇ ਵਿਚ ਹੋਈ ਆਪਣੀ ਰੈਲੀ ਵਿਚ ਉਸ ਨੂੰ ਜਨਤਕ ਕੀਤਾ।
ਉਹ ਵਿਅਕਤੀ ਲੰਬੀ ਹਲਕੇ ਦੇ ਪਿੰਡ ਹਾਕੁਵਾਲਾ ਨਿਵਾਸੀ ਗੁਰਦੀਪ ਸਿੰਘ ਸੀ, ਜਿਸ ਦਾ ਪਰਿਵਾਰ ਕਦੇ ਟਕਸਾਲੀ ਅਕਾਲੀ ਸੀ, ਪਰ ਬਾਦਲ ਦੇ ਜਥੇਦਾਰਾਂ ਤੋਂ ਤੰਗ ਆ ਕੇ ਉਹ 17 ਜਨਵਰੀ ਨੂੰ ਕਾਂਗਰਸ ਵਿਚ ਸ਼ਾਮਲ ਹੋ ਗਿਆ। ਪਰ ਜਦੋਂ ਬਾਦਲ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਟਕਸਾਲੀ ਅਕਾਲੀ ਰਹੇ ਗੁਰਦੀਪ ਸਿੰਘ ਨੂੰ ਵਾਪਸ ਲਿਆਉਣ ਅਤੇ ਚੋਣ ਵਿਚ ਉਨ੍ਹਾਂ ਦਾ ਸਮਰਥਨ ਕਰਨ ਲਈ 30 ਜਨਵਰੀ ਦੀ ਸ਼ਾਮ 6:43 ਵਜੇ ਫ਼ੋਨ ਕੀਤਾ। ਇਹ ਪੋਨ ਕਾਲ ਕਿਸੇ ਹੋਰ ਵਿਅਕਤੀ ਨੇ ਮਿਲਾ ਕੇ ਮੁੱਖ ਮੰਤਰੀ ਦੀ ਗੁਰਦੀਪ ਸਿੰਘ ਨਾਲ ਗੱਲ ਕਰਵਾਈ। ਇਸ ਵਿਚ ਬਾਦਲ ਗੁਰਦੀਪ ਨੂੰ ਆਪਣੇ ਵੱਕਾਰ ਦਾ ਸਵਾਲ ਦਸਦੇ ਹੋਏ ਵਾਰ ਵਾਰ ਸਮਰਥਨ ਕਰਨ ਦਾ ਵਾਅਦਾ ਕਰਨ ਦੀ ਗੱਲ ਕਰ ਰਹੇ ਹਨ। ਆਡੀਓ ਵਿਚ ਗੁਰਦੀਪ ਸਿੰਘ ਨੇ ਬਾਦਲ ਕੋਲ ਤੇਜਿੰਦਰ ਸਿੰਘ ਮਿੱਡੂਖੇੜਾ ਦੇ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ‘ਤੇ  ਬਾਦਲ ਨੇ ਉਸ ਨੂੰ ਬਾਪ ਵਰਗਾ ਹੋਣ ਦਾ ਹਵਾਲਾ ਦਿੰਦਿਆਂ ਫੇਰ ਤੋਂ ਸਮਰਥਨ ਕਰਨ ਦਾ ਵਾਅਦਾ ਲਿਆ ਤੇ ਫਤਹਿ ਬੁਲਾਈ। ਮੁੱਖ ਮੰਤਰੀ ਅਤੇ ਗੁਰਦੀਪ ਦੀ ਇਸ ਗੱਲਬਾਤ ਦਾ ਆਡੀਓ ਜਦੋਂ ਵਾਇਰਲ ਹੋਇਆ ਤਾਂ ਕਾਂਗਰਸ ਨੇ ਉਸ ਨੂੰ ਟਰੇਸ ਕੀਤਾ ਤੇ ਕੈਪਟਨ ਦੀ ਵੀਰਵਾਰ ਨੂੰ ਲੰਬੀ ਵਿਚ ਹੋਈ ਰੈਲੀ ਵਿਚ ਮੰਚ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਹਵਾਲਾ ਦਿੰਦਿਆਂ ਬਾਦਲ ਦੇ ਲੰਬੀ ਹਲਕੇ ਵਿਚ ਹਾਲਾਤ ਨੂੰ ਜਨਤਾ ਦੇ ਸਾਹਮਣੇ ਉਜਾਗਰ ਕੀਤਾ।
ਗੁਰਦੀਪ ਬੋਲਿਆ-ਮੇਰੇ ‘ਤੇ ਅਤੇ ਪਰਿਵਾਰ ‘ਤੇ ਝੂਠੇ ਕੇਸ ਪਾ ਕੇ ਕਰ ਰਹੇ ਹਨ ਪ੍ਰੇਸ਼ਾਨ
