ਸਾਊਦੀ ਅਰਬ ਦੀ ਜੇਲ੍ਹ ‘ਚ ਬੰਦ 5 ਨੌਜਵਾਨਾਂ ਦੀ ਸੋਸ਼ਲ ਮੀਡੀਆ ਰਾਹੀਂ ਪੁਕਾਰ

ਸਾਊਦੀ ਅਰਬ ਦੀ ਜੇਲ੍ਹ ‘ਚ ਬੰਦ 5 ਨੌਜਵਾਨਾਂ ਦੀ ਸੋਸ਼ਲ ਮੀਡੀਆ ਰਾਹੀਂ ਪੁਕਾਰ

ਗੁਰਦਾਸਪੁਰ/ਬਿਊਰੋ ਨਿਊਜ਼ :
ਖਾੜੀ ਮੁਲਕ ਸਾਉਦੀ ਅਰਬ ਦੀ ਸਾਬਰ ਜੇਲ੍ਹ ਵਿੱਚ ਪਿਛਲੇ ਸਮੇਂ ਤੋ ਬੰਦ ਪੰਜ ਭਾਰਤੀ ਨੋਜਵਾਨਾਂ ਨੇ ਇਕ ਵੀਡੀਉ ਰਾਹੀਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸਾਂਸਦ ਭਗਵੰਤ ਮਾਨ ਤੋਂ ਰਿਹਾਈ ਲਈ ਮਦਦ ਮੰਗੀ ਹੈ। ਇਨ੍ਹਾਂ ਪੰਜ ਨੌਜਵਾਨਾਂ ਵਿਚੋਂ ਤਿੰਨ ਨੌਜਵਾਨ ਪੰਜਾਬ ਦੇ ਹਨ ਜਦਕਿ ਦੋ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ  ਹਨ। ਰੋਜ਼ੀ ਰੋਟੀ ਦੀ ਤਲਾਸ਼ ਲਈ ਸਾਊਦੀ ਅਰਬ ਗਏ ਪੰਜਾਬੀਆਂ ਵਿੱਚ ਗੁਰਦਾਸਪੁਰ ਦੇ ਸੰਤ ਨਗਰ ਦਾ ਰਹਿਣ ਵਾਲਾ ਕਮਲ ਮਨਜਿੰਦਰ ਸਿੰਘ ਹੈ  ਅਤੇ  ਦੂਸਰਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਡੱਲਾ ਦਾ ਨਿਵਾਸੀ ਹਰਦੀਪ ਸਿੰਘ ਚਾਹਲ ਹੈ। ਤੀਜੇ ਪੰਜਾਬੀ ਦਾ ਨਾਮ-ਪਤਾ ਵੀਡਿਉ ਵਿਚ ਨਹੀਂ ਦੱਸਿਆ ਗਿਆ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਮਥੁਰਾ ਦਾ ਨਿਵਾਸੀ ਨਸੀਮ ਅਤੇ ਇਲਾਹਾਬਾਦ ਦਾ ਵਿਵੇਕ ਕੁਮਾਰ ਵੀ ਉਨ੍ਹਾਂ ਦੇ ਨਾਲ ਹੀ ਆਪਣੀ ਰਿਹਾਈ ਲਈ ਤਰਲੇ ਮਾਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਪੰਜਾਬੀ ਨੌਜਵਾਨਾਂ ਦੀਆਂ ਅਕਸਰ ਉਥਂੋ ਦੀਆਂ ਜੇਲ੍ਹਾਂ ਵਿੱਚ ਬੰਦ ਹੋਣ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਵੀਡਿਉ ਰਿਕਾਰਡਿੰਗ ਵਿਚ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਬਿਨਾਂ ਕਿਸੇ ਕਸੂਰ ਦੇ 6 ਮਹੀਨੇ ਤੋਂ ਜੇਲ੍ਹ ਵਿੱਚ ਹੈ  ਅਤੇ ਕਮਲ ਮਨਜਿੰਦਰ ਸਿੰਘ ਇੱਕ ਮਹੀਨੇ ਤੋਂ ਕੈਦ ਹੈ।
ਕਮਲ ਮਨਜਿੰਦਰ ਸਿੰਘ ਦੇ ਪਿਤਾ ਬੁੱਧ ਸਿੰਘ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਕਮਲ ਗੁਰਦਾਸਪੁਰ ਦੇ ਇੱਕ ਏਜੰਟ ਨੂੰ ਦੋ ਲੱਖ ਰੁਪਏ ਦੇ ਕੇ ਸਾਊਦੀ ਅਰਬ ਗਿਆ ਸੀ। ਉਸਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਹੋਇਆ ਸੀ ਅਤੇ ਉਸਦੇ ਦੋ ਛੋਟੋ ਛੋਟੇ ਬੱਚੇ ਹਨ ਅਤੇ ਚਾਰ ਸਾਲ ਪਹਿਲਾਂ ਮਾਂ ਦੀ ਮੌਤ ਹੋ ਚੁੱਕੀ ਹੈ। ਏਜੰਟ ਨੇ ਉਸਨੂੰ ਇੱਕ ਕੰਪਨੀ ਵਿੱਚ ਬਤੌਰ ਡਰਾਈਵਰ ਰਖਵਾਉਣ ਦੀ ਗੱਲ ਕਹੀ ਸੀ। ਕਰੀਬ ਇੱਕ ਮਹੀਨਾ ਪਹਿਲਾਂ ਕਮਲ ਨੇ ਫੋਨ ਕਰਕੇ ਦੱਸਿਆ ਸੀ ਕਿ ਉਹ ਸਾਊਦੀ ਅਰਬ ਦੀ ਇੱਕ ਜੇਲ੍ਹ ਵਿੱਚ ਹੈ। ਜਿਸ ਕੰਪਨੀ ਕੋਲ ਉਹ ਕੰਮ ਕਰਦਾ ਸੀ ਉਹ ਉਸ ਨੂੰ ਨਾ ਤਾਂ ਤਨਖਾਹ ਦੇਂਦੀ ਸੀ ਅਤੇ ਨਾ ਰੋਟੀ ਪਾਣੀ ਲਈ ਕੋਈ ਪੈਸਾ। ਕਿਸੇ ਤਰ੍ਹਾਂ ਉਹ ਹੋਰਨਾਂ ਤੋਂ ਪੈਸੇ ਲੈ ਕੇ ਰੋਟੀ ਦਾ ਗੁਜ਼ਾਰਾ ਕਰਦਾ ਰਿਹਾ। ਜਦ ਵਾਰ ਵਾਰ ਉਸ ਨੇ ਕੰਪਨੀ ਪ੍ਰਬੰਧਕਾਂ ਤਂੋ ਤਨਖ਼ਾਹ  ਮੰਗੀ ਤਾਂ ਉਸਦਾ ਡਰਾਈਵਿੰਗ ਲਾਈਸੈਂਸ ਖੋਹ ਲਿਆ ਗਿਆ ਅਤੇ ਉਸ ਨੂੰ ਜੇਲ੍ਹ ‘ਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਬੀਤੀ ਦੋ ਉਸ ਵੱਲੋਂ ਭੇਜੀ ਇੱਕ ਵੀਡਿਉ ਮਿਲੀ ਜਿਸ ਵਿਚ ਕਮਲ ਸਮੇਤ ਚਾਰ ਨੌਜਵਾਨਾਂ ਨੇ ਸਾਂਸਦ ਭਗਵੰਤ ਮਾਨ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋ ਮੰਗ ਕੀਤੀ ਕਿ ਕਿ ਉਨ੍ਹਾਂ ਨੂੰ ਇਸ ਜੇਲ੍ਹ  ਵੱਚੋਂ ਕੱਢਿਆ ਜਾਵੇ। ਕਮਲ ਦੇ ਪਿਤਾ ਬੁੱਧ ਸਿੰਘ ਨੇ ਦੱਸਿਆ ਕਿ ਉਨ੍ਹਾਂ ਭਗਵੰਤ ਮਾਨ ਨਾਲ  ਫ਼ੋਨ ‘ਤੇ ਗੱਲ ਕੀਤੀ ਹੈ ਅਤੇ ਭਗਵੰਤ ਮਾਨ ਨੇ ਕਮਲ ਦੀ ਰਿਹਾਈ ਲਈ ਉਸ ਨਾਲ ਸਬੰਧਤ ਕਾਗਜ਼ਾਤ ਮੰਗੇ ਹਨ ।