ਗੁਰਪੀਦ ਸਿੰਘ ਨੇ ਦੱਸਿਆ ਕਿ ਉਹ ਪਿੰਡ ਹਾਕੁਵਾਲਾ ਦਾ ਕਿਸਾਨ ਹੈ। ਉਸ ਦਾ ਪਰਿਵਾਰ ਟਕਸਾਲੀ ਅਕਾਲੀ ਸੀ ਤੇ ਉਸ ਦੇ ਦਾਦਾ ਹੀਰਾ ਸਿੰਘ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੱਟੜ ਸਮਰਥਕ ਸਨ। ਉਸ ਦੇ ਪਿਤਾ ਮੇਜਰ ਸਿੰਘ ਦੋ ਵਾਰ ਪਿੰਡ ਦੇ ਸਰਪੰਚ ਵੀ ਰਹੇ। ਗੁਰਦੀਪ ਸਿੰਘ ਨੇ ਦੱਸਿਆ ਕਿ 2011 ਵਿਚ ਉਸ ‘ਤੇ ਹਵਾਈ ਫਾਇਰਿੰਗ ਦਾ ਕੇਸ ਬਣਾ ਦਿੱਤਾ ਤੇ ਇਕ ਸਾਲ ਪਹਿਲਾਂ ਉਸ ਦੇ ਸਬ ਇੰਸਪੈਕਟਰ ਭਰਾ ਹਰਦੀਪ ਸਿੰਘ ‘ਤੇ ਇਰਾਦਾ ਕਤਲ ਦਾ। ਪਰ ਦੋਹਾਂ ਹੀ ਕੇਸਾਂ ਵਿਚ ਉਹ ਜਾਂਚ ਵਿਚ ਬਰੀ ਹੋ ਗਏ। ਪਰ ਜਥੇਦਾਰਾਂ ਦੇ ਸੋਸ਼ਣ ਤੋਂ ਤੰਗ ਆ ਕੇ ਉਨ੍ਹਾਂ ਨੇ ਕਿਨਾਰਾ ਕਰ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਮੁੱਖ ਮੰਤਰੀ ਨੇ 30 ਜਨਵਰੀ ਨੂੰ ਕਾਲ ਕੀਤੀ ਸੀ ਤੇ ਸਮਰਥਨ ਕਰਨ ਲਈ ਕਿਹਾ ਸੀ।
ਬਾਦਲ ਨੇ ਜਥੇਦਾਰਾਂ ਤੋਂ ਕੀਤਾ ਕਿਨਾਰਾ :
ਪਿਛਲੇ ਪੰਜ ਸਾਲ ਤੋਂ ਮੁੱਖ ਮੰਤਰੀ ਦੇ ਹਲਕਾ ਲੰਬੀ ਦੇ ਪਿੰਡ ਦੀ ਦੇਖ-ਰੇਖ ਕਰਨ ਵਾਲੇ ਜਥੇਦਾਰਾਂ ਅਤੇ ਇੰਚਾਰਜਾਂ ਪ੍ਰਤੀ ਲੋਕਾਂ ਦਾ ਗੁੱਸਾ ਜਦੋਂ ਬਾਦਲ ਨੇ ਦੱਕਿਆ ਤਾਂ ਉਨ੍ਹਾਂ ਨੇ ਲੰਬੀ ਵਿਚ ਹੋਈ ਆਪਣੀ ਰੈਲੀ ਵਿਚ ਇਨ੍ਹਾਂ ਤੋਂ ਕਿਨਾਰਾ ਕਰ ਲਿਆ। ਪਹਿਲਾਂ ਤਾਂ ਰੈਲੀ ਦੀਆਂ ਤਿਆਰੀਆਂ ਵਿਚ 3 ਸਟੇਜਾਂ ਲਾਈਆਂ ਗਈਆਂ, ਜਿਸ ਵਿਚ ਇਕ ਗਾਇਕ ਮਿਸ ਪੂਜਾ ਲਈ, ਦੂਸਰੀ ਮੁੱਖ ਮੰਤਰੀ ਲਈ ਤੇ ਤੀਸਰੀ ਜਥੇਦਾਰਾਂ ਤੇ ਨੇਤਾਵਾਂ ਲਈ। ਪਰ ਰਾਤੋ-ਰਾਤ ਸੁਖਬੀਰ ਬਾਦਲ ਦੇ ਨਿਰਦੇਸ਼ਾਂ ‘ਤੇ ਜਥੇਦਾਰਾਂ ਦੀ ਸਟੇਜ ਨੂੰ ਹਟਾ ਦਿੱਤਾ ਗਿਆ। ਕਿਸੇ ਵੀ ਜਥੇਦਾਰ ਨੂੰ ਰੈਲੀ ਦੇ ਮੰਚ ‘ਤੇ ਨਹੀਂ ਚੜ੍ਹਨ ਦਿੱਤਾ ਗਿਆ। ਮੰਚ ‘ਤੇ ਸਿਰਫ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੀ ਬੈਠੇ। ਇਹੀ ਨਹੀਂ ਬਾਦਲ ਦੇ ਸਭ ਤੋਂ ਨਜ਼ਦੀਕੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਰੈਲੀ ਵਿਚ ਆਏ ਤਾਂ ਉਨ੍ਹਾਂ ਨੂੰ ਵੀ ਮੰਚ ‘ਤੇ ਚੜ੍ਹਨ ਤੋਂ ਸੁਰੱਖਿਆ ਕਰਮਚਾਰੀਆਂ ਨੇ ਰੋਕ ਦਿੱਤਾ।